Sunday, May 3, 2026
Home Blog Page 2698

ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਵਿਖੇ `ਦਾਸਤਾਨ-ਏ-ਸ਼ਹਾਦਤ` ਮਨੁੱਖਤਾ ਨੂੰ ਸਮਰਪਿਤ

0

ਸੁਖਜਿੰਦਰ ਮਾਨ
ਥੀਮ ਪਾਰਕ ਨੌਜਵਾਨ ਪੀੜ੍ਹੀਆਂ ਨੂੰ ਸਾਡੀ ਸ਼ਾਨਾਮੱਤੀ ਵਿਰਾਸਤ ਨਾਲ ਕਰਵਾਏਗਾ ਜਾਣੂੰ
ਸ੍ਰੀ ਚਮਕੌਰ ਸਾਹਿਬ, 19 ਨਵੰਬਰ:ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਸੰਤ ਸਮਾਜ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ `ਦਾਸਤਾਨ-ਏ-ਸ਼ਹਾਦਤ` ਮਨੁੱਖਤਾ ਨੂੰ ਸਮਰਪਿਤ ਕੀਤੀ ਤਾਂ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਮਹਾਨ ਕੁਰਬਾਨੀਆਂ ਨਾਲ ਭਰੇ ਸਾਡੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਵਡਭਾਗੇ ਹਨ ਕਿ ਇਸ ਅਤਿ-ਆਧੁਨਿਕ ਥੀਮ ਪਾਰਕ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੈ ਜੋ ਕਿ ਨਾ ਸਿਰਫ਼ ਸੂਬੇ ਦੇ ਲੋਕਾਂ ਸਗੋਂ ਦੇਸ਼ ਅਤੇ ਵਿਸ਼ਵ ਭਰ ਤੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਕੱਚੀ ਗੜ੍ਹੀ ਦੀ ਗਾਥਾ ਬਾਰੇ ਜਾਣੂੰ ਕਰਵਾਏਗਾ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ `ਤੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਗੁਰਪੁਰਬ ਮੌਕੇ ਇਸ ਵੱਕਾਰੀ ਪ੍ਰੋਜੈਕਟ ਦਾ ਉਦਘਾਟਨ ਕਰਨਾ ਸੱਚਮੁੱਚ ਬਹੁਤ ਮਾਣ ਵਾਲੀ ਗੱਲ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਲੜਾਈ ਭਾਰਤੀ ਇਤਿਹਾਸ ਦਾ ਇੱਕ ਮਹੱਤਵਪੂਰਨ ਪਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਦਿਆਂ ਸਮੇਤ ਸਿਰਫ਼ 42 ਬਹਾਦਰ ਸਿੱਖ ਯੋਧਿਆਂ ਨੇ ਮੁਗਲਾਂ ਦੀ ਵੱਡੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ।
ਥੀਮ ਪਾਰਕ ਦੇ ਸੰਕਲਪ `ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਸਾਡੇ ਬਹਾਦਰ ਯੋਧਿਆਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਨੇ ਮੁਗਲਾਂ ਵਿਰੁੱਧ ਲੜਾਈ ਦੌਰਾਨ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਅਤੇ ਅਸਾਧਾਰਨ ਬਹਾਦਰੀ ਵਿਖਾਈ।
ਮੁੱਖ ਮੰਤਰੀ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਸ ਵੱਕਾਰੀ ਥੀਮ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵਜੋਂ ਉਨ੍ਹਾਂ ਨੇ ਸਮੇਂ-ਸਮੇਂ `ਤੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਖ਼ੀਰ ਇਹ ਮੁਕੰਮਲ ਹੋ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਨਾਲ ਥੀਮ ਪਾਰਕ ਵਿਖੇ ਸੁੰਦਰ ਤੇ ਸੁਚੱਜੇ ਢੰਗ ਨਾਲ ਤਿਆਰ ਕੀਤੀਆਂ 11 ਗੈਲਰੀਆਂ ਦਾ ਦੌਰਾ ਕੀਤਾ, ਜੋ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਦੇ ਮਹਾਨ ਸਿੱਖ ਇਤਿਹਾਸ ਅਤੇ ਸ਼ਾਨਾਮੱਤੀ ਵਿਰਾਸਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦੀਆਂ ਹਨ। ਇੱਥੇ ਦਿਖਾਈਆਂ ਪੇਸ਼ਕਾਰੀਆਂ ਇੰਨੀਆਂ ਪ੍ਰਭਾਵੀ ਤੇ ਦਿਲਕਸ਼ ਬਣਾਈਆਂ ਗਈਆਂ ਹਨ ਕਿ ਦੇਖਣ ਵਾਲਾ ਉਸ ਯੁੱਗ ਵਿੱਚ ਪਹੁੰਚ ਜਾਂਦਾ ਹੈ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ। ਗੈਲਰੀਆਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੇ ਸਿੱਖ ਇਤਿਹਾਸ ਬਾਰੇ ਆਡੀਓ-ਵਿਜੂਅਲ ਪੇਸ਼ਕਾਰੀ ਵੀ ਦੇਖੀ।
ਆਪਣੇ ਸੰਬੋਧਨ ਵਿੱਚ ਨਿਹੰਗ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਮੁੱਖ ਮੰਤਰੀ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਖਾਸ ਕਰਕੇ ਥੀਮ ਪਾਰਕ ਦੇ ਵਿਸ਼ਾਲ ਕਾਰਜ ਨੂੰ ਨੇਪਰੇ ਚਾੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਥੀਮ ਪਾਰਕ ਪ੍ਰੋਜੈਕਟ ਇਸ ਪਵਿੱਤਰ ਨਗਰੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਿੱਖ ਪੰਥ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਰਾਜਪਾਲ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੁੱਖ ਮਾਰਗ ਤੋਂ ਗੁਰਦੁਆਰਾ ਸਾਹਿਬ ਤੱਕ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ ਅਤੇ ਉਹ ਹੈਰੀਟੇਜ ਸਟਰੀਟ ਤੋਂ ਥੀਮ ਪਾਰਕ ਤੱਕ ਨਗਰ ਕੀਰਤਨ ਵਿੱਚ ਵੀ ਸ਼ਾਮਲ ਹੋਏ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਤੋਂ ਇਲਾਵਾ ਵੱਖ-ਵੱਖ ਉੱਘੀਆਂ ਅਧਿਆਤਮਿਕ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਸਿਰੋਪਾਓ, ਸ਼ਾਲ ਅਤੇ ਥੀਮ ਪਾਰਕ ਦੀ ਫਰੇਮ ਵਾਲੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਿਸ਼ੇਸ਼ ਮੁੱਖ ਸਕੱਤਰ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਦੀ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਅਤੇ ਐੱਸਐੱਸਪੀ ਰੂਪਨਗਰ ਵਿਵੇਕ ਐਸ ਸੋਨੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਬਾਬਾ ਫ਼ਰੀਦ ਸਕੂਲ ਨੇ ਐਗਰੀ ਇਨੋਵੇਸ਼ਨ ਮੁਕਾਬਲਾ-2021 ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਐਗਰੀਟੈੱਕ ਸੈਕਟਰ ਵਿੱਚ ਸਟਾਰਟ ਅੱਪ ਈਕੋ ਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਬਠਿੰਡਾ ਨੇ ਸਟਾਰਟ ਅੱਪ ਸੈੱਲ, ਪੰਜਾਬ ਸਰਕਾਰ ਦੇ ਨਾਲ ਮਿਲ ਕੇ ਐਗਰੀ ਇਨੋਵੇਸ਼ਨ ਮੁਕਾਬਲਾ-2021 ਕਰਵਾਇਆ। ਇਸ ਮੁਕਾਬਲੇ ਵਿੱਚ ਖੇਤੀਬਾੜੀ ਦੇ ਖੇਤਰ ਅਤੇ ਖੇਤੀਬਾੜੀ ਦੀਆਂ ਸਹਾਇਕ ਸ਼ਾਖਾਵਾਂ ਵਿੱਚ ਨਵੀਨਤਮ ਐਡਵਾਂਸਡ ਵਿਸ਼ਲੇਸ਼ਣਾਤਮਿਕ ਤਕਨੀਕਾਂ ਦੀ ਵਰਤੋਂ ਵਾਲੇ ਨਵੇਂ ਇਨੋਵੇਸ਼ਨ ਹੱਲ ਨਾਲ ਸਟਾਰਟ ਅੱਪ/ਇਨੋਵੇਸ਼ਨ ਸਾਹਮਣੇ ਆਈਆਂ। ਇਸ ਮੁਕਾਬਲੇ ਵਿੱਚ ਕੁੱਲ 15 ਟੀਮਾਂ ਨੇ ਭਾਗ ਲਿਆ ਅਤੇ ਪ੍ਰੈਜੇਂਟੇਸ਼ਨ ਮੋਡ ਦੁਆਰਾ ਆਪਣੀਆਂ ਕਾਢਾਂ ਨੂੰ ਪੇਸ਼ ਕੀਤਾ । ਜਿਸ ਵਿੱਚ ਉਨ੍ਹਾਂ ਨੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼, ਮਾਰਕੀਟ ਵਿਸ਼ਲੇਸ਼ਣ ਤੇ ਕਾਰਜ ਯੋਜਨਾ ਰਾਹੀਂ ਆਪਣੀ ਇਨੋਵੇਸ਼ਨ/ਹੱਲ ਦਾ ਸੰਖੇਪ ਵਰਣਨ ਕੀਤਾ ਅਤੇ ਇਸ ਦੀ ਵਿੱਤੀ ਵਿਹਾਰਕਤਾ ਅਤੇ ਸੰਭਾਵਨਾ ਨੂੰ ਵੀ ਦਰਸਾਇਆ।
ਇਸ ਮੁਕਾਬਲੇ ਲਈ ਮਿਲੇ ਭਰਵੇਂ ਹੁੰਗਾਰੇ ਸਦਕਾ 120 ਤੋਂ ਵੀ ਵੱਧ ਟੀਮਾਂ ਰਜਿਸਟਰਡ ਹੋਈਆਂ। ਜਿਨ੍ਹਾਂ ਵਿੱਚੋਂ ਮਾਹਿਰਾਂ ਨੇ ਸਕਰੀਨਿੰਗ ਦੇ ਪਹਿਲੇ ਪੜਾਅ ਵਿੱਚ ਬਿਹਤਰ 25 ਇਨੋਵੇਸ਼ਨਾਂ ਨੂੰ ਸ਼ਾਰਟ ਲਿਸਟ ਕੀਤਾ। ਦੂਜੇ ਗੇੜ ਦੇ ਜੱਜਾਂ ਵਿੱਚ ਸ਼ਾਮਲ ਡਾ. ਪੀ. ਕੇ. ਯਾਦਵ, ਪ੍ਰੋਫੈਸਰ, ਨਿਫਟਮ, ਬਠਿੰਡਾ, ਸ. ਸਵਰਨ ਪਾਲ ਸਿੰਘ, ਸੰਸਥਾਪਕ, ਹਮਾਰਾ ਫਾਰਮਜ਼, ਸਿਰਸਾ, ਸ੍ਰੀ ਕਰਮਵੀਰ, ਸੰਸਥਾਪਕ, ਵਰਹਾਸ ਟੈਕਨਾਲੋਜੀਜ਼, ਬਠਿੰਡਾ ਅਤੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਵਿਨੀਤ ਚਾਵਲਾ ਨੇ ਸਾਰੀਆਂ ਬਿਜ਼ਨਸ ਇਨੋਵੇਸ਼ਨ ਨੂੰ ਬਹੁਤ ਧਿਆਨ ਨਾਲ ਸੁਣਿਆ। ਇਸ ਮੁਕਾਬਲੇ ਵਿੱਚ ਟੀਮ ਮਾਈਕਰੋ ਕਾਕਟੇਲ ਨੇ 25,000/- ਰੁਪਏ ਦਾ ਪਹਿਲਾ ਇਨਾਮ ਅਤੇ ਟੀਮ ਸੰਕਲਪ ਨੇ 15,000/- ਰੁਪਏ ਦਾ ਦੂਜਾ ਇਨਾਮ ਜਿੱਤਿਆ ਜਦੋਂ ਕਿ ਰੇਨ ਵੇਸਟ ਹਾਰਵੈਸਟਿੰਗ ਟੀਮ ਨੇ 10,000/- ਰੁਪਏ ਦਾ ਤੀਜਾ ਇਨਾਮ ਜਿੱਤਿਆ।
ਇਨਾਮ ਵੰਡ ਅਤੇ ਸਮਾਪਤੀ ਸਮਾਰੋਹ ਦੌਰਾਨ ਪੰਜਾਬ ਸਟਾਰਟ ਅੱਪ ਦੇ ਜਾਇੰਟ ਸਕੱਤਰ ਸ੍ਰੀ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਸਟੇਟ ਸਟਾਰਟ ਅੱਪ ਨੋਡਲ ਅਫ਼ਸਰ ਸ੍ਰੀ ਸੀ. ਸਿਬਿਨ (ਆਈ.ਏ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟਾਰਟ ਅੱਪ ਪੰਜਾਬ ਵੱਲੋਂ ਪੰਜਾਬ ਵਿੱਚ ਸਟਾਰਟ ਅੱਪ ਈਕੋ ਸਿਸਟਮ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਗੇ ਭਰੋਸਾ ਦਿਵਾਇਆ ਕਿ ਸਟਾਰਟ ਅੱਪ ਪੰਜਾਬ ਸੈੱਲ ਵੱਖ-ਵੱਖ ਇਨਕਿਊਬੇਟਰਾਂ ਵੱਲੋਂ ਕੀਤੇ ਗਏ ਅਜਿਹੇ ਉਪਰਾਲਿਆਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਹੈ। ਸ੍ਰੀ ਢਿੱਲੋਂ ਨੇ ਸਟਾਰਟ ਅੱਪ ਪੰਜਾਬ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਵੀ ਸਾਂਝਾਂ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਖੇਤੀ ਸੈਕਟਰ ਵਿੱਚ /ਡਾਟਾ ਵਿਸ਼ਲੇਸ਼ਣ ਆਦਿ ਵਰਗੀਆਂ ਉੱਭਰਦੀਆਂ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।
ਡਾ. ਮਨੀਸ਼ ਗੁਪਤਾ, ਡੀਨ (ਆਰ ਐਂਡ ਆਈ.), ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਬੀ.ਐਫ.ਜੀ.ਆਈ. ਨੇ ਐਗਰੀ ਇਨੋਵੇਸ਼ਨ ਮੁਕਾਬਲੇ ਦੀ ਸੰਭਾਵਨਾ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਈਵੈਂਟ ਵਿੱਚ ਭਵਿੱਖ ਦੇ ਬਹੁਤ ਸਾਰੇ ਬਿਜ਼ਨਸ ਲੀਡਰਾਂ ਨੂੰ ਭਾਗ ਲੈਂਦੇ ਦੇਖ ਕੇ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਅਧੀਨ ਸਟਾਰਟ-ਅੱਪ ਪੰਜਾਬ ਸੈੱਲ ਹਮੇਸ਼ਾ ਦੀ ਤਰ੍ਹਾਂ ਆਪਣਾ ਸਮਰਥਨ ਦੇਣ ਲਈ ਅੱਗੇ ਆਇਆ ਹੈ। ਸਟਾਰਟ-ਅੱਪ ਪੰਜਾਬ ਸੈੱਲ ਨਾ ਸਿਰਫ਼ ਇਸ ਗਤੀਵਿਧੀ ਦਾ ਸਮਰਥਨ ਕਰ ਰਿਹਾ ਹੈ ਸਗੋਂ ਸਾਡੇ ਉੱਦਮੀ ਸੈੱਲ ਨੂੰ ਸਮੇਂ-ਸਮੇਂ ‘ਤੇ ਮਾਰਗ ਦਰਸ਼ਨ ਵੀ ਪ੍ਰਦਾਨ ਕਰ ਰਿਹਾ ਹੈ । ਉਨ੍ਹਾਂ ਨੇ ਅੱਗੇ ਭਾਗੀਦਾਰਾਂ ਨੂੰ ਆਧੁਨਿਕ ਤਕਨੀਕੀ ਵਿਸ਼ਲੇਸ਼ਣਾਤਮਿਕ ਤਕਨੀਕਾਂ ਦੀ ਵਰਤੋਂ ਵਾਲੇ ਨਵੀਨਤਮ ਹੱਲ ਨਾਲ ਅੱਗੇ ਆਉਣ ਲਈ ਕਿਹਾ ਤਾਂ ਜੋ ਆਧੁਨਿਕ ਟੈਕਨਾਲੋਜੀ ਦੁਆਰਾ ਸੰਚਾਲਿਤ ਖੇਤੀਬਾੜੀ ਘੱਟ ਰਿਸੋਰਸ ਦੀ ਵਰਤੋਂ ਦੇ ਨਾਲ ਵਧੇਰੇ ਉਤਪਾਦਨ ਦੇ ਸਕੇ। ਉਨ੍ਹਾਂ ਉਮੀਦ ਜਤਾਈ ਕਿ ਜੇਤੂ ਟੀਮਾਂ ਆਪਣੀ ਇਨੋਵੇਸ਼ਨ ਨਾਲ ਸਮਾਜ ਵਿੱਚ ਯੋਗ ਦਾਨ ਪਾਉਣਗੀਆਂ। ਅੰਤ ਵਿੱਚ ਡਾ: ਮਨੀਸ਼ ਗੁਪਤਾ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਲਈ ਸੰਸਥਾ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਤਹਿਤ ਬਾਬਾ ਫ਼ਰੀਦ ਇਨਕਿਊਬੇਸ਼ਨ ਸੈਂਟਰ ਵੱਲੋਂ ਸਾਰੀਆਂ ਟੀਮਾਂ ਨੂੰ ਬਿਜ਼ਨਸ ਗਾਈਡੈਂਸ, ਫ਼ੰਡਿੰਗ, ਆਈ.ਪੀ.ਆਰ ਅਤੇ ਕਸਟਮਾਈਜ਼ਡ ਹੈਂਡ ਹੋਲਡਿੰਗ ਆਦਿ ਦੇ ਮਾਮਲੇ ਵਿੱਚ ਹਰ ਮਦਦ ਦੇਣ ਦਾ ਯਕੀਨ ਦਿਵਾਇਆ।

ਸਿਹਤ ਵਿਭਾਗ ਵੱਲੋਂ ਘਰ ਘਰ ਦਸਤਕ ਪ੍ਰੋਗਰਾਮ ਤਹਿਤ ਪ੍ਰਚਾਰ ਮੁਹਿੰਮ ਸ਼ੁਰੂ

0

ਸਿਵਲ ਸਰਜਨ ਨੇ ਰਿਕਸ਼ਾ ਨੂੰ ਝੰਡੀ ਦੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਸਿਹਤ ਵਿਭਾਗ ਵੱਲੋਂ ਘਰ ਘਰ ਦਸਤਕ ਮੁਹਿੰਮ ਤਹਿਤ ਅੱਜ ਕੋਵਿਡ-19 ਟੀਕਾਕਰਨ ਦੀ ਪਹਿਲੀ ਅਤੇ ਦੂਜੀ ਡੋਜ਼ ਦੇ ਪ੍ਰਚਾਰ ਲਈ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਸ਼ਹਿਰੀ ਖੇਤਰ ਵਿੱਚ ਪ੍ਰਚਾਰ ਕਰਨ ਲਈ ਰਿਕਸ਼ਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰਚਾਰ ਦਾ ਮੁੱਖ ਮਕਸਦ ਕੋਵਿਡ-19 ਟੀਕਾਕਰਨ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਲਾਭਪਾਤਰੀਆਂ ਵੱਲੋਂ 84 ਦਿਨ ਪੂਰੇ ਹੋਣ ’ਤੇ ਆਪਣੀ ਦੂਜੀ ਬਣਦੀ ਡੋਜ਼ ਲਗਵਾ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਵਿਡ ਟੀਕਾਕਰਨ ਦੀਆਂ ਦੋਵੇਂ ਡੋਜ਼ ਨਹੀਂ ਲਗਵਾਈਆਂ ਜਾਂਦੀਆਂ, ਉਸ ਸਮੇਂ ਤਕ ਅਸੀਂਂ ਆਪਣੇੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਨਹੀਂ ਕਰ ਸਕਦੇ। ਉਨ੍ਹਾ ਦੱਸਿਆ ਕਿ ਘਰ ਘਰ ਦਸਤਕ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਰਬਨ ਅਤੇ ਰੂਰਲ ਵਿੱਚ ਟੀਕਾਕਰਨ ਨਾ ਕਰਵਾਉਣ ਵਾਲੇ ਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਤਿਆਰ ਕਰਨਗੀਆਂ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਟੀਕਾਕਰਨ ਕਰਵਾਉਣ ਲਈ ਟੀਕਾਕਰਨ ਕੇਂਦਰ ਤੇ ਲੈਕੇ ਆਉਣਗੀਆਂ ਤਾਂ ਜ਼ੋ 100 ਪ੍ਰਤੀਸ਼ਤ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ , ਡੀ.ਐਮ.ਸੀ. ਡਾ. ਰਮਨਦੀਪ ਸਿੰਗਲਾ, ਐਸ.ਐਮ.ਓ. ਡਾ. ਮਨਿੰਦਰਪਾਲ ਸਿੰਘ , ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ ।

ਸਿਲਵਰ ਓਕਸ ਸਕੂਲ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਵ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ :ਸਿਲਵਰ ਓਕਸ ਸਕੂਲ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਨੂੰ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆਗਿਆ।ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਭਾਸ਼ਣ, ਕਵਿਤਾ ਉਚਾਰਨ ਅਤੇ ਸ਼ਬਦ ਗਾਇਨ ਆਦਿ ਪੇਸ਼ ਕੀਤੇ ਗਏ। ਇਸ ਉਪਰੰਤ ਵਿਦਿਆਰਥੀਆਂਦੇ ਸੁੰਦਰ ਲਿਖਤ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਉੱਤੇ ਆਧਾਰਿਤ ਲੇਖ ਰਚਨਾ ਮੁਕਾਬਲੇ ਕਰਵਾਏ ਗਏ।ਇਸ ਮੌਕੇ ਉੱਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ,ਪਿ੍ਰੰਸੀਪਲ ਮਿਸ .ਰਵਿੰਦਰ ਸਰਾਂ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ,ਪਿ੍ਰੰਸੀਪਲ ਸ਼੍ਰੀ ਮਤੀ ਨੀਤੂ ਅਰੋੜਾ ਸਿਲਵਰ ਓਕਸ ਸਕੂਲ ਸ਼ੁਸ਼ਾਂਤ ਸਿਟੀ -2 ਬਠਿੰਡਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਗੁਰਪੁਰਵ ਦੀ ਵਧਾਈ ਦਿਤੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਆਪਣੇ ਜੀਵਨ ਵਿਚ ਪਾਲਣਾ ਕਰਨ ਓੁਹਨਾਂ ਦੁਆਰਾ ਦੱਸੇ ਹੋਏ ਜੀਵਨ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ।

ਕਿਸਾਨ ਜਥੇਬੰਦੀ ਦਾ ਵਫ਼ਦ ਡੀਸੀ ਨੂੰ ਮਿਲਿਆ

0

ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇੱਕ ਵਫ਼ਦ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸੂਬਾ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪਹੁੰਚਿਆ। ਇਸ ਮੌਕੇ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਵਧਾਈ ਦਿੰਦਿਆਂ ਕੇਂਦਰ ਵਲੋਂ ਲਏ ਫੈਸਲੇ ਦਾ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਮੰਗਾਂ ਪੂਰੀਆਂ ਹੋਣ ਤੱਕ ਉਹ ਡਟੇ ਰਹਿਣਗੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਦੱਸਿਆ ਕਿ ਖੇਤੀ ਧੰਦਾ ਲਾਹੇਵੰਦ ਬਣਾਉਣ ਲਈ ਅਤੇ ਅੱਜ ਦੇ ਮਲਕ ਭਾਗੋਆਂ ਅਤੇ ਬਾਬਰਾਂ ਖਲਿਾਫ ਸੰਘਰਸ਼ ਕਰ ਕਿ ਬਾਬੇ ਦੇ ਬੋਲਾਂ “ਉੱਤਮ ਖੇਤੀ “ ਨੂੰ ਸੱਚ ਕਰ ਕੇ ਪੁਗਾਉਣ ਦੀ ਲੋੜ ਹੈ। ਇਸ ਦੌਰਾਨ ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕਰ ਕੇ ਮਨਵਾਏ ਹੋਏ ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਹੱਕਦਾਰ ਕਿਸਾਨਾਂ ਮਜਦੂਰਾਂ ਦੀ ਲਿਸਟ ਜਾਰੀ ਕਰਨ, ਡੀਏਪੀ ਖਾਦ ਦੀ ਕਮੀ ਪੂਰੀ ਕਰਨ , ਨਕਲੀ ਡੀਏਪੀ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ,ਮੰਡੀਆਂ ਚ ਪਏ ਝੋਨੇ ਦੀ ਤੁਰੰਤ ਚੁਕਾਈ ਕਰਵਾਉਣ ਅਤੇ ਝੋਨੇ ਦੀ ਅਦਾਇਗੀ ਚ ਪਾਈਆਂ ਰੁਕਾਵਟਾਂ ਦੂਰ ਕਰਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਆਦਿ ਮੰਗਾਂ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੋ ਦਿਨਾਂ ਵਿਚ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ , ਬਲਜੀਤ ਸਿੰਘ ਪੂਹਲਾ ,ਅਵਤਾਰ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਸ਼ਰਮਾ ਰਾਏਕੇ ਕਲਾਂ ,ਅਜੇਪਾਲ ਸਿੰਘ ਘੁੱਦਾ ,ਕਾਲਾ ਸਿੰਘ ਚੱਠੇਵਾਲਾ, ਕੁਲਵਿੰਦਰ ਸਿੰਘ ਗਿਆਨਾ, ਭੋਲਾ ਸਿੰਘ ਮਾੜੀ ਹਾਜਰ ਸਨ।

ਕਿਸਾਨ ਅੰਦੋਲਨ ਦੀ ਜਿੱਤ ਪੰਜਾਬ ਦੇ ਹਰ ਘਰ ਦੀ ਜਿੱਤ : ਸੁਖਬੀਰ ਸਿੰਘ ਬਾਦਲ

0

ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਡਟਿਆ ਤੇ ਡਟਿਆ ਰਹੇਗਾ
ਸੁਖਜਿੰਦਰ ਮਾਨ
ਮੌੜ, 19 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੱਕਾਂ ਲਈ ਕੀਤੇ ਜਾਂਦੇ ਸੰਘਰਸ਼ ਹਮੇਸ਼ਾ ਸਫਲ ਹੁੰਦੇ ਹਨ ਤੇ ਕਿਸਾਨ ਅੰਦੋਲਨ ਦੀ ਸਫਲਤਾ ਪੰਜਾਬ ਦੇ ਹਰ ਘਰ ਦੀ ਸਫਲਤਾ ਹੈ।ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਨਤਮਸਤਕ ਹੋਏ, ਨੇ ਕਿਹਾ ਕਿ ਪੰਜਾਬੀਆਂ ਨੇ ਕਾਲੇ ਕਾਨੂੰਨਾਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਿਸਦੇ ਕਾਰਨ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਈ ਹੈ। ਉਹਨਾਂ ਨੇ ਇਸ ਫਤਿਹ ਲਈ ਅਕਾਲ ਪਰਖ ਦਾ ਵੀ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਸਾਡੇ ’ਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਕਿਸਾਨ ਗੁਆ ਲਏ ਹਲ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬੀਤੇ ਇਕ ਸਾਲ ਤੋਂ ਹਰ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਭਾਵੇਂ ਉਹ ਖਰਾਬ ਮੌਸਮ ਹੋਵੇ ਜਾਂ ਫਿਰ ਧਰਨਾ ਚੁੱਕਣ ਲਈ ਸਰਕਾਰ ਦਾ ਦਬਾਅ ਪਰ ਕਿਸਾਨ ਡਟੇ ਰਹੇ ਤੇ ਆਪਣੇ ਹੱਕਾਂ ਲਈ ਲੋਕਤੰਤਰੀ ਸੰਘਰਸ਼ ਜਾਰੀ ਰੱਖਿਆ ਤੇ ਇਸ ਸੰਘਰਸ਼ ਨੂੰ ਦੁਨੀਆਂ ਦੇ ਸਭ ਤੋਂ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਵਜੋਂ ਮਾਨਤਾ ਮਿਲੀ।
ਅਕਾਲੀ ਦਲ ਬਾਰੇ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਡਟੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਅਨੇਕਾਂ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਸਿਰ ਜ਼ਬਰੀ ਆਪਣਾ ਫੈਸਲਾ ਮੜ੍ਹਨ ਦੇ ਖਿਲਾਫ ਸਰਕਾਰ ਤੋਂ ਵੀ ਅਸਤੀਫਾ ਦਿੱਤਾ ਤੇ ਐਨ ਡੀ ਏ ਨਾਲ ਆਪਣੇ ਸੰਬੰਧ ਵੀ ਤੋੜ ਲਏ। ਉਹਨਾਂ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਸਰਕਾਰ ਹੁੰਦਿਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਫੈਸਲੇ ਲਏ ਭਾਵੇਂ ਉਹ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਦੇਣਾ ਹੋਵੇ, ਆਟਾ ਦਾਲ ਵਰਗੀ ਵਿਲੱਖਣ ਸਕੀਮ ਜਾਂ ਫਿਰ ਸ਼ਗਨ ਤੇ ਬੁਢਾਪਾ ਪੈਨਸ਼ਨ ਸਕੀਮ।
ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਕਦੇ ਵੀ ਅਜਿਹਾ ਵਾਅਦਾ ਨਹੀਂ ਕੀਤਾ ਜੋ ਪੂਰਾ ਨਾ ਕੀਤਾ ਜਾ ਸਕਦਾ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਦਨ ’ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਲਈ ਵਚਨਬੱਧ ਹੈ। ਇਸ ਤਹਿਤ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ, ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਦਾ ਮੁਫਤ ਮੈਡੀਕਲ ਬੀਮਾ ਮਿਲੇਗਾ, ਉਚੇਰੀ ਸਿੱਖਿਆ ਵਾਸਤੇ 10 ਲੱਖ ਤੱਕ ਦਾ ਸਟੂਡੈਂਟ ਲੋਨ ਮਿਲੇਗਾ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੁੰ ਸਾਰੀਆਂ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਵਿਚ 33 ਫੀਸਦੀ ਰਾਖਵਾਂਕਰਨ ਮਿਲੇਗਾ ਅਤੇ ਇੰਡਸਟਰੀ ਵਿਚ ਪੰਜਾਬੀਆਂ ਨੂੰ ਯਕੀਨੀ 75 ਫੀਸਦੀ ਰੋਜ਼ਗਾਰ ਮਿਲੇਗਾ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਮੌੜ ਤੋਂ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨਾਲ ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੱਤੀ ਤੇ ਅਰਦਾਸ ਕੀਤੀ ਕਿ ਪੰਜਾਬ ਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਦੀਆਂ ਸਿਖ਼ਰਾਂ ਛੂਹੇ। ਸਰਕਾਰ ਬਾਦਲ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣੀ ਰਹਿਣ ਲਈ ਵੀ ਅਰਦਾਸ ਕੀਤੀ।ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਜਗਦੀਪ ਸਿੰਘ ਨਕੱਈ, ਪ੍ਰਕਾਸ਼ ਭੱਟੀ, ਬਲਕਾਰ ਸਿੰਘ, ਰਿਪਜੀਤ ਸਿੰਘ ਬਰਾੜ, ਪ੍ਰੇਮ ਅਰੋੜਾ, ਦਰਸ਼ਨ ਸਿੰਘ ਕੋਟਫੱਤਾ, ਡਾ. ਨਿਸ਼ਾਨ ਸਿੰਘ ਤੇ ਗਰਦੌਰ ਸਿੰਘ ਵੀ ਹਾਜ਼ਰ ਸਨ

ਗੁਰੂ ਨਾਨਕ ਨੇ ਕਰਤਾਰਪੁਰ ਵਿਖੇ ਖੇਤੀ ਨੂੰ ਨਵੇਂ ਅਰਥ ਦਿੱਤੇ : ਵਿੱਤ ਮੰਤਰੀ

0

ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤਣ ਤੋਂ ਇਕ ਦਿਨ ਬਾਅਦ ਅੱਜ ਇੱਥੇ ਵੱਖ-ਵੱਖ ਗੁਰਦੁਆਰਿਆਂ ਵਿਚ ਨਤਮਸਤਕ ਹੁੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਵਧਾਈ ਦਿੱਤੀ।ਵਿੱਤ ਮੰਤਰੀ ਨੇ ਆਸ ਪ੍ਰਗਟਾਈ ਕਿ ਪਹਿਲੇ ਸਿੱਖ ਗੁਰੂ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਲਈ ਵਿਵੇਕ, ਖੁਸ਼ੀਆਂ ਅਤੇ ਸਮਰੱਥਾ ਲੈ ਕੇ ਆਵੇ। ਉਨਾਂ ਬੱਲਾ ਰਾਮ ਨਗਰ, ਮਾਤਾ ਜੀ.ਵੀ.ਨਗਰ, ਬੀਬੀਵਾਲਾ ਰੋਡ, ਗੁਰੂ ਤੇਗ ਬਹਾਦਰ ਨਗਰ ਅਤੇ ਮੁਲਤਾਨੀਆਂ ਰੋਡ ਸਥਿਤ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ।ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਬੜਾ ਭਾਵਪੂਰਨ ਤੇ ਅਨੰਦਮਈ ਅਨੁਭਵ ਦੱਸਿਆ। ਆਪਣੀ ਇਸ ਸ਼ਰਧਾਪੂਰਨ ਫੇਰੀ ਨੂੰ “ ਲਾ- ਬਿਆਨ,” ਦੱਸਦਿਆਂ ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਖਤ ਮਿਹਨਤ ਅਤੇ ਨਿਰਸਵਾਰਥ ਕਿਰਤ ਦੀ ਮਹੱਤਤਾ ਬਾਰੇ ਸਮਝਾਉਣ ਲਈ ਹੀ ਇਸ ਸਥਾਨ ਦੀ ਸਥਾਪਨਾ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਇਸ ਪੜਾਅ ਵਿੱਚ ਇੱਕ ਕਿਸਾਨ ਵਜੋਂ ਕੰਮ ਕੀਤਾ ਅਤੇ ਆਪਣੀ ਮਿਹਨਤ ਦੇ ਫਲ ਨੂੰ ਵੰਡਕੇ ਛਕਣ ਦਾ ਫਲਸਫਾ ਸਮਝਾਕੇ ਖੇਤੀ ਨੂੰ ਨਵੇਂ ਅਰਥ ਦਿੱਤੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਕਿਰਤ ਕਰਨਾ ਅਤੇ ਵੰਡ ਛਕਣਾ (ਮਿਹਨਤ ਅਤੇ ਵੰਡ) ਦੇ ਸੰਕਲਪ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਵਿਵਾਦਤ ਖੇਤੀ ਬਿੱਲ ਵਾਪਸ ਲੈਣ ਦੇ ਫੈਸਲੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਕਿਸਾਨਾਂ ਅਤੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਨਾਲ ਪਹਿਲਾਂ ਹੀ ਸਲਾਹ-ਮਸ਼ਵਰਾ ਕੀਤੀ ਜਾਂਦੀ ਤਾਂ ਇਹ ਹਾਲਾਤ ਪੈਦਾ ਹੀ ਨਹੀਂ ਹੋਣੇ ਸੀ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਵਲੋਂ ਲਗਾਤਾਰ ਪਿਛਲੇ ਇੱਕ ਸਾਲ ਤੋਂ ਬਣਾਏ ਗਏ ਦਬਾਅ ਤੋਂ ਬਾਅਦ ਹੀ ਕੇਂਦਰ ਸਰਕਾਰ ਪਿੱਛੇ ਹਟੀ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਦੀ ਸਮੂਹ ਲੀਡਰਸ਼ਿਪ ਹਾਜ਼ਰ ਰਹੀ।

ਮੋਦੀ ਸਰਕਾਰ ਨੇ ਗੁਰਪੁਰਬ ਵਾਲੇ ਦਿਨ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ : ਤਰੁਣ ਚੁੱਘ

0

ਸੁਖਜਿੰਦਰ ਮਾਨ
ਚੰਡੀਗੜ੍ਹ, 19 ਨਵੰਬਰ:ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਵਾਲੇ ਦਿਨ ਕਿਸਾਨਾਂ ਦੇ ਸਤਿਕਾਰ ਅਤੇ ਸਨੇਹ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਕੇ ਅਸਾਧਾਰਨ ਉਦਾਰਤਾ ਦਾ ਪ੍ਰਦਰਸਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਚੁੱਘ ਨੇ ਕਿਹਾ ਕਿ ਇਹ ਕਿਸਾਨਾਂ ਦੇ ਮਨਾਂ ‘ਚ ਫੈਲੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਹਮੇਸਾ ਗੰਭੀਰ ਯਤਨ ਕੀਤੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਕਈ ਕਿਸਾਨ ਭਲਾਈ ਸਕੀਮਾਂ ਸੁਰੂ ਕੀਤੀਆਂ ਹਨ, ਜਿਨ੍ਹਾਂ ਦਾ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਇਆ ਹੈ।

ਪ੍ਰਕਾਸ਼ ਦਿਹਾੜੇ ਮੌਕੇ ਪਰਿਵਾਰ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਏ ਸਾਬਕਾ ਵਿਧਾਇਕ

0

ਸਮੂਹ ਲੀਡਰਸਪਿ ਨੂੰ ਨਾਲ ਲੈ ਕੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਖੇਤੀ ਬਿੱਲ ਰੱਦ ਹੋਣੇ ਕਿਸਾਨੀ ਅਤੇ ਪੰਜਾਬੀਆਂ ਦੀ ਜਿੱਤ
ਵਪਾਰੀਆਂ ਦੇ ਸਹਿਯੋਗ ਲਈ ਧੰਨਵਾਦ : ਸਰੂਪ ਸਿੰਗਲਾ
ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਤੋੜਣ ’ਤੇ ਦਿੱਤੀ ਕਿਸਾਨੀ ਸੰਘਰਸ਼ ਨੂੰ ਤਾਕਤ
ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ:-ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ-ਬਸਪਾ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਪਰਿਵਾਰ ਤੇ ਦੀ ਸਮੂਹ ਲੀਡਰਸ਼ਿਪ ਸਹਿਤ ਗੁਰੂਘਰ ਕਿਲ੍ਹਾ ਮੁਬਾਰਕ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ 3 ਖੇਤੀ ਬਿੱਲ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਸਾਨਾਂ, ਮਜਦੂਰਾਂ ,ਮੁਲਾਜਮਾਂ, ਵਪਾਰੀਆਂ ਸਮੇਤ ਹਰ ਵਰਗ ਦੀ ਚਣ੍ਹਦੀ ਕਲਾ, ਕਰੋਨਾ ਮਹਾਂਮਾਰੀ ਦੇ ਕਾਲ਼ੇ ਦੌਰ ਸਮੇਤ ਕਿਸਾਨੀ ਅੰਦੋਲਨ ਕਰਕੇ ਵਪਾਰੀਆਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਅਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਬਣਾਉਣ ਲਈ ਅਰਦਾਸ ਕੀਤੀ।ਇਸ ਮੌਕੇ ਸਮੂਹ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨੀ ਅੰਦੋਲਨ ਦੀ ਪੂਰਨ ਹਮਾਇਤ ਕਰਦਿਆਂ ਭਾਜਪਾ ਨਾਲ ਸਭ ਤੋਂ ਪੁਰਾਣੇ ਗੱਠਜੋੜ ਤੋੜਨ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੇਂਦਰ ਦੀ ਕੁਰਸੀ ਤੋਂ ਅਸਤੀਫਾ ਦੇਕੇ ਕਿਸਾਨੀ ਸੰਘਰਸ਼ ਨੂੰ ਤਾਕਤ ਦੇਣ ਲਈ ਧੰਨਵਾਦ ਕੀਤਾ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਖ਼ੁਸ਼ਹਾਲ ਸਮਾਜ ਦੀ ਸਿਰਜਣਾ, ਹਰ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ, ਵਪਾਰੀਆਂ,ਕਿਸਾਨਾਂ ਤੇ ਮਜਦੂਰਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਅਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ 11 ਮਹੀਨੇ 24 ਦਿਨ ਪਹਿਲਾਂ ਵਿੱਢੇ ਸੰਘਰਸ਼ ਕਾਰਨ ਅੱਜ ਕਾਲੇ ਕਾਨੂੰਨ ਰੱਦ ਹੋਣਾ, ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੈ, ਜਿਸ ਲਈ ਹਰ ਵਰਗ ਵੱਲੋਂ ਸਹਿਯੋਗ ਦਿੱਤਾ ਗਿਆ, ਖਾਸ ਕਰਕੇ ਵਪਾਰੀਆਂ ਨੇ ਆਪਣੇ ਵਪਾਰ ਦਾ ਨੁਕਸਾਨ ਝੱਲਣ ਦੇ ਨਾਲ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਵਪਾਰੀਆਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਾ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਦੇ ਫੈਸਲੇ ਲੈ ਰਹੀ ਸੀ, ਦੂਜੇ ਪਾਸੇ ਪੰਜਾਬ ਸਰਕਾਰ ਉਨ੍ਹਾਂ ਫੈਸਲਿਆਂ ਦੀ ਭਾਈਵਾਲ ਬਣਕ ਦੋਗਲੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾਂ ਹੀ ਕਿਸਾਨੀ ਹਿੱਤ ਵਿੱਚ ਪਹਿਰਾ ਦਿੰਦਾ ਆਇਆ ਹੈ ਨੇ ਕਿਸਾਨਾਂ ਦੀ ਜਿੱਤ ਲਈ ਇਤਿਹਾਸਕ ਫੈਸਲੇ ਲਏ ਤੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਦੇ ਪ੍ਰਬੰਧਕਾਂ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ।

ਡਿੰਪੀ ਢਿੱਲੋਂ ਤੋਂ ਬਾਅਦ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ

0

ਕਿੰਨਾ ਹੀ ਵੱਡਾ ਰਸੂਖ਼ਦਾਰ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ: ਟਰਾਂਸਪੋਰਟ ਮੰਤਰੀ

ਸੁਖਜਿੰਦਰ ਮਾਨ

ਚੰਡੀਗੜ, 17 ਨਵੰਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟੈਕਸ ਅਦਾ ਨਾ ਕਰਨ ਵਾਲੀਆਂ ਅਤੇ ਕਥਿਤ ਤੌਰ ‘ਤੇ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ  ਹੁਣ ਸੂਬੇ ਦੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਸੁਖਬੀਰ ਸਿੰਘ ਬਾਦਲ ਦੀਆਂ ਇਕੱਤੀ ਏਸੀ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਗਿੱਦੜਬਾਹਾ ਦੇ ਅਕਾਲੀ ਪਰਿਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਮਲਕੀਅਤ ਵਾਲੀ ਨਿਊ ਦੀਪ ਬੱਸ ਕੰਪਨੀ ਦੇ ਛੇ ਦਰਜਨ ਤੋਂ ਵੱਧ ਪਰਮਿਟ ਰੱਦ ਕੀਤੇ ਜਾ ਚੁੱਕੇ ਹਨ ।ਜਾਣਕਾਰੀ ਮੁਤਾਬਕ ਆਰ.ਟੀ.ਏ ਅਥਾਰਟੀ ਬਠਿੰਡਾ ਵੱਲੋਂ ਟੈਕਸ ਡਿਫਾਲਟਰ ਹੋਣ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇੱਕ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਨਦੀਪ ਟਰੈਵਲਜ ਦੇ 16 ਹੋਰ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਨਿਊ ਫਤਿਹ ਬੱਸ ਸਰਵਿਸ ਵਿਰੁੱਧ ਇਸ ਸਾਲ ਜਨਵਰੀ ਤੋਂ ਟੈਕਸ ਦੀ ਦੇਣਦਾਰੀ ਹੈ, ਜਦ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ ਮਾਰਚ ਮਹੀਨੇ ਤੋਂ ਅਕਤੂਬਰ, 2021 ਤੱਕ ਟੈਕਸ ਜਮਾ ਕਰਾਉਣ ਵਿੱਚ ਦੇਰੀ ਕਰਨ ਲਈ ਕਾਰਵਾਈ ਕੀਤੀ ਗਈ ਹੈ।ਇਸੇ ਤਰਾਂ ਦੀ ਕਾਰਵਾਈ ਕਰਦਿਆਂ, ਆਰ.ਟੀ.ਏ. ਅਥਾਰਟੀ ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਬਕਾਇਆ ਟੈਕਸ ਰਾਸ਼ੀ ਵਾਲੇ 3 ਇੰਟੈਗ੍ਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਉਧਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਸੂਰਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।

Our Visitor

1893609