Friday, May 1, 2026
Home Blog Page 2705

ਖੇਤ ਮਜਦੂਰ ਯੂਨੀਅਨ ਦੇ ਆਗੂ ਨੇ ਠੇਕਾ ਸੰਘਰਸ ਮੋਰਚੇ ਨੂੰ ਧਮਕੀਆਂ ਦੇਣੀਆਂ ਦੀ ਕੀਤੀ ਨਿੰਦਾ

0

ਸੁਖਜਿੰਦਰ ਮਾਨ
ਬਠਿੰਡਾ,10 ਨਵੰਬਰ: ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਰੋਪੜ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਠੇਕਾ ਸੰਘਰਸ ਮੁਲਾਜਮ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਕੇ ਮੋਰਚੇ ਨੂੰ ਉਠਾਉਣ ਲਈ ਦਿੱਤੀਆਂ ਧਮਕੀਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਕੇ ਹੋਏ ਕਾਂਗਰਸ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਉਨਾਂ ਦਾ ਮਸਲਾ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਦਾ ਆਗੂਆਂ ਨੂੰ ਇਹ ਕਹਿਣਾ ਕਿ ਲੋਕ ਤੁਹਾਨੂੰ ਏਥੋਂ ਜਬਰੀ ਉਠਾ ਦੇਣਗੇ ।ਉਦੋਂ ਅਸੀਂ ਲੋਕਾਂ ਦਾ ਸਾਥ ਦੇਵਾਗੇ। ਪੁਲਿਸ ਦਾ ਇਹ ਬਿਆਨ ਸਰਕਾਰ ਵੱਲੋਂ ਲੋਕਾਂ ਨੂੰ ਭੜਕਾਕੇ ਸੰਘਰਸ ਕਰਦੇ ਠੇਕਾ ਮੁਲਾਜਮਾਂ ਨੂੰ ਕੁਟਵਾਉਣ ਦੀ ਗੁੱਝੀ ਵਿਉਂਤ ਦੀ ਪੁਸਟੀ ਕਰਦਾ ਹੈ।ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੁਆਲ ਕਰਦਿਆਂ ਕਿਹਾ ਹੈ ਕਿ ਆਪ ਦਿੱਲੀ ਸਰਕਾਰ ਵਿਰੁੱਧ ਲੱਗੇ ਕਿਸਾਨੀ ਮੋਰਚੇ ਵਿੱਚ ਸ਼ਾਮਲ ਹੋਣ ਦੇ ਐਲਾਨ ਕਰ ਰਿਹਾ ਸੀ ਪਰ ਪੰਜਾਬ ਵਿੱਚ ਲੱਗੇ ਮੋਰਚਿਆਂ ਨੂੰ ਡੰਡੇ ਦੇ ਜੋਰ ਚੁਕਵਾਉਣ ਲਈ ਸਕੀਮਾਂ ਬਣਾ ਰਿਹਾ ਹੈ ।ਉਨਾਂ ਕਿਹਾ ਕਿ ਇਸ ਦੋਗਲੀ ਨੀਤੀ ਦਾ ਪਰਦਾਫਾਸ ਕੀਤਾ ਜਾਵੇਗਾ । ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਸੰਘਰਸ ਕਰਨਾ ਦਾ ਹੱਕ ਮਜਦੂਰਾਂ ਨੇ ਖੂਨ ਡੋਲਹਕੇ ਹਾਸਲ ਕੀਤਾ ਹੈ । ਉਨਾਂ ਸਮੁੱਚੇ ਮਿਹਨਤੀ ਲੋਕਾਂ ਨੂੰ ਕਾਮਿਆਂ ਦੀ ਹਿਮਾਇਤ ‘ਤੇ ਡੱਟ ਜਾਣ ਦੀ ਅਪੀਲ ਕੀਤੀ ਹੈ ਤਾਂ ਕਿ ਸਰਕਾਰ ਦੇ ਲੋਕ ਵਿਰੋਧੀ ਮਨਸਿਆਂ ਨੂੰ ਫੇਲ ਕੀਤਾ ਜਾ ਸਕੇ।

ਆਪ ਵਿਧਾਇਕਾ ਰੁਪਿੰਦਰ ਰੂਬੀ ਨੇ ਝਾੜੂ ਛੱਡ ਕਾਂਗਰਸ ਦਾ ਹੱਥ ਫ਼ੜਿਆ

0

ਮੁੱਖ ਮੰਤਰੀ ਚੰਨੀ ਤੇ ਪ੍ਰਧਾਨ ਸਿੱਧੂ ਸਹਿਤ ਕਾਂਗਰਸ ਲੀਡਰਸ਼ਿਪ ਨੇ ਕੀਤਾ ਸਵਾਗਤ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਬਠਿੰਡਾ ਦਿਹਾਤੀ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਅੱਜ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਲਈ। ਉਨ੍ਹਾਂ ਦਾ ਕਾਂਗਰਸ ਵਿਚ ਆਉਣ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਦਿ ਨੇ ਸਵਾਗਤ ਕੀਤਾ। ਇਸਤੋਂ ਪਹਿਲਾਂ ਰੂਬੀ ਨੇ ਬੀਤੀ ਅੱਧੀ ਰਾਤ ਟਵੀਟ ਕਰਕੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਪਣਾ ਅਸਤੀਫ਼ਾ ਭੇਜ ਦਿੱਤਾ ਸੀ। ਕਾਂਗਰਸ ਵਿਚ ਸਮੂਲੀਅਤ ਕਰਨ ਸਮੇਂ ਰੁਪਿੰਦਰ ਰੂਬੀ ਨੇ ਅਰਵਿੰਦ ਕੇਜਰੀਵਾਲ ਤੇ ਆਪ ਨੂੰ ਨਿੰਦਦਿਆਂ ਦਾਅਵਾ ਕੀਤਾ ਕਿ ਜੋ ਕੰਮ ਕੇਜਰੀਵਾਲ ਨੇ ਅਪਣੀ ਸਰਕਾਰ ਦੌਰਾਨ ਨਹੀਂ ਕੀਤੇ, ਉਹ ਕੰਮ ਚੰਨੀ ਸਰਕਾਰ ਨੇ ਪੰਜਾਬ ਵਿਚ 49 ਦਿਨਾਂ ‘ਚ ਕਰ ਦਿੱਤੇ ਹਨ। ਰੂਬੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਆਪ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਦੇ ਦਾਅਵਿਆਂ ਦੇ ਉਲਟ ਹਕੀਕਤ ਵਿਚ ਕਾਂਗਰਸ ਹੀ ਆਮ ਆਦਮੀ ਦੀ ਪਾਰਟੀ ਹੈ। ਉਨ੍ਹਾਂ ਨੇ ਕਾਂਗਰਸ ਦੀ ਆਲ੍ਹਾ ਕਮਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਇਲਾਵਾ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਵਾਡਰਾ ਅਤੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੀ ਵੀ ਨਿੰਦਾ ਕੀਤੀ। ਵਿਧਾਇਕਾਂ ਨੇ ਕਿਹਾ ਕਿ ਜਲਦੀ ਉਹ ਕਾਨੂੰਨੀ ਢੰਗ ਨਾਲ ਆਪਣਾ ਅਸਤੀਫਾ ਦੇ ਦੇਣਗੇ। ਪਾਰਟੀ ਵਿਚ ਸ਼ਾਮਲ ਹੋਣ ਉਤੇ ਆਪ ਵਿਧਾਇਕ ਰੁਪਿੰਦਰ ਕੌਰ ਰੂਬੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਦੀਆਂ ਹਾਲ ਹੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਨ੍ਹਾਂ ਨੇ ਰੂਬੀ ਵੱਲੋਂ ਆਪ ਨਾਲੋਂ ਨਾਤਾ ਤੋੜਨ ਦੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੋਣ ਦੇ ਦਾਅਵੇ ਕਰਕੇ ਅਸਲ ਵਿਚ ਅਜਿਹੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ, ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਆਦਿ ਵੀ ਹਾਜ਼ਰ ਸਨ।

ਸੁਖਬੀਰ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

0
ਸੁਖਜਿੰਦਰ ਮਾਨ
ਚੰਡੀਗੜ੍ਹ 10 ਨਵੰਬਰ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਸ. ਭੀਮ ਸਿੰਘ ਵੜੈਚ ਅਤੇ ਪ੍ਰਧਾਨ ਸ. ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-
ਜਿਹਨਾਂ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ  ਬਣਾਇਆ ਗਿਆ ਹੈ ਉਹਨਾਂ ਵਿੱਚ ਸ੍ਰੀ ਮਨੂ ਸੇਖੋਂ ਲੰਬੀ, ਸ੍ਰੀ ਰੂਬਲ ਧਲਿਓ ਮਾਨਸਾ ਅਤੇ ਸ. ਮਾਰਸ਼ਲਦੀਪ ਸਿੰਘ ਜੈਤੋ ਦੇ ਨਾਮ ਸ਼ਾਮਲ ਹਨ।
ਜਿਹਨਾਂ ਵਿਦਿਆਰਥੀ ਆਗੂਆਂ ਨੂੰ ਐਸ.ਓ.ਆਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪੁਸ਼ਕਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ, ਸ਼ ਗੁਰਵਿੰਦਰ ਸਿੰਘ ਗੋਨੀ ਨਕੋਦਰ, ਸ. ਕਰਨਬੀਰ ਸਿੰਘ ਪਟਿਆਲਾ, ਸ਼੍ਰੀ ਕੁਨਾਲ ਵਸ਼ਿਸ਼ਟ ਰੋਪੜ੍ਹ, ਸ਼ੀ੍ਰ ਗੌਰਵ ਅਨੇਜਾ ਪਟਿਆਲਾ, ਸ਼੍ਰੀ ਸੰਦੀਪ ਰੱਲਾ ਮਾਨਸਾ, ਸ. ਕੁਲਜੀਤ ਸਿੰਘ ਬਿੱਟੂ ਬੋਹਾ, ਸ. ਨਿਰਮਲ ਸਿੰਘ ਮਾਨਸਾ, ਸ. ਸ਼ਰਨਵੀਰ ਸਿੰਘ ਸ਼ਾਹਕੋਟ, ਸ. ਅਮਰੀਕ ਸਿੰਘ ਜੈਤੋ, ਸ. ਬਚਿੱਤਰ ਸਿੰਘ ਮੱਲੀ ਨਾਭਾ, ਸ. ਤ੍ਰਿਪਤਇੰਦਰ ਸਿੰਘ ਸੰਗਰੂਰ, ਸ.ਜਗਦੀਪ ਸਿੰਘ ਨਾਭਾ, ਸ੍ਰੀ ਸੁੱਖੀ ਬਠਿੰਡਾ, ਸ.ਜਸਪ੍ਰੀਤ ਸਿੰਘ ਭੁੱਲਰ ਭੁਲੱਥ ਅਤੇ ਸ.ਹਰਵਿੰਦਰ ਸਿੰਘ ਧਲਿਓ ਮਾਨਸਾ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਸਿਮਰਨ ਸਿੰਘ ਹੰਮੂ ਸ਼੍ਰੀ ਮੁਕਤਸਰ ਸਾਹਿਬ, ਸ.ਰਣਦੀਪ ਸਿੰਘ ਤਲਵੰਡੀ ਸਾਬੋ, ਸ. ਯਾਦਵਿੰਦਰ ਸਿੰਘ ਕੋਟਕਪੁਰਾ, ਸ. ਲਵਦੀਪ ਸਿੰਘ ਜੈਤੋ, ਸ. ਕੁਲਵਿੰਦਰ ਸਿੰਘ ਰਿੰਕੂ ਪਟਿਆਲਾ ਦਿਹਾਤੀ, ਸ਼੍ਰੀ ਵਤਨ ਸੰਧੂ ਖੇਮਕਰਨ, ਸ. ਹਰਦੀਪ ਸਿੰਘ ਸੰਧੂ ਨਕੋਦਰ, ਸ. ਗੁਰਜੀਤ ਸਿੰਘ ਜਲੰਧਰ, ਸ. ਜਸਪਾਲ ਸਿੰਘ ਸ਼ਤਰਾਣਾ ਅਤੇ ਸ. ਮਨਵਿੰਦਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।
ਜਿਹਨਾਂ ਵਿਦਿਆਰਥੀ ਆਗੂਆਂ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਅਜੈਪਾਲ ਸਿੰਘ ਗਿੱਦੜਬਾਹਾ, ਸ. ਰੂਪਨਿਹਾਲ ਸਿੰਘ ਸ਼ਤਰਾਣਾ, ਸ੍ਰੀ ਹੈਪੀ ਮੌੜ, ਸ੍ਰੀ ਡੀ.ਸੀ ਬੁਢਲਾਢਾ, ਸ਼੍ਰੀ ਹੈਰੀ ਸਿੱਧੂ ਮਾਨਸਾ ਅਤੇ ਸ. ਮਨਵੀਰ ਸਿੰਘ ਸਰਾਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਸ. ਨਵਨੀਤ ਸਿੰਘ ਨਵੀ ਸ਼੍ਰੀ ਮੁਕਤਸਰ ਸਾਹਿਬ ਨੂੰ ਐਸ.ਓ.ਆਈ ਦਾ ਮੀਡੀਆ ਅਤੇ ਸ਼ੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਮਿੱਤਲ ਗਰੁੱਪ ਵੱਲੋਂ ਟੂਲਿਪ ਕ੍ਰਿਕਟ ਕੱਪ ਦਾ ਆਯੋਜਨ

0

ਐੱਮਡੀ ਕੁਸ਼ਲ ਮਿੱਤਲ ਵੱਲੋਂ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ :ਮਿੱਤਲ ਗਰੁੱਪ ਵੱਲੋਂ ਸਥਾਨਕ ਟੂ ਲਿਪ ਸਪੋਰਟਸ ਸਟੇਡੀਅਮ ਵਿਖੇ ਟੂ ਲਿਪ ਕ੍ਰਿਕਟ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ’ਚ ਬਠਿੰਡਾ ਭਰ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ’ਚ ਕੁਲ 40 ਦੇ ਕਰੀਬ ਮੈਚ ਖੇਡੇ ਜਾਣੇ ਹਨ। ਬੀਤੇ ਦਿਨੀਂ ਸ਼ੁਰੂ ਹੋਏ ਟੂ ਲਿਪ ਕ੍ਰਿਕਟ ਕੱਪ ਦਾ ਰਸ਼ਮੀ ਉਦਘਾਟਨ ਮਿੱਤਲ ਗਰੁੱਪ ਬਠਿੰਡਾ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਵੱਲੋਂ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਰੁਣ ਵਧਾਵਨ ਤੋਂ ਇਲਾਵਾ ਮੈਨੇਜਮੈਂਟ ਦੀ ਤਰਫੋਂ ਜੀਐਮ ਤਰੁਣ ਬਹਿਲ ਅਤੇ ਮੈਨੇਜਰ ਸੰਜੀਵ ਛਾਬੜਾ ਵੀ ਮੌਜੂਦ ਸਨ। ਪਹਿਲੇ ਮੈਂਚ ਦੀ ਸ਼ੁਰੂਆਤ ਤੋਂ ਪਹਿਲਾਂ ਕੁਸ਼ਲ ਮਿੱਤਲ ਵੱਲੋਂ ਜਿਥੇ ਦੋਵੇਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਇਸ ਉਪਰੰਤ ਉਨ੍ਹਾਂ ਸੰਬੋਧਨ ਕਰਦਿਆ ਦੱਸਿਆ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ ’ਚ ਖੇਡਾਂ ਨੂੰ ਉਤਸਾਹਿਤ ਕਰਨ ਅਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਮਿੱਤਲ ਗਰੁੱਪ ਵੱਲੋਂ ਟੂ ਲਿਪ ਸਟੇਡੀਅਮ ’ਚ ਹੋਰ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ।
ਇਸ ਮੌਕੇ ਬੋਲਦਿਆ ਜੀਐੱਮ ਤਰੁਣ ਬਹਿਲ ਨੇ ਦੱਸਿਆ ਕਿ ਇਹ ਸਾਰੇ ਮੈਚ ਡੇ ਐਂਡ ਨਾਈਟ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੂ ਲਿਪ ਸਟੇਡੀਅਮ ’ਚ ਸਥਿਤ ਕ੍ਰਿਕਟ ਗਰਾਊਂਡ ਪੂਰੀਆਂ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਹਰ ਮੈਂਚ ’ਚ ਜਿਹੜੇ ਵੀ ਖਿਡਾਰੀ ਚੰਗਾ ਪ੍ਰਦਰਸਨ ਕਰ ਰਹੇ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਿੱਤਲ ਗਰੁੱਪ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਅਧੁਨਿਕ ਸਹੂਲਤਾਂ ਨਾਲ ਲੈਸ ਇਸ ਟੂ ਲਿਪ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਸੀ। ਜਿਸ ’ਚ ਕ੍ਰਿਕਟ ਖੇਡ ਮੈਦਾਨ ਤੋਂ ਇਲਾਵਾ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ਤੋਂ ਇਲਾਵਾ ਜਿੰਮ ਆਦਿ ਦੀਆਂ ਪੂਰੀਆਂ ਸਹੂਲਤਾਂ ਹਨ

ਉਪ ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ

0

ਸੰਗ੍ਰਹਿ ਬੈਂਕ ਕਰਮਚਾਰੀਆਂ ਲਈ ਲਾਹੇਵੰਦ ਹੋਵੇਗਾ: ਰੰਧਾਵਾ*

*ਸਹਿਕਾਰਤਾ ਮੰਤਰੀ ਨੇ ਪੀ.ਏ.ਡੀ.ਬੀ. ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਕੀਤਾ ਉਦਘਾਟਨ*

ਸੁਖਜਿੰਦਰ ਮਾਨ

ਚੰਡੀਗੜ੍ਹ, 10 ਨਵੰਬਰ:ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ ਕੀਤਾ।

ਮਾਰਕਫੈਡ ਦੇ ਮੁੱਖ ਦਫਤਰ ਵਿਖੇ ਸੰਗ੍ਰਹਿ ਜਾਰੀ ਕਰਦਿਆ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੈਂਕ ਕਰਮਚਾਰੀਆਂ ਲਈ ਭਵਿੱਖ ਵਿੱਚ ਹਵਾਲਿਆਂ ਵਜੋਂ ਕੰਮ ਕਰੇਗਾ। ਸ. ਰੰਧਾਵਾ ਨੇ ਕਿਹਾ, “ਇਹ ਸੰਗ੍ਰਹਿ ਰੋਜ਼ਾਨਾ ਕਾਰਜਾਂ ਲਈ ਲਾਹੇਵੰਦ ਹੈ ਅਤੇ ਇਸ ਤਰ੍ਹਾਂ ਕੰਮ ਵਿੱਚ ਵਧੇਰੇ ਕਾਰਜ ਕੁਸ਼ਲਤਾ ਲਿਆਉਣ ਦੇ ਨਾਲ-ਨਾਲ ਸਮੇਂ ਦੀ ਬੱਚਤ ਕਰੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਿਸਾਨਾਂ ਲਈ ਕਰਜ਼ੇ ਦੀ ਵੰਡ ਅਤੇ ਮਨਜ਼ੂਰੀ ਦੇ ਨਾਲ-ਨਾਲ ਫੈਸਲੇ ਲੈਣ ਵਿੱਚ ਤੇਜ਼ੀ ਆਵੇਗੀ।

ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਸੈਕਟਰ-17 ਚੰਡੀਗੜ੍ਹ ਵਿਖੇ ਸਥਿਤ ਬੈਂਕ ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਵਰਚੁਅਲ ਉਦਘਾਟਨ ਵੀ ਕੀਤਾ। ਇਹ ਸਿਖਲਾਈ ਕੇਂਦਰ ਨਾਬਾਰਡ ਦਾ ਮਾਨਤਾ ਪ੍ਰਾਪਤ ਕੇਂਦਰ ਹੈ ਅਤੇ ਸੂਬੇ ਦੇ ਲਗਭਗ 850 ਕਰਮਚਾਰੀਆਂ ਦੀਆਂ ਸਿਖਲਾਈ ਸਬੰਧੀ ਜ਼ਰੂਰਤਾਂ ਨੂੰ ਮੁਕੰਮਲ ਕਰੇਗਾ।

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਰਾਜੀਵ ਕੁਮਾਰ ਗੁਪਤਾ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੰਗ੍ਰਹਿ ਅਤੇ ਲੈਬ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ. ਦੀਆਂ ਸੂਬੇ ਭਰ ਵਿੱਚ 89 ਸ਼ਾਖਾਵਾਂ ਹਨ।

ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਪੀ.ਏ.ਡੀ.ਬੀ. ਦੇ ਡੀ.ਜੀ.ਐਮ. ਜਗਦੀਪ ਘਈ ਅਤੇ ਜੀ.ਐਮ. ਰਾਜਵਿੰਦਰ ਕੌਰ ਰੰਧਾਵਾ ਹਾਜ਼ਰ ਸਨ।
———

ਹੁਣ ਆਂਗਨਵਾੜੀ ਵਰਕਰਾਂ ਪਰਗਟ ਸਿੰਘ ਦੇ ਘਰ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ

0

ਸੁਖਜਿੰਦਰ ਮਾਨ

ਬਠਿੰਡਾ,10 ਨਵੰਬਰ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਪੰਜਾਬ ਸਰਕਾਰ ਦੇ ਕੋਲੋਂ ਮਨਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਤੇ ਇਸੇ ਲੜੀ ਦੇ ਤਹਿਤ 14 ਨਵੰਬਰ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਉਹਨਾਂ ਦੇ ਘਰ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ । ਇਹ ਜਾਣਕਾਰੀ ਜ਼ਿਲਾ ਬਠਿੰਡਾ ਦੀ ਜ਼ਿਲਾ ਜਨਰਲ ਸਕਤੱਰ ਗੁਰਮੀਤ ਕੌਰ ਨੇ ਦਿੱਤੀ । ਉਹਨਾਂ ਕਿਹਾ ਕਿ ਪਿਛਲੇਂ ਕ਼ਰੀਬ ਪੌਣੇ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਝੂਠੇ ਲਾਰਿਆਂ ਦੇ ਵਿੱਚ ਹੀ ਰੱਖਿਆ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ । ਨਰਸਰੀ ਟੀਚਰ ਦਾ ਦਰਜ਼ਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ 1 ਰੁਪਈਆ ਦਿੱਤਾ ਜਾਵੇ ਕਿਉਕਿ ਗੈਸ ਸਿਲੰਡਰ ਦੇ ਭਾਅ ਦੁਗਣੇ ਹੋ ਗਏ ਹਨ । ਉਹਨਾਂ ਕਿਹਾ ਕਿ ਜਲੰਧਰ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਇਸ ਖ਼ੇਤਰ ਵਿੱਚੋਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ । ਜਥੇਬੰਦੀ ਨੇ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਨਤੀਜੇ ਭੁਗਤਣ ਲਈ ਤਿਆਰ ਰਹੇ

ਅਸਤੀਫੇ ਤੋਂ ਬਾਅਦ ਰੂਬੀ ਤੇ ਚੀਮਾ ਹੋਏ ਮਿਹਣੋ ਮਿਹਣੀ

0

ਸੁਖਜਿੰਦਰ ਮਾਨ
ਬਠਿੰਡਾ’10 ਨਵੰਬਰ: ਬੀਤੀ ਅੱਧੀ ਰਾਤ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਸਿਆਸੀ ਗਲਿਆਰਿਆਂ ਚ ਹਲਚਲ ਮਚਾਉਣ ਵਾਲੀ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅੱਜ ਅਸਤੀਫੇ ਨੂੰ ਲੈ ਕੇ ਟਵਿਟਰ ਉਪਰ ਆਹਮੋ-ਸਾਹਮਣੇ ਹੋ ਗਏ।ਰੂਬੀ ਵੱਲੋਂ ਪਾਰਟੀ ਛੱਡਣ ‘ਤੇ ਤੰਜ ਕੱਸਦਿਆਂ ਆਪ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਤੇ ਪਾਰਟੀ ਦੀ ਟਿਕਟ ਨਾ ਮਿਲਦੀ ਦੇਖ ਕੇ ਉਕਤ ਮਹਿਲਾ ਵਿਧਾਇਕ ਵਿਧਾਇਕ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਵਿਅੰਗ ਭਰੇ ਅੰਦਾਜ਼ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਰੁਪਿੰਦਰ ਕੌਰ ਰੂਬੀ ਨਾਲ ਧੋਖਾ ਨਾ ਕਰਨ ਬਲਕਿ ਉਸ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਟਿਕਟ ਦੇ ਕੇ ਚੋਣ ਜ਼ਰੂਰ ਲਗਵਾਉਣ। ਹਾਲਾਂਕਿ ਉਨ੍ਹਾਂ ਰੁਪਿੰਦਰ ਕੌਰ ਰੂਬੀ ਨੂੰ ਦੁਆਵਾਂ ਦਿੰਦਿਆਂ ਵੀ ਕਿਹਾ ਕਿ ਉਹ ਮੇਰੀ ਛੋਟੀ ਭੈਣ ਦੀ ਤਰ੍ਹਾਂ ਹਨ ਜਿੱਥੇ ਵੀ ਜਾਣ ਖੁਸ਼ ਰਹਿਣ। ਦੂਜੇ ਪਾਸੇ ਆਪਣੇ ਵਿਧਾਨ ਸਭਾ ਵਿੱਚ ਪਾਰਟੀ ਆਗੂ ਦੇ ਟਵੀਟ ਤੋਂ ਬਾਅਦ ਰੂਬੀ ਨੇ ਵੀ ਜਵਾਬ ਦੇਣ ਲੱਗਿਆਂ ਦੇਰ ਨਾ ਲਗਾਈ। ਉਨ੍ਹਾਂ ਸ੍ਰੀ ਚੀਮਾ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ ਉਹ ਬੋਲੇ ਨਹੀਂ, ਨਾ ਹੀ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਨਾ ਹੀ ਭਗਵੰਤ ਮਾਨ ਬਾਰੇ । ਮਹਿਲਾ ਵਿਧਾਇਕਾਂ ਨੇ ਚੀਮਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਤੁਹਾਨੂੰ ਵੀ ਪਤਾ ਹੈ ਕਿ ਪਾਰਟੀ ਪੰਜਾਬ ਨੂੰ ਲੈ ਕੇ ਕਿੱਧਰ ਜਾ ਰਹੀ ਹੈ। ਟਿਕਟ ਮਿਲਣ ਦੇ ਮਸਲੇ ਤੇ ਵੀ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਉਸ ਦੇ ਮੁਕਾਬਲੇ ਚੋਣ ਲੜ ਕੇ ਦੇਖ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਰੂਬੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਦੇ ਸਮਾਗਮਾਂ ਅਤੇ ਹਲਕੇ ਦੇ ਲੋਕਾਂ ਨਾਲ ਵੀ ਇੱਕ ਤਰ੍ਹਾਂ ਦੀ ਦੂਰੀ ਬਣਾਈ ਹੋਈ ਸੀ ਉਹ ਪਿਛਲੇ ਸਮੇਂ ਬਠਿੰਡਾ ਦੌਰੇ ਤੇ ਆਏ ਕੇਜਰੀਵਾਲ ਦੇ ਪ੍ਰੋਗਰਾਮ ਵਿੱਚ ਵੀ ਗੈਰਹਾਜ਼ਰ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਚੱਲ ਪਈਆਂ ਸਨ । ਚਰਚਾ ਮੁਤਾਬਕ ਉਹ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਪਾਰਟੀ ਉਨ੍ਹਾਂ ਨੂੰ ਮਲੋਟ, ਭੁੱਚੋ ਮੰਡੀ ਜਾਂ ਬਠਿੰਡਾ ਦਿਹਾਤੀ ਕਿਸੇ ਹਲਕੇ ਵਿੱਚੋਂ ਚੋਣ ਵੀ ਲੜ ਸਕਦੇ ਹਨ ਹਾਲਾਂਕਿ ਇਹ ਗੱਲ ਭਵਿੱਖ ਦੇ ਗਰਭ ਵਿੱਚ ਹੈ ।

ਰੂਬੀ ਦਾ ਅਸਤੀਫ਼ਾ, ਹਲਕੇ ਦੇ ਵੋਟਰਾਂ ਨਾਲ ਧੋਖਾ:ਭੱਟੀ

0

ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਕਾਸ ਲਈ ਵਿਧਾਇਕਾਂ ਵੱਲੋਂ ਨਹੀਂ ਨਿਭਾਈ ਕੋਈ ਜ਼ਿੰਮੇਵਾਰੀ

ਸੁਖਜਿੰਦਰ ਮਾਨ

ਬਠਿੰਡਾ 10 ਨਵੰਬਰ:-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਪ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਅਸਤੀਫ਼ਾ ਦੇ ਫੈਸਲੇ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਵੋਟਰਾਂ ਨਾਲ ਧੋਖਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਉਮੀਦਵਾਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨੇ ਤਿੱਖਾ “ਤੰਜ਼” ਕੱਸਿਆ ਹੈ।ਸ:  ਭੱਟੀ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵੋਟਰਾਂ ਨੇ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੂੰ ਵੱਡਾ ਮਾਣ ਸਨਮਾਨ ਬਖਸ਼ਿਆ ਪ੍ਰੰਤੂ ਹੈਰਾਨਗੀ ਦੀ ਗੱਲ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਵਿਧਾਇਕਾ ਨੇ ਸਰਕਾਰੀ ਸਹੂਲਤਾਂ ਦਾ ਤਾਂ ਪੂਰਾ ਆਨੰਦ ਮਾਣਿਆ ਪਰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵੋਟਰਾਂ ਅਤੇ ਇਲਾਕੇ ਦੇ ਵਿਕਾਸ ਲਈ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਹੁਣ ਨਿੱਜੀ ਲਾਭ ਲੈਣ ਲਈ ਪਾਰਟੀ ਨੂੰ ਅਲਵਿਦਾ ਕਹਿਣਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਸਮੂਹ ਵੋਟਰਾਂ ਨਾਲ ਧੋਖਾ ਹੈ, ਜਿਸ ਲਈ ਹਲਕੇ ਦੇ ਸਮੂਹ ਵੋਟਰ ਅਤੇ ਆਪ ਦੇ ਸਪੋਟਰ ਕਦੇ ਵੀ ਉਸ ਨੂੰ ਮੁਆਫ਼ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਵਿਧਾਇਕ ਦੀ ਆਪਣੇ ਹਲਕੇ ਪ੍ਰਤੀ ਜ਼ਿੰਮੇਵਾਰੀ ਬਣਦੀ ਸੀ ਪਰ ਕਦੇ ਵੀ ਲੋਕਾਂ ਲਈ ਸਰਕਾਰ ਦੀਆਂ ਸਹੂਲਤਾਂ ਦਿਵਾਉਣ ਲਈ ਆਵਾਜ਼ ਨਹੀਂ ਉਠਾਈ, ਕਦੇ ਵੀ ਸਾਫ਼ ਪੀਣ ਵਾਲਾ ਪਾਣੀ, ਨਹਿਰੀ ਪਾਣੀ, ਬਿਜਲੀ ਦੇ ਪ੍ਰਬੰਧ, ਸਕੂਲਾਂ ਵਿੱਚ ਉੱਚ ਸਿੱਖਿਆ ਸਮੇਤ ਪਡ਼੍ਹਾਈ ਦੇ ਵਧੀਆ ਪ੍ਰਬੰਧ, ਸਿਹਤ ਸਹੂਲਤਾਂ ਪ੍ਰਤੀ ਅਵਾਜ਼ ਨਹੀਂ ਉਠਾਈ, ਇੱਥੋਂ ਤਕ ਕਿ ਵਿਧਾਨ ਸਭਾ ਵਿੱਚ ਵੀ ਕਦੇ ਵੀ ਹਲਕੇ ਦੀ ਗੱਲ ਨਹੀਂ ਕੀਤੀ ,ਜੋ ਸਮੂਹ ਵੋਟਰਾਂ ਨਾਲ ਵੱਡਾ ਧੋਖਾ ਹੈ ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਧਾਇਕ ਲਈ ਜਿੱਤਣ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਦੁੱਖ ਸੁੱਖ ਸਮੇਤ ਹਰ ਪ੍ਰੋਗਰਾਮ ਵਿਚ ਸਹੂਲਤ ਵਿੱਚ ਸ਼ਮੂਲੀਅਤ ਕਰੇ ਪਰ ਪ੍ਰੋਫ਼ੈਸਰ ਵਿਧਾਇਕਾਂ ਵੱਲੋਂ ਕਦੇ ਵੀ ਹਲਕੇ ਦੇ ਵੋਟਰਾਂ ਦੀ ਸਾਰ ਨਾ ਲੈਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਾਬਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਸਮੂਹ ਵੋਟਰਾਂ ਅਤੇ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦਾ ਚਹੁੰ ਮੁਖੀ ਵਿਕਾਸ ਕਰਵਾਇਆ ਜਾਵੇਗਾ ਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਇਸ ਮੌਕੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਵੀ ਇਸ ਹਲਕੇ ਦੀ ਕਦੇ ਸਾਰ ਨਹੀਂ ਲਈ ਤੇ ਨਾ ਹੀ ਇਸ ਇਲਾਕੇ ਦੇ ਵਿਕਾਸ ਲਈ ਬਣਦੀ ਜ਼ਿੰਮੇਵਾਰੀ ਨਿਭਾਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਇਸ ਹਲਕੇ ਨੂੰ ਲਾਵਾਰਸ ਕਰਕੇ ਰੱਖ ਦਿੱਤਾ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਇਲਾਕੇ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਅਤੇਇਸ ਇਲਾਕੇ ਵਿੱਚ ਵੱਡੀਆਂ ਯੂਨੀਵਰਸਿਟੀਆਂ ਸਪੋਰਟਸ ਸਕੂਲ ਅਤੇ ਏਮਜ਼ ਹਸਪਤਾਲ ਵਰਗੇ ਵੱਡੇ ਪ੍ਰਾਜੈਕਟ ਲਿਆਂਦੇ ਗਏ ਜਿਸ ਕਰਕੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਚਾਹੁੰਦੇ ਹਨ।

ਯੂਥ ਅਕਾਲੀ ਦਲ ਵਲੋਂ ਬਠਿੰਡਾ ਦਿਹਾਤੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ

0

ਪਾਰਟੀ ਲਈ ਮਿਹਨਤ ਕਰਨ ਵਾਲੇ ਯੋਗ ਵਰਕਰਾਂ ਨੂੰ ਦਿੱਤੀ ਜਾ ਰਹੀ ਨੁਮਾਇੰਦਗੀ : ਬਰਾੜ/ਭੱਟੀ/ਢੇਲਵਾਂ

ਸੁਖਜਿੰਦਰ ਮਾਨ

ਬਠਿੰਡਾ 10 ਨਵੰਬਰ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ‘ਤੇ ਪਾਰਟੀ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨੂੰ ਬੂਥ ਪੱਧਰ ਤੇ ਮਜ਼ਬੂਤ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਉਮੀਦਵਾਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਯੂਥ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਲਿਸਟ ਜਾਰੀ ਕਰਦੇ ਹੋਏ ਦੱਸਿਆ ਕਿ ਗੁਰਤੇਜ ਸਿੰਘ ਫੂਸ ਮੰਡੀ ਸਰਕਲ ਕੋਟ ਫੱਤਾ ,ਹਰਪ੍ਰੀਤ ਸਿੰਘ ਸਰਦਾਰਗਡ਼੍ਹ ਸਰਕਲ ਸਦਰ, ਗੁਰਜੰਟ ਸਿੰਘ ਨਰੂਆਣਾ ਸਰਕਲ ਬੱਲੂਆਣਾ, ਸੰਦੀਪ ਸਿੰਘ ਚੱਕ ਅਤਰ ਸਿੰਘ ਵਾਲਾ ਸਰਕਲ ਨੰਦਗਡ਼੍ਹ, ਰੇਸ਼ਮ ਸਿੰਘ ਸੰਗਤ ਕਲਾਂ ਸਰਕਲ ਸੰਗਤ ਅਤੇ ਦੀਪਇੰਦਰ ਸਿੰਘ ਰੁਲਦੂ ਸਿੰਘ ਵਾਲਾ ਨੂੰ ਸਰਕਲ ਪਥਰਾਲਾ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਆਗੂਆਂ ਨੇ ਕਿਹਾ ਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਅਤੇ ਇਮਾਨਦਾਰੀ ਨਾਲ ਲੋਕ ਹਿੱਤਾਂ ਉੱਤੇ ਪਹਿਰੇਦਾਰੀ ਕਰਨ ਵਾਲੇ ਯੋਗ ਵਰਕਰਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤਾਂ ਜੋ ਯੂਥ ਅਕਾਲੀ ਦਲ ਦਾ ਬੂਥ ਪੱਧਰ ਤੇ ਵਿਸਥਾਰ ਹੋ ਸਕੇ ਤੇ ਨੌਜਵਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਅੰਗ ਬਣ ਕੇ ਕੰਮ ਕਰ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗਰਦੌਰ ਸਿੰਘ ਅਤੇ ਗੁਰਦੀਪ ਸਿੰਘ ਕੋਟਸ਼ਮੀਰ ਆਦਿ ਵੀ ਹਾਜ਼ਰ ਸਨ।

ਪੰਜਾਬ ‘ਚ ਰੋਡਵੇਜ਼ ਦੀ ਲਾਰੀ ਨੂੰ ਪਿਆ ਟਾਪ ਗੇਅਰ

0

ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਦਾ ਵਾਧਾ: ਰਾਜਾ ਵੜਿੰਗ**

ਸਤੰਬਰ ਨਾਲੋਂ ਅਕਤੂਬਰ ਮਹੀਨੇ ਦੌਰਾਨ ਵਿਭਾਗ ਦੀ ਆਮਦਨ ‘ਚ 31.15 ਕਰੋੜ ਰੁਪਏ (42 ਫ਼ੀਸਦੀ) ਦਾ ਇਜ਼ਾਫ਼ਾ ਦਰਜ ਕੀਤਾ ਗਿਆ*

*ਕਿਹਾ, ਸਰਕਾਰਾਂ-ਬੱਸ ਮਾਫ਼ੀਆ ਦੇ ਨਾਪਾਕ ਗਠਜੋੜ ਕਾਰਨ ਪੰਜਾਬ ਨੂੰ 14.5 ਵਰ੍ਹਿਆਂ `ਚ ਕਰੀਬ 6600 ਕਰੋੜ ਰੁਪਏ ਦਾ ਘਾਟਾ ਪਿਆ*

*ਘਪਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਆਗੂ ਤੇ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ*

*”ਲੁੱਟਣ ਦੇ ਮਾਮਲੇ ਵਿੱਚ “ਰਾਜ ਨਹੀਂ ਸੇਵਾ” ਵਾਲਿਆਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਮਾਤ ਪਾਈ”*

ਸੁਖਜਿੰਦਰ ਮਾਨ
*ਚੰਡੀਗੜ੍ਹ, 10 ਨਵੰਬਰ: ਸੂਬੇ ‘ਚ ਪਿਛਲੇ ਲੰਮੇ ਸਮੇਂ ਤੋਂ ਖਾਲੀ ਪੀਪੇ ਵਾਗ ਖੜਕਦੀ ਰਾਹੀਂ ਰੋੜਵੇਜ ਦੀ ਲਾਰੀ ਹੁਣ ਆਮਦਨੀ ਵਾਲੀ ਪੱਕੀ ਸੜਕ ‘ਤੇ ਚੜਣ ਲੱਗੀ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੱਸਿਆ ਕਿ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਅਪਰੇਟਰਾਂ ਨੂੰ ਨੱਥ ਪਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਤੋਂ ਵੀ ਵੱਧ ਦਾ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ।

ਇਥੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਆਮਦਨ ਦਿਨੋਂ-ਦਿਨ ਵਧ ਰਹੀ ਹੈ, ਜੋ ਹੁਣ 100.48 ਲੱਖ ਰੁਪਏ ਰੋਜ਼ਾਨਾ ਪੁੱਜ ਚੁੱਕੀ ਹੈ। ਵਿਭਾਗ ਦੀ ਪਿਛਲੇ ਦੋ ਮਹੀਨੇ ਦੀ ਆਮਦਨ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਤੰਬਰ 2021 ਵਿੱਚ ਪੀ.ਆਰ.ਟੀ.ਸੀ. ਦੀ ਆਮਦਨ 39.01 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼ ਦੀ ਆਮਦਨ 34.15 ਕਰੋੜ ਰੁਪਏ ਸੀ, ਜੋ ਅਕਤੂਬਰ ਮਹੀਨੇ ਦੌਰਾਨ ਵਧ ਕੇ ਕ੍ਰਮਵਾਰ 54.74 ਕਰੋੜ ਅਤੇ 49.57 ਕਰੋੜ ਰੁਪਏ ਹੋ ਗਈ। ਵੜਿੰਗ ਨੇ ਦੱਸਿਆ ਕਿ ਦੋਵਾਂ ਅਦਾਰਿਆਂ ਦੀ ਸਤੰਬਰ ਮਹੀਨੇ ਦੀ ਕੁੱਲ 73.16 ਕਰੋੜ ਦੀ ਆਮਦਨ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ 42.57 ਫ਼ੀਸਦੀ (31.15 ਕਰੋੜ ਰੁਪਏ) ਦੇ ਵਾਧੇ ਨਾਲ ਇਹ ਕਮਾਈ 104.31 ਕਰੋੜ ਰੁਪਏ ਰਹੀ। ਉਨ੍ਹਾਂ ਦੱਸਿਆ ਕਿ ਦੋਵਾਂ ਅਦਾਰਿਆਂ ਤੋਂ ਅੱਜ ਦੇ ਦਿਨ ਤੱਕ ਦੀ ਰੋਜ਼ਾਨਾ ਆਮਦਨ 100.48 ਲੱਖ ਰੁਪਏ ਹੋ ਰਹੀ ਹੈ।

ਵਿਭਾਗ ਦੀ ਵਧੀ ਆਮਦਨ ਦੀ ਪਿਛਲੇ ਸਮੇਂ ਨਾਲ ਤੁਲਨਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ 10 ਸਾਲਾ ਕਾਰਜਕਾਲ ਸਮੇਤ ਬੱਸ ਮਾਫ਼ੀਆ ਨਾਲ ਅੰਦਰਖਾਤੇ ਯਾਰੀ ਪੁਗਾਉਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਦੀ ਸਮਝੌਤਾਵਾਦੀ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰ੍ਹੇਆਮ ਲੁੱਟ ਹੈ।” ਉਨ੍ਹਾਂ ਕਿਹਾ ਕਿ ਐਨੀ ਵੱਡੀ ਰਾਸ਼ੀ ਨਾਲ ਆਪਣੀਆਂ ਜੇਬਾਂ ਭਰਨ ਵਾਲੇ ਕਦੇ ਵੀ ਲੋਕ ਹਿਤੈਸ਼ੀ ਨਹੀਂ ਹੋ ਸਕਦੇ।ਲੋਕਾਂ ਦੀ ਸੇਵਾ ਦੇ ਨਾਮ ‘ਤੇ ਸਰਕਾਰਾਂ ਬਣਾ ਕੇ ਬੱਸ ਮਾਫ਼ੀਆ ਰਾਹੀਂ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਰਹੇ ਸਿਆਸਤਦਾਨਾਂ ਦੇ ਪਾਜ ਉਘੇੜਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ “ਰਾਜ ਨਹੀਂ ਸੇਵਾ” ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਲੁੱਟਣ ਦੇ ਮਾਮਲੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਮਾਤ ਪਾਈ ਹੈ।

ਰਾਜਾ ਵੜਿੰਗ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੂਰੀਆ ਕਾਂਤ ਵੱਲੋਂ ਸਾਲ 2012 ‘ਚ ਮਲਟੀਪਲ ਪਰਮਿਟਾਂ ਦੇ ਗ਼ੈਰ-ਕਾਨੂੰਨੀ ਵਿਸਤਾਰ ਵਿਰੁੱਧ ਸੁਣਾਏ ਫ਼ੈਸਲੇ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਇਸ ਫ਼ੈਸਲੇ ਨੂੰ ਹੂ-ਬਹੂ ਲਾਗੂ ਕਰਕੇ ਕਰੀਬ 1 ਲੱਖ ਕਿਲੋਮੀਟਰ ਤੋਂ ਵੱਧ ਦੇ ਗ਼ੈਰ-ਕਾਨੂੰਨੀ ਵਿਸਤਾਰ ਵਾਲੇ 680 ਮਲਟੀਪਲ ਪਰਮਿਟ ਰੱਦ ਕੀਤੇ ਹਨ ਤਾਂ ਸੂਬਾ ਸਰਕਾਰ ਨੂੰ ਅਕਤੂਬਰ ਮਹੀਨੇ ਦੌਰਾਨ 42 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਰੀਬ 42 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗ਼ੈਰ-ਕਾਨੂੰਨੀ ਵਾਧੇ ਵਾਲੇ ਪਰਮਿਟਾਂ ਨੂੰ ਸਾਲ 2012 ਤੋਂ ਲੈ ਕੇ 2021 ਦੇ ਅਰਸੇ ਦੌਰਾਨ ਰੱਦ ਕੀਤਾ ਜਾਂਦਾ ਤਾਂ ਰੋਜ਼ਾਨਾ 42 ਲੱਖ ਰੁਪਏ ਦੇ ਹਿਸਾਬ ਨਾਲ 9 ਵਰ੍ਹਿਆਂ ਦੇ 3285 ਦਿਨਾਂ ਦੀ ਕਰੀਬ 1380 ਕਰੋੜ ਰੁਪਏ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਾਂਦੀ ਅਤੇ ਲੋਕਾਂ ਦੀ ਭਲਾਈ ‘ਤੇ ਖ਼ਰਚੀ ਜਾਂਦੀ। ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਕੁੱਲ 6580 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ‘ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਕੇ ਬੱਸ ਮਾਫ਼ੀਆ ਨਾਲ ਗੰਢਤੁੱਪ ਵਾਲੇ ਸਿਆਸਤਦਾਨਾਂ ਤੇ ਮਾਫ਼ੀਆ ਗਠਜੋੜ ਵੱਲੋਂ ਆਪਣੀਆਂ ਜੇਬਾਂ ਵਿੱਚ ਪਾਈ ਗਈ।ਉਨ੍ਹਾਂ ਕਿਹਾ ਕਿ ਜੇ 6600 ਕਰੋੜ ਰੁਪਏ ਖ਼ਜ਼ਾਨੇ ਵਿੱਚ ਗਏ ਹੁੰਦੇ ਤਾਂ ਇਸ ਨਾਲ 24,000 ਨਵੀਆਂ ਬੱਸਾਂ ਖ਼ਰੀਦੀਆਂ ਜਾ ਸਕਦੀਆਂ ਸਨ ਅਤੇ ਇਨ੍ਹਾਂ ਬੱਸਾਂ ਲਈ 50,000 ਡਰਾਈਵਰ-ਕੰਡਕਟਰ ਤੇ ਸਟਾਫ਼ ਭਰਤੀ ਕੀਤੇ ਜਾ ਸਕਦਾ ਸੀ, ਟਰਾਂਸਪੋਰਟ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਅਥਾਹ ਸੁਧਾਰ ਲਿਆਂਦਾ ਜਾ ਸਕਦਾ ਸੀ ਅਤੇ ਸੂਬੇ ਦੇ ਹਰ ਪਿੰਡ ਤੋਂ 2 ਨਵੀਆਂ ਚਲਾਈਆਂ ਜਾ ਸਕਦੀਆਂ ਸਨ। ਰਾਜਾ ਵੜਿੰਗ ਨੇ ਉਚੇਚੇ ਤੌਰ ‘ਤੇ ਕਿਹਾ ਕਿ ਇਸ ਘਪਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਸ਼ਖ਼ਸ, ਚਾਹੇ ਉਹ ਕੋਈ ਆਗੂ ਹੋਵੇ ਜਾਂ ਅਧਿਕਾਰੀ, ਨੂੰ ਬਖਸ਼ਿਆ ਨਹੀਂ ਜਾਵੇਗਾ।ਸ੍ਰੀ ਵੜਿੰਗ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ ਬਿਨਾਂ ਟੈਕਸ ਭਰੇ ਚੱਲਣ ਵਾਲੀਆਂ, ਬਿਨਾਂ ਪਰਮਿਟ ਤੇ ਹੋਰ ਉਲੰਘਣਾਵਾਂ ਕਰਕੇ 304 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਜਦਕਿ 64 ਬੱਸਾਂ ਦੇ ਚਲਾਟ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਰਤੀ ਸਖ਼ਤੀ ਕਾਰਨ ਹੁਣ ਤੱਕ 7 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ। ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ. ਦੀਆਂ 1100 ਅਤੇ ਪੰਜਾਬ ਰੋਡਵੇਜ਼ 1550 ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਚਲ ਰਹੀਆਂ ਹਨ, ਜਿਨ੍ਹਾਂ ਵਿੱਚ ਛੇਤੀ ਹੀ 842 ਹੋਰ ਨਵੀਆਂ ਬੱਸਾਂ ਸ਼ਾਮਲ ਹੋਣਗੀਆਂ।ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Our Visitor

1891943