Friday, May 1, 2026
Home Blog Page 2701

ਸਹਿਰ ਦੀ ਮਹਿਲਾ ਸਮਾਜ ਸੇਵੀ ਨੂੰ ਭਾਜਪਾ ’ਚ ਸਮੂਲੀਅਤ ਦਾ ਪ੍ਰੋਗਰਾਮ ਰੱਖਣਾ ਪਿਆ ਮਹਿੰਗਾ

0

ਕਿਸਾਨਾਂ ਨੇ ਚਾਰ-ਚੁਫ਼ੇਰਿਓ ਘੇਰਿਆ ਪੈਲੇਸ, ਬਾਅਦ ’ਚ ਚੁੱਪ ਚਪੀਤੇ ਕੀਤੀ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਸਥਾਨਕ ਸ਼ਹਿਰ ਦੀ ਇੱਕ ਸਮਾਜ ਸੇਵੀ ਬੀਬੀ ਵੀਨੂੰ ਗੋਇਲ ਨੂੰ ਅੱਜ ਸੂਫ਼ੀ ਸੰਗੀਤ ਦੀ ਆੜ ’ਚ ਭਾਜਪਾ ਵਿਚ ਸਮੂਲੀਅਤ ਦਾ ਪ੍ਰੋਗਰਾਮ ਰੱਖਣਾ ਮਹਿੰਗਾ ਪਿਆ। ਸਮਾਗਮ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਸਥਾਨਕ ਬਰਨਾਲਾ ਬਾਈਪਾਸ ’ਤੇ ਸਥਿਤ ਪੈਲੇਸ ਨੂੰ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਜਬਰਦਸਤ ਵਿਰੋਧ ਸਦਕਾ ਭਾਜਪਾ ਵੱਲੋਂ ਕੀਤੇ ਗਏ ਵੱਡੇ ਪ੍ਰਬੰਧ ਧਰੇ ਧਰਾਏ ਰਹਿ ਗਏ ਅਤੇ ਪੈਲੇਸ ਵਿਚ ਖਾਲੀ ਪਈਆਂ ਕੁਰਸੀਆਂ ਮਹਿਮਾਨਾਂ ਨੂੰ ਉਡੀਕਦੀਆਂ ਰਹੀਆਂ। ਸਮਾਗਮ ਵਿਚ ਪੁੱਜਣ ਵਾਲੇ ਭਾਜਪਾ ਆਗੂ ਤਾਂ ਪਿੱਛਿਓ ਹੀ ਮੁੜ ਗਏ ਪ੍ਰੰਤੂ ਜੋ ਡੇਢ ਦਰਜ਼ਨ ਵਿਅਕਤੀ ਪੈਲੇਸ ਦੇ ਅੰਦਰ ਦਾਖ਼ਲ ਹੋਏ ਸਨ, ਉਨ੍ਹਾਂ ਵਿਚੋਂ ਵੀ ਕਈਆਂ ਨੂੰ ਕੰਧਾਂ ਟੱਪ ਕੇ ਜਾਣਾ ਪਿਆ। ਬਾਅਦ ਵਿਚ ਸੂਚਨਾ ਮਿਲੀ ਕਿ ਕਾਫ਼ੀ ਲੰਮੀ ਜਦੋ-ਜਹਿਦ ਦੇ ਬਾਅਦ ਪੈਲੇਸ ਵਿਚੋਂ ਨਿਕਲੀ ਉਕਤ ਬੀਬੀ ਨੇ ਸ਼ਹਿਰ ਵਿਚ ਚੁੱਪ ਚਪੀਤੇ ਇੱਕ ਘਰ ਵਿਚ ਰੱਖੇ ਪ੍ਰੋਗਰਾਮ ਦੌਰਾਨ ਅਪਣੀਆਂ ਸਾਥਣਾਂ ਸਹਿਤ ਭਾਜਪਾ ਵਿਚ ਸਮੂਲੀਅਤ ਕੀਤੀ। ਇਸਦੀ ਪੁਸ਼ਟੀ ਕਰਦਿਆਂ ਭਾਜਪਾ ਸ਼ਹਿਰੀ ਦੇ ਪ੍ਰਧਾਨ ਵਿਨੋਦ ਬਿੰਟਾ ਨੇ ਦਸਿਆ ਕਿ ਇਸ ਮੌਕੇ ਪਾਰਟੀ ਦੀ ਮਹਿਲਾ ਆਗੂ ਮੋਨਾ ਜੈਸਵਾਲ ਅਤੇ ਸੁਖਵੰਤ ਧਨੌਲਾ ਵੀ ਪੁੱਜੇ ਹੋਏ ਸਨ। ਉਧਰ ਕਿਸਾਨਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਹਰਜਿੰਦਰ ਸਿੰਘ ਬੱਗੀ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮੋਦੀ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਕਿਸਾਨ ਭਾਜਪਾ ਨੂੰ ਕੋਈ ਪ੍ਰੋਗਰਾਮ ਨਹੀਂ ਕਰਨ ਦੇਣਗੇ। ਇੱਥੇ ਦਸਣਾ ਬਣਦਾ ਹੈ ਕਿ ਵੀਨੂੰ ਗੋਇਲ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਨਾਮ ਉਪਰ ਭਾਜਪਾ ਨਾਲ ਜੁੜੀ ਹੋਈ ਹੈ ਪ੍ਰੰਤੂ ਹੁਣ ਉਨ੍ਹਾਂ ਵਲੋਂ ਪਾਰਟੀ ਵਿਚ ਸਿੱਧੀ ਸਮੂਲੀਅਤ ਕਰ ਲਈ ਗਈ ਹੈ। ਚਰਚਾ ਮੁਤਾਬਕ ਉਹ ਭਾਜਪਾ ਦੀ ਟਿਕਟ ਦੀ ਚਾਹਵਾਨ ਹੈ। ਹਾਲਾਂਕਿ ਸਥਾਨਕ ਸ਼ਹਿਰ ਨਾਲ ਸਬੰਧਤ ਭਾਜਪਾ ਆਗੂ ਅੰਦਰਖ਼ਾਤੇ ਉਸਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਵੀਨੂੰ ਗੋਇਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ‘‘ ਉਨ੍ਹਾਂ ਵਲੋਂ ਅੱਜ ਵੱਡੀ ਗਿਣਤੀ ਵਿਚ ਪ੍ਰਵਾਰਾਂ ਦੀ ਭਾਜਪਾ ਵਿਚ ਸਮੂਲੀਅਤ ਕਰਵਾਈ ਜਾਣੀ ਸੀ। ’’ ਹਾਲਾਂਕਿ ਉਨ੍ਹਾਂ ਨਾਲ ਇਹ ਵੀ ਦਾਅਵਾ ਕੀਤਾ ਕਿ ਪੈਲੇਸ ’ਚ ਪ੍ਰੋਗਰਾਮ ਸੂਫ਼ੀ ਸੰਗੀਤ ਲਈ ਰੱਖਿਆ ਹੋਇਆ ਸੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦਸਿਆ ਕਿ ਇਹ ਭਾਜਪਾ ਦਾ ਪ੍ਰੋਗਰਾਮ ਸੀ, ਜਿਸਨੂੰ ਸੰਗੀਤ ਦੀ ਆੜ ’ਚ ਕੀਤਾ ਜਾਣਾ ਸੀ। ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਕਾਰਡ ਵੰਡੇ ਹੋਏ ਸਨ । ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਵਿਰੁਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵਿੱਚ ਭਾਜਪਾ ਦਾ ਹਰ ਥਾਂ ਤੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਦੇ ਤਹਿਤ ਅੱਜ ਬਠਿੰਡਾ ਵਿੱਚ ਪਹੁੰਚ ਰਹੇ ਭਾਜਪਾ ਆਗੂਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕੀਤਾ ਗਿਆ। ਅੱਜ ਦੇ ਇਕੱਠ ਨੂੰ ਜਗਸੀਰ ਸਿੰਘ ਝੁੰਬਾ , ਬਲਜੀਤ ਸਿੰਘ ਪੂਹਲਾ ,ਜਸਪਾਲ ਸਿੰਘ ਕੋਠਾ ਗੁਰੂ ,ਕੁਲਵੰਤ ਸਰਮਾ ਰਾਏ ਕੇ ਕਲਾਂ ,ਬਲਦੇਵ ਸਿੰਘ ਚੌਕੇ,ਵਿੰਦਰ ਸਿੰਘ ਜੋਗੇਵਾਲਾ,ਰਣਜੋਧ ਸਿੰਘ ਮਾਹੀਂਨੰਗਲ ,ਕਾਲਾ ਸਿੰਘ ਚੱਠੇ ਵਾਲਾ ਨੇ ਵੀ ਸੰਬੋਧਨ ਕੀਤਾ।

ਕਾਂਗਰਸੀ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਬੇਜ਼ਮੀਨੇ ਕਿਸਾਨਾਂ ਨੂੰ 2 ਕਰੋੜ ਦੇ ਚੈਕ ਵੰਡੇ

0

ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਸੂਬੇ ਦੀ ਚੰਨੀ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੋਂ ਬਾਅਦ ਬੇਜ਼ਮੀਨੇ ਕਿਸਾਨਾਂ ਤੇ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਦੇ ਉਲੀਕੇ ਪ੍ਰੋਗਰਾਮ ਤਹਿਤ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਵਲੋਂ ਅੱਜ ਪਿੰਡ ਕੋਟਸ਼ਮੀਰ ਵਿਖੇ 580 ਕਿਸਾਨਾਂ ਨੂੰ 2 ਕਰੋੜ ਦੇ ਚੈਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਲਾਡੀ ਨੇ ਚੰਨੀ ਸਰਕਾਰ ਨੂੰ ਸੂਬੇ ਦੇ ਹਰ ਵਰਗ ਦੀ ਮਸੀਹਾ ਕਰਾਰ ਦਿੰਦਿਆਂ ਪਿਛਲੇ ਸਮੇਂ ਦੌਰਾਨ ਲਾਗੂ ਕੀਤੇ ਇਤਿਹਾਸਕ ਫੈਸਲਿਆਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਸਮਰਥਨ ਦੀ ਮੰਗ ਕਰਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਅਗਲੇ ਪੰਜ ਸਾਲ ਵੀ ਜਾਰੀ ਰਹਿਣਗੀਆਂ। ਸਮਾਗਮ ਦੌਰਾਨ ਪਾਰਟੀ ਦੇ ਬੁਲਾਰੇ ਮਨਜੀਤ ਸਿੰਘ ਕੋਟਫੱਤਾ, ਨਗਰ ਪੰਚਾਇਤ ਕੋਟਸ਼ਮੀਰ ਦੇ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਸਿੱਧੂ,ਮੇਜਰ ਸਿੰਘ ਸਰਪੰਚ ਭਾਗੂ,ਜਗਦੇਵ ਸਿੰਘ ਸਰਪੰਚ ਜੱਸੀ ਪੌ ਵਾਲੀ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਨੇ ਬਦਲੀ ਸੂਬੇ ਦੀ ਤਸਵੀਰ : ਜਟਾਣਾ

0

ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਕਾਂਗਰਸ ਪਾਰਟੀ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੀਤੇ ਇਤਿਹਾਸਕ ਫੈਸਲਿਆਂ ਨੇ ਸੂਬੇ ਦੀ ਤਕਦੀਰ ਬਦਲ ਦਿੱਤੀ ਹੈ। ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਜਟਾਣਾ ਨੇ ਹਲਕੇ ਦੀ ਤਰੱਕੀ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ ਕਰਨ, ਕਿਸਾਨੀ ਅੰਦੋਲਨ ਦੇ ਪੀੜਤ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਸਹਾਇਤਾ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ, ਡੀਜ਼ਲ ਅਤੇ ਪੈਟਰੋਲ ਵਿੱਚ ਵੱਡੀ ਰਾਹਤ, ਬਿਜਲੀ ਦਰਾਂ ਵਿਚ ਤਿੱਨ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ,ਮਕਾਨਾਂ ਦੇ ਮਾਲਕੀ ਹੱਕ ਦੇਣ ਵਰਗੇ ਇਤਿਹਾਸਕ ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਖੁਸ਼ਹਾਲੀ ਆਏਗੀ। ਉਨ੍ਹਾਂ ਕਿਹਾ ਕਿ ਆਉਂਦੀਆਂ 2022 ਵਿਧਾਨ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਹਨ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਜਿੱਤ ਦੇ ਝੰਡੇ ਗੱਡੇ ਜਾਣਗੇ ,ਕਿਉਂਕਿ ਵਿਰੋਧੀਆਂ ਕੋਲ ਕਾਂਗਰਸ ਦਾ ਮੁਕਾਬਲਾ ਕਰਨ ਲਈ ਕੋਈ ਏਜੰਡਾ ਨਹੀ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ , ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ, ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਚਿੰਟੂ ਜਿੰਦਲ, ਕਾਂਗਰਸੀ ਆਗੂ ਕਿ੍ਰਸ਼ਨ ਸਿੰਘ ਭਾਗੀਵਾਂਦਰ ,ਦਿਲਪ੍ਰੀਤ ਸਿੰਘ ਅਤੇ ਨਗਰ ਕੌਂਸਲ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ ।

ਰਿਲੇਅ ਦੌੜ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0

ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਵੋਟਰ ਸੂਚੀ ਦੀ ਸਰਸਰੀ ਸੁਧਾਈ ਲਈ ਵੋਟਰ ਜਾਗਰੂਕਤਾ ਵਧਾਉਣ ਦੇ ਟੀਚੇ ਨਾਲ ਬਾਲ ਦਿਵਸ ਮੌਕੇ ਕਰਵਾਈ ਰਿਲੇਅ ਦੌੜ ਨੂੰ ਅੱਜ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਰਿਲੇਅ ਦੌੜ ਵਿਚ ਐਮਐਚਆਰ ਸੀਨੀਅਰ ਸੈਕੰਡਰੀ, ਆਰੀਆ ਮਾਡਲ ਤੇ ਐਸਐਸਡੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਅਤੇ ਇਹ ਦੌੜ ਐਮਐਚਆਰ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਫਾਇਰ ਬਿ੍ਰਗੇਡ ਚੌਂਕ, ਧੋਬੀ ਬਜ਼ਾਰ, ਸਦਭਾਵਨ ਚੌਂਕ, ਗੋਲ ਡਿੱਗੀ ਤੋਂ ਵਾਪਸ ਹੁੰਦੀ ਹੋਈ ਵਾਪਸ ਐਮਐਚਆਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਪਤ ਹੋਈ। ਦੌੜ ਉਪਰੰਤ ਸਕੂਲੀ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਦੌਰਾਨ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਨੇ ਵੋਟ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪਿ੍ਰੰਸੀਪਲ ਮਹੇਸ਼ ਕੁਮਾਰ, ਸ਼੍ਰੀਕਾਂਤ ਸ਼ਰਮਾ, ਵਿਪਨ ਕੁਮਾਰ, ਬਲਵੀਰ ਸਿੰਘ, ਮੈਡਮ ਸੁਨੀਤਾ ਰਾਣੀ ਅਤੇ ਮੈਡਮ ਪੂਜਾ ਰਾਣੀ ਵੀ ਹਾਜ਼ਰ ਸਨ।

ਹੁਣ ਪੰਜਾਬ ਦੇ ਭਾਜਪਾ ਆਗੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਚੁੱਕੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਸਿੱਖ ਭਾਈਚਾਰੇ ਦੀਆਂ ਲੰਮੀਆਂ ਅਰਦਾਸਾਂ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚ ਸ਼ੁਰੂ ਕੀਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਚਾਲੂ ਕਰਵਾਉਣ ਲਈ ਪੰਜਾਬ ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ, ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਕੌਮੀ ਜਨਰਲ ਸਕੱਤਰ ਤਰੁਣ ਚੁੱਘ,ਸੂਬਾਈ ਜਨਰਲ ਸਕੱਤਰ ਦਿਆਲ ਸੋਢੀ ਆਦਿ ਆਗੂਆਂ ਦੇ ਦਿੱਲੀ ਪੁੱਜੇ ਵਫ਼ਦ ਨੇ ਮੰਗ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰ8ਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ ਤਾਂ ਕਿ ਨਾਨਕ ਲੇਵਾ ਸੰਗਤ ਇਸ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਸਕੇ। ਪਾਰਟੀ ਦੇ ਆਗੂਆਂ ਮੁਤਾਬਕ ਇਸ ਮੌਕੇ ਕਿਸਾਨੀ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ। ਇਸਤੋਂ ਇਲਾਵਾ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੇ ਹੋਰ ਮਸਲਿਆਂ ’ਤੇ ਵੀ ਚਰਚਾ ਹੋਈ।

ਮੁੱਖ ਮੰਤਰੀ ਚੰਨੀ ਅਤੇ ਸਿੱਧੂ ਸਦਕਾ 80 ਤੋਂ ਵੱਧ ਸੀਟਾਂ ਦਾ ਰਿਕਾਰਡ ਬਣਾਵਾਂਗੇ: ਰਾਜਾ ਵੜਿੰਗ

0

ਸੁਖਜਿੰਦਰ ਮਾਨ
ਚੰਡੀਗੜ੍ਹ/ਜਲੰਧਰ, 14 ਨਵੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ 2022 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।ਸ੍ਰੀ ਵੜਿੰਗ ਨੇ ਰਾਜ ਵਿਆਪੀ ਸੜਕ ਸੁਰੱਖਿਆ ਮੁਹਿੰਮ ਦੀ ਸੁਰੂਆਤ ਤੋਂ ਬਾਅਦ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਅਗਲੇ ਸਾਲ 80 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਨਵਾਂ ਰਿਕਾਰਡ ਕਾਇਮ ਕਰਾਂਗੇ।“ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੀਆਂ ਅਫਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਖੁੱਲ੍ਹੀ ਆਲੋਚਨਾ ਕਾਂਗਰਸ ਦੇ ਸਿਧਾਂਤ ਦਾ ਹਿੱਸਾ ਹੈ ਅਤੇ ਜਦੋਂ ਵੀ ਮੈਂ ਕੋਈ ਮੁੱਦਾ ਉਠਾਉਂਦਾ ਹਾਂ ਤਾਂ ਰਾਹੁਲ ਗਾਂਧੀ ਮੈਨੂੰ ਜ਼ਿਆਦਾ ਸਮਾਂ ਦਿੰਦੇ ਹਨ ਅਤੇ ਮੇਰੀ ਗੱਲ ਸੁਣਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੰਕਲਪ ਨੂੰ ਦੇਖ ਲਿਆ ਹੈ ਅਤੇ ਇੱਕ ਵਾਰ ਫਿਰ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣਗੇ।ਅਹੁਦਾ ਸੰਭਾਲਣ ਤੋਂ ਬਾਅਦ ਪਿਛਲੇ ਛੇ ਹਫਤਿਆਂ ਦੌਰਾਨ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ ਮਾਲੀਏ ਵਿੱਚ ਰੋਜਾਨਾ 1 ਕਰੋੜ ਰੁਪਏ ਦਾ ਵਾਧਾ ਸਾਰੇ ਪੰਜਾਬੀਆਂ ਵਾਸਤੇ ਪਾਰਦਰਸੀ ਅਤੇ ਕੁਸਲ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਦੀ ਸੁਰੂਆਤ ਹੈ।ਪੰਜਾਬ ਦੇ ਵਸੀਲਿਆਂ ਦੀ ਲੁੱਟ ਵਿੱਚ ਬਾਦਲਾਂ ਨਾਲ ਮਿਲੀਭੁਗਤ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸਾਨੇ ‘ਤੇ ਲੈਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ 6600 ਕਰੋੜ ਰੁਪਏ ਦੇ ਮਾਲੀਏ ਦੀ ਚੋਰੀ ਹੋਈ ਹੈ, ਜੋ ਸਾਡੇ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਵਰਤੀ ਜਾਣੀ ਚਾਹੀਦੀ ਸੀ।ਸ਼੍ਰੀ ਵੜਿੰਗ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਕੈਪਟਨ ਅਮਰਿੰਦਰ ਇਸ ਗੜਬੜੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।ਪੰਜਾਬ ਦੇ ਹੱਕਾਂ ਪ੍ਰਤੀ ਦੋਗਲੇ ਸਟੈਂਡ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਦਿੱਲੀ ਏਅਰਪੋਰਟ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਆਗਿਆ ਨਾ ਦੇਣਾ ਕੇਜਰੀਵਾਲ ਦੇ ਅਸਲ ਰੰਗਾਂ ਅਤੇ ਬਾਦਲਾਂ ਨਾਲ ਉਸ ਦੀ ਮਿਲੀਭੁਗਤ ਨੂੰ ਬੇਪਰਦ ਕਰਦਾ ਹੈ।

ਪੰਜਾਬ ਦੀਆਂ ਸੜਕਾਂ ਨੂੰ ਦੁਰਘਟਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਰਾਜਾ ਵੜਿੰਗ ਵੱਲੋਂ ਬੱਚਿਆਂ ਵਿੱਚ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਰਾਜ ਵਿਆਪੀ ਮੁਹਿੰਮ ‘ਨੋ ਚਲਾਨ ਡੇ‘ ਦੀ ਸੁਰੂਆਤ

0

ਬਾਲ ਦਿਵਸ ‘ਤੇ ਨਾਗਰਿਕਾਂ ਨੂੰ ਕੀਮਤੀ ਜਾਨਾਂ ਨੂੰ ਬਚਾਉਣ ਲਈ ‘ਸੜਕ ਸੁਰੱਖਿਆ ਮੇਰਾ ਫਰਜ‘ ਪ੍ਰਣ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ/ਜਲੰਧਰ, 14 ਨਵੰਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੜਕ ਸੁਰੱਖਿਆ ਪ੍ਰੋਟੋਕੋਲਜ ਨੂੰ ਮਿਸਨ ਮੋਡ ‘ਤੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਫੌਰੀ ਲੋੜ ‘ਤੇ ਜੋਰ ਦਿੰਦਿਆਂ ਐਤਵਾਰ ਨੂੰ ਕਿਹਾ ਕਿ ਹਾਦਸਿਆਂ ਵਿੱਚ ਜਾਣ ਵਾਲੀ ਹਰੇਕ ਜਾਨ ਪੂਰੇ ਰਾਸ਼ਟਰ ਦਾ ਨੁਕਸਾਨ ਹੈ।ਸ਼੍ਰੀ ਵੜਿੰਗ ਨੇ ਨਾਗਰਿਕਾਂ ਨੂੰ ਆਪਣੇ ਰੋਜਾਨਾ ਦੇ ਵਿਵਹਾਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਅਪਣਾਉਣ ਦੀ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ ਆਓ, ਅੱਜ ਬਾਲ ਦਿਵਸ ‘ਤੇ ਅਸੀਂ ਸਾਰੇ ਆਪਣੇ ਸੂਬੇ ਨੂੰ ਆਪਣੇ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਬਣਾਉਣ ਦਾ ਪ੍ਰਣ ਕਰੀਏ ਅਤੇ ਇਸ ਦੀ ਸੁਰੂਆਤ ਸੜਕਾਂ ਤੋਂ ਕਰੀਏ।ਬਾਲ ਦਿਵਸ ਮੌਕੇ ਸਵੇਰੇ ਇੱਥੋਂ ਰਾਜ ਵਿਆਪੀ ਸੜਕ ਸੁਰੱਖਿਆ ਮੁਹਿੰਮ ‘ਨੋ-ਚਲਾਨ ਡੇ‘ ਦੀ ਸੁਰੂਆਤ ਕਰਦਿਆਂ ਸ਼੍ਰੀ ਵੜਿੰਗ ਨੇ ਸੂਬੇ ਵਿੱਚ ਸੜਕੀ ਮੌਤਾਂ ਦੀ ਔਸਤ ਉੱਚ ਦਰ ‘ਤੇ ਡੂੰਘੀ ਚਿੰਤਾ ਜਾਹਰ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਖੇਤਰਾਂ ਦੇ ਅੰਦਰ ਘੱਟ ਅਤੇ ਸੁਰੱਖਿਅਤ ਗਤੀ ਸੀਮਾ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਦੇ ਮਿਸਨ ਵਿੱਚ ਜਿੱਤ ਪ੍ਰਾਪਤ ਕਰਨ ਲਈ, ਅੱਜ ਇੱਕ ਠੋਸ ਪਹੁੰਚ, ਜਿਸ ਵਿੱਚ ਹਰੇਕ ਵੱਲੋਂ ਇੱਕ ਸਰਗਰਮ ਭਾਗੀਦਾਰ ਵਜੋਂ ਭੁਮਿਕਾ ਨਿਭਾਈ ਜਾਂਦੀ ਹੈ, ਦੀ ਲੋੜ ਹੈ।ਇਥੇ ਬੀ.ਐਮ.ਸੀ. ਚੌਕ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਉਂਦੇ ਹੋਏ ਮੰਤਰੀ ਨੇ ਜਿਥੇ ਉਨ੍ਹਾਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਲਣਾ ਕਰਨ ਦੀ ਅਪੀਲ ਕੀਤੀ ਉਥੇ ਪਹਿਨਣ ਲਈ ਉਨ੍ਹਾਂ ਨੂੰ ਨਵੇਂ ਹੈਲਮੈਟ ਵੀ ਦਿੱਤੇ। ਇਸ ਦੇ ਨਾਲ ਹੀ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਬੈਜ ਵੀ ਲਗਾਏ ਗਏ। ਵੜਿੰਗ ਨੇ ਕਿਹਾ ਕਿ ਪੰਜਾਬ ਸੜਕ ਹਾਦਸਿਆਂ ਵਿੱਚ ਰੋਜਾਨਾ 10-12 ਕੀਮਤੀ ਜਾਨਾਂ ਗਵਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਲਈ ਸੁਰੱਖਿਅਤ ਸੜਕੀ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਹੁਣੇ ਕਾਰਵਾਈ ਨਾ ਕੀਤੀ ਤਾਂ ਇਹ ਬਹੁਤ ਹੀ ਅਫਸੋਸਨਾਕ ਹੋਵੇਗਾ, ਜਿਸ ਦੀ ਸਮੂਹਿਕ ਜ਼ਿੰਮੇਵਾਰੀ ਸਾਡੀ ਸਭ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਤੁਹਾਡੇ ਅਤੇ ਮੇਰੇ ਤੋਂ ਸਾਡੇ ਘਰਾਂ ਤੋਂ ਅਤੇ ਸਾਡੇ ਸਕੂਲਾਂ ਤੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਮੁੱਖ ਜ਼ਰੂਰਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਸਤਿਕਾਰ ਪੈਦਾ ਕਰਨ ਦੀ ਹੈ।ਸ਼੍ਰੀ ਵੜਿੰਗ ਵੱਲੋਂ ਸਤੰਬਰ ਦੇ ਆਖਰੀ ਹਫਤੇ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਫੀਲਡ ਵਿੱਚ ਆਰ.ਟੀ.ਏਜ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਤੋਂ ਇਲਾਵਾ ਸੂਬੇ ਦੇ ਟਰਾਂਸਪੋਰਟ ਅਦਾਰਿਆਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਦੀ ਕੁਸਲਤਾ ਨੂੰ ਹੋਰ ਵਧਾਉਣ ਲਈ ਸਰਗਰਮੀ ਨਾਲ ਕਦਮ ਚੁੱਕੇ ਜਾ ਰਹੇ ਹਨ। ਅੱਜ ਪੰਜਾਬ ਭਰ ਵਿੱਚ 100 ਥਾਵਾਂ ‘ਤੇ ਸੁਰੂ ਕੀਤੀ ਗਈ ਇਹ ਨਿਵੇਕਲੀ ਪਹਿਲ ਲੰਮੇ ਸਮੇਂ ਤੱਕ ਚਲਾਈ ਜਾਣ ਵਾਲੀ ਸੜਕ ਸੁਰੱਖਿਆ ਮੁਹਿੰਮ ਦਾ ਇੱਕ ਹਿੱਸਾ ਹੈ ਅਤੇ ਇਸ ਦਾ ਉਦੇਸ਼ ਮਿਸਨ ਨੂੰ ਇੱਕ ਜਨ ਅੰਦੋਲਨ ਬਣਾ ਕੇ ਯਾਤਰੀਆਂ ਵਿੱਚ ਜੰਿਮੇਵਾਰੀ ਦੀ ਭਾਵਨਾ ਨੂੰ ਉਤਸਾਹਿਤ ਕਰਨਾ ਹੈ। ਮੰਤਰੀ ਨੇ ਕਿਹਾ ਕਿ ਸਾਡੇ ਵੱਲੋਂ ਮਹੀਨੇ ਵਿੱਚ ਦੋ ਵਾਰ ਇਸ ਪਹਿਲਕਦਮੀ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੇ ਸੜਕ ਉਪਯੋਗਕਰਤਾਵਾਂ ਖਾਸ ਤੌਰ ‘ਤੇ ਸਾਡੇ ਨੌਜਵਾਨਾਂ ਵਿੱਚ ਨਿਯਮਤਤਾ ਅਤੇ ਅਨੁਸਾਸਨ ਦੀ ਭਾਵਨਾ ਪੈਦਾ ਕਰਨ ਵਿੱਚ ਪਿੱਛੇ ਨਾ ਰਹਿ ਜਾਈਏ।ਪੁਲਿਸ ਵਿਭਾਗ, ਪੰਜਾਬ ਯੂਥ ਕਾਂਗਰਸ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ) ਪੰਜਾਬ, ਐਨ.ਐਸ.ਐਸ. ਅਤੇ ਮਹਿਲਾ ਕਾਂਗਰਸ ਤੋਂ ਇਲਾਵਾ ਸਿਵਲ ਸੁਸਾਇਟੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਰਗਰਮ ਸਹਿਯੋਗ ਨਾਲ ਯਾਤਰੀਆਂ ਵਿੱਚ ਆਵਾਜਾਈ ਅਤੇ ਸੜਕ ਜਾਗਰੂਕਤਾ ਦੇ ਪ੍ਰਸਾਰ ਲਈ ਸਰਗਰਮ ਭਾਗੀਦਾਰੀ ਵਾਸਤੇ ਸੂਬੇ ਭਰ ਵਿੱਚ 100 ਸਥਾਨਾਂ ‘ਤੇ ਇਸ ਅਭਿਆਨ ਨੂੰ ਇਕੋ ਸਮੇਂ ਆਯੋਜਿਤ ਕੀਤਾ ਗਿਆ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਚਲਾਨ ਜਾਰੀ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣੀ ਅਤੇ ਸੜਕ ‘ਤੇ ਸਫਰ ਕਰਨ ਵਾਲੇ ਦੂਜੇ ਲੋਕਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਹੁੰ ਚੁਕਾਈ ਗਈ। ਇਥੇ ਪਹੁੰਚਣ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਵੱਲੋਂ ਸੂਬੇ ਭਰ ਦੇ ਸਾਰੇ ਬੱਸ ਸਟੈਂਡਾਂ ‘ਤੇ ਸੁਰੱਖਿਆ ਅਤੇ ਸੈਨੀਟੇਸਨ ਪ੍ਰੋਟੋਕੋਲ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਲਈ ਵਿਭਾਗ ਦੀ ਪੰਦਰਵਾੜਾ ਮੁਹਿੰਮ ਦੇ ਹਿੱਸੇ ਵਜੋਂ ਮੋਗਾ ਬੱਸ ਸਟੈਂਡ ਦਾ ਨਿਰੀਖਣ ਕੀਤਾ ਗਿਆ ।ਇਸ ਮੌਕੇ ਜੁਆਇੰਟ ਕਮਿਸਨਰ ਪੁਲਿਸ ਸੰਦੀਪ ਕੁਮਾਰ ਮਲਿਕ, ਸਕੱਤਰ ਆਰ.ਟੀ.ਏ. ਜਲੰਧਰ ਅਮਿਤ ਮਹਾਜਨ, ਏ.ਡੀ.ਸੀ.ਪੀ. ਟ੍ਰੈਫਿਕ ਮਨਜੀਤ ਕੌਰ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਅਤੇ ਹੋਰ ਮੌਜੂਦ ਸਨ।

ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ 19 ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਅਤੇ ਹੈਰੀਟੇਜ਼ ਸਟਰੀਟ ਦਾ ਕੀਤਾ ਜਾਵੇਗਾ ਉਦਘਾਟਨ

0

ਅਜਿਹੇ ਦੁਰਲੱਭ ਮੌਕੇ ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦੇ: ਚੰਨੀ
ਸੁਖਜਿੰਦਰ ਮਾਨ
ਸ੍ਰੀ ਚਮਕੌਰ ਸਾਹਿਬ/ਚੰਡੀਗੜ੍ਹ, 14 ਨਵੰਬਰ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 19 ਨਵੰਬਰ ਨੂੰ ’ਦਾਸਤਾਨ-ਏ-ਸਹਾਦਤ’ ਥੀਮ ਪਾਰਕ ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਅੱਜ ਨਿੱਜੀ ਤੌਰ ’ਤੇ ਸਮੁੱਚੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਸੈਰ ਸਪਾਟਾ, ਟਰਾਂਸਪੋਰਟ, ਸਥਾਨਕ ਸਰਕਾਰਾਂ, ਸੂਚਨਾ ਤੇ ਲੋਕ ਸੰਪਰਕ, ਸਿਹਤ ਅਤੇ ਪੁਲੀਸ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਸਾਡੇ ਸ਼ਾਨਾਮੱਤੇ ਅਤੀਤ ਨਾਲ ਜੋੜਨ ਲਈ ਇਹ ਇਤਿਹਾਸਕ ਪ੍ਰੋਜੈਕਟ ਇੱਕ ਪੁਲ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੁਰਲੱਭ ਮੌਕੇ ਜੀਵਨ ਵਿੱਚ ਇੱਕ ਵਾਰ ਆਉਂਦੇ ਹਨ, ਇਸ ਲਈ ਇਨ੍ਹਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਧਾਰਮਿਕ ਆਗੂਆਂ ਅਤੇ ਰਾਜਨੀਤਿਕ ਸਖਸੀਅਤਾਂ ਦੇ ਨਾਲ ਹੈਰੀਟੇਜ ਸਟਰੀਟ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ।
ਇਸ ਮੌਕੇ ਭੂਰੜੇ ਵਾਲਾ ਚੌਕ (ਨੇੜੇ ਦਾਣਾ ਮੰਡੀ) ਤੋਂ ਗੁਰਦੁਆਰਾ ਸਾਹਿਬ ਤੱਕ ਪੂਰੇ ਧਾਰਮਿਕ ਉਤਸਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿਚ ਅੱਗੇ ਗੱਤਕਾ ਪਾਰਟੀਆਂ ਅਤੇ ਘੋੜੇ ਰਵਾਇਤੀ ਸਿੱਖ ਮਾਰਸਲ ਆਰਟ ਵਿੱਚ ਆਪਣੇ ਜੌਹਰ ਵਿਖਾਉਣਗੇ। ਇਸ ਸ਼ੋਭਾ ਯਾਤਰਾ ਵਿੱਚ ਬੈਂਡ, ਨਗਾਰੇ (ਢੋਲ), ਹਾਥੀ ਅਤੇ ਘੋੜੇ ਵੀ ਸਾਮਲ ਹੋਣਗੇ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਨਵੰਬਰ ਨੂੰ ਸਵੇਰੇ 9:30 ਵਜੇ ਥੀਮ ਪਾਰਕ ਵਿਖੇ ਪਾਏ ਜਾਣਗੇ।ਇਸ ਮੌਕੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਰਾਜਪਾਲ ਥੀਮ ਪਾਰਕ ਵਿਖੇ ਸਾਨਦਾਰ ਢੰਗ ਨਾਲ ਤਿਆਰ ਕੀਤੀਆਂ ਗੈਲਰੀਆਂ ਦਾ ਦੌਰਾ ਵੀ ਕਰਨਗੇ। ਕੁੱਲ 11 ਗੈਲਰੀਆਂ ਪਹਿਲੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਅਤੇ ਗੌਰਵਮਈ ਵਿਰਸੇ ਨੂੰ ਪ੍ਰਭਾਵਸਾਲੀ ਢੰਗ ਨਾਲ ਪ੍ਰਦਰਸ਼ਿਤ ਕਰਨਗੀਆਂ ਅਤੇ ਇੱਥੇ ਦੀਆਂ ਪੇਸਕਾਰੀਆਂ ਦਰਸਕਾਂ ਨੂੰ ਇੱਕ ਸਾਨਦਾਰ ਅਨੁਭਵ ਦੇਣਗੀਆਂ ਅਤੇ ਉਨ੍ਹਾਂ ਨੂੰ ਉਸ ਯੁੱਗ ਵਿੱਚ ਲੈ ਜਾਣਗੀਆਂ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ। ਇਸ ਮੌਕੇ ਉੱਘੇ ਸਿੱਖ ਆਗੂ ਅਤੇ ਧਾਰਮਿਕ ਸ਼ਖ਼ਸੀਅਤਾਂ ਵੀ ਹਾਜਰ ਰਹਿਣਗੀਆਂ।ਮੁੱਖ ਮੰਤਰੀ ਨੇ ਇੱਕ ਗੈਲਰੀ ਵਿੱਚ ਸਿੱਖ ਇਤਿਹਾਸ ਬਾਰੇ ਆਡੀਓ-ਵਿਜ਼ੂਅਲ ਪੇਸਕਾਰੀ ਵੀ ਦੇਖੀ।ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਐਲਈਡੀ ਸਕਰੀਨਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਕਮਿਸਨਰ ਨਗਰ ਨਿਗਮ ਮੁਹਾਲੀ ਸਾਮ ਦੇ ਸਮਾਗਮ ਦੇ ਇੰਚਾਰਜ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸਨਰ ਰੂਪਨਗਰ ਸੋਨਾਲੀ ਗਿਰੀ ਅਤੇ ਐਸਐਸਪੀ ਵਿਵੇਕ ਸੀਲ ਸੋਨੀ ਮੌਜੂਦ ਸਨ।

ਸਾਬਕਾ ਵਿਧਾਇਕ ਸ੍ਰੀ ਸਿੰਗਲਾ ਨੇ ਘਰ ਪਹੁੰਚੀਆਂ ਪ੍ਰਭਾਤ ਫੇਰੀਆਂ ਦਾ ਕੀਤਾ ਸਵਾਗਤ

0

ਸੁਖਜਿੰਦਰ ਮਾਨ
ਬਠਿੰਡਾ 14 ਨਵੰਬਰ:-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਵੱਖ ਵੱਖ ਗੁਰੂ ਘਰਾਂ ਵਿਚੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ 19 ਨਵੰਬਰ ਨੂੰ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸੰਪੰਨ ਹੋਣਾ ਹੈ। ਅੱਜ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਚੋਂ ਸਜਾਈਆਂ ਪ੍ਰਭਾਤ ਫੇਰੀਆਂ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਗ੍ਰਹਿ ਵਿਖੇ ਪਹੁੰਚੀਆਂ ਜਿੱਥੇ ਸਿੰਗਲਾ ਪਰਿਵਾਰ ਨੇ ਸਵਾਗਤ ਕੀਤਾ। ਇਸ ਮੌਕੇ ਸਿੰਗਲਾ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗੁਰੂ ਸਾਹਿਬ ਦੇ ਚਰਨੀਂ ਨਤਮਸਤਕ ਹੋਈ ਅਤੇ ਸੇਵਾ ਕੀਤੀ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਉਨ੍ਹਾਂ ਦੀ ਪਤਨੀ ਉਰਮਿਲਾ ਸਿੰਗਲਾ, ਬੇਟਾ ਦੀਨਵ ਸਿੰਗਲਾ ਉਨ੍ਹਾਂ ਦੀ ਪਤਨੀ ਬੱਚੇ ਅਤੇ ਪੂਰਾ ਸਿੰਗਲਾ ਪਰਿਵਾਰ ਵਲੋਂ ਕਰੀਬ 20 ਗੁਰੂ ਘਰਾਂ ਵਿਚੋਂ ਆਈਆਂ ਪ੍ਰਭਾਤ ਫੇਰੀਆਂ ਦਾ ਸਵਾਗਤ ਕੀਤਾ ਅਤੇ ਸੇਵਾ ਕੀਤੀ । ਇਸ ਮੌਕੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕ ਸਹਿਬਾਨ ਵੱਲੋਂ ਸਿੰਗਲਾ ਪਰਿਵਾਰ ਵੱਲੋਂ ਕੀਤੇ ਗਏ ਸਵਾਗਤ ਤੇ ਵਧਾਈ ਦਿੱਤੀ ਅਤੇ ਸਿੰਗਲਾ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ।ਸ੍ਰੀ ਸਿੰਗਲਾ ਨੇ ਪ੍ਰਭਾਤ ਫੇਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਸਿੰਗਲਾ ਪਰਿਵਾਰ ਗੁਰੂ ਸਾਹਿਬ ਜੀ ਦੇ ਚਰਨ ਘਰ ਪੈਣ ਕਰਕੇ ਧੰਨ ਧੰਨ ਹੋਇਆ ਹੈ ਇਹ ਸੇਵਾ ਭਾਗਾਂ ਨਾਲ ਹੀ ਮਿਲਦੀ ਹੈ ।

ਬੇਅਦਬੀ ਕਾਂਡ ਦੀ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਸ਼ਕਤੀ ਪ੍ਰਦਰਸ਼ਨ

0

ਸਲਾਬਤਪੁਰਾ ਡੇਰੇ ਚ ਮਾਲਵਾ ਪੱਟੀ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਕੀਤੀ ਮੀਟਿੰਗ
ਸੁਖਜਿੰਦਰ ਮਾਨ 
ਬਠਿੰਡਾ, 14 ਨਵੰਬਰ : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਬੇਅਦਬੀ ਕਾਂਡ ਦੇ ਨਿਰਣਾਇਕ ਮੋੜ ‘ਤੇ ਪੁੱਜਣ ਦਚਰਚਾ ਦੌਰਾਨ ਅੱਜ ਮਾਲਵਾ ਪੱਟੀ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਡੇਰਾ ਸਲਾਬਤਪੁਰਾ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਡੇਰਾ ਪ੍ਰਬੰਧਕਾਂ ਨੇ ਪ੍ਰੇਮੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਂਦਿਆਂ ਅਗਲੇ ਸਮੇਂ ਵਿੱਚ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਲਿਆ ਜਿਸਨੂੰ ਡੇਰਾ ਪ੍ਰੇਮੀਆਂ ਨੇ ਉਤਸ਼ਾਹਪੂਰਕ ਜਵਾਬ ਦਿੱਤਾ। ਸਿਆਸੀ ਮਾਹਿਰ ਇਸ ਇਕਜੁੱਟਤਾ ਦੇ ਪ੍ਰਗਟਾਵੇ ਨੂੰ  ਦਬਾਅ ਦੀ ਰਾਜਨੀਤੀ ਮੰਨ ਰਹੇ ਹਨ ਪ੍ਰੰਤੂ ਚੋਣਾਂ ਦੇ ਇਸ ਮੌਸਮ ਵਿੱਚ ਡੇਰਾ ਪ੍ਰੇਮੀਆਂ ਦੀ ਮੁੜ ਹਲਚਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਨੂੰ ਵੱਡਾ ਮੋੜਾ ਦੇ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਤੋਂ ਬਾਅਦ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਸਥਿਤ ਸਲਾਬਤਪੁਰਾ ਡੇਰਾ  ਪ੍ਰੇਮੀਆਂ ਦਾ ਦੂਜਾ ਸਭ ਤੋਂ ਵੱਡਾ ਹੈੱਡਕੁਆਰਟਰ ਹੈ ਜਿੱਥੇ ਪਹਿਲਾਂ ਵੀ ਸਿਆਸੀ ਤੇ ਧਾਰਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਨਫ਼ਰਤ ਦੇ ਬੀਜ ਬੀਜਣ ਵਾਲੀ ਜਾਮੇ ਇਨਸਾਂ ਪਿਲਾਉਣ ਦੀ ਘਟਨਾ ਪਈ ਮਈ 2017 ਵਿੱਚ ਇੱਥੇ ਹੀ ਵਾਪਰੀ ਸੀ ਜਿਸ ਤੋਂ ਬਾਅਦ ਡੇਰਾ ਮੁਖੀ ਦਾ ਪੰਜਾਬ ਵਿੱਚ ਦਾਖ਼ਲਾ ਬੰਦ ਹੋ ਗਿਆ ਸੀ। ਡੇਰਾ ਪ੍ਰੇਮੀਆਂ ਦੇ ਅੱਜ ਦੇ ਇਕੱਠ ਉੱਪਰ ਸੂਬਾਈ ਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਵੀ ਨਜ਼ਰ ਟਿਕੀ ਰਹੀ। ਡੇਰੇ ਨਾਲ ਜੁੜੇ ਸੂਤਰਾਂ ਮੁਤਾਬਕ ਅੱਜ ਦਾ ਇਕੱਠ ਰੁਟੀਨ ਦਾ ਨਹੀਂ ਸੀ ਬਲਕਿ ਪੰਜਾਬ ਸਰਕਾਰ ਵੱਲੋਂ ਡੇਰਾ ਪ੍ਰੇਮੀਆਂ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਕਸੇ ਜਾ ਰਹੇ ਕਾਨੂੰਨੀ ਸਿਕੰਜੇ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਨ ਹੈ। ਗੌਰਤਲਬ ਹੈ ਬਲਾਤਕਾਰ ਅਤੇ ਕਤਲ ਆਦਿ ਦੇ ਮਾਮਲਿਆਂ ਚ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਕੋਲੋਂ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਪੁੱਛ ਪੜਤਾਲ ਕਰ ਚੁੱਕੀ ਹੈ ਅਤੇ ਜਲਦ ਹੀ ਉਸੇ ਦੁਬਾਰਾ ਫਿਰ ਜਾਣ ਦੀ ਸੰਭਾਵਨਾ ਹੈ। ਡੇਰਾ ਸਿਰਸਾ ਦਾ ਸਬੰਧ ਅਕਲੇ ਬੇਅਦਬੀ ਕਾਂਡ ਨਾਲ ਹੀ ਨਹੀਂ ਬਲਕਿ ਮੌੜ ਵਿਖੇ ਹੋਏ ਬੰਬ ਬਲਾਸਟ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਨ ਲਈ ਵੱਡਾ ਕਦਮ ਪੁੱਟਣ ਜਾ ਰਹੀ ਹੈ ਅਤੇ ਇਸ ਕਦਮ ਨਾਲ ਡੇਰਾ ਸਿਰਸਾ ਦੇ ਮੁਖੀ ਅਤੇ ਇਸ ਦੇ ਮਹੱਤਵਪੂਰਨ ਪ੍ਰੇਮੀਆਂ ਲਈ ਵੀ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸਿਆਸੀ ਮਾਹਰਾਂ ਮੁਤਾਬਕ ਅਜਿਹੇ ਮਾਹੌਲ ਵਿੱਚ ਡੇਰੇ ਦੇ ਪ੍ਰਬੰਧਕਾਂ ਨੇ ਨਵਾਂ ਪੈਂਤੜਾ ਲਿਆ ਹੈ ਤਾਂ ਕਿ ਉਹ ਸਿਆਸੀ ਲੀਡਰਾਂ ਨੂੰ ਦਿਖਾ ਸਕਣ ਕਿ ਉਹ ਹਾਲੇ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ। ਚਰਚਾ ਮੁਤਾਬਕ ਅੱਜ ਦਾ ਵੱਡਾ ਇਕੱਠ ਕਰਕੇ ਡੇਰਾ ਪ੍ਰਬੰਧਕਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਤਹਿਤ ਚੋਣਾਂ ਦੇ ਨਜ਼ਦੀਕ ਆਪਣੇ ਵੱਡੇ ਵੋਟ ਬੈਂਕ ਦੇ ਪ੍ਰਦਰਸ਼ਨ ਤੋਂ ਇਲਾਵਾ ਮੌਜੂਦਾ ਮਾਹੌਲ ਵਿੱਚ ਡੇਰਾ ਪ੍ਰੇਮੀਆਂ ਨੂੰ ਇਕਜੁਟ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣ ਦੀ ਕੋਸਿਸ ਕੀਤੀ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ  ਮਾਲਵੇ ’ਚ ਡੇਰਾ ਪੈਰੋਕਾਰਾਂ ਦੇ ਵੱਡਾ ਪ੍ਰਭਾਵ ਹੈ। ਸਾਲ 2007 ਅਤੇ ਸਾਲ 2012 ਵਿੱਚ ਡੇਰਾ ਪ੍ਰੇਮੀਆਂ ਵਲੋਂ ਕਰਮਵਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਗਈ ਸੀ।ਮੌਜੂਦਾ ਪ੍ਰਸਥਿਤੀਆਂ ਵਿੱਚ ਕੋਈ ਵੀ ਸਿਆਸੀ ਧਿਰ ਡੇਰੇ ਨਾਲ ਖੁੱਲ੍ਹ ਕੇ ਚੱਲਣ ਲਈ ਤਿਆਰ ਨਹੀਂ ਇਸ ਦੇ ਇਲਾਵਾ  ਸੱਤਾ ਧਿਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਬੇਅਦਬੀ ਕਾਂਡ ਵਿੱਚ ਲੋੜੀਂਦੇ ਡੇਰਾ ਪ੍ਰੇਮੀਆਂ ਦੀ ਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਡੇਰਾ ਪ੍ਰੇਮੀਆਂ ਦੇ ਅੱਜ ਦੇ ਇਕੱਠ ਦੇ ਆਉਣ ਵਾਲੇ ਸਮੇਂ ਵਿੱਚ ਦੂਰਗਾਮੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।

Our Visitor

1892169