Friday, May 1, 2026
Home Blog Page 2710

29 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ

0

ਸ਼੍ਰੋਮਣੀ ਕਮੇਟੀ ਤਰਨ ਤਾਰਨ ਤੇ ਕਰਤਾਰਪੁਰ ਵਿਖੇ ਚਾਰ ਸੌ ਸਿੱਖ ਬੱਚੀਆਂ ਨੂੰ ਮੁਫ਼ਤ ਵਿੱਦਿਆ ਦੇਵੇਗੀ -ਬੀਬੀ ਜਗੀਰ ਕੌਰ
ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਲਦ ਹੋਵੇਗੀ ਸ਼ੁਰੂ-ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਲਏ ਕਈ ਅਹਿਮ ਫੈਸਲੇ

ਸੁਖਜਿੰਦਰ ਮਾਨ
ਚੰਡੀਗੜ੍ਹ, 6 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਸਾਲਾਨਾ ਚੋਣ 29 ਨਵੰਬਰ ਨੂੰ ਕੀਤੀ ਜਾਵੇਗੀ। ਇਸ ਸਬੰਧ ਵਿਚ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਵਿਖੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1:00 ਵਜੇ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਇਥੇ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਹਰ ਸਾਲ ਨਵੰਬਰ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ, ਜਿਸ ਸਬੰਧ ਵਿਚ 21 ਦਿਨ ਪਹਿਲਾਂ ਘੋਸ਼ਣਾ ਜ਼ਰੂਰੀ ਹੁੰਦੀ ਹੈ। ਇਸ ਵਾਰ 29 ਨਵੰਬਰ ਨੂੰ ਜਨਰਲ ਹਾਊਸ ਦੌਰਾਨ ਇਹ ਚੋਣ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਜਾਵੇਗੀ। ਇਸੇ ਦੌਰਾਨ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਹੋਰ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਰਨ ਤਾਰਨ ਵਿਖੇ 200 ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਕੇਂਦਰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਮਾਝਾ ਖੇਤਰ ਦੀਆਂ ਲੋੜਵੰਦ ਅਤੇ ਹੁਸ਼ਿਆਰ ਸਿੱਖ ਲੜਕੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਦੁਆਬਾ ਖੇਤਰ ਵਿਚ ਮਾਤਾ ਗੁਜਰੀ ਜੀ ਕਾਲਜ ਕਰਤਾਰਪੁਰ ਵਿਖੇ 200 ਬੱਚੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਮਾਲਵਾ ਇਲਾਕੇ ਵਿਚ ਤਖ਼ਤ ਸ੍ਰੀ ਦਮਦਮਾ ਸਾਹਬ ਵਿਖੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ 200 ਲੜਕੀਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾਵੇਗੀ, ਉਨ੍ਹਾਂ ਦੇ ਹੋਸਟਲ ਅਤੇ ਖਾਣੇ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਇਕ ਹੋਰ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਸੰਸਥਾ ਵੱਲੋਂ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਜਲਦ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਕੈਨੇਡਾ ਭੇਜੇ ਗਏ ਵਫ਼ਦ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਸ ਅਨੁਸਾਰ ਜਲਦ ਹੀ ਪ੍ਰੈੱਸ ਲਗਾਉਣ ਲਈ ਅਮਲ ਆਰੰਭਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੈਨੇਡਾ ਵਿਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ 70 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦੀ ਹਰ ਰਾਇ ਨੂੰ ਵਾਚਣ ਉਪਰੰਤ ਪ੍ਰੈੱਸ ਲਗਾਉਣ ਲਈ ਸਥਾਨ ਨਿਰਧਾਰਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਚਾਰ ਥਾਵਾਂ ਤੋਂ ਪੈ੍ਰੱਸ ਲਈ ਜ਼ਮੀਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਬਾਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਵਿਚਾਰ ਵਿਟਾਂਦਰੇ ਮਗਰੋਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਬਾਅਦ ਯੂਰਪ, ਆਸਟ੍ਰੇਲੀਆ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਯਨਤ ਕੀਤੇ ਜਾਣਗੇ।
ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਟਿਕਰੀ ਬਾਰਡਰ ਵਿਖੇ ਬੀਤੇ ਦਿਨੀ ਟਿੱਪਰ ਹੇਠ ਆ ਕੇ ਚਲਾਣਾ ਕਰ ਗਈਆਂ ਤਿੰਨ ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦਿੱਤੇ ਜਾਣਗੇ। ਇਸ ਤਰ੍ਹਾਂ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਸਬੰਧੀ 15 ਨਵੰਬਰ 2021 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ਾਲ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦਾ 100 ਸਾਲਾ ਸਫ਼ਰ ਸ਼ਾਨਾਮੱਤਾ ਰਿਹਾ ਹੈ ਅਤੇ ਇਸ ਦੌਰਾਨ ਸੰਸਥਾ ਨੇ ਬੜੀ ਬਿਹਤਰੀ ਦੇ ਨਾਲ ਸਿੱਖ ਮਸਲਿਆਂ ਦੀ ਪੈਰਵਾਈ ਕਰਨ ਦੇ ਨਾਲ-ਨਾਲ ਗੁਰਦੁਆਰਾ ਪ੍ਰਬੰਧਾਂ ਨੂੰ ਪੰਥਕ ਭਾਵਨਾਵਾਂ ਨਾਲ ਅੱਗੇ ਵਧਾਇਆ ਹੈ।
ਅੱਜ ਦੀ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਇਕ ਸਾਲ ਦੇ ਕਾਰਜਕਾਲ ਦੌਰਾਨ ਸਹਿਯੋਗ ਕਰਨ ਲਈ ਕਮੇਟੀ ਮੈਂਬਰ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਬੀਬੀ ਜਗੀਰ ਕੌਰ ਵੱਲੋਂ ਬੀਤੇ ਇਕ ਸਾਲ ਵਿਚ ਕੀਤੇ ਗਏ ਬਿਹਤਰ ਕਾਰਜਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਅਤੇ ਕਿਸਾਨੀ ਸੰਘਰਸ਼ ਦੇ ਨਾਲ-ਨਾਲ ਕੋਰੋਨਾ ਸਮੇਂ ਨਿਭਾਈਆਂ ਸੇਵਾਵਾਂ ਨੂੰ ਯਾਦਗਾਰੀ ਦੱਸਿਆ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਬਲਦੇਵ ਸਿੰਘ ਚੂੰਘਾਂ, ਸ. ਨਵਤੇਜ ਸਿੰਘ ਕਾਉਣੀ, ਸ. ਅਜਮੇਰ ਸਿੰਘ ਖੇੜਾ, ਸ. ਭੁਪਿੰਦਰ ਸਿੰਘ ਭਲਵਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬੀਬੀ ਮਲਕੀਤ ਕੌਰ ਕਮਾਲਪੁਰ, ਸ. ਹਰਭਜਨ ਸਿੰਘ ਮਸਾਣਾਂ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਸੁਲੱਖਣ ਸਿੰਘ ਭੰਗਾਲੀ, ਸ. ਲਖਬੀਰ ਸਿੰਘ, ਡਾ. ਸੁਖਬੀਰ ਸਿੰਘ ਆਦਿ ਹਾਜ਼ਰ ਸਨ।

ਸਿੱਧੂ ਵਲੋਂ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ

0

ਪ੍ਰੰਤੂ ਡੀਜੀਪੀ ਤੇ ਏਜੀ ਬਦਲੇ ਜਾਣ ਤੋਂ ਬਾਅਦ ਹੀ ਕਾਂਗਰਸ ਭਵਨ ਆਉਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਨਵੰਬਰ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਚਰਚਾ ਵਿਚ ਚੱਲੇ ਆ ਰਹੇ ਨਵਜੋਤ ਸਿੰਘ ਸਿੱਧੂ ਨੇ ਅੱਜ ਬੇਸ਼ੱਕ ਅਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਪ੍ਰੰਤੂ ਨਾਲ ਹੀ ਇਹ ਵੀ ਕਿਹਾ ਕਿ ਜਿੰਨ੍ਹਾਂ ਸਮਾਂ ਚੰਨੀ ਸਰਕਾਰ ਵਲੋਂ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਐਡਵੋਕੇਟ ਜਨਰਲ ਏ.ਐਸ.ਦਿਊਲ ਨੂੰ ਨਹੀਂ ਬਦਲਿਆਂ ਜਾਂਦਾ ਤਦ ਤਕ ਉਹ ਕਾਂਗਰਸ ਭਵਨ ਨਹੀਂ ਜਾਣਗੇ। ਅੱਜ ਇੱਥੇ ਲੰਮੇ ਸਮੇਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿਚ ਸਿੱਧਾ ਅਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਦਿਆਂ ਸਿੱਧੂ ਨੇ ਉਕਤ ਦੋਨਾਂ ਅਧਿਕਾਰੀਆਂ ਨੂੰ ਨਿਯੁਕਤ ਕਰਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ‘‘ ਇਹ ਉਨ੍ਹਾਂ ਦਾ ਨਹੀਂ, ਬਲਕਿ ਪੂਰੇ ਪੰਜਾਬੀਆਂ ਦਾ ਵਿਸਵਾਸ ਉਠਿਆ ਹੈ। ’’ ਉਨ੍ਹਾਂ ਕਿਹਾ ਕਿ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਕਿਹਾ ਜਾਦਾ ਸੀ ਕਿ ਐਸ.ਐਸ.ਪੀ ਬਾਦਲ ਲਗਵਾਉਂਦੇ ਹਨ ਪ੍ਰੰਤੂ ਹੁਣ ਸਵਾਲ ਇਹ ਹੈ ਕਿ ਕੀ ਡੀਜੀਪੀ ਤੇ ਏਜੀ ਨੂੰ ਬਾਦਲਾਂ ਨੇ ਲਗਵਾਇਆ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਦੁਹਰਾਈ

0

ਕਿਹਾ ਕਿ ‘ਪੰਜਾਬ ਵਿਚ ਹੁਣ ਸਹੀ ਮਾਅਨਿਆਂ ਵਿਚ ਆਮ ਲੋਕਾਂ ਦੀ ਸਰਕਾਰ’
111ਵੇਂ ਵਿਸ਼ਵਕਰਮਾ ਪੂਜਾ ਉਤਸਵ ਮੌਕੇ ਫਗਵਾੜਾ ਦੇ ਵਿਸ਼ਵਕਰਮਾ ਮੰਦਿਰ ਵਿਖੇ ਹੋਏ ਨਤਮਸਤਕ
ਸੁਖਜਿੰਦਰ ਮਾਨ
ਫਗਵਾੜਾ, (ਕਪੂਰਥਲਾ),5 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬ ਨੂੰ “ਦੇਸ਼ ਦੀ ਸੋਨੇ ਦੀ ਚਿੜੀ” ਵਜੋਂ ਵਿਕਸਿਤ ਕੀਤਾ ਜਾਵੇਗਾ। ਅੱਜ ਇੱਥੇ ਵਿਸ਼ਵਕਰਮਾ ਮੰਦਿਰ ਵਿਖੇ 111ਵੇਂ ਵਿਸ਼ਵਕਰਮਾ ਪੂਜਾ ਉਤਸਵ ਮੌਕੇ ਵਿਸ਼ਵਕਰਮਾ ਦਿਵਸ ਮੌਕੇ ਸ਼ਿਲਪਕਾਰਾਂ,ਕਾਮਿਆਂ,ਕਿਰਤੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਸੂਬਾ ਤਰੱਕੀ ਦੀ ਰਾਹ ’ਤੇ ਪੈ ਗਿਆ ਹੈ ਅਤੇ ਵਿਆਪਕ ਯੋਜਨਾਬੰਦੀ ਰਹੀਂ ਇਸਦਾ ਚਹੁੰਮੁਖੀ ਵਿਕਾਸ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਉਨਾਂ ਦਾ ਪਹਿਲੇ ਦਿਨ ਤੋਂ ਹੀ ਇਕਲੌਤਾ ਮੰਤਵ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਸੀ, ਜਿਸਦੇ ਮੱਦੇਨਜ਼ਰ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ,ਬਸੇਰਾ ਯੋਜਨਾ ਤਹਿਤ ਗਰੀਬਾਂ ਨੂੰ ਪਲਾਟ ਦੇਣ ਵਰਗੇ ਭਲਾਈ ਵਾਲੇ ਫੈਸਲੇ ਲਾਗੂ ਕੀਤੇ ਗਏ ਹਨ। ਉਨਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਲੋਕਾਂ ਦੀ ਭਲਾਈ ਲਈ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਦਿਨ ਬੀਤ ਗਏ ਹਨ ਜਦ ਆਮ ਲੋਕਾਂ,ਕਿਸਾਨਾਂ,ਦੁਕਾਨਦਾਰਾਂ,ਕਰਮਚਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਪਹੁੰਚ ਕਰਨਾ ਵੀ ਲਗਭਗ ਅਸੰਭਵ ਸੀ। ਉਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਹ ਸੂਬੇ ਦੇ ਲੋਕਾਂ ਦੀ ਸੱਚੀ ਭਾਵਨਾ ਨਾਲ ਸੇਵਾ ਕਰਨਾ ਆਪਣਾ ਧਰਮ ਸਮਝਦੇ ਹਨ।
ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਮੁਖਾਤਿਬ ਹੁੰਦਿਆਂ ਉਨਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਵਲੋਂ ਸਮਾਜ ਦੀ ਤਰੱਕੀ ਦੀ ਨੀਂਹ ਰੱਖੀ ਗਈ ਅਤੇ ਉਨਾਂ ਤੋਂ ਸੇਧ ਲੈ ਕੇ ਸਮੂਹ ਕਾਮਿਆਂ, ਸ਼ਿਲਪਕਾਰਾਂ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣਾ ਯੋਗਦਾਨ ਵੱਧ ਚੜਕੇ ਪਾਉਣਾ ਚਾਹੀਦਾ ਹੈ ਜੋ ਕਿ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਤਕਨੀਕੀ ਹੁਨਰ ਨੂੰ ਵੱਧ ਤੋਂ ਵੱਧ ਵਿਕਸਤ ਕਰਨ ਤਾਂ ਜੋ ਪੇਸ਼ੇਵਰ ਰੁਜ਼ਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ।
ਮੁੱਖ ਮੰਤਰੀ ਵਲੋਂ ਇਸ ਮੌਕੇ ਵਿਸ਼ਵਕਰਮਾ ਮੰਦਰ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨਾਂ ਮੰਦਿਰ ਕਮੇਟੀ ਵਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਲਈ ਇਕ ਅਤਿ ਆਧਨਿਕ ਐਂਬੂਲੇਂਸ ਦੇਣ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ ਜਿੱਥੇ ਉਨਾਂ ਨੂੰ ਪ੍ਰਬੰਧਕੀ ਕਮੇਟੀ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਪ੍ਰਬੰਧਕੀ ਕਮੇਟੀ ਵਲੋਂ ਚਲਾਏ ਜਾਂਦੇ ਚੈਰੀਟੇਬਲ ਹਸਪਤਾਲ ਦਾ ਵੀ ਦੌਰਾ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਵਤੇਜ ਸਿੰਘ ਚੀਮਾ,ਡਾ.ਰਾਜ ਕੁਮਾਰ ਚੱਬੇਵਾਲ,ਅੰਗਦ ਸਿੰਘ,ਹਰਦੇਵ ਸਿੰਘ ਲਾਡੀ ,ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ,ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ,ਸਾਬਕਾ ਵਿਧਾਇਕ ਤਰਲੋਚਨ ਸੂੰਢ ,ਸਹਿਕਾਰੀ ਬੈਂਕ ਦੇ ਚੇਅਰਮੈਨ ਹਰਜੀਤ ਸਿੰਘ ਪਰਮਾਰ,ਸੀਨੀਅਰ ਕਾਂਗਰਸੀ ਆਗੂ ਬਲਬੀਰ ਰਾਣੀ ਸੋਢੀ, ਕਾਂਗਰਸ ਦੇ ਜ਼ਿਲਾ ਕੋਆਰਡੀਨੇਟਰ ਦਲਜੀਤ ਰਾਜੂ, ਜ਼ਿਲਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀਮਾਨ, ਅਮਨਦੀਪ ਸਿੰਘ ਗੋਰਾ ਗਿੱਲ ਤੇ ਹੋਰ ਹਾਜ਼ਰ ਸਨ। ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ,ਸੁਰਿੰਦਰਪਾਲ ਧੀਮਾਨ,ਗੁਰਨਾਮ ਸਿੰਘ,ਪਰਦੀਪ ਧੀਮਾਨ,ਇੰਦਰਜੀਤ ਸਿੰਘ ਮਠਾੜੂ,ਪ੍ਰਸ਼ਾਂਤ ਧੀਮਾਨ ਤੇ ਹੋਰਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਸਨਮਾਨਿਤ ਵੀ ਕੀਤਾ ਗਿਆ।

ਆਪ ਆਗੂ ਜੀਦਾ ਬਠਿੰਡਾ ਦੇ ਧਾਰਮਿਕ ਸਥਾਨਾਂ ’ਤੇ ਹੋਏ ਨਤਮਸਤਕ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰਾ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਅੱਜ ਵਿਸਕਰਮਾ ਦਿਵਸ ਮੌਕੇ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਇਸ ਮੌਕੇ ਉਹ ਵਿਸਵਕਰਮਾਂ ਮਾਰਕੀਟ ਦੇ ਬਾਬਾ ਵਿਸਵਕਰਮਾ ਜੀ ਦੇ ਮੰਦਰ ਵਿੱਚ ਨਤਮਸਤਕ ਹੋਏ ਅਤੇ ਰਾਮਗੜ੍ਹੀਆ ਭਾਈਚਾਰੇ ਨੂੰ ਇਸ ਸੁਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ । ਇਸੇ ਤਰ੍ਹਾਂ ਇਸ ਤੋਂ ਬਾਅਦ ਪੁਰਾਤਨ ਸਵਿ ਮੰਦਰ ਵਿਚ ਨਤਮਸਤਕ ਹੋਕੇ ਗੋਵਰਧਨ ਪੂਜਾ ਦੇ ਸੁਭ ਦਿਹਾੜੇ ਉੱਪਰ ਬਠਿੰਡਾ ਦੇ ਸਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੰਦੇਸ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੇ ਸੰਦੇਸ ਤੇ ਚਲਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਸਮਾਜ ਨੂੰ ਚੰਗੀ ਸੇਧ ਦੇਣੀ ਚਾਹੀਦੀ ਹੈ। ਇਸ ਮੌਕੇ ਅੰਮਿ੍ਰਤ ਲਾਲ ਅਗਰਵਾਲ (ਡਿਪਟੀ ਜਿਲ੍ਹਾ ਪ੍ਰਧਾਨ), ਵਿਨੋਦ ਕੁਮਾਰ ਗਰਗ (ਵਪਾਰ ਮੰਡਲ ਜਿਲ੍ਹਾ ਪ੍ਰਧਾਨ), ਦਵਿੰਦਰ ਸੰਧੂ, ਕੁਲਵਿੰਦਰ ਮਾਕੜ, ਗੁਰਜੰਟ ਸਿੰਘ ਧੀਮਾਨ ਆਦਿ ਸਾਮਲ ਸਨ।

ਮੇਅਰ ਨੇ ਵਿਸਕਰਮਾ ਦਿਵਸ ਮੌਕੇ ਅੰਨਾਪੂਰਨ ਮੰਦਿਰ ’ਚ ਲਗਾਇਆ ਅੰਨਕੂਟ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਅੱਜ ਸ਼ਹਿਰ ਦੇ ਵਿਚ ਵੱਖ ਵੱਖ ਥਾਵਾਂ ‘ਤੇ ਵਿਸਕਰਮਾ ਦਿਵਸ ਮੌਕੇ ਸਮਾਗਮ ਕੀਤੇ ਗਏ। ਇਸ ਦੌਰਾਨ ਮੰਦਿਰਾਂ ’ਚ ਅੰਨਕੂਟ ਲਗਾਇਆ ਗਿਆ। ਜਿਸਦੇ ਤਹਿਤ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ ਤੇ ਉਨ੍ਹਾਂ ਦੇ ਪ੍ਰਵਾਰ ਵਲੋਂ ਸਥਾਨਕ ਅਮਰੀਕ ਸਿੰਘ ਰੋਡ ’ਤੇ ਸਥਿਤ ਮਾਤਾ ਅੰਨਾਪੂਰਨ ਮੰਦਿਰ ਵਿਖੇ ਅੰਨਕੂਟ ਲਗਾਇਆ ਗਿਆ। ਇਸ ਮੌਕੇ ਲਗਾਏ ਲੰਘਰ ਦੌਰਾਨ ਮੇਅਰ ਤੇ ਉਨ੍ਹਾਂ ਦੇ ਪਤੀ ਸੰਦੀਪ ਗੋਇਲ ਦੁਆਰਾ ਅਪਣੇ ਹੱਥੀ ਭੋਜਨ ਛਕਾਇਆ ਗਿਆ। ਉਨ੍ਹਾਂ ਦਾ ਮੰਦਰ ਕਮੇਟੀ ਤੇ ਹੋਰਨਾਂ ਵਲੋਂ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਜਤਿੰਦਰ ਗੋਗੀਆ, ਸੰਜੇ ਗੋਇਲ, ਵਿਪਨ ਗੋਇਲ ਤੇ ਹੈਪੀ ਆਦਿ ਵੀ ਹਾਜ਼ਰ ਸਨ।

ਉੱਘੇ ਸਾਹਿਤਕ ਸਮੀਖਿਅਕ ਤੇ ਸਿੱਖਿਆ ਸ਼ਾਸ਼ਤਰੀ ਪਿ੍ਰੰ: ਜਗਦੀਸ ਸਿੰਘ ਘਈ ਦਾ ਹੋਇਆ ਦਿਹਾਂਤ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਬਠਿੰਡਾ ਸ਼ਹਿਰ ਦੀ ਨਾਮਵਾਰ ਸਖਸੀਅਤ ਤੇ ਉੱਘੇ ਸਿੱਖਿਆ ਸ਼ਾਸ਼ਤਰੀ, ਸਾਹਿਤਕ ਸਮੀਖਿਅਕ, ਕਮਿਊਨਿਸਟ ਤੇ ਟਰੇਡ ਯੂਨੀਅਨ ਆਗੂ, ਸਮਾਜ ਸੇਵਕ ਪਿ੍ਰੰ: ਜਗਦੀਸ ਸਿੰਘ ਘਈ ਲੰਘੀ ਰਾਤ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਉਹਨਾਂ ਦਾ ਅੰਤਿਮ ਸਸਕਾਰ ਸਥਾਨਕ ਸਮਸ਼ਾਨਘਾਟ ਵਿਖੇ ਕੀਤਾ ਗਿਆ, ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਹੋਚੀਮਿੰਨ ਸਿੰਘ ਨੇ ਵਿਖਾਈ। ਪਿਤਾ ਸ੍ਰ: ਸੁਤੰਤਰਤਾ ਸੰਗਰਾਮੀ ਬਿਸਨ ਸਿੰਘ ਹਿੰਦੀ ਦੇ ਘਰ ਮਾਤਾ ਲਾਜਵੰਤੀ ਦੀ ਕੁੱਖੋਂ 11 ਨਵੰਬਰ 1941 ਨੂੰ ਪਿੰਡ ਸੱਦਾ ਸਿੰਘ ਵਾਲਾ ਜਿਲਾ ਮੋਗਾ ਜਨਮ ਲੈਣ ਵਾਲੇ ਪਿ੍ਰ: ਘਈ ਰੇਲਵੇ ਵਿਭਾਗ ਸਿੰਘ ਵਿਚ ਨੌਕਰੀ ਦੌਰਾਨ ਕਮਿਊਨਿਸਟ ਲਹਿਰ ਨਾਲ ਜੁੜ ਗਏ ਸਨ ਤੇ ਸੰਨ 1968 ਦੀ ਦੇਸ਼ ਵਿਆਪੀ ਹੜਤਾਲ ਵਿੱਚ ਹਿੱਸਾ ਲੈਣ ਕਰਕੇ ਰੇਲਵੇ ਵਿਭਾਗ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸ ਉਪਰੰਤ ਉਹਨਾਂ ਬਠਿੰਡਾ ਵਿਖੇ ਫੁਲਵਾੜੀ ਕਾਲਜ ਖੋਲ ਲਿਆ। ਜਿਸ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਉਹਨਾਂ ਦੇ ਵਿਦਿਆਰਥੀ ਵੱਖ ਵੱਖ ਵਿਭਾਗਾਂ ਵਿੱਚ ਗਜਟਿਡ ਅਹੁਦਿਆਂ ਤੱਕ ਪਹੁੰਚੇ।
ਉਹ ਪੰਜਾਬੀ ਲੇਖਕਾਂ ਦੀ ਪਾਰਲੀਮੈਂਟ ਜਾਣੀ ਜਾਂਦੀ ਸੰਸਾਰ ਪੱਧਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਲੰਬਾ ਸਮਾਂ ਕਾਰਜਕਾਰਨੀ ਮੈਂਬਰ ਰਹੇ। ਨਗਰ ਕੌਂਸਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ, ਪਬਲਿਕ ਲਾਇਬਰੇਰੀ ਬਠਿੰਡਾ ਦੇ ਲੰਬਾ ਸਮਾਂ ਜਨਰਲ ਸਕੱਤਰ, ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਕੌਸਲ ਮੈਂਬਰ ਰਹੇ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੀ ਪੀ ਆਈ ਦੇ ਸਾਬਕਾ ਵਿਧਾਇਕ ਕਾ: ਹਰਦੇਵ ਅਰਸ਼ੀ, ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਜਗਰੂਪ ਸਿੰਘ ਗਿੱਲ ਤੇ ਸੀਨੀਅਰ ਆਗੂ ਦੀਪਕ ਬਾਂਸਲ, ਅਕਾਲੀ ਦਲ ਡੈਮੋਕਰੈਟਿਕ ਦੇ ਜਿਲਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਾਜਨ ਗਰਗ, ਨਗਰ ਨਿਗਮ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਅਸੋਕ ਪ੍ਰਧਾਨ, ਸੀ ਪੀ ਆਈ ਐੱਮ ਦੇ ਜਿਲਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ, ਇਸਤਰੀ ਸਭਾ ਦੀ ਸੀਨੀਅਰ ਆਗੂ ਕਾ: ਕੁਸਲ ਭੌਰਾ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਤੇ ਜਸਵੀਰ ਸਿੰਘ, ਤਰਕਸ਼ੀਲ ਆਗੂ ਬਲਦੇਵ ਸਿੰਘ, ਸ੍ਰੋਮਣੀ ਪੰਜਾਬੀ ਸਾਹਿਤਕਾਰ ਅਤਰਜੀਤ, ਕਹਾਣੀਕਾਰ ਤੇ ਨਾਵਲਕਾਰ ਜਸਪਾਲ ਮਾਨਖੇੜਾ, ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸ਼ਹਿਰੀ ਮੌਜੂਦ ਸਨ।

ਬਾਬਾ ਵਿਸ਼ਵਕਰਮਾ ਦਿਵਸ ਮੌਕੇ ਖੂਨਦਾਨ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਸਥਾਨਕ ਵਿਸ਼ਵਕਰਮਾ ਮੋਟਰ ਮਾਰਕੀਟ ਸੋਸਾਇਟੀ (ਰਜਿ.) ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸਵਕਰਮਾ ਮਾਰਕੀਟ ਬਰਨਾਲਾ ਬਾਇਪਾਸ ਰੋਡ ਵਿਖੇ ਅੱਜ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਬਲੱਡ ਬੈਕ ਤੋ ਡਾ. ਰੀਤਿਕਾ ਗਰਗ ਬੀ.ਟੀ.ਓ ਦੀ ਅਗਵਾਈ ਹੇਠ 15 ਯੂਨਿਟਾਂ ਇਕੱਤਰ ਕੀਤੀਆਂ ਗਈਆ। ਵਿਸ਼ਵਕਰਮਾ ਮਾਰਕੀਟ ਦੇ ਪ੍ਰਧਾਨ ਜਸਦੇਵ ਸਿੰਘ ਵੱਲੋਂ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੂੰ ਉਨਾਂ ਦੇ 49ਵੀਂ ਵਾਰ ਖੂਨਦਾਨ ਕਰਨ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਨ ਵਧਾਵਨ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ, ਡਿਪਟੀ ਹਰਮਿੰਦਰ ਸਿੰਘ ਸਿੱਧੂ, ਆਪ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਸਹਿਤ ਸੁਸਾਇਟੀ ਮੈਂਬਰ ਦਰਸ਼ਨ ਠਾਕਰ, ਗੁਰਮੀਤ ਸਿੰਘ, ਅਮਰਜੀਤ ਅਗਰਵਾਲ, ਜੋਗਿੰਦਰ ਸਿੰਘ, ਮਹਿੰਦਰ ਸਿੰਘ ਐਫ.ਸੀ.ਆਈ, ਗੁਰਮੁੱਖ ਸਿੰਘ ਖਾਲਸਾ, ਜਸਪਾਲ ਸਿੰਘ, ਜਤਿੰਦਰ ਕੁਮਾਰ, ਰਵੀ ਬਾਂਸਲ,ਸੋਨੂੰ, ਗੁਲਾਬ ਸਿੰਘ, ਰਵੀ ਗੁਪਤਾ ਬੀੜ ਤਲਾਬ, ਚੰਦਰ ਆਦਿ ਮੌਜੂਦ ਸਨ।

ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਰੂਰੀ ਅਹਿਮ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦਿੱਲੀ ਵਿਖੇ ਚੱਲ ਰਹੇ ਮੋਰਚੇ ਅਤੇ ਕਿਸਾਨੀ ਮੰਗਾਂ ਮੁੱਦਿਆਂ ਦੇ ਬਾਰੇ ਚਰਚਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰੇਸਮ ਸਿੰਘ ਯਾਤਰੀ ਅਤੇ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ ਤੇ ਘਟੀਆ ਤੋਂ ਘਟੀਆ ਕਾਰਵਾਈ ਕਰਨ ਤੇ ਵੀ ਉੱਤਰੀ ਹੋਈ ਹੈ। ਅੱਜ ਦੀ ਮੀਟਿੰਗ ਵਿੱਚ ਡੀਏਪੀ ਕਾਲਾਬਾਜਾਰੀ , ਨਰਮੇ ਅਤੇ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲਣ, ਨਰਮੇ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਲੈਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸਤੋਂ ਇਲਾਵਾ ਦਿੱਲੀ ਮੋਰਚੇ ਵਿਚ ਬਠਿੰਡਾ ਤੋਂ 6 ਨਵੰਬਰ ਨੂੰ ਵੱਡਾ ਜੱਥਾ ਅਤੇ 8 ਨਵੰਬਰ ਨੂੰ ਕਿਸਾਨ ਬੀਬੀਆਂ ਦਾ ਕਾਫਲਾ ਭੇਜਣ ਦਾ ਵੀ ਐਲਾਨ ਕੀਤਾ ਗਿਆ। ਮੀਟਿੰਗ ਵਿਚ ਗੁਰਮੇਲ ਸਿੰਘ ਲਹਿਰਾ,ਅੰਗਰੇਜ ਸਿੰਘ ਕਲਿਆਣ, ਕੁਲਵੰਤ ਸਿੰਘ ਨੇਹੀਆਂ ਵਾਲਾ, ਗੁਰਸੇਵਕ ਸਿੰਘ ਫੂਲ, ਮਹਿਮਾ ਸਿੰਘ ਚੱਠੇਵਾਲਾ, ਬਲਵਿੰਦਰ ਸਿੰਘ ਮਾਨਸਾ, ਗੁਰਦੀਪ ਸਿੰਘ ਮਨੀ ਯਾਤਰੀ, ਕਰਨੈਲ ਸਿੰਘ ਗਿਦੜ, ਜਸਵੀਰ ਸਿੰਘ ਨੰਦਗੜ੍ਹ, ਗੁਰਜੀਵਨ ਸਿੰਘ ਪਥਰਾਲਾ ਆਦਿ ਹਾਜ਼ਰ ਸਨ।
ਬਾਕਸ
ਕਿਸਾਨ ਯੂਨੀਅਨ ਮਾਨਸਾ ਨੇ ਵੀ ਕੀਤੀਆਂ ਵਿਚਾਰਾਂ
ਬਠਿੰਡਾ: ਉਧਰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕਿਹਾ ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਸਾਨੀ ਕਰਜਾ ਮੁਆਫ਼ ਕਰਨ ਦਾ ਵਾਅਦਾ ਹਾਲੇ ਤੱਕ ਪੂਰਾ ਨਾ ਹੋਣ ਦਾ ਦੋਸ਼ ਲਗਾਉਂਦਿਆਂ 8 ਨਵੰਬਰ ਨੂੰ ਬਲਾਕ ਪੱਧਰ ਦੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਬੇਅੰਤ ਸਿੰਘ ਮਹਿਮਾ ਸਰਜਾ, ਭੋਲਾ ਸਿੰਘ ਗੋਨਿਆਣਾ ਖੁਰਦ, ਗੁਰਪਾਲ ਸਿੰਘ ਅਬਲੂ, ਸੋਹਣਾ ਸਿੰਘ ਕੋਟ ਫੱਤਾ, ਨੈਬ ਸਿੰਘ ਘੁੰਮਣ ਕਲਾਂ, ਭੋਲਾ ਸਿੰਘ ਕੁੱਤੀਵਾਲ ਖੁਰਦ,ਧਰਮ ਸਿੰਘ ਮੌੜ ਕਲਾਂ,ਅੰਗਰੇਜ ਸਿੰਘ ਕਟਾਰ ਸਿੰਘ ਵਾਲਾ, ਅਮਨਦੀਪ ਸਿੰਘ ਗੋਨਿਆਣਾ ਕਲਾਂ ਆਦਿ ਆਗੂ ਹਾਜਰ ਸਨ।

ਵਿਤ ਮੰਤਰੀ ਨਾਲ ਆਢਾ ਲਾਉਣ ਵਾਲੇ ਥਰਮਲ ਆਗੂ ਦੀ ਹੋਈ ਬਦਲੀ

0

ਸੁਖਜਿੰਦਰ ਮਾਨ
ਬਠਿੰਡਾ,5 ਨਵੰਬਰ: ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ’ਚ ਸੰਘਰਸ਼ ਕਰ ਰਹੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਪਾਵਰਕਾਮ ਨੇ ਬਦਲੀ ਕਰ ਦਿੱਤੀ ਹੈ। ਮੌਜੂਦਾ ਸਮੇਂ ਉਕਤ ਮੁਲਾਜਮ ਆਗੂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ ਤੈਨਾਤ ਸੀ, ਜਿਸਨੂੰ ਹੁਣ ਬੰਦ ਪਏ ਰੋਪੜ ਥਰਮਲ ਪਲਾਂਟ ਭੇਜਿਆ ਗਿਆ ਹੈ। ਉਕਤ ਆਗੂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵਲੋਂ ਅਪਣੀ ਬਦਲੀਆਂ ਦੀ ਸਿਫ਼ਾਰਿਸ਼ਾਂ ਦੇ ਜਾਰੀ ਕੀਤੇ ਪੱਤਰਾਂ ਨੂੰ ਜਨਤਕ ਕਰਦਿਆਂ ਐਲਾਨ ਕੀਤਾ ਕਿ ਬਦਲੀਆਂ ਤੇ ਮੁਅੱਤਲੀਆਂ ਦੇ ਦਬਾਅ ਹੇਠ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਇੱਥੇ ਦਸਣਾ ਬਣਦਾ ਹੈ ਕਿ ਗੁਰਸੇਵਕ ਸਿੰਘ ਸੰਧੂ ਲੰਮੇ ਸਮੇਂ ਤੋਂ ਇਸ ਥਰਮਲ ਨੂੰ ਬੰਦ ਕਰਨ ਦੇ ਵਿਰੋਧ ’ਚ ਅਪਣੀ ਜਥੇਬੰਦੀ ਨੂੰ ਲੈ ਕੇ ਸੰਘਰਸ ਕਰਦਾ ਆ ਰਿਹਾ ਹੈ ਤੇ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਲੋਂ ਕਈ ਵਾਰ ਵਿਤ ਮੰਤਰੀ ਨੂੰ ਘੇਰਿਆ ਜਾ ਚੁੱਕਾ ਹੈ। ਇਹੀਂ ਨਹੀਂ ਜਨਤਕ ਪਲੇਟਫ਼ਾਰਮਾਂ ’ਤੇ ਵੀ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨਾਲ ਮੌਜੂਦਾ ਸਰਕਾਰ ਨੂੰ ਇਸਦੇ ਲਈ ਜਿੰਮੇਵਾਰ ਠਹਿਰਾਇਆ ਹੈ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਉਕਤ ਮੁਲਾਜਮ ਆਗੂ ਨੂੰ ਬਠਿੰਡਾ ਥਰਮਲ ਪਲਾਂਟ ‘ਚੋਂ ਗੁਰਦਾਸਪੁਰ ਜਾਂ ਫ਼ਾਜਲਿਕਾ ਵਰਗੇ ਸਰਹੱਦੀ ਜ਼ਿਲ੍ਹੈ ’ਚ ਬਦਲਣ ਲਈ ਵਿਤ ਮੰਤਰੀ ਦੀ ਸਿਫ਼ਾਰਿਸ ਵਾਲਾ ਇੱਕ ਪੱਤਰ ਵਾਈਰਲ ਹੋਇਆ ਸੀ, ਜਿਸਤੋਂ ਬਾਅਦ ਇਸ ਆਗੂ ਦੀ ਬਦਲੀ ਬਠਿੰਡਾ ਤੋਂ ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਕਰ ਦਿੱਤੀ ਗਈ ਸੀ। ਉਧਰ ਮੁਲਾਜਮ ਆਗੂ ਨੇ ਕਿਹਾ ਕਿ ‘‘ ਉਹ ਆਪਣੀਂ ਬਦਲੀ ਰੱਦ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਸਿਆਸੀ ਪਹੁੰਚ ਨਹੀਂ ਕਰਾਂਗਾ। ਬਲਕਿ ਅਪਣੇ ਸਾਥੀ ਮੁਲਾਜਮਾਂ ਤੇ ਥਰਮਲ ਨੂੰ ਬੰਦ ਕਰਨ ਦੇ ਵਿਰੋਧ ਲਈ ਸੰਘਰਸ਼ ਕਰਦਾ ਰਹਾਂਗਾ।’’ ਗੌਰਤਲਬ ਹੈ ਕਿ ਉਕਤ ਆਗੂ ਦੀ ਸੇਵਾਮੁਕਤੀ ਵਿਚ ਵੀ ਕਰੀਬ 6 ਮਹੀਨਿਆਂ ਤੋਂ ਘੱਟ ਸਮਿਆ ਬਚਿਆ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈਕਿ ਇਸਤੋਂ ਪਹਿਲਾਂ ਵੀ ਪੀਸੀਐਮਐਸਯੂ ਦੇ ਜ਼ਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਨੂੰ ਵੀ ਵਿਤ ਮੰਤਰੀ ਦੀ ਵਿਰੋਧਤਾ ਦਾ ਸੇਕ ਝੱਲਣਾ ਪਿਆ ਹੈ ਤੇ ਪਿਛਲੇ ਸਾਲ ਸਿਹਤ ਵਿਭਾਗ ਵਲੋਂ ਉਨ੍ਹਾਂ ਦੀ ਬਦਲੀ ਸਰਹੱਦੀ ਇਲਾਕੇ ਫ਼ਾਜਲਿਕਾ ਵਿਚ ਕੀਤੀ ਜਾ ਚੁੱਕੀ ਹੈ।

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮਾਂ ਵੱਲੋਂ ਬਠਿੰਡਾ ’ਚ ਭਰਵਾਂ ਰੋਸ਼ ਮਾਰਚ

0

ਮੰਗਾਂ ਲਈ ਦਿੱਤਾ ਵਿੱਤ ਮੰਤਰੀ ਦੇ ਦਫ਼ਤਰ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ,5 ਨਵੰਬਰ :ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਅੱਜ ਵੱਡੀ ਗਿਣਤੀ ਵਿਚ ਪ੍ਰਵਾਰਾਂ ਸਹਿਤ ਇਕੱਤਰ ਹੋਏ ਠੇਕਾ ਮੁਲਾਜ਼ਮਾਂ ਵੱਲੋਂ ਸਥਾਨਕ ਰੋਜ਼ ਗਾਰਡਨ ਤੋਂ ਸ਼ੁਰੂ ਕਰਕੇ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਧਰਨਾ ਦੇਣ ਉਪਰੰਤ ਮੰਗ ਪੱਤਰ ਵੀ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਸੇਵਕ ਸਿੰਘ ਦੰਦੀਵਾਲ,ਜਗਸੀਰ ਸਿੰਘ ਭੰਗੂ,ਜਗਜੀਤ ਸਿੰਘ ਭਦੌੜ ਅਤੇ ਹਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜ਼ੋਨ ਬਠਿੰਡਾ,ਪਾਵਰਕਾਮ ਅਤੇ ਟ੍ਰਾਂਸਕੋ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ,ਬੀ.ਓ.ਸੀ. (ਕਿਰਤ ਵਿਭਾਗ) ਅਤੇ ਮਗਨਰੇਗਾ ਆਦਿ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ, ਕੰਪਨੀਆਂ,ਇਨਲਿਸਟਮੈਂਟ,ਆਊਟਸੋਰਸਿੰਗ ਅਤੇ ਕੇਂਦਰੀ ਸਕੀਮਾਂ ਅਤੇ ਹੋਰ ਕੈਟਾਗਿਰੀਆਂ ਰਾਹੀਂ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਨੂੰ ਲੈਕੇ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਸਰਹਿੰਦ ਬਾਈਪਾਸ ’ਤੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਠੇਕਾ ਮੁਲਾਜਮਾਂ ਵਲੋਂ ਪਿਛਲੇ 58 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਬਣਾਈ ਸਬ-ਕਮੇਟੀ ਵੱਲੋਂ 29 ਅਕਤੂਬਰ ਨੂੰ ਮੀਟਿੰਗ ਕਰਨ ਉਪਰੰਤ ਪ੍ਰਸੋਨਲ ਵਿਭਾਗ ਨੇ ਪੱਤਰ ਨੰਬਰ 11/28/16-4 ਪੀ.ਪੀ.-3/1191 ਮਿਤੀ 29-10-2021 ਜਾਰੀ ਕਰਕੇ ਸਮੂਹ ਵਿਭਾਗਾਂ ਦੇ ਮੁਖੀਆਂ ਤੋਂ ਵਿਭਾਗਾਂ ਵਿੱਚ ਕੰਮ ਕਰਦੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਦਾ ਤਰਦੀਬ-ਬੱਧ ਬਾਇਓਡਾਟਾ 31 ਅਕਤੂਬਰ ਤੱਕ ਪ੍ਰਸੋਨਲ ਵਿਭਾਗ ਨੂੰ ਭੇਜਣ ਦੀ ਹਦਾਇਤ ਕੀਤੀ ਸੀ ਪਰ ਵਿਭਾਗੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਠੇਕਾ ਮੁਲਾਜ਼ਮਾਂ ਦਾ ਬਾਇਓਡਾਟਾ ਭੇਜਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਮੋਰਚੇ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਮੁੱਖ ਅਧਿਕਾਰੀਆਂ ਨੂੰ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਦਾ ਬਾਇਓਡਾਟਾ ਪ੍ਰਸੋਨਲ ਵਿਭਾਗ ਨੂੰ ਜਲਦ ਭੇਜਣ ਦੀ ਸਖ਼ਤ ਹਿਦਾਇਤ ਕੀਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਸਮੂਹ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਏ ਜਾ ਰਹੇ ਨਵੇਂ ਐਕਟ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਸ਼ਾਮਿਲ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ।

Our Visitor

1891620