Friday, May 1, 2026
Home Blog Page 2709

ਐਸ.ਪੀ ਬਿਕਰਮਜੀਤ ਨੂੰ ਬਹਾਲ ਕਰਨ ’ਤੇ ਰੰਧਾਵਾ ਨੇ ਦਿੱਤੀ ਸਫ਼ਾਈ

0

ਕਿਹਾ ਕਿ ਬਹਾਲੀ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਨ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਨਵੰਬਰ: ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਉਦੋਂ ਦੇ ਫ਼ਰੀਦਕੋਟ ਦੇ ਐਸ.ਪੀ. (ਡੀ.) ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਹਾਲ ਕਰਨ ਸੰਬੰਧੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸਟ ਕੀਤਾ ਹੈ ਕਿ ਇਹ ਹੁਕਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋੰ ਕੀਤੇ ਗਏ ਸਨ।
ਅੱਜ ਇੱਥੇ ਜਾਰੀ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ, ਵੱਲੋਂ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋੰ ਸਬੰਧਤ ਪੁਲਿਸ ਅਫਸਰ ਦੇ ਹੱਕ ਵਿੱਚ ਨਾ ਲਿਖੇ ਜਾਣ ਦੇ ਬਾਵਜੂਦ ਸਿਰਫ ਇਕ ਇੰਕਰੀਮੈੰਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਗਏ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ 13 ਜੁਲਾਈ 2021 ਨੂੰ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਮੁੱਖ ਮੰਤਰੀ ਨੂੰ ਭੇਜੇ ਆਪਣੇ ਨੋਟ ਵਿੱਚ ਲਿਖਿਆ ਸੀ ਕਿ ਪੜਤਾਲ ਦੌਰਾਨ ਇਹ ਅਫਸਰ ਕੋਈ ਠੋਸ ਸਬੂਤ ਪੇਸ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਆਪਣੀ ਬੇਗੁਨਾਹੀ ਦਾ ਨਵਾਂ ਤੱਥ ਪੇਸ ਕਰ ਸਕਿਆ।ਇਸ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੁਲਾਈ 2021 ਨੂੰ ਬਿਕਰਮਜੀਤ ਸਿੰਘ ਨੂੰ ਸਿਰਫ ਇਕ ਇੰਕਰੀਮੈੰਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਸਨ।

ਨਵਜੋਤ ਸਿੱਧੂ ਨੇ ਏ.ਜੀ ਦਿਓਲ ਨੂੰ ਦਿੱਤਾ ਕਰਾਰਾ ਜਵਾਬ

0

ਸੁਖਜਿੰਦਰ ਮਾਨ
ਚੰਡੀਗੜ੍ਹ, 7 ਨਵੰਬਰ: ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੌਜੂਦਾ ਚੰਨੀ ਸਰਕਾਰ ਨਾਲ ਆਢਾ ਲਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਐਡਵੋਕੇਟ ਜਨਰਲ ਏਪੀਐੱਸ ਦਿਉਲ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਦਿਓਲ ਨੂੰ ਸਿਆਸਤ ਦੀ ਬਜ਼ਾਏ ਅਪਣੇ ਕੰਮ ’ਤੇ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ 12 ਟਵੀਟ ਜਾਰੀ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ‘ਮਿਸਟਰ ਏਜੀ ਪੰਜਾਬ, ਨਿਆਂ ਭਾਵੇਂ ਅੰਨਾ ਹੈ ਪਰ ਪੰਜਾਬ ਦੇ ਲੋਕ ਨਹੀਂ।’ ਸਿੱਧੂ ਨੇ ਅੱਗੇ ਕਿਹਾ ਕਿ ਜਿਸ ਮੁੱਦੇ ਨੂੰ ਮੇਰੇ ਵਲੋਂ ਚੁੱਕਿਆ ਜਾ ਰਿਹਾ ਹੈ, ਕਾਂਗਰਸ ਪਾਰਟੀ ਇਸ ਮੁੱਦੇ ਨੂੰ ਅੱਗੇ ਰੱਖ ਕੇ ਹੀ ਸੱਤਾ ਵਿੱਚ ਆਈ ਸੀ ਪ੍ਰੰਤੂ ਤੁਸੀਂ ਪਹਿਲਾਂ ਬੇਅਦਬੀ ਕੇਸਾਂ ਵਿਚ ਕਥਿਤ ਮੁਲਜਮਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹੋ ਤੇ ਹੁਣ ਉਨ੍ਹਾਂ ਦੇ ਹੱਕ ਵਿਚ ਕਿਸ ਤਰ੍ਹਾਂ ਖੜੋਗੇ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਦੇ ਤਾਬੜਤੋੜ ਹਮਲਿਆਂ ਤੋਂ ਬਾਅਦ ਬੀਤੇ ਕੱਲ ਏ.ਜੀ ਦਿਓਲ ਨੇ ਇੱਕ ਬਿਆਨ ਜਾਰੀ ਕਰਕੇ ਸਿੱਧੂ ਉਪਰ ਬੇਅਦਬੀ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ ਸੀ।

ਸ਼ੀਸ ਮਹਿਲ ਕਲੌਨੀ ਵਾਸੀਆਂ ਵਲੋਂ ਪ੍ਰਬੰਧਕਾਂ ਵਿਰੁਧ ਧਰਨਾ ਜਾਰੀ

0

ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 7 ਨਵੰਬਰ: ਕਲੌਨੀ ’ਚ ਨਹਿਰੀ ਪਾਣੀ ਦੀ ਸਪਲਾਈ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਪ੍ਰਬੰਧਕਾਂ ਵਿਰੁਧ ਸੰਘਰਸ਼ ਵਿੱਢਣ ਵਾਲੇ ਸ਼ੀਸ ਮਹਿਲ ਕਲੌਨੀ ਵਾਸੀਆਂ ਵਲੋਂ ਅੱਜ ਵੀ ਮੁੱਖ ਗੇਟ ’ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਪਿਛਲੇ ਇੱਕ ਮਹੀਨੇ ਤੋਂ ਜਿਆਦਾਤਰ ਕਲੌਨੀ ਵਾਸੀਆਂ ਦੇ ਘਰਾਂ ਉਪਰ ਕਲੌਨੀ ’ਚ ਪਲਾਟ ਖ਼ਰੀਦਣ ਤੋਂ ਪਹਿਲਾਂ ਸੰਪਰਕ ਕਰਨ ਲਈ ਫਲੈਕਸਾਂ ਲਗਾਈਆਂ ਹੋਈਆਂ ਹਨ। ਉਧਰ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਲੌਨੀ ਕਮੇਟੀ ਦੇ ਉਪ ਪ੍ਰਧਾਨ ਸੁਖਪਾਲ ਸਿੰਘ ਸਰਾਂ, ਸੈਕਟਰੀ ਪ੍ਰਸ਼ਾਂਤ ਗਰਗ, ਅਰਵਿੰਦਰ ਸਿੰਘ, ਕੁਲਦੀਪ ਸਿੰਘ ਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਦਰਜ਼ਨਾਂ ਵਾਰ ਲਿਖ਼ਤੀ ਸਿਕਾਇਤ ਕਰਨ ਦੇ ਬਾਵਜੂਦ ਵੀ ਕਲੋਨੀ ਵਿਚ ਧਰਤੀ ਹੇਠਲੇ ਪਾਣੀ ਦੀ ਸਪਲਾਈ ਆ ਰਹੀ ਹੈ, ਜਿਸ ਵਿਚ ਕਈ ਵਾਰ ਸੀਵਰ ਦਾ ਪਾਣੀ ਵੀ ਮਿਲਿਆ ਹੁੰਦਾ ਹੈ। ਇਸ ਤੋਂ ਇਲਾਵਾ ਵਪਾਰਕ ਮੰਤਵ ਲਈ ਛੱਡੀ ਜਗ੍ਹਾਂ ਉਪਰ ਹੁਣ ਫਲੈਟ ਉਸਾਰਣ ਦੀ ਯੋਜਨਾ ਦਾ ਵੀ ਕਲੌਨੀ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਧਰਨੇ ਵਿਚ ਕਲੌਨੀ ਵਾਸੀਆਂ ਦੇ ਨਾਲ ਬੱਚਿਆਂ ਨੇ ਵੀ ਹਿੱਸਾ ਲਿਆ।

ਸਰੂਪ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ’ਤੇ ਚੁੱਕੇ ਸਵਾਲ

0

ਕਿਹਾ, ਸਾਢੇ ਚਾਰ ਸਾਲ ਖ਼ਜਾਨਾ ਖਾਲੀ ਸੀ ਤਾਂ ਹੁਣ ਚੋਣਾਂ ਨੇੜੇ ਕਿਵੇਂ ਭਰਿਆ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ’ਤੇ ਸਵਾਲ ਉਠਾਉਂਦਿਆਂ ਇਸਨੂੰ ਸਿਆਸੀ ਸਟੰਟ ਕਰਾਰ ਦਿੱਤਾ। ਅੱਜ ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਪੈਟਰੋਲ 10 ਰੁਪਏ ਅਤੇ ਡੀਜਲ 5 ਰੁਪਏ ਘਟਾਉਣ ਦੇ ਮਾਮਲੇ ਵਿਚ ਕਿਹਾ ਕਿ ਪਹਿਲਾਂ ਪੌਣੇ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਰੌਲਾ ਪਾਉਣ ਵਾਲੇ ਖਜਾਨਾ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਸਣ ਕਿ ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਪੰਜਾਬੀਆਂ ਲਈ ਕਿਵੇਂ ਰਾਹਤਾਂ ਦੇ ਪਿਟਾਰੇ ਖੁੱਲਣ ਲੱਗੇ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਰਾਹਤ ਦੇਣੀ ਹੀ ਸੀ ਤਾਂ ਪੰਜਾਬ ਜੋ ਸਭ ਤੋਂ ਵੱਧ ਵੈਟ ਟੈਕਸ ਵਸੂਲਦਾ ਹੈ ਉਸ ਵਿੱਚ 50 ਫੀਸਦੀ ਵੈਟ ਘਟਾਉਣ ਦੀ ਰਾਹ ਦਿੰਦੇ ਤਾਂ ਜੋ ਪੈਟਰੋਲ ਅਤੇ ਡੀਜਲ ਵਿੱਚ ਵੱਡੀ ਰਾਹਤ ਮਿਲਦੀ। ਸ਼੍ਰੀ ਸਿੰਗਲਾ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਜੋਜੋ ਜੌਹਲ ’ਤੇ ਵੀ ਨਿਸ਼ਾਨੇ ਕਸਦਿਆਂ ਕਿਹਾ ਕਿ ਨਹਿਰਬੰਦੀ ਕਰਕੇ ਸ਼ਹਿਰ ਵਿਚ ਪਾਣੀ ਦੀ ਕਿੱਲਤ ਹੈ ਪਰੰਤੂ ਸ਼ਹਿਰ ਦੇ ਵਿਧਾਇਕ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਯਤਨ ਨਹੀਂ ਕੀਤੇ ਹੁਣ ਜਦੋਂ ਨਹਿਰਬੰਦੀ ਟੁੱਟਣ ਦਾ ਸਮਾਂ ਆ ਗਿਆ ਤੇ ਪਰਵਾਸੀ ਭਾਈਚਾਰੇ ਦੇ ਪਵਿੱਤਰ ਤਿਉਹਾਰ ਛੱਠ ਪੂਜਾ ਦਾ ਤਿਉਹਾਰ ਆ ਰਿਹਾ ਹੈ ਤਾਂ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਵਿਧਾਇਕਾਂ ਨੂੰ ਇਨ੍ਹਾਂ ਸਮੱਸਿਆਵਾਂ ਪ੍ਰਤੀ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਹੈਰਾਨਗੀ ਹੁੰਦੀ ਹੈ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਸਿਆਸਤ ਹੋ ਰਹੀ ਹੈ।

ਸਿੱਧੂ ਦੇ ਮੁੜ ਹਮਲਾਵਾਰ ਰੁੱਖ ਤੋਂ ਬਾਅਦ ਪੰਜਾਬ ਕਾਂਗਰਸ ’ਚ ਨਵੀਂ ਸਫ਼ਾਬੰਦੀ ਹੋਣ ਲੱਗੀ

0

ਚੰਨੀ ਖੇਮੇ ’ਚ ਮਨਪ੍ਰੀਤ ਬਾਦਲ, ਸਿੰਗਲਾ, ਬ੍ਰਹਮ ਮਹਿੰਦਰਾ, ਰਾਣਾ ਗੁਰਜੀਤ ਤੇ ਰਣਦੀਪ ਨਾਭਾ ਦਿਖ਼ਾਈ ਦੇਣ ਲੱਗੇ
ਮਾਂਝਾ ਬਿ੍ਰਗੇਡ ਪਹਿਲਾਂ ਦੀ ਤਰ੍ਹਾਂ ਇਕਜੁਟ, ਸਿੱਧੂ ਧੜੇ ’ਚ ਪ੍ਰਗਟ ਸਿੰਘ, ਰਾਜਾ ਵੜਿੰਗ ਤੇ ਰਜੀਆ ਡਟੇ

ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ਤੋਂ ਬਾਅਦ ਸੂਬੇ ਦੀ ਚੰਨੀ ਸਰਕਾਰ ’ਚ ਗੁੱਟਬੰਦੀ ਖ਼ਤਮ ਹੋਣ ਦੀ ਬਜ਼ਾਏ ਨਵੀਂ ਕਤਾਰਬੰਦੀ ਹੋਣ ਲੱਗੀ ਹੈ। ਪਹਿਲਾਂ ਜਿੱਥੇ ਕੈਪਟਨ ਅਤੇ ਵਿਰੋਧੀ ਧੜਾ ਹੀ ਪ੍ਰਮੁੱਖ ਸੀ, ਹੁਣ ਉਸ ਪੁਰਾਣੇ ਵਿਰੋਧੀ ਧੜੇ ਅੰਦਰ ਹੋਰ ਧੜੇ ਬਣ ਗਏ ਹਨ। ਜਦਂੋਂਕਿ ਕਾਂਗਰਸ ਛੱਡਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਦਾ ਧੜਾ ਬੇਸਕ ਸਿਮਟਿਆ ਜਰੂਰ ਹੈ ਪ੍ਰੰਤੂ ਹਾਲੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਿਹਾ ਹੈ। ਜਦੋਂਕਿ ਪ੍ਰਤੱਖ ਰੂਪ ਵਿਚ ਕੈਪਟਨ ਵਿਰੁਧ ਚਾਰ ਦਰਜ਼ਨ ਦੇ ਕਰੀਬ ਵਿਧਾਇਕਾਂ ਤੇ ਇੱਕ ਦਰਜ਼ਨ ਮੰਤਰੀਆਂ ਦੀ ਹਿਮਾਇਤ ਵਾਲਾ ਸਿੱਧੂ ਧੜਾ ਹੁਣ ਸਿਮਟਦਾ ਨਜ਼ਰ ਆ ਰਿਹਾ ਹੈ, ਕਿਉਂਕਿ ਕੈਪਟਨ ਨੂੰ ਗੱਦੀਓ ਉਤਾਰਨ ਤੱਕ ਸਿੱਧੂ ਨਾਲ ਚੱਲਣ ਵਾਲੇ ਮੰਤਰੀ ਤੇ ਬਹੁਤੇ ਵਿਧਾਇਕ ਹੁਣ ਪਾਲਾ ਬਦਲ ਗਏ ਹਨ। ਇਸਦੇ ਬਾਵਜੂਦ ਸਿੱਧੂ ਨਾਲ ਪੰਜਾਬ ਕੈਬਨਿਟ ਵਿਚੋਂ ਰਜੀਆ ਸੁਲਤਾਨਾ, ਰਾਜਾ ਵੜਿੰਗ ਤੇ ਪ੍ਰਗਟ ਸਿੰਘ ਮਜਬੂਤੀ ਨਾਲ ਦਿਖ਼ਾਈ ਦਿੰਦੇ ਹਨ। ਜਦੋਂਕਿ ਪਹਿਲਾਂ ਮਾਝਾ ਬਿ੍ਰਗੇਡ ਤੇ ਸਿੱਧੂ ਧੜੇ ਨਾਲ ਜੁੜ ਕੇ ਕੰਮ ਕਰਨ ਵਾਲੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਇੱਕ ਮਜਬੂਤ ਧੜਾ ਬਣ ਗਿਆ ਹੈ। ਇਸ ਧੜੇ ਵਿਚ ਸਭ ਤੋਂ ਪ੍ਰਮੁੱਖ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਬੋਲਦਾ ਹੈ। ਸੂਤਰਾਂ ਮੁਤਾਬਕ ਮਾਝਾ ਬਿ੍ਰਗੇਡ ਤੋਂ ਇਲਾਵਾ ਸਿੱਧੂ ਧੜੇ ਨੂੰ ਵੀ ਮੁੱਖ ਮੰਤਰੀ ਦੀ ਵਿਤ ਮੰਤਰੀ ਉਪਰ ਹੱਦੋ ਵੱਧ ਨਿਰਭਰਤਾ ਕਾਫ਼ੀ ਚੁਭਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਆਨੇ-ਬਹਾਨੇ ਖ਼ਾਲੀ ਖ਼ਜਾਨੇ ਨੂੰ ਲੈ ਕੇ ਵਿਤ ਮੰਤਰੀ ’ਤੇ ਨਿਸ਼ਾਨੇ ਬਿੰਨੇ ਹਨ ਤੇ ਮਨਪ੍ਰੀਤ ਧੜੇ ਵਲੋਂ ਬਠਿੰਡਾ ਸ਼ਹਿਰ ’ਚ ਲਗਾਏ ਪੋਸਟਰਾਂ ਤੇ ਫ਼ਲੈਕਸਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਗਾਇਬ ਹਨ। ਉਜ ਕੈਪਟਨ ਧੜੇ ਨਾਲ ਜੁੜੇ ਰਹੇ ਵਿਧਾਇਕ ਤੇ ਮੰਤਰੀ ਵੀ ਚੰਨੀ ਨਾਲ ਖੜਦੇ ਵਿਖਾਈ ਦਿੰਦੇ ਹਨ। ਦੂਜੇ ਪਾਸੇ ਮਿਲਦੀ-ਮਿਲਦੀ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਦਾ ਗਮ ਹੰਢਾ ਰਹੀ ਮਾਝਾ ਬਿ੍ਰਗੇਡ ਵੀ ਹਾਲੇ ਚੁੱਪ ਕਰਕੇ ਬੈਠੀ ਨਹੀਂ ਦਿਖ਼ਾਈ ਦਿੰਦੀ। ਇਸ ਧੜੇ ਵਿਚ ਤਿੰਨ ਪ੍ਰਭਾਵਸ਼ਾਲੀ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਧਾਇਕ ਵੀ ਹਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੇ ਉਕਤ ਧੜਿਆਂ ਵਿਚ ਸਭ ਤੋਂ ਵੱਡੀ ਸਫ਼ਾਬੰਦੀ ਸਾਲ 2022 ਵਿਚ ਕਾਂਗਰਸ ਪਾਰਟੀ ਦੀ ਜਿੱਤ ਦੀ ਸੂਰਤ ਵਿਚ ਮੁੱਖ ਮੰਤਰੀ ਦੇ ਅਹੁੱਦੇ ਨੂੰ ਲੈ ਕੇ ਚੱਲਦੀ ਦਿਖ਼ਾਈ ਦਿੰਦੀ ਹੈ। ਚਰਨਜੀਤ ਸਿੰਘ ਚੰਨੀ ਅਪਣੀ ਆਮ ਵਿਅਕਤੀ ਵਾਲੀ ਕਾਰਜ਼ਸੈਲੀ ਅਤੇ ਅਪਣੇ ਇੱਕ ਵਿਸੇਸ ਵਰਗ ਨਾਲ ਜੁੜੇ ਹੋਣ ਕਾਰਨ ਅਗਲੇ ਸਾਲ ਵੀ ਮੁੱਖ ਮੰਤਰੀ ਦੇ ਅਹੁੱਦੇ ’ਤੇ ਪਕੜ ਬਣੀ ਰਹਿਣ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ। ਆਉਣ ਵਾਲੇ ਸਮੇਂ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਲਾਲਸਾ ਰੱਖ ਰਹੇ ਕਈ ਵੱਡੇ ਆਗੂਆਂ ਨੂੰ ਵੀ ਚੰਨੀ ਦੇ ਮੁੱਖ ਮੰਤਰੀ ਬਣੇ ਰਹਿਣ ’ਤੇ ਸਿਆਸੀ ਫ਼ਾਈਦਾ ਦਿਖ਼ਾਈ ਦੇ ਰਿਹਾ ਹੈ। ਪ੍ਰੰਤੂ ਨਵਜੋਤ ਸਿੱਧੂ ਵੀ ਹੁਣ ਇੱਕ ਵਾਰ ਮੌਕਾ ਹੱਥੋਂ ਗਵਾਉਣ ਤੋਂ ਬਾਅਦ ਅੰਦਰੋ-ਅੰਦਰੀ ਖੁਦ ਮੁੱਖ ਮੰਤਰੀ ਬਣਨ ਲਈ ਪੂਰੀ ਤਿਆਰੀ ਕਰੀ ਬੈਠੇ ਹਨ ਤੇ ਉਨ੍ਹਾਂ ਅਸਿੱਧੇ ਢੰਗ ਨਾਲ ਬੀਤੇ ਕੱਲ ਪੱਤਰਕਾਰ ਵਾਰਤਾ ਦੌਰਾਨ ਇਸ ਅਹੁੱਦੇ ਲਈ ਪੁੱਛੇ ਸਵਾਲ ਦੇ ਜਵਾਬ ਵਿਚ ਲੋਕਾਂ ਦੀ ਪਸੰਦ ਨੂੰ ਮੁੱਖ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਮਾਝਾ ਬਿ੍ਰਗੇਡ ਵਿਚ ਸ਼ਾਮਲ ਦੋ ਪ੍ਰਮੁੱਖ ਵਜ਼ੀਰ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਫ਼ੀ ਹੱਦ ਤੱਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੀ ਇਸ ਕੁਰਸੀ ਲਈ ਅੰਦਰਖ਼ਾਤੇ ਜੋੜ ਤੋੜ ਕਰਦੇ ਵਿਖ਼ਾਈ ਦਿੰਦੇ ਹਨ। ਸ: ਰੰਧਾਵਾ ਜਿੱਥੇ ਸਾਬਕਾ ਮੁੱਖ ਮੰਤਰੀ ਵਿਰੁਧ ਕਾਫ਼ੀ ਹਮਲਾਵਾਰ ਦਿਖ਼ਾਈ ਦੇ ਰਹੇ ਹਨ, ਉਥੇ ਉਹ ਅਪਣੇ ਗੁੱਟ ਨੂੰ ਹੋਰ ਮਜਬੂਤ ਕਰਨ ਵਿਚ ਲੱਗੇ ਹੋਏ ਹਨ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਉਸ ਸਮੇਂ ਹੋਰ ਤੇਜ਼ ਹੁੰਦੀ ਵਿਖ਼ਾਈ ਦੇਵੇਗੀ, ਜਦ ਟਿਕਟਾਂ ਦੀ ਵੰਡ ਦਾ ਮਸਲਾ ਆਵੇਗਾ, ਕਿਉਂਕਿ ਜਿਸ ਧੜੇ ਕੋਲ ਵੱਧ ਵਿਧਾਇਕ ਹੋਣਗੇ, ਉਸਦੀ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਮਜਬੂਤ ਮੰਨੀ ਜਾਵੇਗੀ। ਅਜਿਹੀ ਹਾਲਾਤ ’ਚ ਪੰਜਾਬ ਦੇ ਸਿਆਸੀ ਹਾਲਾਤ ਆਉਣ ਵਾਲੇ ਦਿਨਾਂ ’ਚ ਕਾਫ਼ੀ ਬਦਲਦੇ ਹੋਏ ਨਜ਼ਰ ਆ ਸਕਦੇ ਹਨ।

ਅਸਤੀਫ਼ੇ ਤੋਂ ਬਾਅਦ ਏਜੀ ਦਿਓਲ ਨੇ ਸਿੱਧੂ ’ਤੇ ਬੋਲਿਆ ਵੱਡਾ ਹਮਲਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 6 ਨਵੰਬਰ: ਦੋ ਦਿਨ ਪਹਿਲਾਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਐਡਵੋਕੇਟ ਏਪੀਐਸ ਦਿਓਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ’ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਸਿੱਧੂ ਉਪਰ ਅਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਚੰਨੀ ਸਰਕਾਰ ਅਤੇ ਏਜੀ ਦਫਤਰ ਦੇ ਕੰਮਾਂ ਵਿਚ ਰੁਕਾਵਟਾਂ ਪਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਦੀ ਨਿੱਤ ਦਿਨ ਦੀ ਬਿਆਨਬਾਜ਼ੀ ਨਾਲ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਡਵੋਕੇਟ ਦਿਓਲ ਨੇ ਚੰਨੀ ਸਰਕਾਰ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਨਵਜੋਤ ਸਿੱਧੂ ਸਿਆਸੀ ਲਾਹਾ ਲੈਣ ਲਈ ਗਲਤ ਬਿਆਨਬਾਜੀ ਕਰ ਰਹੇ ਹਨ।

ਤੇਲ ਟੈਕਸਾਂ ’ਚ ਕਟੌਤੀ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਨੇ ਕੀਤਾ ਰੋਸ਼ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਚੰਡੀਗੜ੍ਹ, 6 ਨਵੰਬਰ: ਫ਼ਸਲ ਦੀ ਤਬਾਹੀ ਹੇਠ ਆਏ ਕਿਸਾਨਾਂ ਲਈ ਮੁਆਵਜ਼ੇ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦੀ ਮੰਗ ਦੇ ਨਾਲ-ਨਾਲ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉੱਚ-ਅਹੁਦਿਆਂ ਨਾਲ ਨਿਵਾਜ਼ੇ ਜਾਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਚੰਨੀ ਸਰਕਾਰ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਦਾ ਘਿਰਾਓ ਕਰਨ ਲਈ ਅੱਗੇ ਵਧਣ ’ਤੇ ਅਕਾਲੀਆਂ ਨਾਲ ਪੁਲਿਸ ਦੀ ਝੜਪ ਹੋ ਗਈ। ਇਸ ਮੌਕੇ ਹੋਏ ਲਾਠੀਚਾਰਜ਼ ਵਿਚ ਕਈ ਅਕਾਲੀ ਵਰਕਰਾਂ ਦੇ ਜਖ਼ਮੀ ਹੋਣ ਦੀ ਵੀ ਸੂਚਨਾ ਹੈ। ਪੁਲਿਸ ਨੇ ਸੈਕੜੇ ਅਕਾਲੀਆਂ ਨੂੰ ਗਿ੍ਰਫਤਾਰ ਕਰ ਲਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਦੇ ਲਈ ਕਾਂਗਰਸ ਸਰਕਾਰ ਕੰਨ ਬੰਦ ਕਰਕੇ ਬੈਠੀ ਹੋਈ ਹੈ। ਇਸ ਦੌਰਾਨ ਮੁਜਾਹਰਾਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ’ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਤੇਲ ਦੀਆਂ ਕੀਮਤਾਂ ’ਚ ਵੱਡਾ ਅੰਤਰ ਹੋਣ ਦੇ ਚੱਲਦਿਆਂ ਵੈਟ ’ਚ ਕਟੌਤੀ ਕੀਤੀ ਜਾਵੇ। ਇਸੇ ਤਰ੍ਹਾਂ ਸਿੱਖ ਦੰਗਿਆਂ ਦੀ ਨਿਖੇਧੀ ਦਾ ਮਤਾ ਵੀ ਪੰਜਾਬ ਵਿਧਾਨ ਸਭਾ ਦੇ ਵਿਸੇਸ ਸੈਸ਼ਨ ਵਿਚ ਲਿਆਂਦਾ ਜਾਵੇ।

ਚੰਨੀ ਸਰਕਾਰ ਨੂੰ ਘੇਰਣ ਤੋਂ ਬਾਅਦ ਨਵਜੋਤ ਸਿੱਧੂ ਬੁਰਜ ਜਵਾਹਰ ਸਿੰਘ ਪੁੱਜੇ

0

ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਮਿਲੇ
ਸੁਖਜਿੰਦਰ ਮਾਨ
ਫ਼ਰੀਦਕੋਟ, 6 ਨਵੰਬਰ: ਬੀਤੇ ਕੱਲ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿਚ ਕਟਿਹਰੇ ਵਿਚ ਖੜੇ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਅਚਾਨਕ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜੇ। ਇਸ ਪਿੰਡ ਵਿਚੋਂ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਚੋਰੀ ਹੋਣ ਤੋਂ ਬਾਅਦ ਬੇਅਦਬੀ ਦਾ ਮੁੱਢ ਬੱਝਿਆ ਸੀ। ਇਸ ਮੌਕੇ ਨਵਜੋਤ ਸਿੱਧੂ ਨੇ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਪਾਠ ਸਰਵਣ ਕਰਨ ਤੋਂ ਇਲਾਵਾ ਬੇਅਦਬੀ ਦੇ ਦੋਸ਼ੀਆਂ ਦੀ ਸਜ਼ਾਵਾਂ ਲਈ ਅਰਦਾਸ ਕੀਤੀ। ਬਾਅਦ ਵਿਚ ਕੀਤੇ ਇੱਕ ਟਵੀਟ ਰਾਹੀਂ ਉਨ੍ਹਾਂ ਦਾਅਵਾ ਕੀਤਾ ਕਿ ‘ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜਾ ਮਿਲਣ ਦੀ ਅਰਦਾਸ ਕੀਤੀ ਹੈ। ’ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੱਕ ਟਿਕ ਕੇ ਨਾ ਬੈਠਣ ਦਾ ਅਹਿਦ ਦੁਹਰਾਇਆ। ਇਸ ਮੌਕੇ ਗੁਰਦੂਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਤਸਦੱਦ ਹੋਣ ਕਾਰਨ ਮਾਲੀ ਇਮਦਾਦ ਦੇਣ ਦੇ ਕੀਤੇ ਵਾਅਦੇ ਦੇ ਪੂਰੇ ਨਾ ਹੋਣ ਦਾ ਰੋਸ਼ ਵੀ ਜਤਾਇਆ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇੱਕ ਵਾਰ ਸ਼੍ਰੀ ਸਿੱਧੂ ਇੱਥੇ ਪੁੱਜੇ ਸਨ। ਹੁਣ ਉਨ੍ਹਾਂ ਚੰਨੀ ਸਰਕਾਰ ਉਪਰ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਦਮ ਨਾ ਚੁੱਕਣ ਬਾਰੇ ਸਵਾਲ ਚੁੱਕੇ ਸਨ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਇੱਕ ਸਮਾਗਮ ਵਿਚ ਬੇਅਦਬੀ ਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਚਨਵਧਤਾ ਮੁੜ ਦੁਹਰਾਈ ਹੈ।

ਸਿੱਧੂ ਦੇ ਹਮਲਾਵਾਰ ਰੁੱਖ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਪਲਟਵਾਰ

0

ਮੁੱਖ ਮੰਤਰੀ ਚੰਨੀ ਵਲੋਂ ਸਿੱਧੂ ਨੂੰ ਮੋੜਵਾਂ ਜਵਾਬ, ਬੇਅਦਬੀ ਦੇ ਦੋਸ਼ੀਆਂ ਤੇ ਨਸ਼ੇ ਦੇ ਸੌਦਾਗਰਾਂ ਨਹੀਂ ਬਖ਼ਸੇ ਜਾਣਗੇ
ਐਸ.ਟੀ.ਐਫ ਦੀ ਜਾਂਚ ਸਹੀ ਰਾਹ ‘ਤੇ ਤੇਜੀ ਨਾਲ ਚੱਲ ਰਹੀ ਹੈ
ਡਰੱਗ ਮਾਫੀਆ ਖਿਲਾਫ ਰਿਪੋਰਟ ਖੁਲਣ ਨਾਲ ਨਸ਼ੇ ਦੇ ਵੱਡੇ ਸੌਦਾਗਰਾਂ ਦਾ ਹੋਵੇਗਾ ਪਰਦਾਫਾਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 6 ਨਵੰਬਰ: ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੰਗ ਫ਼ਸਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੁਣ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਕਰਾਰ ਵਧਣ ਲੱਗੀ ਹੈ। ਬੀਤੇ ਕੱਲ ਅਸਿੱਧੇ ਢੰਗ ਨਾਲ ਅਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਣ ਵਾਲੇ ਸ: ਸਿੱਧੂ ਵਲੋਂ ਅੱਜ ਅਚਾਨਕ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜ ਜਾਣ ਤੋਂ ਬਾਅਦ ਕਾਂਗਰਸ ਸਰਕਾਰ ਲਈ ਬਣਦੀ ਜਾ ਰਹੀ ਔਖੀ ਸਥਿਤੀ ਨੂੰ ਭਾਂਪਦਿਆਂ ਹੁਣ ਮੁੱਖ ਮੰਤਰੀ ਚੰਨੀ ਨੇ ਵੀ ਮੋੜਵਾ ਜਵਾਬ ਦਿੱਤਾ ਹੈ। ਅੱਜ ਬੇਲਾ-ਪਨਿਆਲੀ ਸੜਕ ਅਤੇ ਸੱਤਲੁਜ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਰੱਖੇ ਰਾਜ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਿੱਟ ਦੀ ਜਾਂਚ ਸਹੀ ਰਾਹ ‘ਤੇ ਤੇਜੀ ਨਾਲ ਚੱਲ ਰਹੀ ਹੈ ਅਤੇ ਜਲਦ ਕਾਰਵਾਈ ਹੋਵੇਗੀ। ਹਾਲਾਂਕਿ ਉਨ੍ਹਾਂ ਅਪਣੇ ਭਾਸਣ ਵਿਚ ਸਿੱਧੂ ਦਾ ਨਾਮ ਤਾਂ ਨਹੀਂ ਲਿਆ ਪ੍ਰੰਤੂ ਇਸ਼ਾਰਿਆਂ-ਇਸ਼ਾਰਿਆਂ ਵਿਚ ਉਨ੍ਹਾਂ ਨੂੰ ਸੁਣਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ‘‘ਮੈਂ ਗਰੀਬ ਜਰੂਰ ਹਾਂ ਪਰ ਕਮਜੋਰ ਨਹੀਂ।’’ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਧੱਕਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਡਰੱਗ ਮਾਫੀਆ ਖਿਲਾਫ ਰਿਪੋਰਟ ਖੁਲਣ ਨਾਲ ਕਈ ਨਸ਼ੇ ਦੇ ਕਈ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਹਰ ਫੈਸਲਾ ਪੂਰੀ ਇਮਾਨਦਾਰੀ ਅਤੇ ਦਿ੍ਰੜਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਿ੍ਰਸ਼ਟਾਚਾਰ ਖਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਵਚਨਬੱਧ ਹਨ।ਮੁੱਖ ਮੰਤਰੀ ਨੇ ਕਿਹਾ ਸਾਫ ਸੁਥਰੇ ਪ੍ਰਸ਼ਾਸਨ ਦੀ ਮਿਸਾਲ ਇਸ ਬਾਰ ਦਿਵਾਲੀ ਨੂੰ ਦੇਖਣ ਨੂੰ ਮਿਲੀ ਜਦੋਂ ਦੁਕਾਨਦਾਰਾਂ ਕੋਲੋਂ ਕੋਈ ਪੈਸੇ ਮੰਗਣ ਨਹੀਂ ਗਿਆ ਅਤੇ ਨਾ ਹੀ ਕਿਸੇ ਨੂੰ ਤੰਗ ਪੇ੍ਰਸ਼ਾਨ ਕੀਤਾ ਗਿਆ।
ਮੁੱਖ ਮੰਤਰੀ ਚੰਨੀ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ ਅਤੇ ਨਿੱਜੀ ਸੁਆਰਾਥਾਂ ਵਾਲੀ ਰਾਜਨੀਤੀ ਨੂੰ ਪਹਿਲ ਦਿੱਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਨੇ ਹਮੇਸ਼ਾ ਹੀ ਜਾਤ-ਪਾਤ ਅਤੇ ਧਰਮ ਦੇ ਨਾਮ ‘ਤੇ ਵੰਡੀਆਂ ਪਾ ਕੇ ਸਮਾਜ ਵਿਚ ਨਫਰਤ ਦੀ ਗੰਦੀ ਰਾਜੀਨਤੀ ਖੇਡੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸੱਤਾ ਵਿਚ ਹੋਣ ਮੋਕੇ ਉਨ੍ਹਾਂ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਣ ਵਾਲੇ ਥੀਮ ਪਾਰਕ ਦੇ ਨਿਰਮਾਣ ਕਾਰਜ ਨੁੰ ਪੂਰਾ ਕਰਨ ਲਈ ਕਈ ਬਾਰ ਬੇਨਤੀ ਕੀਤੀ, ਪਰ ਆਕਲੀਆਂ ਨੇ ਕਦੇ ਵੀ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਲਕਿ ਥੀਮ ਪਾਰਕ ਦੇ ਨਿਰਮਾਣ ਵਿਚ ਰੋੜੇ ਅੜਕਾਏ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਈ ਨਕਲੀ ਆਮ ਆਦਮੀ ਸਿਰਫ ਰਾਜਨੀਤੀ ਚਮਕਾਉਣ ਲਈ ਤੁਰੇ ਫਿਰਦੇ ਹਨ, ਜਿੰਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਤੱਕ ਦੀ ਸਮਝ ਵੀ ਨਹੀਂ।ਅਜਿਹੇ ਲੋਕ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਝੂਠੇ ਸਬਜਬਾਗ ਦਿਖਾ ਕੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਅਤੇ ਤਾਜ਼ਗੀ ਕਾਰਨ ਉਹ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਣ ਗਏ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਗਰੀਬ ਲੋਕਾਂ ਦੀਆਂ ਲੋੜਾਂ ਅਤੇ ਦਰਦ ਦਾ ਪਤਾ ਹੈ ਕਿਉਂਕਿ ਉਨਾਂ ਨੇ ਖੁਦ ਗਰੀਬੀ ਹੰਢਾਈ ਹੈ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲਏ ਜਾ ਰਹੇ ਲੋਕ ਪੱਖੀ ਫੈਸਲੇ ਇਸ ਦੀ ਮਿਸਾਲ ਹਨ ਜਿੰਨਾਂ ਵਿਚ ਹਰ ਵਰਗ ਦੇ ਲੋਕਾਂ ਦੀਆਂ ਜਮੀਨੀ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਸ਼੍ਰੀ ਦਰਸ਼ਨ ਲਾਲ ਮੰਗੂਪੁਰੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਤੱਕ ਹਰ ਇੱਕ ਦੀ ਪਹੁੰਚ ਹੈ ਜਿਸ ਦੇ ਚਲਦਿਆਂ ਸਮਾਜ ਦੇ ਸਭ ਵਰਗਾਂ ਦੀ ਸੁਣਵਾਈ ਕਰਕੇ ਸਿੱਧੇ ਮਸਲੇ ਹੱਲ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਚੰਨੀ ਨੇ 114 ਕਰੋੜ ਰੁਪਏ ਦੀ ਲਾਗਤ ਵਾਲੇ ਸਤਲੁਜ ਦਰਿਆ ‘ਤੇ ਬਨਣ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ

0

ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਰਹੇ ਮੌਜੂਦ
 ਮੁੱਖ ਮੰਤਰੀ ਨੇ ਫ਼ਤਿਹਗੜ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰੀ ਮਾਰਗ ਰੱਖਣ ਦਾ ਕੀਤਾ ਐਲਾਨ
ਸ੍ਰੀ ਚਮਕੌਰ ਸਾਹਿਬ ਤੇ ਖਰੜ ਵਿਖੇ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10-10 ਕਰੋੜ ਰੁਪਏ ਦੇਣ ਦਾ ਐਲਾਨ
ਸੁਖਜਿੰਦਰ ਮਾਨ

ਸ੍ਰੀ ਚਮਕੌਰ ਸਾਹਿਬ, 6 ਨਵੰਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਸਤਲਜੁ ਦਰਿਆ ‘ਤੇ 114 ਕਰੋੜ ਰੁਪਏ ਦੀ ਲਾਗਤ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਨਿੱਜੀ ਤੌਰ ‘ਤੇ ਮੁੱਖ ਮੰਤਰੀ ਬਨਣ ਨਾਲੋ ਵੀ ਵੱਡਾ ਦਿਨ ਹੈ ਕਿਉਂਕਿ ਇਹ ਪੁਲ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੁਲੱਣਗੇ।ਇਸ ਇਲਾਕੇ ਵਿਚ ਉਦਯੋਗ ਲੱਗਣਗੇ ਅਤੇ ਲੋਕਾਂ ਲਈ ਵਪਾਰ ਦੇ ਦਰਵਾਜੇ ਖੁੱਲਣ ਨਾਲ ਆਰਥਿਕ ਖੁਸ਼ਹਾਲੀ ਆਵੇਗੀ।ਇਸ ਪੁਲ ਦੇ ਨਿਰਮਾਣ ਅਤੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20-25 ਕਿਲੋਮੀਟਰ ਘੱਟ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸੱਤਲੁਜ ਦਰਿਆ ਉੱਤੇ ਬਨਣ ਵਾਲਾ ਇਹ ਪੁਲ 12 ਮੀਟਰ ਚੌੜਾ ਅਤੇ 1188 ਮੀਟਰ ਲੰਬਾ ਅਤੇ ਇਸ ਦੇ ਨਾਲ ਹੀ ਬਿਸਤ-ਦੁਆਬ ਨਹਿਰ ਉੱਤੇ 42 ਮੀਟਰ ਲੰਬਾ ਇੱਕ ਹੋਰ ਪੁਲ ਬਣੇਗਾ, ਜਿਸ ‘ਤੇ 10 ਕਰੋੜ ਰੁਪਏ ਖਰਚ ਆਵੇਗਾ।ਮੁੱਖ ਮੰਤਰੀ ਅੱਗੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੇ ਤਿੰਨ ਸ਼ਹਿਰਾਂ ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਨਾਲ ਜੋੜਨ ਇਸ ਵਾਲੀ ਸੜਕ ਦਾ ਨਾਮ ਮਾਤਾ ਗੁਜਰ ਕੌਰ ਮਾਰਗ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਮੀਨ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਅਗਲੇ 6 ਮਹੀਨੇ ਦੇ ਅੰਦਰ ਅੰਦਰ ਪੁੱਲ ਦਾ ਢਾਂਚਾ ਖੜਾ ਕਰ ਲਿਆ ਜਾਵੇਗਾ ਅਤੇ ਡੇਢ ਸਾਲ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਖੀ ਸਿੱਖਿਆ ਪ੍ਰਦਾਨ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਵਿਖੇ ਇਸ ਮਾਰਗ ਉਪਰ 500 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵੀ ਉਸਾਰੀ ਅਧੀਨ ਹੈ, ਜਿਸ ਦੀ ਪਹਿਲੀ ਬਿਲਡਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਪ੍ਰੋਜੈਕਟ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਹਰਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਕੈਬਨਿਟ ਮੰਤਰੀ ਸਨ ਉਦੋਂ ਤੋਂ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਪੁਲ ਅਤੇ ਸੜਕ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਬਹੁਤ ਮੱਦਦ ਕੀਤੀ ਹੈ।
ਇਸ ਮੌਕੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੀ ਚਮਕੌਰ ਸਾਹਿਬ ਅਤੇ ਖਰੜ ਵਿਖੇ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10-10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 82 ਅਸਥਾਈ ਲਿੰਕ ਰਸਤਿਆਂ ਨੂੰ 90 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੀਨਿਆਂ ਵਿਚ ਪੱਕਾ ਕੀਤਾ ਜਾਵੇਗਾ।
ਇਸ ਮੌਕੇ ਪ੍ਰੋਜੈਕਟ ਦੀਆਂ ਤਕਨੀਕੀ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 114.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਗ੍ਰੀਨ ਫੀਲਡ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਨਵਾਂ ਲਿੰਕ ਰੂਟ 8.1 ਕਿਲੋਮੀਟਰ ਲੰਬਾ ਅਤੇ 7 ਮੀਟਰ ਚੌੜਾ ਮੈਟਲ ਰੋਡ ਹੋਵੇਗਾ।ਇਸ ਤੋਂ ਇਲਾਵਾ 23 ਕਲਵਰਟ, ਬੇਲਾ ਚੌਕ ਵਿਖੇ ਰੋਟਰੀ ਜੰਕਸ਼ਨ ਅਤੇ 2 ਬੱਸ ਸ਼ੈਲਟਰ ਹੋਣਗੇ। ਪੁਲਾਂ ਦੀ ਲਾਗਤ 71 ਕਰੋੜ ਰੁਪਏ ਅਤੇ ਸੜਕ ਦੇ ਹਿੱਸੇ ਦੀ ਲਾਗਤ 25 ਕਰੋੜ ਰੁਪਏ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਦਰਸ਼ਨ ਲਾਲ ਮੰਗੂਪੁਰੀਆ, ਸਾਬਕਾ ਵਿਧਾਇਕ ਭਾਗ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਆਈ.ਜੀ ਰੋਪੜ ਰੇਂਜ ਸ਼੍ਰੀ ਅਰੁਨ ਕੁਮਾਰ ਮਿੱਤਲ, ਚੀਫ ਇੰਜਨੀਆਰ ਲੋਕ ਨਿਰਾਮਾਣ ਵਿਭਾਗ ਪਰਮ ਜੋਤੀ ਅਰੋੜਾ, ਐਸ.ਐਸ.ਪੀ ਰੂਪਨਗਰ ਵਿਕਾਸ ਸੋਨੀ ਤੋਂ ਇਲਵਾ ਇਲਾਕੇ ਦੇ ਕਈ ਮੋਹਤਬਰ ਆਗੂ ਵੀ ਮੌਜੂਦ ਸਨ।

Our Visitor

1891688