Friday, May 1, 2026
Home Blog Page 2720

ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ

0

ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ
ਹਲਵਾਰਾ ਏਅਰਪੋਰਟ ਅੱਠ ਮਹੀਨਿਆਂ ਅੰਦਰ ਹੋ ਜਾਵੇਗਾ ਕਾਰਜਸ਼ੀਲ, 15 ਨਵੰਬਰ ਨੂੰ ਰੱਖਿਆ ਜਾਵੇਗਾ ਨੀਂਹ ਪੱਧਰ
ਕਾਰੋਬਾਰ ਅਤੇ ਉਦਯੋਗ ਲਈ ਕੀਤੀਆਂ ਵੱਡੀਆਂ ਪਹਿਲਕਦਮੀਆਂ/ਰਿਆਇਤਾਂ ਬਾਰੇ ਦਿੱਤੀ ਜਾਣਕਾਰੀ

ਲੁਧਿਆਣਾ, 27 ਅਕਤੂਬਰ:ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਵਿਰੁੱਧ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਵੈਟ ਦੇ ਕੁੱਲ 48,000 ਕੇਸਾਂ ਵਿੱਚੋਂ 40,000 ਬਕਾਇਆ ਕੇਸਾਂ ਨੂੰ ਮੁੱਢੋਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਭਾਈਵਾਲੀ, ਆਦਾਨ-ਪ੍ਰਦਾਨ ਅਤੇ ਵਿਕਾਸ ਦੀ ਗਾਥਾ: ਨਿਵੇਸ਼ਕਾਂ ਦਾ ਭਰੋਸਾ` ਵਿਸ਼ੇ `ਤੇ ਕਰਵਾਏ ਗਏ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਦਯੋਗਪਤੀਆਂ, ਵਪਾਰੀਆਂ ਅਤੇ ਸੰਭਾਵੀ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਵਪਾਰੀਆਂ/ਉਦਯੋਗਪਤੀਆਂ ਨੂੰ ਕੁੱਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫੀਸਦੀ ਜਮ੍ਹਾਂ ਕਰਵਾਉਣ ਲਈ ਕਹਿ ਕੇ 8000 ਬਕਾਇਆ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਪੱਖ `ਤੇ ਹੋਣ ਵਾਲੀਆਂ ਬਹੁਤ ਸਾਰੀਆਂ ਅਸੁਵਿਧਾਵਾਂ ਤੋਂ ਬਚਾਇਆ ਜਾਵੇਗਾ। ਹੋਰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਉਪਰੋਕਤ ਟੈਕਸ ਦੇਣਦਾਰੀ ਦਾ ਸਿਰਫ 20 ਫੀਸਦ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ 80 ਫੀਸਦ ਅਗਲੇ ਸਾਲ ਤੱਕ ਜਮ੍ਹਾਂ ਕਰਵਾਉਣਾ ਹੋਵੇਗਾ। ਸ. ਚੰਨੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਇਹ ਉਦਯੋਗਿਕ ਪੱਖੀ ਪਹਿਲਕਦਮੀ ਵੱਡੇ ਪੱਧਰ `ਤੇ ਨਿਵੇਸ਼ ਕਰਨ ਲਈ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦੇਵੇਗੀ ਅਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ `ਤੇ ਪਹੁੰਚਾਉਣ ਲਈ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਕੰਮ ਕਰੇਗੀ।

ਖਿੱਤੇ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਬਿਹਤਰੀਨ ਹਵਾਈ ਸੰਪਰਕ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਹਲਵਾਰਾ (ਲੁਧਿਆਣਾ) ਵਿਖੇ ਬਣਨ ਵਾਲੇ ਗ੍ਰੀਨ ਫੀਲਡ ਹਵਾਈ ਅੱਡੇ ਦਾ 15 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਵੱਕਾਰੀ ਹਵਾਈ ਅੱਡਾ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

ਸੂਬੇ ਵਿੱਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਵਾਸਤੇ ਸਾਜ਼ਗਾਰ ਮਾਹੌਲ ਸਿਰਜਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਅੰਦਰ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੋਹਰੀ ਰਾਜ ਵਜੋਂ ਉਭਾਰਨ ਲਈ ਵਪਾਰ ਅਤੇ ਉਦਯੋਗ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਉਦਯੋਗਪਤੀਆਂ ਅਤੇ ਵਪਾਰੀਆਂ ਵਿੱਚ ਭਰੋਸਾ ਪੈਦਾ ਕਰਨ ਵਾਸਤੇ ਕੀਤੀਆਂ ਵੱਡੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਇੱਥੇ ਸੂਬੇ ਦੀ ਉਦਯੋਗਿਕ ਰਾਜਧਾਨੀ ਵਿਖੇ ਬੁਲਾਈ ਗਈ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਨਿਵੇਸ਼ਕ ਪੱਖੀ ਪਹਿਲਕਦਮੀਆਂ ਅਤੇ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੀਐਸਟੀ ਅਤੇ ਵੈਟ ਦੀ ਬਿਨਾਂ ਹਾਜ਼ਰ ਹੋਏ ਮੁਲਾਂਕਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਕਾਰਨ ਹੁਣ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਟੈਕਸ ਅਫਸਰਾਂ ਅੱਗੇ ਆਪਣੇ ਆਪ ਨੂੰ ਪੇਸ਼ ਕਰਨ ਦੀ ਲੋੜ ਨਹੀਂ ਹੈ। ਸ. ਚੰਨੀ ਨੇ ਅੱਗੇ ਕਿਹਾ ਕਿ ਕਰ ਵਿਭਾਗ ਵਿੱਚ ਪਹਿਲਾਂ 14 ਵਿਅਕਤੀਆਂ ਵਾਲੀ ਮੋਬਾਈਲ ਸਕੁਐਡ ਨੂੰ ਵੀ ਘਟਾ ਕੇ ਸਿਰਫ਼ ਚਾਰ ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ 2011 ਤੋਂ ਪ੍ਰਚਲਿਤ ਸੰਸਥਾਗਤ ਟੈਕਸ ਵੀ ਖ਼ਤਮ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀਐਸਆਈਡੀਸੀ), ਪੰਜਾਬ ਵਿੱਤੀ ਨਿਗਮ (ਪੀਐਫਸੀ) ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਵਿੱਚ ਡਿਫਾਲਟਰਾਂ ਲਈ ਯਕਮੁਸ਼ਤ (ਓ.ਟੀ.ਐਸ.) ਸਕੀਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਸ. ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਸਟੇਟ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਪਲਾਟ ਧਾਰਕਾਂ ਲਈ ਮੁਆਫ਼ੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦਰਮਿਆਨੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨਾਂ ‘ਤੇ ਫਿਕਸਡ ਚਾਰਜਿਜ਼ ਨੂੰ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 150 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇੱਕ ਹੋਰ ਨਿਵੇਸ਼ਕ ਪੱਖੀ ਪਹਿਲਕਦਮੀ ਵਿੱਚ ਸ. ਚੰਨੀ ਨੇ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਣੀਆਂ ਯੂਨਿਟਾਂ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਹਿੱਤ ਉਦਯੋਗ ਨੂੰ ਮੌਜੂਦਾ 6 ਕਰਮਾਂ ਤੋਂ ਘਟਾ ਕੇ 4 ਕਰਮਾਂ ਤੱਕ ਕਰਨ ਲਈ ਸ਼ਰਤ ਵਿੱਚ ਢਿੱਲ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦ ਹੀ ਚੇਂਜ ਆਫ਼ ਲੈਂਡ ਯੂਜ਼ ਪ੍ਰਕਿਰਿਆ ਨੂੰ ਸਰਲ ਬਣਾਵੇਗੀ ਤਾਂ ਜੋ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਉੱਦਮ ਸਥਾਪਤ ਕਰਨ ਲਈ ਸਹੂਲਤ ਦਿੱਤੀ ਜਾ ਸਕੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੱਟੀ-ਮੱਖੂ ਰੇਲ ਲਿੰਕ ਲਈ ਲੋੜੀਂਦੀ ਜ਼ਮੀਨ ਐਕੁਆਇਰ ਕਰੇਗੀ ਅਤੇ ਆਉਣ ਵਾਲੇ ਬਜਟ ਤੋਂ ਪਹਿਲਾਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਨੂੰ ਸੌਂਪੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਖੇ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ ਜਾਵੇਗਾ।
ਸ. ਚੰਨੀ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਮਨੋਰੰਜਨ ਸਬੰਧੀ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੰਜਾਬੀ ਕਲਾ, ਸੱਭਿਆਚਾਰ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਨੇੜੇ ਇੱਕ ਫਿਲਮ ਸਿਟੀ ਸਥਾਪਤ ਕਰੇਗੀ।

ਆਪਣੇ ਸੰਬੋਧਨ ਵਿੱਚ ਉਦਯੋਗ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸ਼ੀ ਅਗਵਾਈ ਸਦਕਾ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਅੱਜ ਉਦਯੋਗਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਉੱਭਰਿਆ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਦਯੋਗਿਕ ਗਤੀਵਿਧੀਆਂ ਦੇ ਹੱਬ ਵਜੋਂ ਉਭਰੇਗਾ। ਉਹਨਾਂ ਕਿਹਾ ਕਿ ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ਼ ਪੰਜਾਬ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸ. ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ।
ਇਸ ਮੌਕੇ ਧੰਨਵਾਦ ਕਰਦਿਆਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਉਦਯੋਗ ਨੂੰ ਨਵੀਂ ਸਿਖਰ ‘ਤੇ ਲਿਜਾਣ ਲਈ ਮੁੱਖ ਮੰਤਰੀ ਦੀ ਦੂਰਦਰਸ਼ੀ ਅਤੇ ਨਿਵੇਸ਼ਕ ਪੱਖੀ ਪਹੁੰਚ ਦੀ ਸ਼ਲਾਘਾ ਕੀਤੀ।
ਇਸ ਦੌਰਾਨ, ਮਲਹੋਤਰਾ ਗਰੁੱਪ ਦੀ ਚੇਅਰਪਰਸਨ ਮੀਨੂੰ ਮਲਹੋਤਰਾ ਨੇ ਰੀਅਲ ਅਸਟੇਟ ਸੈਕਟਰ ਵਿੱਚ 1600 ਕਰੋੜ ਰੁਪਏ ਦੇ ਨਿਵੇਸ਼ ਦੀ ਪੁਸ਼ਟੀ ਕੀਤੀ ਅਤੇ ਵਰਧਮਾਨ ਟੈਕਸਟਾਈਲ ਦੇ ਵਾਈਸ ਚੇਅਰਮੈਨ ਅਤੇ ਐਮਡੀ ਸੁਚਿਤਾ ਓਸਵਾਲ ਜੈਨ ਨੇ ਸੂਬੇ ਵਿੱਚ ਆਪਣੀ ਕੰਪਨੀ ਦੀਆਂ 400 ਕਰੋੜ ਰੁਪਏ ਦੀਆਂ ਵਿਸਤਾਰ ਯੋਜਨਾਵਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਇੰਟਰਨੈਸ਼ਨਲ ਟਰੈਕਟਰਜ਼ ਦੇ ਉਪ ਪ੍ਰਧਾਨ ਸ੍ਰੀ ਏ.ਐਸ. ਮਿੱਤਲ ਨੇ ਸੂਬੇ ਵਿੱਚ ਇੱਕ ਹੋਰ ਅਤਿ ਆਧੁਨਿਕ ਟਰੈਕਟਰ ਫੈਕਟਰੀ ਸਥਾਪਤ ਕਰਨ ਦਾ ਐਲਾਨ ਕੀਤਾ। ਪੀ.ਐਚ.ਡੀ ਚੈਂਬਰ ਦੇ ਪੰਜਾਬ ਦੇ ਕੋ-ਚੇਅਰਮੈਨ ਅਤੇ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਕਿਰਨ ਗਿਲਹੋਤਰਾ ਨੇ ਲੋਕ ਹਿੱਤ ਵਿੱਚ ਵਿਸ਼ਵ ਭਰ ਤੋਂ 60 ਉਦਯੋਗਪਤੀਆਂ ਵੱਲੋਂ 10 ਸਾਲਾਂ ਵਿਚ 2000 ਕਰੋੜ ਦੇ ਨਿਵੇਸ਼ ਨਾਲ ਪਲਾਕਸ਼ਾ ਦੇ ਸੁਪਨੇ ਸਾਕਾਰ ਕਰਨ ਵਿੱਚ ਸਹਿਯੋਗ ਕਰਨ ਲਈ ਨਿਵੇਸ਼ ਪੰਜਾਬ ਦਾ ਧੰਨਵਾਦ ਕੀਤਾ।
ਪੀਐਚਡੀ ਸੀਸੀਆਈ ਦੇ ਚੇਅਰਮੈਨ ਕਰਨ ਗਿਲਹੋਤਰਾ, ਸੀਆਈਆਈ ਦੇ ਚੇਅਰਮੈਨ ਭਵਦੀਪ ਸਰਦਾਨਾ, ਸੇਵੀ ਇੰਟਰਨੈਸ਼ਨਲ ਲਿਮਟਿਡ ਦੇ ਡਾਇਰੈਕਟਰ ਮੁਕੁਲ ਵਰਮਾ, ਵਿਵਾਚੈਮ ਇੰਟਰਮੀਡੀਏਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਜੇ ਗਰਗ, ਵਾਈਬਰਾਕਾਸਟਿਕਸ ਦੇ ਪ੍ਰਧਾਨ ਜਗਮਿੰਦਰ ਸਿੰਘ ਬਾਵਾ, ਸਨਜਿਨ ਇੰਡੀਆ ਜੀਨੋ ਪਾਰਕ ਦੇ ਐਮਡੀ, ਪ੍ਰਧਾਨ, ਸੀਆਈਸੀਯੂ ਉਪਕਾਰ ਸਿੰਘ ਆਹੂਜਾ, ਗਰੁੱਪ ਚੇਅਰਮੈਨ, ਮਲਹੋਤਰਾ ਗਰੁੱਪ ਮੀਨੂੰ ਮਲਹੋਤਰਾ, ਡਿਵੈਲਪਮੈਂਟ ਸੈਂਟਰ ਹੈੱਡ, ਇਨਫੋਸਿਸ ਸਮੀਰ ਗੋਇਲ, ਵਾਈਸ-ਚੇਅਰਮੈਨ ਅਤੇ ਐਮਡੀ ਨਾਹਰ ਇੰਡਸਟਰੀਜ਼ ਵਰਧਮਾਨ ਟੈਕਸਟਾਈਲ ਕਮਲ ਓਸਵਾਲ ਅਤੇ ਵਾਈਸ ਪ੍ਰੈਜ਼ੀਡੈਂਟ, ਇੰਟਰਨੈਸ਼ਨਲ ਟਰੈਕਟਰ ਲਿਮਟਿਡ ਏ.ਐੱਸ. ਮਿੱਤਲ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸੂਬੇ ਵਿੱਚ ਆਰਥਿਕ ਪੁਨਰ-ਉਥਾਨ ਦਾ ਇੱਕ ਨਵਾਂ ਅਧਿਆਏ ਲਿਖਣ ਲਈ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸ਼ੀ ਪਹੁੰਚ ਅਧੀਨ ਉਦਯੋਗਿਕ ਵਿਕਾਸ ਵਿੱਚ ਪਾਏ ਗਏ ਵੱਡੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਸੂਬਾ ਭਰ ਵਿੱਚ ਨਿਵੇਸ਼ ਪੰਜਾਬ ਦੇ ਜ਼ਿਲ੍ਹਾ ਪੱਧਰੀ ਦਫਤਰਾਂ ਦਾ ਡਿਜੀਟਲ ਤੌਰ ਉੱਤੇ ਉਦਘਾਟਨ ਕੀਤਾ। ਉਹਨਾਂ ਨੇ ਨਿਵੇਸ਼ ਪੰਜਾਬ ਵੱਲੋਂ ਕੀਤਿਆਂ ਪਹਿਲਕਦਮੀਆਂ ਨੂੰ ਦਰਸਾਉਂਦਾ ਕਿਤਾਬਚਾ ਵੀ ਜਾਰੀ ਕੀਤਾ ਤਾਂ ਕਿ ਵਪਾਰ ਦੇ ਵਿਆਪਕ ਵਿਕਾਸ ਨੂੰ ਹੁਲਾਰਾ ਮਿਲ ਸਕੇ।
ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ, ਕੈਬਨਿਟ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਸ੍ਰੀ ਗੁਰਕੀਰਤ ਸਿੰਘ ਕੋਟਲੀ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਵਿਜੈ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੰਜੇ ਤਲਵਾੜ, ਸ੍ਰੀ ਲਖਬੀਰ ਸਿੰਘ ਲੱਖਾ, ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਅਮਰੀਕ ਸਿੰਘ ਢਿੱਲੋਂ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਕੇ. ਯਾਦਵ, ਪ੍ਰਮੁੱਖ ਸਕੱਤਰ ਉਦਯੋਗ ਸ੍ਰੀ ਤੇਜਵੀਰ ਸਿੰਘ, ਨਿਵੇਸ਼ ਪੰਜਾਬ ਦੇ ਸੀਈਓ ਸ੍ਰੀ ਰਜਤ ਅਗਰਵਾਲ ਵੀ ਹਾਜ਼ਰ ਸਨ।

ਆਪ ਨੂੰ ਸ਼ਹਿਰ ’ਚ ਵੱਡਾ ਝਟਕਾ, ਜੀਦਾ ਦੇ ਨਜਦੀਕੀ ਕਾਂਗਰਸ ’ਚ ਸ਼ਾਮਲ

0

ਸੁਖਜਿੰਦਰ ਮਾਨ

ਬਠਿੰਡਾ 27 ਅਕਤੂਬਰ : ਆਗਾਮੀ ਵਿਧਾਨ ਸਭਾ ਚੋਣਾਂ ’ਚ ਅਪਣੀ ਸਰਕਾਰ ਬਣਾਉਣ ਲਈ ਪਰ ਤੋਲ ਰਹੀ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਿਚ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਪਿਛਲੀਆਂ ਨਿਗਮ ਚੋਣਾਂ ਲੜ ਚੁੱਕੇ ਵਾਰਡ ਨੰਬਰ 43 ਤੇ 46 ਤੋਂ ਹਰਜਿੰਦਰ ਖਿਚੀ ਅਤੇ ਦੀਪਕ ਬੈਨੀਵਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇੰਨ੍ਹਾਂ ਆਗੂਆਂ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਵੀਨੂੰ ਬਾਦਲ ਅਤੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਾਂਗਰਸੀ ਆਗੂਆਂ ਦੀ ਹਾਜਰੀ ਚ‘ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇੱਥੇ ਦਸਣਾ ਬਣਦਾ ਹੈ ਕਿ ਉਕਤ ਆਗੂ ਆਪ ਦੇ ਸਾਬਕਾ ਪ੍ਰਧਾਨ ਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਲਈ ਭੱਜਦੋੜ ਕਰ ਰਹੇ ਐਡਵੋਕੇਟ ਨਵਦੀਪ ਸਿੰਘ ਜੀਦਾ ਦੇ ਨਜਦੀਕੀ ਮੰਨੇ ਜਾਂਦੇ ਸਨ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਕੁੱਝ ਦਿਨ ਪਹਿਲਾਂ ਸ: ਜੀਦਾ ਦਾ ਇੱਕ ਹੋਰ ਸਾਥੀ ਬਰਨਾਲਾ ਬਾਈਪਾਸ ਦੇ ਪਾਰ ਰਹਿਣ ਵਾਲਾ ਇੱਕ ਹੋਰ ਉਮੀਦਵਾਰ ਵੀ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਗਿਆ ਸੀ, ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਹੈ। ਉਧਰ ਅੱਜ ਆਪ ਆਗੂਆਂ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿਵਾਉਣ ਦਾ ਭਰੋਸਾ ਦਿੰਦਿਆਂ ਬੀਬਾ ਵੀਨੂੰ ਬਾਦਲ ਅਤੇ ਜੈਜੀਤ ਜੌਹਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਚੇਅਰਮੈਨ ਰਾਜਨ ਗਰਗ, ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ, ਕਾਂਗਰਸੀ ਆਗੂ ਗੋਰਾ ਸਿੱਧੂ, ਭਗਵਾਨ ਦਾਸ ਭਾਰਤੀ ਤੇ ਸੋਨੀ ਪ੍ਰਧਾਨ ਆਦਿ ਹਾਜ਼ਰ ਸਨ।

ਖੇਲੋ ਇੰਡੀਆ ਯੂਥ ਗੇਮਜ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ ਨੂੰ

0

ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਖੇਲੋ ਇੰਡੀਆ ਯੂਥ ਗੇਮਜ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ 2021 ਨੂੰ ਸਵੇਰੇ 11 ਵਜੇ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ ਅੰਡਰ 18 (ਲੜਕੇ ਤੇ ਲੜਕੀਆਂ) ਹਰਿਆਣਾ ਵਿਖੇ ਅਗਲੇ ਸਾਲ 5 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਕਬੱਡੀ (ਲੜਕੇ ਤੇ ਲੜਕੀਆਂ), ਫੁੱਟਬਾਲ (ਲੜਕੇ) ਅਤੇ ਬਾਸਕਟਬਾਲ (ਲੜਕੇ ਤੇ ਲੜਕੀਆਂ) ਦੀਆਂ ਟੀਮਾਂ ਦੀ ਚੋਣ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਇਸੇ ਤਰ੍ਹਾਂ ਹਾਕੀ (ਲੜਕੇ ਤੇ ਲੜਕੀਆਂ) ਦੇ ਟਰਾਇਲ ਜਲੰਧਰ ਵਿਖੇ ਹੋਣਗੇ। ਖੋ-ਖੋ (ਲੜਕੀਆਂ) ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਅਤੇ ਹੈਂਡਬਾਲ (ਲੜਕੇ) ਦੇ ਟਰਾਇਲ ਪੀ.ਏ.ਯੂ. ਲੁਧਿਆਣਾ ਵਿਖੇ ਹੋਣਗੇ। ਸਾਰੇ ਟਰਾਇਲ 30 ਅਕਤੂਬਰ ਨੂੰ ਸਵੇਰੇ 11 ਵਜੇ ਹੋਣਗੇ।ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਜਾਂ ਖਿਡਾਰਨ ਦੀ ਜਨਮ ਮਿਤੀ 01-01-2003 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਉਤੇ ਪਹੁੰਚ ਕੇ ਚੋਣ ਟਰਾਇਲਾਂ ਦਾ ਹਿੱਸਾ ਬਣ ਸਕਦੇ ਹਨ।

ਅਕਾਲੀ ਦਲ ਨੇ ਇੱਕ ਹੋਰ ਉਮੀਦਵਾਰ ਐਲਾਨਿਆ

0

ਜਸਦੀਪ ਕੌਰ ਹੋਣਗੇ ਵਿਧਾਨ ਸਭਾ ਹਲਕਾ ਖੰਨਾਂ ਤੋਂ ਪਾਰਟੀ ਉਮੀਦਵਾਰ: ਸੁਖਬੀਰ ਬਾਦਲ
ਸੁਖਜਿੰਦਰ ਮਾਨ
ਚੰਡੀਗੜ੍ਹ 27 ਅਕਤੂਬਰ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਸਬੰਧੀ ਵਿਧਾਨ ਸਭਾ ਹਲਕਾ ਖੰਨਾਂ ਤੋਂ ਬੀਬੀ ਜਸਦੀਪ ਕੌਰ ਪਤਨੀ ਸ. ਯਾਦਵਿੰਦਰ ਸਿੰਘ ਯਾਦੂ ਨੂੰ ਉਮੀਦਵਾਰ ਐਲਾਨ ਦਿੱਤਾ। ਸ. ਯਾਦਵਿੰਦਰ ਸਿੰਘ ਯਾਦੂ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਬੀਬੀ ਜਸਦੀਪ ਕੌਰ ਜੋ ਕਿ ਚੰਗੇ ਪੜੇ ਲਿਖੇ ਹਨ ਅਤੇ ਇਸ ਸਮੇ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਖੰਨਾਂ ਦੇ ਕੌਂਸਲਰ ਹਨ। ਇਸ ਉਮੀਦਵਾਰ ਸਮੇਤ ਸ਼੍ਰੋ੍ਰਮਣੀ ਅਕਾਲੀ ਦਲ ਨੇ ਹੁਣ ਤੱਕ ਕੁੱਲ 78 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।

ਪੰਜਾਬ ਕੈਬਨਿਟ ਵਲੋਂ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ

0

ਤਿੰਨੇ ਕਾਲੇ ਖੇਤੀ ਕਾਨੂੰਨਾ ਤੇ ਬੀ.ਐਸ.ਐਫ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੀ ਮੁਖਲਾਫਤ ’ਤੇ ਕੇਂਦਰਿਤ ਹੋਵੇਗਾ ਸੈਸ਼ਨ
ਸੁਖਜਿੰਦਰ ਮਾਨ
ਲੁਧਿਆਣਾ, 27 ਅਕਤੂਬਰ-ਅੰਤਰ-ਰਾਸ਼ਟਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦਾ ਅਧਿਕਾਰ ਖੇਤਰ 15 ਤੋਂ ਵਧਾਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪੰਜਾਬ ਵਜਾਰਤ ਵੱਲੋਂ ਅੱਜ 15ਵੀਂ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਸਮਾਗਮ 8 ਨਵੰਬਰ ਨੂੰ ਪ੍ਰਵਾਨਗੀ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਫੈਸਲਾ 25 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਈ ਸਰਬ-ਪਾਰਟੀ ਮੀਟਿੰਗ ਵਿਚ ਇਸ ਸਬੰਧੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਦੀ ਰੌਸ਼ਨੀ ਵਿਚ ਲਿਆ ਗਿਆ ਹੈ। ਪਹਿਲੀ ਵਾਰ ਲੁਧਿਆਣਾ ਦੇ ਸਰਕਿਟ ਹਾਊਸ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਸੇਸ ਕੈਬਨਿਟ ਮੀਟਿੰਗ ਲਏ ਹੋਰ ਅਹਿਮ ਫੈਸਲੇ ਵਿਚ ਕੈਬਨਿਟ ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤ ਵਿਭਾਗ ਵੱਲੋਂ ਤਿਆਰ ਕੀਤੇ ਗਏ ਪੰਜਾਬ ਲਾਲ-ਫੀਤਾਸ਼ਾਹੀ ਵਿਰੋਧੀ ਨਿਯਮਾਂ-2021 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਜੋ ਪੰਜਾਬ ਲਾਲ-ਫੀਤਾਸ਼ਾਹੀ ਵਿਰੋਧੀ ਐਕਟ, 2021, ਜੋ ਨੋਟੀਫਾਈ ਕੀਤਾ ਗਿਆ ਸੀ ਅਤੇ 6 ਅਪਰੈਲ 2021 ਤੋੰ ਲਾਗੂ ਹੈ, ਦੇ ਮੰਤਵਾਂ ਨੂੰ ਹਾਸਿਲ ਜਾ ਸਕੇ।
ਇਹ ਐਕਟ ਸਾਰੇ ਵਿਭਾਗਾਂ ਅਤੇ ਉਨ੍ਹਾਂ ਨਾਲ ਜੁੜੇ ਜਾਂ ਅਧੀਨ ਦਫਤਰਾਂ ਸਮੇਤ ਬੋਰਡਾਂ, ਕਾਰਪੋਰੇਸ਼ਨਾਂ, ਸਥਾਨਕ ਸਰਕਾਰਾਂ, ਜਨਤਕ ਖੇਤਰ ਦੇ ਉੱਦਮਾਂ, ਸੁਸਾਇਟੀਆਂ, ਟ੍ਰੱਸਟਾਂ, ਕਮਿਸ਼ਨਾਂ, ਪੰਜਾਬ ਵਿਧਾਨ ਐਕਟ ਤਹਿਤ ਗਠਿਤ ਸਵੈ-ਨਿਰਭਰ ਸੰਸਥਾਵਾਂ, ਜਿਨ੍ਹਾਂ ਦਾ ਖਰਚ ਸੂਬੇ ਦੇ ਕੰਸੋਲੀਡੇਟਿਡ ਫੰਡ ਵਿਚੋਂ ਹੁੰਦਾ ਹੈ, ਉਪਰ ਲਾਗੂ ਹੋਵੇਗਾ। ਇਸ ਐਕਟ ਦੇ ਲਾਗੂ ਹੋਣ ਦੇ ਛੇ ਮਹੀਨੇ ਦੇ ਅੰਦਰ-ਅੰਦਰ ਉਪਰੋਕਤ ਸਾਰੇ ਸੰਸਥਾਨ ਪ੍ਰਕਿਰਿਆਵਾਂ ਨੂੰ ਸੌਖਾਲਾ ਬਣਾਕੇ ਅਨੁਪਾਲਣਾ ਦੇ ਭਾਰ ਨੂੰ 50 ਫੀਸਦੀ ਤੱਕ ਘਟਾਉਣ ਨੂੰ ਯਕੀਨੀ ਬਣਾਉਣਗੇ। ਇਸੇ ਤਰ੍ਹਾਂ, ਇਸ ਐਕਟ ਤਹਿਤ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿੱਤੀ ਜੁਰਮਾਨੇ ਅਤੇ ਅਨੁਸਾਸ਼ਨੀ ਕਦਮ ਉਠਾਏ ਜਾਣ ਦੇ ਉਪਬੰਧ ਮੁਹੱਈਆ ਹੋਣਗੇ।
ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਨੂੰ ਗਤੀਸ਼ੀਲ ਬਣਾਉਣ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ-2020 ਵਿਚ ਸੋਧਾਂ ਨੂੰ ਪ੍ਰਵਾਨਗੀ-
ਸੂਬੇ ਅੰਦਰ ਵਪਾਰ ਕਰਨ ਲਈ ਸੌਖਾਲਾ ਮਾਹੌਲ ਸਿਰਜਣ ਵਾਸਤੇ, ਐਕਟ ਤਹਿਤ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ-2020 ਵਿਚ ਸੋਧਾਂ ਨੂੰ ਕੈਬਨਿਟ ਦੁਆਰਾ ਮਨਜੂਰੀ ਦੇ ਦਿੱਤੀ ਗਈ ਹੈ। ਐਕਟ ਵਿਚਲੀਆਂ ਸੋਧਾਂ ਨਾਲ ਸੂਬੇ ਅੰਦਰ ਸਥਾਪਤ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਅਤੇ ਨਿਰੀਖਣ ਲਈ ਜਲਦ ਪ੍ਰਵਾਨਗੀ, ਸਵੈ-ਐਲਾਨੀਆਂ ਛੋਟਾਂ ਲਈ ਪ੍ਰਕਿਰਿਆਵਾਂ ਨੂੰ ਸੌਖਾ ਤੇ ਯੋਗ ਬਣਾਇਆ ਜਾ ਸਕੇਗਾ। ਵਿਸਥਾਰਤ ਹੋ ਰਹੇ ਸਾਰੇ ਸਥਾਪਤ ਉੱਦਮ ਐਕਟ ਤਹਿਤ ਆਉਂਦੀਆਂ 7 ਸੇਵਾਵਾਂ ਲਈ ਸਿਧਾਂਤਕ ਪ੍ਰਵਾਨਗੀ ਦਾ ਸਰਟੀਫਿਕੇਟ ਲੈਣ ਲਈ ਯੋਗ ਹੋਣਗੇ, ਜਿਸਨੂੰ ਫੋਕਲ ਪੁਆਇੰਟਾਂ ਵਿਚ ਕਾਰਜਸੀਲ ਯੂਨਿਟਾਂ ਨੂੰ 5 ਕੰਮਕਾਜੀ ਦਿਨਾਂ ਅਤੇ ਫੋਕਲ ਪੁਆਇੰਟਾਂ ਤੋਂ ਬਾਹਰ ਕਾਰਜਸੀਲ ਯੂਨਿਟਾਂ ਨੂੰ 20 ਕੰਮਕਾਜੀ ਦਿਨਾਂ ਦੇ ਵਿੱਚ-ਵਿੱਚ ਜਾਰੀ ਕੀਤਾ ਜਾਵੇਗਾ।

ਵਪਾਰ ਦੇ ਉਦਯੋਗ ਨੂੰ ਹੁਲਾਰਾ ਦੇਣ ਲਈ ਨਿਵੇਸ਼ ਉੱਦਮਾਂ/ਰਿਆਇਤ ਪੱਖੀ ਕਦਮਾਂ ਨੂੰ ਮਨਜੂਰੀ

– ਜੀ.ਐਸ.ਟੀ ਅਤੇ ਵੈਟ ਦਾ ਮੁਲਾਂਕਣ ਬਿਨਾਂ ਪੇਸ਼ ਹੋਏ ਕੀਤੇ ਜਾਣ ਦੀ ਪ੍ਰਵਾਨਗੀ, ਜਿਸ ਤਹਿਤ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਇਸ ਉਦੇਸ਼ ਲਈ ਕਰ ਦਫਤਰਾਂ ਵਿਚ ਜਾਣ ਦੀ ਜਰੂਰਤ ਨਹੀ ਪਵੇਗੀ।

– ਕਰ ਵਿਭਾਗ ਵਿਚ ਮੋਬਾਇਲ ਦਸਤਿਆਂ ਦੀ ਗਿਣਤੀ ਘਟਾਈ। ਹੁਣ 14 ਦਸਤਿਆਂ ਦੀ ਥਾਂ ਉੱਤੇ ਸਿਰਫ 4 ਦਸਤੇ ਹੋਣਗੇ।

-ਸੰਸਥਾਗਤ ਕਰ ਦਾ ਖਾਤਮਾ

– ਵਿੱਤੀ ਵਰ੍ਹੇ 2014-15, 2015-16 ਅਤੇ 2016-17 ਦੇ ਵੈਟ ਦੇ ਲੰਬਿਤ ਮਾਮਲਿਆਂ ’ਚ ਕੁਲ ਮੰਗ ਦਦੀ ਸਿਰਫ 30 ਫੀਸਦ ਬਕਾਏ ਨੂੰ ਵਿਚਾਰਿਆ ਜਾਵੇਗਾ ਜਿਸ ਵਿਚੋਂ 20 ਫੀਸਦ ਪਹਿਲੇ ਸਾਲ ਅਤੇ ਬਾਕੀ ਬਚਦੇ 80 ਫੀਸਦ ਨੂੰ ਅਗਲੇ ਸਾਲ ਵਿਚ ਰਿਕਵਰ ਕੀਤਾ ਜਾਵੇਗਾ।

– ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ( ਪੀ.ਏ.ਆਈ.ਸੀ), ਪੰਜਾਬ ਵਿੱਤ ਕਾਰਪੋਰੇਸ਼ਨ (ਪੀ.ਐਫ.ਸੀ), ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ) ਵਿਚ ਉਲੰਘਣਾਂ ਦੇ ਦੋਸ਼ੀਆਂ ਲਈ ਯਕਮੁਸ਼ਤ ਨਿਪਟਾਰਾ (ਓ.ਟੀ.ਐਸ) ਸਕੀਮ ।

-ਪੰਜਾਬ ਰਾਜ ਨਿਰਯਾਤ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਪਲਾਟ ਧਾਰਕਾਂ ਲਈ ਮੁਆਫੀ ਸਕੀਮ ਲਿਆਂਦੀ ਜਾਵੇਗੀ।

-ਮੱਧ ਦਰਜੇ ਦੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨ ਦੀਆਂ ਨਿਰਧਾਰਤ ਦਰਾਂ 50 ਫੀਸਦ ਘਟਾਈਆਂ।

-ਉਦਯੋਗਿਕ ਫੋਕਲ ਪੁਆਇੰਟਾਂ ਅੰਦਰ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 150 ਕਰੋੜ ਖਰਚੇ ਜਾਣਗੇ।

– ਉਦਯੋਗਾਂ ਲਈ ਲਾਂਘੇ ਦੀ ਸ਼ਰਤ ਨਰਮ ਕਰਕੇ 6 ਕਰਮਾਂ ਤੋਂ 4 ਕਰਮ ਕਰਨ ਦਾ ਫੈਸਲਾ

-ਪੱਟੀ-ਮਖੂ ਰੇਲ ਲਿੰਕ ਲਈ ਐਕਵਾਇਰ ਕੀਤੀ ਜਾਣ ਵਾਲੀ ਲੋੜੀਂਦੀ ਜਮੀਨ ਅਗਲੇ ਰੇਲ ਬਜਟ ਤੋਂ ਪਹਿਲਾਂ ਰੇਲ ਮੰਤਰਾਲੇ ਨੂੰ ਸੌਂਪੀ ਜਾਵੇਗੀ।

-ਅੰਮਿ੍ਰਤਸਰ ਵਿਖੇ ਬਣੇਗਾ ਪ੍ਰਦਰਸ਼ਨੀ ਕੇਂਦਰ

-ਚੰਡੀਗੜ੍ਰ ਨਜਦੀਕ ਬਣੇਗਾ ਫਿਲਮ ਸਿਟੀ

ਸਕੂਲ ਸਿੱਖਿਆ ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ-
ਪੰਜਾਬ ਮੰਤਰੀ ਮੰਡਲ ਵੱਲੋਂ ਸਾਲ 2019-20 ਲਈ ਸਕੂਲ ਸਿੱਖਿਆ ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ।

ਕੈਪਟਨ ਤੇ ਸਿੱਧੂ ਵਿਚਕਾਰ ਮੁੜ ਛਿੜੀ ਟਵੀਟ ਜੰਗ

0

ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਇੱਕ ਪਾਸੇ ਜਦ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਨ੍ਹਾਂ ’ਤੇ ਟਵੀਟ ਰਾਹੀਂ ਸਿਆਸੀ ਹਮਲੇ ਕਰ ਰਹੇ ਸਨ। ਪੰ੍ਰਤੂ ਕਪਤਾਨ ਵੀ ਘੱਟ ਨਹੀਂ ਰਹੇ ਤੇ ਉਨਾਂ੍ਹ ਵੀ ਸਿੱਧੂ ਨੂੰ ਜਵਾਬ ਦੇਣ ਲਈ ਕਈ ਟਵੀਟ ਕੀਤੇ। ਕੈਪਟਨ ਨੇ ਸਿੱਧੂ ਦੇ ਟਵੀਟ ‘ਤੇ ਪਲਟਵਾਟ ਕਰਦਿਆਂ ਕਿਹਾ ਹੈ ਕਿ ਚੰਗੇ ਸ਼ਾਸਨ ਬਾਰੇ  ਉਸਨੂੰ ਕੁੱਝ ਨਹੀਂ ਪਤਾ ਅਤੇ ਉਹ ਸਿਰਫ ਆਪਣੇ ਮੂੰਹੋਂ ਕੁੱਝ ਵੀ ਬੋਲਦਾ ਰਹਿੰਦਾ ਹੈ। ਦੂਜੇ ਪਾਸੇ ਸਿੱਧੂ ਨੇ ਦੁਖਦੀ ਰਗ ’ਤੇ ਹੱਥ ਰੱਖਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰਦੇ ਸੀ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦੀ ਅਵਾਜ਼ ਚੁੱਕਦਾ ਸੀ।

ਕੈਪਟਨ ਵਲੋਂ ਅਪਣੀ ਪਾਰਟੀ ਬਣਾਉਣ ਬਾਰੇ ਵੱਡਾ ਐਲਾਨ, ਚੋਣ ਕਮਿਸ਼ਨ ਨੂੰ ਭੇਜਿਆ ਪਾਰਟੀ ਦਾ ਨਾਮ

0

ਅਰੂਸਾ ਆਲਮ ਦਾ ਮੁੱਦਾ ਚੁੱਕਣ ’ਤੇ ਵਿਰੋਧੀਆਂ ਦੀ ਕੀਤੀ ਖਿਚਾਈ
ਨਵਜੋਤ ਸਿੱਧੂ ਨੂੰ ਹਰਾਉਣ ਦਾ ਮੁੜ ਦੁਹਾਰਾਇਆ ਪ੍ਰਣ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਮੁੱਖ ਮੰਤਰੀ ਦੀ ਗੱਦੀਓ ਉਤਰਨ ਤੋਂ ਬਾਅਦ ਪਹਿਲੀ ਵਾਰ ਸਿੱਧਾ ਪ੍ਰੈਸ ਨੂੰ ਮੁਖ਼ਾਤਬ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਵਲੋਂ ਜਲਦੀ ਹੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਬਣਾਈ ਜਾਣ ਵਾਲੀ ਪਾਰਟੀ ਦਾ ਨਾਮ ਤੇ ਝੰਡਾ ਆਦਿ ਚੋਣ ਕਮਿਸਨ ਨੂੰ ਭੇਜਿਆ ਹੈ ਤੇ ਮੰਨਜੂਰੀ ਮਿਲਣ ਤੋਂ ਬਾਅਦ ਉਹ ਇਸਦਾ ਐਲਾਨ ਕਰਨਗੇ। ਅਰੂਸਾ ਆਲਮ ਤੇਹੋਰਨਾਂ ਮੁੁੱਦਿਆਂ ’ਤੇ ਬੇਬਾਕ ਤਰੀਕੇ ਨਾਲ ਅਪਣੇ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਨ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਜਦੋ-ਜਹਿਦ ਕਰਦੇ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਅਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਵਿਚ ਉਹ 92 ਫੀਸਦੀ ਵਾਅਦੇ ਪੂਰੇ ਕਰਨ ਵਿਚ ਸਫ਼ਲ ਰਹੇ ਸਨ ਤੇ ਜੇਕਰ ਬਾਕੀ ਸਮਾਂ ਮਿਲ ਜਾਂਦਾ ਤਾਂ ਉਹ ਬਕਾਇਆ ਮੁੱਦਿਆਂ ਦਾ ਹੱਲ ਕੱਢਣ ਲਈ ਯਤਨਸੀਲ ਸਨ।  ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਬਣਨ ਵਾਲੀ ਨਵੀਂ ਪਾਰਟੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ। ਕਾਂਗਰਸ ਦੇ ਵੱਡੇ ਆਗੂ ਕੈਪਟਨ ਨੇ  ਵੀ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿਚ ਕਈ ਵੱਡੇ ਕਾਂਗਰਸੀ ਆਗੂ ਹਨ, ਜਿਹੜੇ ਸਮਾਂ ਆਉਣ ’ਤੇ ਨਾਲ ਆ ਜਾਣਗੇ। ਅਰੂਸਾ ਆਲਮ ਬਾਰੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰਨਾਂ ਵਲੋਂ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ‘‘ ਜਦੋਂ ਰੰਧਾਵਾ ਉਸਦੀ ਸਰਕਾਰ ਵਿਚ ਮੰਤਰੀ ਸਨ ਤਦ ਕਿਉਂ ਨਹੀਂ ਬੋਲੇ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਰੂਸਾ ਪਿਛਲੇ 16 ਸਾਲ ਤੋਂ ਭਾਰਤ ਆ ਰਹੇ ਹਨ ਪਰ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਇਸਨੂੰ ਚੁੱਕਿਆ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਦੇ ਕੇਂਦਰ ਦੇ ਫੈਸਲੇ ਦੀ ਮੁੜ ਹਿਮਾਇਤ ਕਰਦਿਆਂ ਕਿਹਾ ਕਿ ਇਸਦੇ ਨਾਲ ਪੰਜਾਬ ਨੂੰ ਕੋਈ ਖਤਰਾ ਨਹੀਂ। ਖੇਤੀ ਕਾਨੂੰਨਾਂ ਬਾਰੇ ਕੇਂਦਰ ਨਾਲ ਚੱਲ ਰਹੀ ਗੱਲਬਾਤ ਬਾਰੇ ਕੈਪਟਨ ਨੇ ਦਾਅਵਾ ਕੀਤਾ ਕਿ ਉਹ ਭਲਕੇ ਮੁੜ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਤੇ ਉਮੀਦ ਹੈ ਕਿ ਜਲਦੀ ਹੀ ਇਸ ਮਸਲੇ ਦਾ ਗੱਲਬਾਤ ਰਾਹੀ ਹੱਲ ਨਿਕਲ ਆਵੇਗਾ।

ਗੱਲ ਨਾ ਸੁਣਨ ਤੋਂ ਦੁਖੀ ਕਿਸਾਨਾਂ ਨੇ ਬਠਿੰਡਾ ਵਿੱਚ ‘ਚੰਨੀ’ ਦੇ ਪੋਸਟਰਾਂ ’ਤੇ ਮਲੀ ਕਾਲਖ਼

0

ਮਿੰਨੀ ਸਕੱਤਰੇਤ ਦਾ ਘਿਰਾਓ ਤੀਜ਼ੇ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ:ਪਿਛਲੇ ਤਿੰਨ ਦਿਨਾਂ ਤਂੋ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੇ ਸਰਕਾਰ ਦੀ ਬੇਰੁਖ਼ੀ ਨੂੰ ਦੇਖਦਿਆਂ ਅੱਜ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਹੋਰਡਿੰਗ ਉਤਾਰ ਦਿੱਤੇ ਤੇ ਬੱਸਾਂ ’ਤੇ ਲੱਗੇ ਪ੍ਰਚਾਰ ਬੋਰਡਾਂ ਉਪਰ ਕਾਲਖ਼ ਮਲ ਦਿੱਤੀ। ਸਰਕਾਰ ਦੁਆਰਾ ਧਾਰੀ ਰਹੱਸਮਈ ਚੁੱਪ ਨੂੰ ਦੇਖਦਿਆਂ ਕਿਸਾਨਾਂ ਨੇ ਅਗਲੇ ਦਿਨਾਂ ’ਚ ਹੋਰ ਵੀ ਵੱਡੇ ਐਕਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਹੈ, ਜਿਸਦਾ ਜਲਦੀ ਹੀ ਖ਼ੁਲਾਸਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਗੁਲਾਬੀ ਸੁੰਡੀ ਨਾਲ ਹੋਈ ਤਬਾਹ ਹੋਈ ਨਰਮੇ ਦੀ ਫ਼ਸਲ ਅਤੇ ਗੜੇਮਾਰੀ ਤੇ ਝੱਖੜ ਕਾਰਨ ਝੋਨੇ ਤੇ ਹੋਰ ਫਸਲਾਂ ਦੀ ਹੋਈ ਕੁਦਰਤੀ ਤਬਾਹੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪਿਛਲੇ ਇੱਕ ਮਹੀਨੇ ਤੋਂ ਇਹ ਸੰਘਰਸ ਵਿੱਢਿਆ ਗਿਆ ਹੈ। ਇਸ ਸੰਘਰਸ਼ ਦੀ ਕੜੀ ਤਹਿਤ ਪਹਿਲਾਂ ਇੱਕ ਅਕਤੂਬਰ ਨੂੰ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਘਿਰਾਓ ਦੀ ਚੇਤਾਵਨੀ ਦਿੱਤੀ ਪ੍ਰੰਤੂ ਸਰਕਾਰ ਦੁਆਰਾ ਗੱਲ ਨਾ ਸੁਣਨ ਦੇ ਚੱਲਦਿਆਂ ਹਜ਼ਾਰਾਂ ਕਿਸਾਨਾਂ ਨੇ ਪਿੰਡ ਬਾਦਲ ਸਥਿਤ ਸ: ਬਾਦਲ ਦੀ ਰਿਹਾਇਸ਼ ਨੂੰ 5 ਅਕਤੂਬਰ ਤੋਂ ਲੈ ਕੇ 19 ਤੱਕ ਘੇਰੀ ਰੱਖਿਆ ਸੀ। ਇਸ ਦੌਰਾਨ ਸਰਕਾਰ ਤੇ ਕਿਸਾਨਾਂ ਵਿਚਕਾਰ ਹੋਈ ਗੱਲਬਾਤ ਬੇਸਿੱਟਾ ਰਹੀ, ਜਿਸਤੋਂ ਬਾਅਦ ਕਿਸਾਨਾਂ ਨੇ 25 ਅਕਤੂਬਰ ਨੂੰ ਚਾਰ-ਚੁਫ਼ੇਰਿਓ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ। ਘਿਰਾਓ ਦੌਰਾਨ ਸਕੱਤਰੇਤ ਦੇ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸਦੇ ਚੱਲਦੇ ਅੰਦਰ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਸੂਤਰਾਂ ਮੁਤਾਬਕ ਪੁਲਿਸ ਤੇ ਸਿਵਲ ਵਿਭਾਗ ਦੇ ਜਰੂਰੀ ਅਦਾਰਿਆਂ ਵਲੋਂ ਅਫ਼ਸਰਾਂ ਦੀ ਰਿਹਾਇਸ਼ਾਂ ਦੇ ਕੈਂਪ ਆਫ਼ਿਸ ਅਤੇ ਬਾਹਰਲੇ ਦਫ਼ਤਰਾਂ ਤੋਂ ਕੰਮ ਚਲਾਇਆ ਜਾ ਰਿਹਾ। ਉਧਰ ਅੱਜ ਤੀਜ਼ੇ ਦਿਨ ਮਾਲਵਾ ਪੱਟੀ ਦੇ ਅੱਠ ਜ਼ਿਲ੍ਹਿਆਂ ਤੋਂ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ ਨੇ ਅਪਣੇ ਤੈਅਸ਼ੁਦਾ ਪੋ੍ਰਗਰਾਮ ਤਹਿਤ ਸ਼ਹਿਰ ਵਿਚ ਥਾਂ ਥਾਂ ਲੱਗੇ ਮੁੱਖ ਮੰਤਰੀ ਦੇ ਹੋਰਡਿੰਗ, ਫ਼ਲੈਕਸਾਂ ਤੇ ਹੋਰ ਇਸ਼ਤਿਹਾਰ ‘‘ ਘਰ-ਘਰ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’’ ਉਤਾਰ ਦਿੱਤੇ ਗਏ ਤੇ ਸਰਕਾਰੀ ਬੱਸਾਂ ਪਿੱਛੇ ਲੱਗੇ ਇੰਨਾਂ ਹੋਰਡਿੰਗਾਂ ’ਤੇ ਕਾਲਖ਼ ਮਲ ਦਿੱਤੀ ਗਈ। ਹਾਲਾਂਕਿ ਪੁਲਿਸ ਵਲੋਂ ਵੱਡੀ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਸ਼ਾਂਤੀ ਬਰਕਰਾਰ ਰਹੀ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਵਾਲਿਆਂ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸਿੰਗਾਰਾ ਸਿੰਘ ਮਾਨ ਆਦਿ ਨੇ ਐਲਾਨ ਕੀਤਾ ਕਿ ਉਹ ਮੁਆਵਜ਼ਾ ਲਏ ਤੋਂ ਬਿਨ੍ਹਾਂ ਨਹੀਂ ਉਠਣਗੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅੱਜ ਇਕੱਲੇ ਬਠਿੰਡਾ ਸ਼ਹਿਰ ਵਿਚ ਮੁੱਖ ਮੰਤਰੀ ਦੇ ਹੋਰਡਿੰਗ ਉਤਾਰੇ ਗਏ ਹਨ ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਸਾਰੇ ਪੰਜਾਬ ਵਿਚ ਇਹ ਹੋਰਡਿੰਗ ਉਤਾਰੇ ਜਾਣਗੇ। ਗੌਰਤਲਬ ਹੈ ਕਿ ਕਿਸਾਨਾਂ ਵਲੋਂ ਨਰਮੇ ਅਤੇ ਝੋਨੇ ਦੀ ਤਬਾਹ ਹੋਈ ਫ਼ਸਲ ਬਦਲੇ ਕਿਸਾਨਾਂ ਨੂੰ 60000 ਰੁਪਏ ਅਤੇ ਨਰਮੇ ਵਾਲੇ ਥਾਂ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦੇਦ ਦੀ ਮੰਗ ਤੋਂ ਇਲਾਵਾ ਕਿਸਾਨਾਂ ਨੂੰ ਨਕਲੀ ਬੀਜ/ਦਵਾਈਆਂ ਮੁਹੱਈਆ ਕਰਵਾਉਣ ਤੇ ਬਣਾਉਣ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਗੁਲਾਬੀ ਸੁੰਡੀ ਕਾਰਨ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ ਮੁਕੰਮਲ ਕਰਜਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।

ਏਮਜ ਬਠਿੰਡਾ ’ਚ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਹੋਈ ਸੁਰੂਆਤ

0
ਡਾਇਰੈਕਟਰ ਨੇ ਸਮੂਹ ਕਰਮਚਾਰੀਆਂ ਨੂੰ ਚੁਕਾਈ ਇਮਾਨਦਾਰੀ ਦੀ ਸਹੁੰ
ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ: ਸਥਾਨਕ ਏਮਜ਼ ਹਸਪਤਾਲ ਵਿਚ ਬੀਤੇ ਕੱਲ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਸੁਰੂਆਤ ਇਮਾਨਦਾਰੀ ਦੇ ਪ੍ਰਣ ਨਾਲ ਹੋਈ ਜਿਸ ਦੀ ਪ੍ਰਧਾਨਗੀ ਕਾਰਜਕਾਰੀ ਨਿਰਦੇਸਕ ਅਤੇ ਸੀ.ਈ.ਓ.  ਡਾ. ਡੀ. ਕੇ. ਸਿੰਘ ਨੇ ਸੰਸਥਾ ਦੇ ਡੀਨ ਪ੍ਰੋ. ਡਾ. ਸਤੀਸ ਕੁਮਾਰ ਗੁਪਤਾ, ਪ੍ਰੋ. ਡਾ. ਲੱਜਾ ਦੇਵੀ ਗੋਇਲ ਅਤੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਕੀਤੀ, ਇਸ ਮੌਕੇ ਡਾ: ਸਿੰਘ ਨੇ ਸਾਰੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਭਿ੍ਰਸਟਾਚਾਰ ਦੀ ਰੋਕਥਾਮ ਅਤੇ ਇਸ ਵਿਰੁੱਧ ਲੜਾਈ ਵਿਚ ਸਮੂਹਿਕ ਤੌਰ ‘ਤੇ ਹਿੱਸਾ ਲੈਣ ਅਤੇ ਭਿ੍ਰਸਟਾਚਾਰ ਦੀ ਹੋਂਦ, ਕਾਰਨਾਂ ਅਤੇ ਗੰਭੀਰਤਾ ਅਤੇ ਇਸ ਦੇ ਖਤਰੇ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਉਤਸਾਹਿਤ ਕੀਤਾ।  ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਦੀ ਕਿਸੇ ਵੀ ਕਿਸਮ ਦੇ ਭਿ੍ਰਸਟਾਚਾਰ ਲਈ ਜੀਰੋ-ਟੌਲਰੈਂਸ ਦੀ ਨੀਤੀ ਹੈ। ਇਸ ਦੌਰਾਨ
ਸੰਸਥਾ ਦੀ ਮੁੱਖ ਵਿਜੀਲੈਂਸ ਅਫਸਰ ਡਾ: ਪ੍ਰੀਤੀ ਚੌਧਰੀ ਨੇ ਦੱਸਿਆ ਕਿ ਇਸ ਹਫਤੇ ਕੈਂਪਸ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ , ਜਿਸ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਭਿ੍ਰਸਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲੈਕਚਰ ਸਾਮਲ ਹਨ । ਅਥਾਰਟੀ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਕੋਵਿਡ-19 ਰੋਕਥਾਮ ਦਿਸਾ-ਨਿਰਦੇਸਾਂ ਦੀ ਸਖਤੀ ਨਾਲ ਪਾਲਣਾ ਕਰਨ ਤੋਂ ਬਾਅਦ ਸਾਰੇ ਸਥਾਨਾਂ ਅਤੇ ਸਮਾਗਮਾਂ ਵਿੱਚ ਮੌਜੂਦਾ ਛੋਟੇ ਪੱਧਰ ਦੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਮੇਲੇ, ਡਿਬੇਟ , ਡਾਂਸ ਅਤੇ ਗਾਇਨ ਮੁਕਾਬਲੇ, ਅਤੇ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਡਾ: ਸਪਨਾ ਮਾਰਕਸ ਭੱਟੀ, ਡਾ: ਜਤਿੰਦਰ ਅਨੇਜਾ, ਡਾ: ਤਰੁਣ ਗੋਇਲ, ਡਾ: ਅੰਜਲੀ ਸਿੰਗਲ, ਡਾ: ਅਪੂਰਬਾ ਪਾਤਰਾ, ਡਾ: ਮਧੁਰ ਵਰਮਾ, ਡਾ: ਸਾਕੇਤ ਸਿਨ੍ਹਾ, ਡਾ: ਸੌਮਿਆ ਸਾਹੂ, ਡਾ: ਅੰਕਿਤਾ ਕੰਕਰੀਆ ਅਤੇ ਡਾ: ਹਰਸਿਮਰਨਜੀਤ ਸਿੰਘ, ਡਾ ਅਮਨਦੀਪ ਕੌਰ,ਡਾ ਮਨਜੀਤ ਕੌਰ ਆਦਿ ਹਾਜ਼ਰ ਸਨ।

ਹੁਣ ਬਠਿੰਡਾ ’ਚ ਬਾਦਲਾਂ ਦੀ ਵੋਲਵੋ ਨੂੰ ਬਰੇਕਾਂ ਲਗਾਈਆਂ

0

ਦੀਪ ਕੰਪਨੀ ਦੀ ਵੋਲਵੋ ਵੀ ਰੋਕੀ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ : ਸੂਬੇ ’ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਹੋਂਦ ਵਿਚ ਆਈ ਸਰਕਾਰ ਵਿਚ ਟ੍ਰਾਂਸਪੋਰਟ ਮੰਤਰੀ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤੋਂ ਬਾਅਦ ਜਿੱਥੇ ਟ੍ਰਾਂਸਪੋਰਟ ਵਿਭਾਗ ਗਤੀਸ਼ੀਲ ਹੋ ਗਿਆ ਹੈ, ਉਥੇ ਪੀਆਰਟੀਸੀ ਅਧਿਕਾਰੀ ਵੀ ਹਰਕਤ ਵਿਚ ਆ ਗਏ ਹਨ। ਬਿਨ੍ਹਾਂ ਟੈਕਸ ਭਰੇ ਤੇ ਨਜਾਇਜ਼ ਤੌਰ ’ਤੇ ਚੱਲ ਰਹੀਆਂ ਬੱਸਾਂ ਨੂੰ ਰੋਕਣ ਲਈ ਸੂਬੇ ਭਰ ਵਿਚ ਚਲਾਈ ਮੁਹਿੰਮ ਤਹਿਤ ਅੱਜ ਸਵੇਰੇ ਚਾਰ ਤੋਂ ਪੰਜ ਵਜੇਂ ਤੱਕ ਕੀਤੀ ਅਚਨਚੇਤ ਚੈਕਿੰਗ ਦੌਰਾਨ ਦੋ ਵੋਲਵੋ ਬੱਸਾਂ ਜਬਤ ਕੀਤੀਆਂ ਗਈਆਂ। ਇੰਨ੍ਹਾਂ ਵਿਚ ਇੱਕ ਬਾਦਲ ਪ੍ਰਵਾਰ ਦੀ ਹਿੱਸੇਦਾਰੀ ਵਾਲੀ ਆਰਬਿਟ ਕੰਪਨੀ ਦੀ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਵੋਲਵੋ ਬੱਸ ਤੇ ਇੱਕ ਦੀਪ ਬੱਸ ਕੰਪਨੀ ਦੀ ਬਠਿੰਡਾ ਤੋਂ ਵਾਇਆ ਮਾਨਸਾ ਜਾਣ ਵਾਲੀ ਵੋਲਵੋ ਬੱਸ ਦੱਸੀ ਜਾ ਰਹੀ ਹੈ। ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਰਮਨ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੋਨਾਂ ਬੱਸਾਂ ਦਾ ਟੈਕਸ ਬਕਾਇਆ ਪਿਆ ਸੀ, ਜਿਸਦੇ ਚੱਲਦੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਉਧਰ ਚੈਕਿੰਗ ਦਾ ਪਤਾ ਚੱਲਦੇ ਹੀ ਜਿਆਦਾਤਰ ਏਸੀ ਬੱਸਾਂ ਮਿੰਟੋ-ਮਿੰਟੀ ਬਠਿੰਡਾ ਦੇ ਬੱਸ ਅੱਡੇ ਵਿਚੋਂ ਬਾਹਰ ਨਿਕਲ ਗਈਆਂ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲਏ ਨਵੇਂ ਫੈਸਲੇ ਤਹਿਤ ਹੁਣ ਪੀਆਰਟੀਸੀ ਅਧਿਕਾਰੀਆਂ ਨੂੰ ਵੀ ਬੱਸ ਅੱਡੇ ਵਿਚ ਚੈਕਿੰਗ ਦੇ ਅਧਿਕਾਰ ਦਿੱਤੇ ਗਏ ਹਨ।

Our Visitor

1891450