ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਨਗਰ ਨਿਗਮ ਦੇ ਸਫਾਈ ਸੇਵਕਾਂ ਵਲੋਂ ਸ਼ੁਰੂ ਕੀਤੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਹਾਲਾਂਕਿ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜਾ ਨਹੀਂ ਚੁੱਕਿਆ ਜਾ ਸਕਿਆ। ਉਧਰ ਸਫ਼ਾਈ ਕਾਮਿਆਂ ਦੀ ਹਿਮਾਇਤ ਵਿਚ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂਆਂ ਵਿਕਰਮ ਕੁਮਾਰ, ਰਾਮ ਸਿੰਘ, ਸੁਖਦੇਵ ਸਿੰਘ, ਲਕਸ਼ਮਣ ਕੁਮਾਰ ਆਦਿ ਨੇ ਦਸਿਆ ਕਿ ਬਠਿੰਡਾ ਸ਼ਹਿਰ ਦੀ ਆਬਾਦੀ ਦਿਨ ਵ ਦਿਨ ਵਧ ਰਹੀ ਹੈ ਪ੍ਰੰਤੂ ਸ਼ਹਿਰ ਦੀ ਸਫ਼ਾਈ ਦਾ ਭਾਰ ਪੁਰਾਣੇ ਸਫ਼ਾਈ ਕਾਮਿਆਂ ਦੇ ਉਪਰ ਹੀ ਹੈ, ਜਿਸਦੇ ਚੱਲਦੇ ਉਹ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਘੱਟੋ-ਘੱਟ 1500 ਹੋਰ ਸਫ਼ਾਈ ਕਾਮਿਆਂ ਦੀ ਭਰਤੀ ਦੀ ਮੰਗ ਕਰ ਰਹੇ ਹਨ। ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਠੇਕੇਦਾਰ ਅਤੇ ਆਊਟਸੋਰਸਿੰਗ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ, ਵਰਦੀਆਂ ਭੱਤਾ ਦੁੱਗਣਾ ਕਰਨ ਤੋਂ ਇਲਾਵਾ ਹਰ ਕੱਚੇ ਤੇ ਪੱਕੇ ਕਾਮੇ ਨੂੰ ਮੈਡੀਕਲ ਸਹੂਲਤ ਦੇਣ ਦੀ ਮੰਗ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਅਪਣੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ ਤੇ ਇਸ ਦੌਰਾਨ ਸ਼ਹਿਰ ਵਿਚ ਕੂੜਾ ਨਾ ਚੁੱਕਣ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ ਨਿਗਮ ਅਧਿਕਾਰੀ ਜਿੰਮੇਵਾਰ ਹੋਣਗੇ।
ਬਾਕਸ
ਜਗਰੂਪ ਗਿੱਲ ਨੇ ਸਫਾਈ ਕਾਮਿਆਂ ਨੂੰ ਕੀਤੀ ਪੱਕੇ ਕਰਨ ਦੀ ਮੰਗ
ਬਠਿੰਡਾ: ਉਧਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਨਿਗਮ ਕਾਮਿਆਂ ਦੀ ਹੜਤਾਲ ’ਚ ਸ਼ਾਮਲ ਹੁੰਦਿਆਂ ਉਨ੍ਹਾਂ ਨੂੰ ਪੱਕੇ ਕਰਨ ਤੇ ਨਵੀਆਂ ਭਰਤੀਆਂ ਕਰਨ ਦੀ ਮੰਗ ਦੀ ਪ੍ਰੋੜਤਾ ਕੀਤੀ। ਸ. ਗਿੱਲ ਨੇ ਇਸ ਦੌਰਾਨ ਸ਼ਹਿਰ ਦੀ ਵਿਗੜੀ ਹੋਈ ਮੌਜੂਦਾ ਸਫ਼ਾਈ ਵਿਵਸਥਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 2018 ‘ਚ ਤਿ੍ਰਵੇਣੀ ਕੰਪਨੀ ਤੋਂ ਕੰਮ ਵਾਪਸ ਲੈ ਕੇ ਜੋ ਨਵੀਆਂ ਭਰਤੀਆਂ ਕਰਨ ਦਾ ਨੋਟੀਫਿਕੇਸ਼ਨ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਕਿਤਾ ਗਿਆ ਸੀ ਉਸਨੂੰ ਲਾਗੂ ਕੀਤਾ ਜਾਵੇ ਅਤੇ ਤਿ੍ਰਵੇਣੀ ਕੰਪਨੀ ਤੋਂ ਕੰਮ ਵਾਪਸ ਲੈ ਕੇ ਸਫ਼ਾਈ ਕਰਮਚਾਰੀਆਂ ਨੂੰ ਅਡਜਸਟ ਕੀਤਾ ਜਾਵੇ। ਸ. ਗਿੱਲ ਨੇ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨ ਕੇ ਸਫ਼ਾਈ ਵਿਵਸਥਾ ਨੂੰ ਲੀਹ ਤੇ ਪਾਵੇ।
ਸਫ਼ਾਈ ਸੇਵਕਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ
ਬਠਿੰਡਾ ’ਚ ਵਿਤ ਮੰਤਰੀ ਵਿਰੁਧ ਗਰਜ਼ੇ ਹਜ਼ਾਰਾਂ ਮੁਲਾਜਮ
ਰੋਸ਼ ਰੈਲੀ ਕਰਨ ਤੋਂ ਬਾਅਦ ਭਾਈ ਘਨੱਈਆ ਚੌਕ ’ਚ ਕੀਤਾ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਅੱਜ ਸੂਬੇ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਬਠਿੰਡਾ ਪੁੱਜੇ ਮੁਲਾਜਮਾਂ ਨੇ ਰੋਸ਼ ਰੈਲੀ ਕਰਦਿਆਂ ਸਥਾਨਕ ਭਾਈ ਘਨੱਈਆ ਚੌਕ ਅੱਗੇ ਜਾਮ ਲਗਾਉਂਦਿਆਂ ਪ੍ਰਦਰਸ਼ਨ ਕੀਤਾ। ਇਸ ਰੋਸ਼ ਪ੍ਰਦਰਸ਼ਨ ਵਿਚ ਅਪਣੀਆਂ ਮੰਗਾਂ ਨੂੰ ਲੈ ਕੇ ਫਰੰਟ ਵਲੋਂ ਰੈਲੀ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜਮ ਤੇ ਪੈਨਸ਼ਨਰਜ਼ ਸਾਮਲ ਹੋਏ। ਸਥਾਨਕ ਅਮਰੀਕ ਸਿੰਘ ਰੋਡ ’ਤੇ ਰੱਖੀ ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ ਸੰਧੂ, ਜਤਿੰਦਰ ਕਿ੍ਰਸ਼ਨ, ਮੱਖਣ ਸਿੰਘ ਖਣਗਵਾਲ, ਮਨਜੀਤ ਸਿੰਘ ਧੰਜਲ, ਸੁਖਵਿੰਦਰ ਸਿੰਘ ਕਿਲੀ, ਕਿਸ਼ੋਰ ਚੰਦ ਗਾਜ ਆਦਿ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਦੋਸ਼ ਲਗਾਇਆ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਉਹ ਜਾਣ-ਬੁੱਝ ਕੇ ਅੜਿੱਕੇ ਖੜ੍ਹੇ ਕਰ ਰਹੇ ਹਨ। ਆਗੂਆਂ ਨੇ ਦੋਸ਼ਾਂ ਦੀ ਲੜੀ ਜਾਰੀ ਰੱਖਦਿਆਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਵਲੋਂ 1 ਜੁਲਾਈ ਨੂੰ ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ 11 ਪ੍ਰਤੀਸ਼ਤ ਡੀਏ ਜਾਰੀ ਕਰਨ ਲਈ ਹੁਕਮ ਦਿੱਤਾ ਸੀ ਪ੍ਰੰਤੂ ਵਿੱਤ ਮੰਤਰੀ ਨੇ ਇੰਨ੍ਹਾਂ ਹੁਕਮਾਂ ਤੋਂ ਪਰੇ੍ਹ ਜਾਂਦਿਆਂ ਇਕੱਲੇ ਮੁਲਾਜ਼ਮਾਂ ਨੂੰ ਇਹ ਡੀਏ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਪ੍ਰੰਤੂ ਪੈਨਸ਼ਨਰਾਂ ਨੂੰ ਇਸ ਵਿਚੋਂ ਬਾਹਰ ਕਰ ਦਿੱਤਾ। ਇਸੇ ਤਰ੍ਹਾਂ ਬੱਝਵਾਂ ਮੈਡੀਕਲ ਭੱਤਾ ਵੀ ਸਿਰਫ ਮੁਲਾਜ਼ਮਾਂ ਲਈ ਜਾਰੀ ਕੀਤਾ ਗਿਆ। ਮੁਲਾਜਮਾਂ ਆਗੂਆਂ ਨੇ ਦਾਅਵਾ ਕੀਤਾ ਕਿ ਵਿਤ ਵਿਭਾਗ ਪੰਜਾਬ ਸਰਕਾਰ ਵਲੋਂ ਬਣਾਈਆਂ ਕੈਬਨਿਟ ਸਬ ਕਮੇਟੀ ਦੇ ਫੈਸਲਿਆਂ ਨੂੰ ਮੰਨਣ ਤੋਂ ਇੰਨਕਾਰੀ ਹੋਇਆ ਬੈਠਾ ਹੈ। ਇਸੇ ਤਰ੍ਹਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਸਕੀਮ ਨੂੰ ਵੀ ਸਹੀ ਤਰੀਕੇ ਨਾਲ ਨੇਪਰੇ ਨਹੀਂ ਚਾੜਿਆ ਜਾ ਰਿਹਾ। ਰੋਸ਼ ਰੈਲੀ ਤੋਂ ਬਾਅਦ ਮੁਲਾਜਮਾਂ ਦਾ ਇਕੱਠ ਸ਼ਹਿਰ ਵਿਚ ਪ੍ਰਦਰਸ਼ਨ ਕਰਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜੀਟੀ ਰੋਡ ਅੱਗੇ ਸਥਿਤ ਦਫ਼ਤਰ ਅੱਗੇ ਪੁੱਜਿਆ। ਹਾਲਾਂਕਿ ਇਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਮੁਲਾਜਮਾਂ ਨੇ ਇਸਦੀ ਪ੍ਰਵਾਹ ਨਾ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਪ੍ਰੰਤੂ ਇਸ ਮੌਕੇ ਮੁਲਾਜਮ ਆਗੂਆਂ ਨੂੰ ਇਹ ਪਤਾ ਲੱਗਦਿਆਂ ਦਫ਼ਤਰ ਵਿਚ ਕੋਈ ਆਗੂ ਮੌਜੂਦ ਨਹੀਂ ਤਾਂ ਉਹ ਅੱਗੇ ਘਨੱਈਆ ਚੌਕ ਵੱਲ ਚਲੇ ਗਏ। ਜਿੱਥੇ ਉਨ੍ਹਾਂ ਲੰਮਾ ਸਮਾਂ ਜਾਮ ਵੀ ਲਗਾਇਆ ਇਸ ਦੌਰਾਨ ਸੜਕ ’ਤੇ ਜਾਮ ਲਗਾਉਣ ਨੂੰ ਲੈ ਕੇ ਮੁਲਾਜਮਾਂ ਦੀ ਰਾਹਗੀਰਾਂ ਨਾਲ ਵੀ ਹਲਕੀ ਫੁਲਕੀ ਤਕਰਾਰ ਹੋਈ। ਇਸਤੋਂ ਇਲਾਵਾ ਇਸ ਮੌਕੇ ਫ਼ੌਜੀ ਗੱਡੀਆਂ ਟਪਾਉਣ ਨੂੰ ਲੈ ਕੇ ਮੁਲਾਜਮ ਆਗੂ ਆਪਸ ਵਿਚ ਵੀ ਉਲਝ ਗਏ। ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਫ਼ੌਜੀ ਸਾਡੇ ਦੇਸ ਦੀ ਸੁਰੱਖਿਆ ਵਿਚ ਜੁਟੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਰੋਕਣਾ ਵਾਜ਼ਬ ਨਹੀਂ ਹੈ।
ਵਿੱਤ ਮੰਤਰੀ ਵਲੋਂ ਗਊਸਾਲਾ ਨੂੰ 20 ਲੱਖ ਰੁਪਏ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਸਥਾਨਕ ਹਲਕਾ ਵਿਧਾਇਕ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਸਥਾਨਕ ਸਿਰਕੀ ਬਜ਼ਾਰ ’ਚ ਸਥਿਤ ਸ੍ਰੀ ਗਊਸਾਲਾ ਵਿਖੇ ਰੱਖੇ ਸਮਾਗਮ ਵਿਚ ਸਿਰਕਤ ਕਰਦਿਆਂ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਪੁੱਜੇ ਹੋਏ ਚੇਅਰਮੈਨ ਗਊ ਸੇਵਾ ਕਮਿਸਨ ਸਚਿਨ ਸਰਮਾ ਨੇ ਸ੍ਰੀ ਗਊਸੇਵਾ ਸਦਨ ਗਊਸਾਲਾ ਡੱਬਵਾਲੀ ਰੋਡ ਵਿਖੇ ਬਿਮਾਰ, ਜਖਮੀ ਅਤੇ ਦੁਰਘਟਨਾਗ੍ਰਸਤ ਗਊਆਂ ਲਈ ਸੈੱਡਾਂ ਦਾ ਨੀਂਹ ਪੱਥਰ ਰੱਖਿਆ। ਗਊਸਾਲਾ ਪੁੱਜੇ ਸ: ਬਾਦਲ ਅਤੇ ਸਚਿਨ ਸਰਮਾ ਨੇ ਕਪਿਲਾ ਗਊ ਮਾਤਾ ਦੇ ਦਰਸਨ ਕਰਦਿਆਂ ਗਊ ਪੂਜਾ ਤੋਂ ਬਾਅਦ ਗਊਸਾਲਾ ਦਾ ਦੌਰਾ ਕੀਤਾ । ਉਨ੍ਹਾਂ ਇਸ ਮੌਕੇ ਗਊਆਂ ਦੀ ਸੰਭਾਲ ਅਤੇ ਗਊਸਾਲਾ ਦੀ ਸਾਫ-ਸਫਾਈ ਸਬੰਧੀ ਕੀਤੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਮਾਗਮ ਦੌਰਾਨ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਐਸ.ਐਸ.ਪੀ ਅਜੈ ਮਲੂਜਾ, ਜਿਲ੍ਹਾ ਯੋਜਨਾ ਬੋਰਡ ਦੇ ਪ੍ਰਧਾਨ ਰਾਜਨ ਗਰਗ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ ਅਗਰਵਾਲ, ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਦੇਸ ਰਾਜ ਜਿੰਦਲ, ਪਵਨ ਗਰਗ, ਸਾਧੂ ਰਾਮ ਕੁਸਲਾ, ਸੁਦਰਸਨ ਗੋਇਲ, ਆਦਰਸ ਪਾਲ ਗੁਪਤਾ, ਗਿਆਨ ਪ੍ਰਕਾਸ ਗਰਗ, ਰਮਨੀਕ ਵਾਲੀਆ, ਯਸਵਿੰਦਰ ਗੁਪਤਾ ਆਦਿ ਹਾਜਰ ਸਨ।
ਮਾਊਂਟ ਲਿਟਰਾ ਸਕੂਲ ਵਲੋਂ ਕਰੋਨਾ ਯੋਧਿਆਂ ਦਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਮਾਊਂਟ ਲਿਟਰਾ ਜੀ ਸਕੂਲ ਵਲੋਂ ਕੋਰੋਨਾ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਯੋਗਦਾਨ ਪਾਉਣ ਵਾਲੇ ਕੋਰੋਨਾ ਯੋਧਿਆਂ ਦੀ ਸਲਾਘਾ ਕਰਦਿਆਂ ਅੱਜ ਉਨ੍ਹਾਂ ਨੂੰ ਕੋਵਿਡ ਵਾਰੀਅਰਜ ਸਨਮਾਨ ਸਮਾਰੋਹ ਦਾ ਆਯੋਜਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜਂਂੋ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਅਤੇ ਐਸ.ਐਸ.ਪੀ ਅਜੈ ਮਲੂਜਾ ਪੁੱਜੇ। ਜਦੋਂਕਿ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ, ਡਾ: ਜੀ.ਐੱਸ. ਨਾਗਪਾਲ ਆਦਿ ਵੀ ਵਿਸੇਸ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ। ਸਮਾਗਮ ਦੀ ਸੁਰੂਆਤ ਸਕੂਲ ਦੇ ਪਿ੍ਰੰਸੀਪਲ ਮੈਰੀ ਐਂਟੋਨੀ ਸਿੰਘ ਅਤੇ ਮੁੱਖ ਮਹਿਮਾਨਾਂ ਨੇ ਸਰਸਵਤੀ ਸਮ੍ਹਾ ਰੌਸਨ ਕਰ ਕੇ ਕੀਤੀ।ਸਕੂਲ ਦੇ ਵਿਦਿਆਰਥੀਆਂ ਨੇ ਸਾਨਦਾਰ ਡਾਂਸ ਅਤੇ ਸੁਰੀਲੇ ਸੰਗੀਤ ਦੀ ਪੇਸਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸਨ ਕੀਤਾ। ਪ੍ਰੋਗਰਾਮ ਦੌਰਾਨ, ਮੁੱਖ ਮਹਿਮਾਨਾਂ ਦੁਆਰਾ ਕੋਵਿਡ-19 ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਬਹਾਦਰੀ ਅਤੇ ਨਿਰਸਵਾਰਥ ਸੇਵਾ ਨੂੰ ਦਰਸਾਉਂਦੀ ਇੱਕ ਪਾਵਰ ਪੁਆਇੰਟ ਪੇਸਕਾਰੀ ਵੀ ਪੇਸ ਕੀਤੀ ਗਈ।
ਡੀ.ਏ.ਪੀ. ਦੀ ਸਪਲਾਈ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਅਨੁਸ਼ਾਸ਼ਨੀ ਕਾਰਵਾਈ; ਖੇਤੀਬਾੜੀ ਮੰਤਰੀ ਨੇ ਦਿੱਤੇ ਆਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 13 ਨਵੰਬਰ: ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਡੀ.ਏ.ਪੀ. ਦੀ ਸਪਲਾਈ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸ. ਨਾਭਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਪਟਿਆਲਾ ਦੇ ਐਗਰੀਕਲਚਰ ਅਫ਼ਸਰ (ਏ.ਓ.) ਅਤੇ ਬਲਾਕ ਅਫ਼ਸਰ (ਬੀ.ਓ.) ਵਿਰੁੱਧ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਅਨੁਸ਼ਾਸ਼ਨੀ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਡੀਲਰ ਜਾਂ ਵਿਭਾਗ ਦਾ ਕੋਈ ਵੀ ਅਧਿਕਾਰੀ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਅਣਗਹਿਲੀ ਵਰਤੇਗਾ ਜਾਂ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਾਲ ਕੋਈ ਟੈਗਿੰਗ ਕਰੇਗਾ ਤਾਂ ਵਿਭਾਗ ਵੱਲੋਂ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸ. ਨਾਭਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ ਮਾੜੇ ਅਨਸਰਾਂ ਵਿਰੁੱਧ ਪਹਿਲਾਂ ਹੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤ ਗਏ ਸਨ, ਜਿਸ ਦੇ ਸਿੱਟੇ ਵੱਜੋਂ ਕੁੱਝ ਜਿ਼ਲ੍ਹਿਆਂ ਵਿੱਚ ਕੇਸ ਵੀ ਦਰਜ ਕਰਵਾਏ ਗਏ ਹਨ। ਉਨ੍ਹਾ ਦੱਸਿਆ ਕਿ ਇਸੇ ਤਹਿਤ ਫਾਜਿ਼ਲਕਾ ਜਿ਼ਲ੍ਹੇ ਦੇ ਜਲਾਲਾਬਾਦ ਬਲਾਕ ਵਿੱਚ ਖਾਦ ਦਾ ਅਣ-ਅਧਿਕਾਰਤ ਸਟਾਕ ਵੀ ਸਾਹਮਣੇ ਆਇਆ ਹੈ, ਜਿਸ `ਤੇ ਕਾਰਵਾਈ ਕੀਤੀ ਜਾ ਰਹੀ ਹੈ।ਸ. ਨਾਭਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ `ਚ ਹਾੜੀ ਦੀਆਂ ਫਸਲਾਂ ਦੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੁੰਦੀ ਬਿਜਾਈ ਲਈ 5.50 ਲੱਖ ਮੀਟਰਿਕ ਟਨ ਡੀ.ਏ.ਪੀ. ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਦੀ ਮਹੀਨਾ ਵਾਰ ਅਲਾਟਮੈਂਟ ਵੀ ਭਾਰਤ ਸਰਕਾਰ ਵਲੋਂ ਕੀਤੀ ਜਾਂਦੀ ਹੈ ਜਿਸ ਤਹਿਤ ਇਹ ਖਾਦ ਸੂਬੇ ਵਿਚ ਰੇਲਵੇ ਰਾਹੀ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮਹੀਨਾ ਅਕਤੂਬਰ ਦੀ ਡੀ.ਏ.ਪੀ. 2.0 ਲੱਖ ਟਨ ਦੀ ਮੰਗ ਵਿਰੁੱਧ ਸਿਰਫ 1.51 ਲੱਖ ਟਨ ਡੀ.ਏ.ਪੀ. ਸੂਬੇ ਨੂੰ ਸਪਲਾਈ ਕੀਤੀ ਗਈ ਅਤੇ ਇਸਦੀ ਪਹੁੰਚ ਵੀ ਬਹੁਤ ਹੀ ਮੱਠੀ ਰਫਤਾਰ ਨਾਲ ਹੋਈ ਅਤੇ ਇਸੇ ਤਰਾਂ 13 ਨਵੰਬਰ ਤੱਕ 2.56 ਲੱਖ ਟਨ ਦੇ ਵਿਰੁੱਧ ਕੇਵਲ 74000 ਮੀਟਰਿਕ ਟਨ ਖਾਦ ਹੀ ਪ੍ਰਾਪਤ ਹੋਈ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਜ਼ੋਨਾਂ ਵਿੱਚ ਉਦਯੋਗਿਕ ਇਕਾਈਆਂ ਲਈ ਸੀ.ਐਲ.ਯੂ ਪ੍ਰਾਪਤ ਕਰਨ ਸਬੰਧੀ ਸ਼ਰਤਾਂ ਵਿੱਚ ਛੋਟ: ਸਰਕਾਰੀਆ
ਇਸ ਕਦਮ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਮਿਲੇਗਾ ਹੋਰ ਹੁਲਾਰਾ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਨਵੰਬਰ: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਜ਼ੋਨਾਂ ਵਿੱਚ ਹਰੀ, ਸੰਤਰੀ ਅਤੇ ਲਾਲ ਸ਼਼੍ਰੇਣੀ ਦੀਆਂ ਇਕੱਲੀਆਂ ਉਦਯੋਗਿਕ ਇਕਾਈਆਂ (ਸਟੈਂਡਅਲੋਨ ਉਦਯੋਗਾਂ) ਸਥਾਪਤ ਕਰਨ ਲਈ ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ) ਦੀ ਪ੍ਰਵਾਨਗੀ ਲੈਣ ਸਬੰਧੀ ਸ਼ਰਤਾਂ ਵਿੱਚ ਛੋਟ ਦਿੱਤੀ ਗਈ ਹੈ।ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਹਿਲਾਂ ਉਦਯੋਗਪਤੀਆਂ ਨੂੰ ਵਿਭਾਗ ਤੋਂ ਸੀ.ਐਲ.ਯੂ. ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਸੀ ਅਤੇ ਫਿਰ ਬਿਲਡਿੰਗ ਪਲਾਨ ਲਈ ਪ੍ਰਵਾਨਗੀ ਲੈਣੀ ਪੈਂਦੀ ਸੀ। ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਲਈ ਆਪਣੇ ਪ੍ਰੋਜੈਕਟ ਸ਼ੁਰੂ ਕਰਨ ਲਈ ਇਹ ਪ੍ਰਕਿਰਿਆ ਕਾਫ਼ੀ ਮੁਸ਼ਕਲ ਭਰੀ ਅਤੇ ਸਮਾਂ ਖਪਾਊ ਸੀ। ਸੀ.ਐਲ.ਯੂ. ਪ੍ਰਾਪਤ ਕਰਨ ਵਿੱਚ ਛੋਟ ਨਾਲ ਹੁਣ ਉਦਯੋਗ ਸਥਾਪਿਤ ਕਰਨ ਵਿੱਚ ਉਤਸ਼ਾਹ ਮਿਲੇਗਾ ਕਿਉਂਕਿ ਇਹ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ ਕਰੇਗਾ ਅਤੇ ਇਸ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹੁਣ ਉਦਯੋਗਪਤੀ ਆਪਣੇ ਬਿਲਡਿੰਗ ਪਲਾਨ ਵਿਭਾਗ ਤੋਂ ਸਿੱਧੇ ਤੌਰ `ਤੇ ਮਨਜ਼ੂਰ ਕਰਵਾ ਸਕਦੇ ਹਨ।ਸਰਕਾਰੀਆ ਨੇ ਕਿਹਾ ਕਿ ਬਿਲਡਿੰਗ ਪਲਾਨ ਦੀ ਮਨਜ਼ੂਰੀ ਉਦਯੋਗਾਂ ਲਈ ਸਥਾਨ ਦੀ ਚੋਣ ਸਬੰਧੀ ਦਿਸ਼ਾ-ਨਿਰਦੇਸ਼ਾਂ ਅਤੇ ਵਿਭਾਗ ਦੇ ਬਿਲਡਿੰਗ ਉਪ-ਨਿਯਮਾਂ ਨੂੰ ਪੂਰਾ ਕਰਨ `ਤੇ ਹੀ ਮਿਲੇਗੀ ਅਤੇ ਬਿਨੈਕਾਰਾਂ ਲਈ ਇਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।ਜ਼ਿਕਰਯੋਗ ਹੈ ਕਿ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਲੰਬੇ ਸਮੇਂ ਤੋਂ ਉਦਯੋਗ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਅਤੇ ਸਿੰਗਲ ਸਟੈਪ ਕਲੀਅਰੈਂਸ ਦੀ ਮੰਗ ਕਰ ਰਹੀਆਂ ਸਨ। ਇਨ੍ਹਾਂ ਐਸੋਸੀਏਸ਼ਨਾਂ ਦਾ ਵਿਚਾਰ ਸੀ ਕਿ ਸੂਬੇ ਵਿੱਚ ਬਹੁਤ ਸਾਰੇ ਉੱਦਮੀ ਉਦਯੋਗ ਸਥਾਪਿਤ ਕਰਨ ਲਈ ਤਿਆਰ ਹਨ ਪਰ ਸੀ.ਐਲ.ਯੂ. ਸਮੇਤ ਹੋਰ ਪ੍ਰਵਾਨਗੀਆਂ ਲੈਣ ਲਈ ਲੰਮੀਆਂ ਪ੍ਰਕਿਰਿਆਵਾਂ ਉਨ੍ਹਾਂ ਦੇ ਰਾਹ ਵਿੱਚ ਰੁਕਾਵਟ ਬਣ ਰਹੀਆਂ ਹਨ।ਸਰਕਾਰੀਆ ਨੇ ਕਿਹਾ ਕਿ ਇਹ ਫੈਸਲਾ ਉਦਯੋਗਿਕ ਐਸੋਸੀਏਸ਼ਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬਦਲਦੇ ਹਾਲਾਤ ਜਿਨ੍ਹਾਂ ਵਿੱਚ ਸੂਬੇ ਨੂੰ ਖੇਤੀਬਾੜੀ `ਤੇ ਆਪਣੀ ਨਿਰਭਰਤਾ ਘਟਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਹੋਰ ਤਰੀਕਿਆਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ, ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ ਅਤੇ ਉਦਯੋਗਾਂ ਨੂੰ ਇਹ ਛੋਟ ਦੇਣ ਦੇ ਫੈਸਲੇ ਨਾਲ ਲੋੜੀਂਦੇ ਨਤੀਜੇ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਉਦਯੋਗਪਤੀਆਂ ਨੂੰ ਉਦਯੋਗ ਸਥਾਪਤ ਕਰਨ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰੇਗਾ, ਜਿਸ ਦੇ ਨਤੀਜੇ ਵਜੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵੀ ਵਾਧਾ ਹੋਵੇਗਾ।
ਐਸ. ਐਸ.ਡੀ. ਗਰਲਜ਼ ਕਾਲਜ ਦੀ ਸਾਫਟ ਟੈਨਿਸ ਟੀਮ ਨੇ ਤਾਂਬੇ ਦਾ ਤਮਗਾ ਹਾਸਿਲ ਕੀਤਾ
ਸੁਖਜਿੰਦਰ ਮਾਨ
ਬਠਿੰਡਾ 13 ਨਵੰਬਰ: ਐਮ.ਐਮ.ਐਮ.ਸੀ. ਕਾਲਜ ਪਟਿਆਲਾ ਵਿਚ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ਵਿਚ ਅਸਿਸਟੈਂਟ ਪ੍ਰੋਫੈਸਰ ਲਵਪ੍ਰੀਤ ਕੌਰ ਵੱਲੋਂ ਦਿੱਤੀ ਗਈ ਟ੍ਰੇਨਿੰਗ ਅਤੇ ਵਿਦਿਆਰਥਣਾਂ ਦੀ ਮਿਹਨਤ ਸਦਕਾ ਐਸ. ਐਸ.ਡੀ. ਗਰਲਜ਼ ਕਾਲਜ ਦੀ ਸਾਫਟ ਟੈਨਿਸ ਟੀਮ ਨੇ ਤਾਂਬੇ ਦਾ ਤਮਗਾ ਹਾਸਿਲ ਕੀਤਾ । ਇਸ ਮੁਕਾਬਲੇ ਵਿਚ 5 ਵਿਦਿਆਰਥਣਾਂ (ਕਨੀਕਾ ਬੀ.ਏ ਭਾਗ ਤੀਜਾ, ਪ੍ਰੀਤੀ ਬੀ.ਏ. ਭਾਗ ਪਹਿਲਾ, ਸਾਹਿਬਾ ਬੀ.ਏ. ਭਾਗ ਦੂਜਾ, ਦਿਕਸ਼ਾ ਬੀ.ਏ ਭਾਗ ਤੀਜਾ ਅਤੇ ਮੁਸਕਾਨ ਬੀ.ਏ ਭਾਗ ਦੂਜਾ ਸਰੀਰਕ ਸਿੱਖਿਆ ਵਿਭਾਗ) ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਕਨਿਕਾ ਬੀ.ਏ ਭਾਗ ਤੀਜਾ ਅਤੇ ਦਿਕਸ਼ਾ ਬੀ.ਏ.ਭਾਗ ਤੀਜਾ ਦੀ ਵਿਦਿਆਰਥਣਾਂ ਦੀ ਆਲ ਇਡੀਆਂ ਇੰਟਰਵਰਸਟੀ ਦੇ ਕੈਂਪ ਵਿਚ ਸਲੈਕਸ਼ਨ ਹੋਈ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ ਜੀ, ਵਿੱਟ ਸਕੱਤਰ ਸ਼੍ਰੀ ਵਿਕਾਸ ਗਰਗ, ਬੀ.ਐਡ ਸਕੱਤਰ ਸ਼੍ਰੀ ਸਤੀਸ਼ ਅਰੋੜਾ, ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਵਾਇਸ ਪ੍ਰਿੰਸੀਪਲ ਡਾ.ਸਵੀਤਾ ਭਾਟੀਆ ਵੱਲੋਂ ਅਸਿਸਟੈਂਟ ਪ੍ਰੋਫੈਸਰ ਲਵਪ੍ਰੀਤ ਕੌਰ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ।
ਮਾਮਲਾ ਅਕਾਲੀ ਸਮਰਥਕ ’ਤੇ ਹੋਏ ਹਮਲੇ ਦਾ, ਹਸਪਤਾਲ ਵਿਚ ਪਤਾ ਲੈਣ ਪਹੁੰਚੇ ਸਾਬਕਾ ਵਿਧਾਇਕ
ਸੁਖਜਿੰਦਰ ਮਾਨ
ਬਠਿੰਡਾ 13 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਸੁਰੇਸ਼ ਕੁਮਾਰ ਸ਼ਰਮਾ ਤੇ ਹੋਏ ਹਮਲੇ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ । ਹਸਪਤਾਲ ਵਿੱਚ ਦਾਖਲ ਅਕਾਲੀ ਸਮਰਥਕ ਦਾ ਪਤਾ ਲੈਣ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਸਮੇਤ ਅਕਾਲੀ ਆਗੂ ਹਾਜਰ ਸਨ । ਇਸ ਮੌਕੇ ਅਕਾਲੀ ਸਮਰਥਕ ਐਸਕੇ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਛੱਠ ਪੂਜਾ ਦਾ ਪ੍ਰੋਗਰਾਮ ਕਰਵਾਉਣ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਮੀਟਿੰਗ ਕਰਵਾਉਣ ਦੀ ਖੁੰਦਕ ਕਰਕੇ ਖਜਾਨਾ ਮੰਤਰੀ ਦੇ ਬੰਦਿਆਂ ਵਲੋਂ ਸਾਜਿਸ ਤਹਿਤ ਘਰੇ ਵੜ ਕੇ ਹਮਲਾ ਕੀਤਾ ਗਿਆ ਤੇ ਪਤੀ ਪਤਨੀ ਤੇ ਗੰਭੀਰ ਸੱਟਾਂ ਮਾਰੀਆਂ ਗਈਆਂ ਹਨ, ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਮੁਹੱਲਾ ਨਿਵਾਸੀਆਂ ਨੇ ਬਾਅ ਮੁਸ਼ਕਲ ਛੁਡਵਾ ਕੇ ਹਸਪਤਾਲ ਦਾਖਲ ਕਰਵਾਇਆ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਏ ਕਿ ਜਦੋਂ ਤੋਂ ਮਨਪ੍ਰੀਤ ਬਾਦਲ ਬਠਿੰਡਾ ਦੀ ਸਿਆਸਤ ਵਿੱਚ ਆਏ ਹਨ ਉਸ ਦਿਨ ਤੋਂ ਸਿਆਸਤ ਗੰਧਲੀ ਕਰਕੇ ਰੱਖ ਦਿੱਤੀ ਹੈ ਤੇ ਅਕਾਲੀ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ,ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਘਰੇ ਵੜ ਕੇ ਹਮਲੇ ਕੀਤੇ ਜਾ ਰਹੇ ਹਨ, ਇਹ ਘਟਨਾਵਾਂ ਬਰਦਾਸ਼ਤ ਯੋਗ ਨਹੀਂ। ਸਾਬਕਾ ਵਿਧਾਇਕ ਨੇ ਜ਼ਿਲ੍ਹਾ ਪੁਲੀਸ ਮੁਖੀ ਅਜੇ ਮਲੂਜਾ ਸਮੇਤ ਪੁਲੀਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਬੰਦ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਲਈ ਮਜਬੂਰ ਹੋਵੇਗਾ, ਜਿਸ ਦੀ ਜੰਿਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਜ਼ਾਨਾ ਮੰਤਰੀ ਦੀ ਹੋਵੇਗੀ।
ਖੇਤੀਬਾੜੀ ਮੰਤਰੀ ਰਣਦੀਪ ਨਾਭਾ ਵੱਲੋਂ ਡੀਏਪੀ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਮੰਗ
ਕੇਂਦਰ ਸਰਕਾਰ ਨੇ ਖਾਦਾਂ ਦੇ ਰੈਕ ਭੇਜਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਸਬੰਧੀ ਦਿੱਤੀ ਸਹਿਮਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਨਵੰਬਰ: ਪੰਜਾਬ ਦੇ ਖੇਤੀਬਾੜੀ ਮੰਤਰੀ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਡੀ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਹੋਰ ਖਾਦਾਂ ਦੀ ਸਪਲਾਈ ਵਿੱਚ ਤੇਜੀ ਲਿਆਉਣ ਦਾ ਭਰੋਸਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਦੇ ਰੈਕ ਸੂਬੇ ਵਿੱਚ ਪਹਿਲ ਦੇ ਆਧਾਰ ’ਤੇ ਭੇਜੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰੀ ਰਣਦੀਪ ਸਿੰਘ ਨਾਭਾ ਨੇ ਡੀਏਪੀ ਦੀ ਸਪਲਾਈ ਵਿੱਚ ਤੇਜੀ ਲਿਆਉਣ ਲਈ ਬੇਨਤੀ ਕੀਤੀ ਸੀ ਅਤੇ ਦੱਸਿਆ ਸੀ ਕਿ ਸੂਬੇ ਕੋਲ ਹਾੜੀ 2021-22 ਲਈ ਕੁੱਲ 5.50 ਲੱਖ ਮੀਟਿ੍ਰਕ ਟਨ (ਐਲਐਮਟੀ) ਡੀਏਪੀ ਦੀ ਬਕਾਇਆ ਅਲਾਟਮੈਂਟ ਹੈ ਪਰ ਸਾਨੂੰ ਸਿਰਫ 1.51 ਲੱਖ ਮੀਟਰਕ ਟਨ ਡੀ.ਏ.ਪੀ.ਪ੍ਰਾਪਤ ਹੋਈ ਹੈ। ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਨੇ ਅਕਤੂਬਰ-2021 ਦੌਰਾਨ 2.75 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਸੀ, ਜਿਸ ਵਿੱਚੋਂ ਭਾਰਤ ਸਰਕਾਰ ਵੱਲੋਂ ਅਕਤੂਬਰ ਮਹੀਨੇ ਲਈ ਸਿਰਫ 1.97 ਲੱਖ ਮੀਟਰਕ ਟਨ ਹੀ ਅਲਾਟ ਕੀਤੀ ਗਈ ਸੀ ਪਰ ਸਾਨੂੰ 1.51 ਲੱਖ ਮੀਟਰਕ ਟਨ ਪ੍ਰਾਪਤ ਹੋਈ। ਇਸ ਨਾਲ ਸਿਰਫ ਅਕਤੂਬਰ ਵਿੱਚ 1.24 ਲੱਖ ਮੀਟਰਕ ਟਨ ਡੀਏਪੀ ਦੀ ਕਮੀ ਆਈ। ਉਹਨਾਂ ਅੱਗੇ ਕਿਹਾ ਕਿ ਰਾਜ ਨੇ ਨਵੰਬਰ 2021 ਲਈ ਪਹਿਲਾਂ ਹੀ 2.50 ਐਲਐਮਟੀ ਡੀਏਪੀ ਦੀ ਮੰਗ ਕੀਤੀ ਸੀ। ਜੇਕਰ ਅਸੀਂ ਅਕਤੂਬਰ-2021 ਦੀ ਘਾਟ ਨੂੰ ਜੋੜਦੇ ਹਾਂ, ਤਾਂ ਨਵੰਬਰ-2021 ਦੀ ਮੰਗ 3.74 ਐਲਐਮਟੀ ਤੱਕ ਵਧ ਜਾਂਦੀ ਹੈ। ਉਨ੍ਹਾਂ ਨੇ ਵਿਸੇਸ ਤੌਰ ‘ਤੇ ਦੱਸਿਆ ਕਿ ਨਵੰਬਰ-2021 ਵਿੱਚ 3.74 ਲੱਖ ਮੀਟਰਕ ਟਨ ਦੀ ਲੋੜ ਦੇ ਮੁਕਾਬਲੇ 11 ਨਵੰਬਰ 2021 ਤੱਕ ਸਿਰਫ 0.68 ਲੱਖ ਮੀਟਰਕ ਟਨ ਹੀ ਪ੍ਰਾਪਤ ਹੋਈ ਹੈ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਣਕ ਦੀ 85 ਫੀਸਦੀ ਬਿਜਾਈ 25 ਨਵੰਬਰ-2021 ਤੱਕ ਮੁਕੰਮਲ ਹੋ ਜਾਵੇਗੀ ਅਤੇ ਹੁਣ ਬਿਜਾਈ ਆਪਣੇ ਸਿਖਰ ‘ਤੇ ਹੈ। ਉਨ੍ਹਾਂ ਰਾਜ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪਹਿਲਾਂ ਹੀ ਡੀ.ਏ.ਪੀ ਦੀ ਕਾਲਾਬਾਜਾਰੀ ਅਤੇ ਜ਼ਮ੍ਹਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ‘ਤੇ ਸਖਤ ਨਜਰ ਰੱਖਣ ਲਈ ਨਿਰਦੇਸ ਦਿੱਤੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਡਿਫਾਲਟਰ ਡੀਲਰਾਂ/ਪੀਏਸੀਐਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਯੂਥ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਮੀਟਿੰਗ
ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਨੌਜਵਾਨਾਂ ਦਾ ਹੋਵੇਗਾ ਅਹਿਮ ਰੋਲ : ਦੀਨਵ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ ,ਜਿਸ ਵਿਚ ਕੋਆਰਡੀਨੇਟਰ ਦੀਨਵ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਢਿੱਲੋਂ ਹਾਜ਼ਰ ਹੋਏ ਤੇ ਉਨ੍ਹਾਂ ਵਰਕਰਾਂ ਤੇ ਯੂਥ ਵਿੰਗ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਨ ਪ੍ਰਤੀ ਹਦਾਇਤਾਂ ਦਿੱਤੀਆਂ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੀਨਵ ਸਿੰਗਲਾ ਨੇ ਦੱਸਿਆ ਕਿ ਅੱਜ ਦੀ ਯੂਥ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਪ੍ਰਭਾਵਸ਼ਾਲੀ ਰਹੀ ,ਜਿਸ ਵਿੱਚ ਨੌਜਵਾਨਾਂ ਦਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਪ੍ਰਤੀ ਦੇਖਣਯੋਗ ਰਿਹਾ ।ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਲੋਕ ਹਿੱਤ ਸੋਚ, ਇਮਾਨਦਾਰ ਤੇ ਸਾਫ ਸਵੀ ਵਾਲੀ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਲੀਕੇ ਜਾ ਰਹੇ ਪ੍ਰੋਗਰਾਮਾਂ ਪ੍ਰਤੀ ਘਰ ਘਰ ਜਾ ਕੇ ਜਾਣਕਾਰੀ ਦੇਣ ਲਈ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਨਿਰਾਸ਼ਤਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਵਿਚ ਨੌਜਵਾਨਾਂ ਲਈ ਰੁਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਕੋਈ ਯਤਨ ਨਹੀਂ ਕੀਤੇ, ਬਲਕਿ ਚੋਣਾਂ ਵੇਲੇ ਨੌਜਵਾਨਾਂ ਨੂੰ ਰੁਜਗਾਰ ਭੱਤਾ ਦੇਣ, ਘਰ ਘਰ ਨੌਕਰੀ ਦੇਣ, ਮੋਬਾਇਲ ਦੇਣ ਸਮੇਤ ਵੱਡੇ ਵੱਡੇ ਸੁਪਨੇ ਦਿਖਾਏ ਗਏ ਸਨ ।ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਹਰ ਮਹੀਨੇ ਇੱਕ ਕਾਰਖਾਨਾ ਲਿਆਉਣ ਸਮੇਤ ਰੁਜਗਾਰ ਪੈਦਾ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ, ਪਰ ਹਕੀਕਤ ਵਿਚ ਪੰਜਾਬ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ, ਜਿਸ ਕਰਕੇ ਨੌਜਵਾਨ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦਾ ਭੋਗ ਪਾ ਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਦਾ ਰੋਲ ਅਹਿਮ ਰਹੇਗਾ । ਇਸ ਮੌਕੇ ਵੱਡੀ ਗਿਣਤੀ ਵਿਚ ਯੂਥ ਵਿੰਗ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।





