378.77 ਏਕੜ ਰਕਬੇ ਵਿੱਚ ਹਾਈ-ਟੈੱਕ ਵੈਲੀ ਕੀਤੀ ਜਾ ਰਹੀ ਵਿਕਸਿਤ: ਉਦਯੋਗ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਅਕਤੂਬਰ: ਲੁਧਿਆਣਾ ਨੂੰ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਵਿਖੇ 378.77 ਏਕੜ ਰਕਬੇ ’ਚ ਹਾਈ-ਟੈਕ ਵੈਲੀ ਵਿਕਸਿਤ ਕੀਤੀ ਜਾ ਰਹੀ ਹੈ।ਇਹ ਦਾਅਵਾ ਕਰਦਿਆਂ ਸੂਬੇ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਨੀ ਨੇ ਕਿਹਾ ਕਿ ਵੈਲੀ ਸਰਕਾਰੀ ਸੰਸਥਾ ਪੰਜਾਬ ਸਮਾਲ ਇੰਡਸਟਰੀਜ ਐਂਡ ਐਕਸਪੋਰਟ ਕਾਰਪੋਰੇਸਨ ਵੱਲੋਂ ਤਿਆਰ ਕੀਤੀ ਜਾ ਰਹੀ ਹੈ। 378.77 ਏਕੜ ਜਮੀਨ ਦੇ ਪੂਰੇ ਹਿੱਸੇ ਲਈ ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਈ.ਆਈ.ਏ. ਨੋਟੀਫਿਕੇਸਨ ਅਧੀਨ ਵਾਤਾਵਰਣ ਸਬੰਧੀ ਪ੍ਰਵਾਨਗੀ, ਰੇਰਾ ਆਦਿ ਲਈ ਮਨਜੂਰੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਇਸ ਪ੍ਰਾਜੈਕਟ ’ਤੇ 365 ਕਰੋੜ ਰੁਪਏ ਦੀ ਲਾਗਤ ਆਵੇਗੀ।
ਹੀਰੋ ਸਾਈਕਲਜ਼ ਲਿਮਟਿਡ ਜੋ ਕਿ ਸਾਈਕਲ ਉਦਯੋਗ ਵਿੱਚ ਇੱਕ ਪ੍ਰਮੁੱਖ ਸੰਸਥਾ ਹੈ, ਵੱਲੋਂ ਹਾਈ ਟੈੱਕ ਵੈਲੀ ਅੰਦਰ 100 ਏਕੜ ਰਕਬੇ ਵਿੱਚ ਬਣੇ ਹੀਰੋ ਇੰਡਸਟ੍ਰੀਅਲ ਪਾਰਕ ਵਿੱਚ ਅਤਿ ਆਧੁਨਿਕ ਬਾਈਸਾਈਕਲਾਂ ਅਤੇ ਈ-ਬਾਈਕਾਂ ਦੇ ਨਿਰਮਾਣ ਲਈ ਆਪਣੀ ਅਤਿ ਆਧੁਨਿਕ ਇਕਾਈ ਲਗਾਈ ਗਈ ਹੈ।ਇਸ ਇਕਾਈ ਦਾ ਉਦਘਾਟਨ ਅਪ੍ਰੈਲ 2021 ਵਿੱਚ ਕੀਤਾ ਗਿਆ ਸੀ। ਹੀਰੋ ਇੰਡਸਟਰੀਅਲ ਪਾਰਕ ਵਿੱਚ ਇਸ ਯੂਨਿਟ ਦੀਆਂ ਸਹਾਇਕ ਇਕਾਈਆਂ ਵੀ ਹੋਣਗੀਆਂ।ਇਸੇ ਤਰ੍ਹਾਂ ਅਦਿੱਤਿਆ ਬਿਰਲਾ ਗਰੁੱਪ, ਫਾਰਚੂਨ 500 ਕੰਪਨੀ, ਨੇ ਆਪਣੀ ਪ੍ਰਮੁੱਖ ਕੰਪਨੀ ਗ੍ਰਾਸਿਮ ਇੰਡਸਟਰੀਜ ਲਿਮਟਿਡ ਜ਼ਰੀਏ ਆਪਣੇ ਆਉਣ ਵਾਲੇ ਪੇਂਟ ਕਾਰੋਬਾਰ ਲਈ ਪੰਜਾਬ ਨੂੰ ਇੱਕ ਨਿਵੇਸ ਸਥਾਨ ਵਜੋਂ ਚੁਣਿਆ ਹੈ।ਗਰੁੱਪ ਨੇ ਆਪਣੇ ਨਵੇਂ ਉੱਦਮ ਲਈ ਹਾਈ ਟੈਕ ਵੈਲੀ ਵਿੱਚ 61.38 ਏਕੜ ਉਦਯੋਗਿਕ ਜਮੀਨ ਖਰੀਦੀ ਹੈ। ਅਦਿੱਤਿਆ ਬਿਰਲਾ ਦਾ ਆਗਾਮੀ ਪਲਾਂਟ ਨਵੀਨਤਮ ਨਿਰਮਾਣ ਤਕਨਾਲੋਜੀ ਨਾਲ ਲੈਸ ਹੋਵੇਗਾ ਅਤੇ ਇਸ ਤਰ੍ਹਾਂ ਉੱਚ ਤਕਨੀਕੀ ਕੁਸਲਤਾ ’ਤੇ ਕੰਮ ਕਰੇਗਾ। ਪਲਾਂਟ ਨੂੰ ਡੀ.ਸੀ.ਐਸ/ਪੀ.ਐਲ.ਸੀ. ਦੀ ਉੱਨਤ ਤਕਨੀਕ ਰਾਹੀਂ ਕੰਟਰੋਲ ਕੀਤਾ ਜਾਵੇਗਾ। ਪਲਾਂਟ ਦੇ ਅੰਦਰ ਆਰ.ਐਮ. ਪੀ.ਐਮ. ਅਤੇ ਐਫ.ਜੀ. ਵੇਅਰਹਾਊਸਾਂ ਦੇ ਪ੍ਰਬੰਧਨ ਲਈ ਸਵੈਚਾਲਿਤ ਵਿਧੀ ਦੀ ਵਰਤੋਂ ਕੀਤੀ ਜਾਵੇਗੀ। ਸੁਰੱਖਿਅਤ ਕੰਮ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ, ਪਲਾਂਟ ਵਿੱਚ ਉੱਤਮ ਦਰਜੇ ਦੀਆਂ ਸੁਰੱਖਿਆ ਅਤੇ ਵਾਤਾਵਰਣ ਸੁਰੱਖਿਆ ਪ੍ਰਣਾਲੀਆਂ ਹੋਣਗੀਆਂ। ਨਿਰਮਾਣ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਪਲਾਂਟ ਵਿੱਚ ਆਈ.ਆਈ.ਓ.ਟੀ -4 ਦੇ ਸਿਧਾਂਤ ਦੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜੇ.ਕੇ. ਪੇਪਰਜ਼ ਲਿਮਟਿਡ ਨੂੰ ਬਕਸਿਆਂ ਅਤੇ ਪੈਕੇਜਿੰਗ ਉਤਪਾਦਾਂ ਦੇ ਨਿਰਮਾਣ ਲਈ ਆਪਣੀ ਯੂਨਿਟ ਸਥਾਪਤ ਕਰਨ ਵਾਸਤੇ 17 ਏਕੜ ਉਦਯੋਗਿਕ ਜ਼ਮੀਨ ਅਲਾਟ ਕੀਤੀ ਗਈ ਹੈ।
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਮਿਆਰੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਟਰਾਂਸਮਿਸਨ ਕਾਰਪੋਰੇਸਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵੱਲੋਂ 30 ਏਕੜ ਜਮੀਨ ’ਤੇ 400 ਕੇ.ਵੀ. ਦਾ ਬਿਜਲੀ ਗਰਿੱਡ ਸਟੇਸਨ ਸਥਾਪਿਤ ਕੀਤਾ ਜਾਵੇਗਾ, ਜਿਸ ਲਈ ਜਮੀਨ ਅਲਾਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀਐਸਟੀਸੀਐਲ ਨੇ ਸਾਈਟ ’ਤੇ ਪਹਿਲਾਂ ਹੀ ਵਿਕਾਸ ਕਾਰਜ ਸੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੁਖਾਲਾ ਸੰਪਰਕ ਪ੍ਰਦਾਨ ਕਰਨ ਲਈ ਹਾਈਟੈਕ ਵੈਲੀ ਨੂੰ ਚੰਡੀਗੜ੍ਹ-ਲੁਧਿਆਣਾ ਨੈਸਨਲ ਹਾਈਵੇਅ ਨਾਲ 100 ਫੁੱਟ ਚੌੜੀ 4-ਲੇਨ ਅਤੇ 8.3 ਕਿਲੋਮੀਟਰ ਲੰਬੀ ਬਾਹਰੀ ਕੰਕਰੀਟ ਸੜਕ ਬਣਾ ਕੇ ਜੋੜਿਆ ਗਿਆ ਹੈ ਅਤੇ ਇਹ 14 ਅਪ੍ਰੈਲ, 2021 ਨੂੰ ਜਨਤਾ ਨੂੰ ਸੌਂਪ ਦਿੱਤੀਆਂ ਗਈਆਂ ਸਨ।ਗੁਰਕੀਰਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਈਟੈਕ ਵੈਲੀ ਦਾ ਅੰਦਰੂਨੀ ਵਿਕਾਸ ਭਾਵ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ ਦਾ ਨਿਰਮਾਣ, ਤੂਫ਼ਾਨੀ ਪਾਣੀ ਦੀ ਨਿਕਾਸੀ ਪ੍ਰਣਾਲੀ, ਸੀਵਰੇਜ ਕੁਲੈਕਸਨ ਸਿਸਟਮ ਅਤੇ ਐਫਲੂਐਂਟ ਕੁਲੈਕਸਨ ਸਿਸਟਮ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੋਰ ਕੰਮ ਜਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਹਾਈ ਟੈਕ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ।
ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ ’ਤੇ: ਗੁਰਕੀਰਤ ਕੋਟਲੀ
ਮਾਲ ਮੰਤਰੀ ਅਰੁਨਾ ਚੌਧਰੀ ਵਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼
ਇੱਕ ਹਫ਼ਤੇ ਵਿੱਚ ਗਿਰਦਾਵਰੀ ਦੀ ਰਿਪੋਰਟ ਭੇਜਣ ਲਈ ਆਖਿਆ
ਸੁਖਜਿੰਦਰ ਮਾਨ
ਚੰਡੀਗੜ 25 ਅਕਤੂਬਰ: ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਦਿਆਂ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ। ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੰਦਿਆਂ ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਇਸ ਸੰਕਟ ਦੀ ਘੜੀ ਸੂਬਾ ਸਰਕਾਰ ਉਨਾਂ ਨਾਲ ਪੂਰੀ ਤਰਾਂ ਡਟ ਕੇ ਖੜੀ ਹੈ । ਗੌਰਤਲਬ ਹੈ ਕਿ ਹਾਲ ਹੀ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਦੇ ਸੰਦਰਭ ਵਿੱਚ ਮਾਲ ਮੰਤਰੀ ਵੱਲੋਂ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ।ਇਸੇ ਦੌਰਾਨ ਵਿੱਤ ਕਮਿਸ਼ਨਰ ਮਾਲ ਸ੍ਰੀ ਵੀ. ਕੇ. ਜੰਜੂਆ ਨੇੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਵਾਸਤੇ ਆਖਿਆ ਹੈ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੇ ਸਬੰਧ ਵਿੱਚ ਵਿਸਤ੍ਰਤ ਰਿਪੋਰਟ ਭੇਜਣ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਨਿਰਧਾਰਤ ਨਿਯਮਾਂ ਦੇ ਅਨੁਸਾਰ ਫਸਲ ਦਾ ਮੁਆਵਜ਼ਾ ਦੇਣ ਦੇ ਵਾਸਤੇ ਇਹ ਰਿਪੋਰਟ ਅਗਲੀ ਕਾਰਵਾਈ ਲਈ ਮੁੱਖ ਸਕੱਤਰ ਦੀ ਅਗਵਾਈ ਵਾਲੀ ਸੂਬਾ ਅਜੈਕਟਿਵ ਕਮੇਟੀ ਨੂੰ ਭੇਜੀ ਜਾ ਸਕੇ। ਵਿੱਤ ਕਮਿਸ਼ਨਰ ਮਾਲ ਦੇ ਅਨੁਸਾਰ ਫੀਲਡ ਦੇ ਮਾਲ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਗਿਰਦਾਵਰੀ ਦੀ ਰਿਪੋਰਟ ਨੂੰ ਤਸਦੀਕ ਕਰਕੇ ਭੇਜਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬਾਗਬਾਨੀ ’ਚ ਸੁਧਾਰ ਲਈ ਇਜ਼ਰਾਈਲੀ ਤਕਨੀਕ ਅਪਣਾਵਾਂਗੇ: ਰਾਣਾ ਗੁਰਜੀਤ ਸਿੰਘ
ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਦਿੱਤਾ ਜੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਅਕਤੂਬਰ: ਪੰਜਾਬ ’ਚ ਬਾਗਬਾਨੀ ਦੇ ਖੇਤਰ ’ਚ ਸੁਧਾਰ ਲਿਆਉਣ ਲਈ ਇਜਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ ਘੱਟ ਵਰਤੋਂ ਕਰਕੇ ਵੀ ਫਸਲਾਂ/ਸਬਜੀਆਂ ਦਾ ਭਰਪੂਰ ਝਾੜ ਹਾਸਲ ਕੀਤਾ ਜਾ ਸਕੇ।ਪੰਜਾਬ ਦੇ ਬਾਗਬਾਨੀ ਅਤੇ ਭੂਮੀ ਅਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਸੈਕਟਰ 26 ਸਥਿਤ ਮੈਗਸੀਪਾ ਸੰਸਥਾ ਵਿਖੇ ਇਜ਼ਰਾਈਲ ਦੇ ਬਾਗਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੱਸਿਆ ਕਿ ਇਜ਼ਰਾਈਲ ਵਿੱਚ ਪਾਣੀ ਦੇ ਸਰੋਤ ਨਾ ਮਾਤਰ ਹੋਣ ਦੇ ਬਾਵਜੂਦ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕੁਆਲਿਟੀ ਪੈਦਾਵਾਰ ’ਤੇ ਜੋਰ ਦਿੱਤਾ ਜਾ ਰਿਹਾ ਹੈ ਅਤੇ ਬਾਗਬਾਨੀ ਦੀਆਂ ਨਵੀਂਆਂ ਤਕਨੀਕਾਂ ਅਪਣਾਉਣ ਵਿੱਚ ਇਜ਼ਰਾਈਲ ਵਿਸ਼ਵ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਜ਼ਰਾਈਲ ਦੀ ਤਕਨੀਕ ਨਾਲ ਚੱਲ ਰਹੇ ਸੈਂਟਰ ਬਾਗਬਾਨੀ ਫਸਲਾਂ ਦੀ ਕੁਆਲਿਟੀ ਪੈਦਾਵਾਰ ਵਿੱਚ ਸਹਾਈ ਹੋ ਰਹੇ ਹਨ। ਇਸ ਲਈ ਇਸ ਤਕਨਾਲੌਜੀ ਨੂੰ ਬਾਗਬਾਨੀ ਦੇ ਖੇਤਰ ਵਿੱਚ ਬਾਕੀ ਫਸਲਾਂ ਲਈ ਵੀ ਲਾਗੂ ਕਰਨ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਬਾਗਬਾਨੀ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਹਰ ਦੇਸ ਪਾਣੀ ਦੀ ਕੁਆਲਿਟੀ ਅਤੇ ਪਾਣੀ ਦੇ ਘਟਦੇ ਪੱਧਰ ਬਾਰੇ ਚਿੰਤਤ ਹੈ ਅਤੇ ਨਵੀਂਆਂ ਤਕਨੀਕਾਂ ਅਪਣਾ ਰਿਹਾ ਹੈ ਤਾਂ ਪੰਜਾਬ ਵੀ ਨਵੀਂਆਂ ਤਕਨੀਕਾਂ ਅਪਣਾ ਕੇ ਬਾਗਬਾਨੀ ਖੇਤਰ ’ਚ ਅਗਾਂਹ ਵਧਣ ਦੀ ਕੋਸਿਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਅਤੇ ਵਧੇਰੇ ਲਾਭ ਪ੍ਰਾਪਤ ਕਰਨ ’ਤੇ ਜੋਰ ਦਿੱਤਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਜਰਾਈਲੀ ਤਕਨੀਕ ਨਾਲ ਕਰਤਾਰਪੁਰ (ਜਲੰਧਰ) ਵਿਖੇ ਸਾਲ 2013 ਵਿੱਚ ਅਤੇ ਖਨੌੜਾ (ਹੁਸ਼ਿਆਰਪੁਰ) ਵਿਖੇ ਸਾਲ 2014 ’ਚ ਦੋ ਸੈਂਟਰ ਸਥਾਪਤ ਕੀਤੇ ਗਏ ਸਨ। ਕਰਤਾਰਪੁਰ ਵਿਖੇ ਸਬਜੀਆਂ ਦੀ ਕਾਸ਼ਤ ਨੂੰ ਪ੍ਰੋਟੈਕਟਿਡ ਹਾਲਤਾਂ ਵਿੱਚ ਕਰਨ ਸਬੰਧੀ ਵੱਖ-ਵੱਖ ਤਰ੍ਹਾਂ ਦੇ ਸਟਰੱਕਚਰ ਸਥਾਪਿਤ ਕੀਤੇ ਗਏ ਹਨ। ਇਸ ਸੈਂਟਰ ਵਿੱਚ ਹੁਣ ਤਕ ਲਗਭਗ 150 ਲੱਖ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਕੇ ਲਗਭਗ 7000 ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇੱਥੇ ਲਗਭਗ 1000 ਕਿਸਾਨਾਂ ਨੂੰ ਸੁਰੱਖਿਅਤ ਖੇਤੀ ਸਬੰਧੀ 27 ਟ੍ਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ। ਸਬਜ਼ੀਆਂ ਦੀਆਂ ਪਨੀਰੀਆਂ ਬੜੇ ਹੀ ਵਾਜ਼ਿਬ ਰੇਟਾਂ ਤੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।ਬੇਮੌਸਮੀ ਹਾਈ ਵੈਲਯੂ ਸਬਜ਼ੀਆਂ ਜਿਵੇਂ ਕਿ ਨੈੱਟ ਹਾਊਸ ਵਿੱਚ ਖਰਬੂਜਾ ਅਤੇ ਘੱਟ ਬੀਜ ਵਾਲਾ ਤਰਬੂਜ ਅਤੇ ਹੋਰ ਵਿਦੇਸੀ ਸਬਜੀਆਂ, ਜਿਨ੍ਹਾਂ ਦੀ ਬਾਜ਼ਾਰ ਵਿੱਚ ਕਾਫੀ ਮੰਗ ਹੈ, ਕਿਸਾਨਾਂ ਵੱਲੋਂ ਬੜੀ ਤੇਜ਼ੀ ਨਾਲ ਅਪਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਖਨੌੜਾ ਵਿਖੇ ਫਲਾਂ ਦੇ ਕਾਸ਼ਤ ਸਬੰਧੀ ਇਜ਼ਰਾਈਲ ਦੀ ਉੱਚ ਤਕਨੀਕ ਅਪਣਾਈ ਜਾ ਰਹੀ ਹੈ। ਇਸ ਸੈਂਟਰ ਵਿਖੇ 12 ਮਿੱਠੇ ਸੰਗਤਰੇ ਅਤੇ 8 ਨਾਰੰਗੀ ਸੰਗਰਤੇ ਦੀਆਂ ਕਿਸਮਾਂ ਨੂੰ ਵੱਖ ਵੱਖ ਰੂਟ ਸਟਾਕ ’ਤੇ ਲਗਾ ਕੇ ਤਿਆਰ ਕੀਤਾ ਜਾ ਰਿਹਾ ਹੈ।ਇਸ ਸੈਂਟਰ ਵਿੱਚ ਹੁਣ ਤੱਕ ਲਗਭਗ 1,50,000 ਕਿੰਨੂ ਅਤੇ ਹੋਰ ਨਿੰਬੂ ਜਾਤੀ ਫਲਾਂ ਦੇ ਮਿਆਰੀ ਕਿਸਮ ਦੇ ਬਿਮਾਰੀ ਰਹਿਤ ਬੂਟੇ ਹਾਈਟੈਕ ਨਰਸਰੀ ਵਿੱਚ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ। ਇਸ ਸੈਂਟਰ ਤੇ ਹੁਣ ਤੱਕ ਲਗਭਗ 800 ਕਿਸਾਨਾਂ ਨੂੰ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਸਬੰਧੀ 32 ਟ੍ਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਜ਼ਰਾਈਲੀ ਬਾਗਬਾਨੀ ਮਾਹਿਰ ਸ੍ਰੀ ਯਾਇਰ ਏਸ਼ਲ ਨੇ ਕਿਹਾ ਕਿ ਪੰਜਾਬ ਅਤੇ ਇਜਰਾਈਲ ਬਾਗਬਾਨੀ ਦੇ ਖੇਤਰ ’ਚ ਪਹਿਲਾਂ ਹੀ ਇੱਕਠੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇੰਡੋ-ਇਜ਼ਰਾਈਲ ਵਰਕ ਪਲਾਨ ਤਹਿਤ ਦੋ ਸੈਂਟਰਜ਼ ਆਫ ਐਕਸੀਲੈਂਸ, ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼, ਕਰਤਾਰਪੁਰ, ਜਿਲ੍ਹਾ ਜਲੰਧਰ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿਟਰਸ), ਖਨੌੜਾ, ਜਿਲ੍ਹਾ ਹੁਸ਼ਿਆਰਪੁਰ ਸਫਲਤਾਪੂਰਬਕ ਕੰਮ ਕਰ ਰਹੇ ਹਨ।ਇਸ ਮੌਕੇ ਸ੍ਰੀਮਤੀ ਸੀਮਾ ਜੈਨ ਵਧੀਕ ਮੁੱਖ ਸਕੱਤਰ (ਬਾਗਬਾਨੀ), ਸ. ਗਗਨਦੀਪ ਸਿੰਘ ਬਰਾੜ ਸਕੱਤਰ ਬਾਗਬਾਨੀ, ਸ੍ਰੀ ਮਨਦੀਪ ਬਰਾੜ ਮੈਨੇਜਿੰਗ ਡਾਇਰੈਕਟਰ ਪੰਜਾਬ ਖੇਤੀ ਉਦਯੋਗ ਨਿਗਮ, ਸ੍ਰੀ ਰਾਜੇਸ ਵਸਿਸਟ ਮੁੱਖ ਭੂਮੀ ਪਾਲ, ਸ. ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਖੇਤੀਬਾੜੀ ਪੰਜਾਬ, ਸ੍ਰੀਮਤੀ ਸ਼ੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਅਤੇ ਬਾਗਬਾਨੀ ਨਾਲ ਵੱਖ-ਵੱਖ ਫਸਲਾਂ ਦੇ ਨੋਡਲ ਅਫਸਰ ਸਾਮਲ ਸਨ।
ਬਾਦਲ ਦੇ ਨਰਸਿੰਗ ਕਾਲਜ ਨੂੰ ਸਵੱਛਤਾ ਮੁਹਿੰਮ ਵਿਚ ਕੇਂਦਰੀ ਦਿਹਾਤੀ ਵਿਭਾਗ ਵੱਲੋਂ ਮਿਲੀ ਮਾਨਤਾ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ : ਬਾਬਾ ਫਰੀਦ ਮੈਡੀਕਲ ਕਾਲਜ ਫਰੀਦਕੋਟ ਅਧੀਨ ਪਿੰਡ ਬਾਦਲ ਵਿਖੇ ਚੱਲ ਰਹੀ ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਅਤੇ ਪੈਰਾਮੈਡੀਕਲ ਸਾਇੰਸਜ ਨੂੰ ਸਾਫ਼- ਸਫਾਈ ਮੁਹਿੰਮ ਵਿੱਚ ਕੇਂਦਰੀ ਦਿਹਾਤੀ ਸਿੱਖਿਆ ਵਿਭਾਗ ਵਲੋਂ ਸਵੱਛ ਅੇਕਸਨ ਪਲਾਨ ਇੰਸਟੀਚਿਊਟ ਵਜੋਂ ਮਾਨਤਾ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਦਿਹਾਤੀ ਉਚੇਰੀ ਸਿੱਖਿਆ ਵਿੰਗ ਵਲੋਂ ਇੰਸਟੀਚਿਊਟ ਨੂੰ ਸਰਟੀਫਿਕੇਟ ਵੀ ਜਾਰੀ ਕਰਦੇ ਹੋਏ ਉਸਦੀ ਹੋਸਲਾ ਅਫਜਾਈ ਵੀ ਕੀਤੀ ਹੈ। ਉਧਰ ਬਾਬਾ ਫਰੀਦ ਮੈਡੀਕਲ ਕਾਲਜ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ ਨੇ ਇਹ ਸਨਮਾਨ ਮਿਲਣ ‘ਤੇ ਖੁਸ਼ੀ ਜਾਹਰ ਕਰਦਿਆਂ ਇੰਸਟੀਚਿਊਟ ਦੇ ਸਟਾਫ਼ ਅਤੇ ਇਸ ਇੰਸਟੀਚਿਊਟ ਨੇ ਕੋਰੋਨਾ ਮਹਾਂਮਾਰੀ ਦੌਰਾਨ ਨਾ ਸਿਰਫ਼ ਸਵੱਛਤਾ ਐਕਸ਼ਨ ਪਲਾਨ ਕਮੇਟੀ ਬਣਾਈ ਬਲਕਿ ਐਕਸ਼ਨ ਪਲਾਨ ਗਰੁੱਪਾਂ ਦਾ ਵੀ ਗਠਨ ਕੀਤਾ ਸੂਬੇ ਦੀ ਮੈਡੀਕਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ। ਡਾਕਟਰ ਰਾਜ ਬਹਾਦਰ ਨੇ ਉਮੀਦ ਜਾਹਰ ਕੀਤੀ ਕਿ ਇਹ ਸੰਸਥਾ ਇਸੇ ਤਰ੍ਹਾਂ ਨਾਮਣਾ ਖੱਟਦੀ ਰਹੇਗੀ। ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਇਸ ਇੰਸਟੀਚਿਊਟ ਨੇ ਨਾ ਸਿਰਫ਼ ਸਵੱਛਤਾ ਐਕਸ਼ਨ ਪਲਾਨ ਕਮੇਟੀ ਦਾ ਗਠਨ ਕੀਤਾ ਬਲਕਿ ਇਸ ਨੂੰ ਲਾਗੂ ਕਰਨ ਲਈ ਐਕਸ਼ਨ ਪਲਾਨ ਗਰੁੱਪਾਂ ਨੂੰ ਬਣਾਇਆ, ਜਿਸਦੇ ਵਧੀਆ ਨਤੀਜੇ ਸਾਹਮਣੇ ਆਏ।
ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਟਰੱਕ ਯੂਨੀਅਨਾਂ ਬਹਾਲ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਉਹ ਸਾਰੀਆਂ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਜੋ ਕਾਂਗਰਸ ਸਰਕਾਰ ਨੇ ਭੰਗ ਕੀਤੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਬਿਆਨ ਪੰਜਾਬ ਏਕਤਾ ਟਰਾਂਸਪੋਰਟ ਸੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ, ਜੋ ਕਿ ਕਾਂਗਰਸ ਦੇ ਸੀਨੀਅਰ ਅਹੁਦੇਦਾਰ ਸਨ, ਨੂੰ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਵਿਚ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਵੇਲੇ ਦਿੱਤਾ। ਉਹਨਾਂ ਦੇ ਨਾਲ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਣਾਈ ਮੌਜੂਦਾ ਵਿਵਸਥਾ ਦੇ ਨਾਲ ਸਿੰਡੀਕੇਟ ਬਣ ਗਈਆਂ ਸਨ। ਉਹਨਾਂ ਕਿਹਾ ਕਿ ਟਰੱਕ ਯੂਨੀਅਨਾਂ ਬਹਾਲ ਕਰਨ ਮਗਰੋਂ ਅਸੀਂ ਵਿਸ਼ੇਸ਼ ਕਮੇਟੀਆਂ ਦਾ ਗਠਨ ਕਰਾਂਗੇ ਤਾਂ ਜੋ ਵਾਜਬ ਰੇਟ ਤੈਅ ਕੀਤੇ ਜਾ ਸਕਣ ਜਿਸ ਨਾਲ ਟਰੱਕ ਅਪਰੇਟਰਾਂ ਦੇ ਨਾਲ ਨਾਲ ਵਪਾਰ ਤੇ ਉਦਯੋਗ ਦੇ ਹਿੱਤ ਵੀ ਸੁਰੱਖਿਅਤ ਰਹਿਣ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਸਰਕਾਰ ਟਰੱਕ ਅਪਰੇਟਰਾਂ ਨੁੰ ਸਵਿਕਰ ਵੀ ਪ੍ਰਦਾਨ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੜਕ ’ਤੇ ਕਿਸੇ ਨੂੰ ਰੋਕਿਆ ਨਾ ਜਾ ਸਕੇ।
ਉਹਨਾਂ ਨੇ ਰਾਜਿੰਦਰ ਰਾਜੂ ਨੁੰ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਐਲਾਨ ਵੀ ਕੀਤਾ।
Êਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਐਲਾਨ ਕੀਤਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 40 ਹਜ਼ਾਰ ਟਰੱਕ ਅਤੇ 55000 ਟੈਕਸੀਆਂ ਕਬਾੜ ਵਿਚ ਵਿਕ ਗਈਆਂ ਹਨ। ਉਹਨਾਂ ਕਿਹਾ ਕਿ ਹਜ਼ਾਰਾਂ ਟਰੱਕ ਤੇ ਟੈਕਸੀ ਡਰਾਈਵਰ ਕੰਮ ਤੋਂ ਵਹੂਣੇ ਹੋ ਗੲੈ ਹਨ ਅਤੇ ਉਹਨਾਂ ਨੁੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਤੇ ਉਹਨਾਂ ਨੇ ਕਾਂਗਰਸ ਸਰਕਾਰ ਵੱਲੋਂ ਇਹਨਾਂ ਦੀ ਸਾਰ ਨਾ ਲੈਣ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਅਤੇ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਵੀ ਹਾਜ਼ਰ ਸਨ।
ਟਰਾਂਸਪੋਰਟ ਵਿਭਾਗ ਨੇ 38 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ
ਟੈਕਸ ਅਤੇ ਪੂਰੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕ ‘ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਰਾਜਾ ਵੜਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਅਕਤੂਬਰ: ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਸਵਾਰੀਆਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਦੇ ਆਵਾਜਾਈ ਖੇਤਰ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਦੇ ਉਦੇਸ਼ ਨਾਲ ਅੱਜ ਟੈਕਸ ਚੋਰੀ, ਅਧੂਰੇ ਦਸਤਾਵੇਜ਼ਾਂ ਅਤੇ ਗ਼ੈਰ-ਕਾਨੂੰਨੀ ਪਰਮਿਟਾਂ ‘ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਠ ਜ਼ਿਲ੍ਹਿਆਂ ਵਿੱਚ 38 ਬੱਸਾਂ ਜ਼ਬਤ ਕੀਤੀਆਂ ਅਤੇ ਇੱਕ ਬੱਸ ਦਾ ਚਲਾਨ ਕੱਟਿਆ।ਚੈਕਿੰਗ ਮੁਹਿੰਮ ਦੌਰਾਨ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਨਿਊ ਦੀਪ ਬੱਸ ਸਰਵਿਸ, ਦਾਲਮ ਅਤੇ ਬਾਬਾ ਨੰਦ ਬੱਸ ਸਰਵਿਸ ਦੀ ਇੱਕ-ਇੱਕ ਬੱਸ ਅਤੇ ਰਾਜਧਾਨੀ ਬੱਸ ਸਰਵਿਸ ਦੀਆਂ ਦੋ ਬੱਸਾਂ ਸ਼ਾਮਲ ਹਨ ਜਦਕਿ ਆਰ.ਟੀ.ਏ. ਫ਼ਿਰੋਜ਼ਪੁਰ ਵੱਲੋਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਨਿਊ ਬੱਸ ਸਰਵਿਸ ਦੀਆਂ ਦੋ ਬੱਸਾਂ ਅਤੇ ਰਾਜ ਬਸ ਸਰਵਿਸ ਤੇ ਟੂਰਿਸਟ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ। ਇਸੇ ਤਰ੍ਹਾਂ, ਆਰ.ਟੀ.ਏ. ਐਸ.ਏ.ਐਸ. ਨਗਰ ਵੱਲੋਂ ਚਾਰ ਸੈਲਾਨੀ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋ ਬੱਸਾਂ ਅਸ਼ੋਕਾ ਟੂਰਿਸਟ ਕੰਪਨੀਆਂ ਅਤੇ ਇੱਕ-ਇੱਕ ਬੱਸ ਸਾਹਿਬਾ ਟੂਰਿਸਟ ਅਤੇ ਵੈਸ਼ਨੋ ਯਾਤਰਾ ਕੰਪਨੀ ਦੀ ਸ਼ਾਮਲ ਹੈ। ਆਰ.ਟੀ.ਏ. ਸੰਗਰੂਰ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਆਰਬਿਟ ਐਵੀਏਸ਼ਨ ਕੰਪਨੀ ਦੀ ਇੱਕ ਬੱਸ ਜ਼ਬਤ ਕੀਤੀ ਗਈ।
ਇਸੇ ਤਰ੍ਹਾਂ ਆਰ.ਟੀ.ਏ. ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਂਝੇ ਤੌਰ ‘ਤੇ ਕੀਤੀ ਗਈ ਚੈਕਿੰਗ ਦੌਰਾਨ ਸੱਤ ਬੱਸਾਂ ਦੇ ਕਾਗ਼ਜ਼ਾਤ ਚੈਕ ਕੀਤੇ ਗਏ ਅਤੇ ਆਰਬਿਟ ਐਵੀਏਸ਼ਨ ਦੀਆਂ ਤਿੰਨ, ਨਿਊ ਦੀਪ ਦੀ ਇੱਕ, ਫ਼ਤਹਿ ਬਸ ਸਰਵਿਸ ਦੀ ਇੱਕ ਅਤੇ ਨਾਰਧਰਨ ਬੱਸ ਸਰਵਿਸ ਦੀ ਇੱਕ ਬੱਸ ਕਬਜ਼ੇ ਵਿੱਚ ਲਈ ਗਈ ਜਦਕਿ ਨਾਰਧਰਨ ਬੱਸ ਦੀ ਇੱਕ ਬੱਸ ਦਾ ਚਲਾਨ ਕੱਟਿਆ ਗਿਆ।ਇਸੇ ਤਰ੍ਹਾਂ, ਆਰ.ਟੀ.ਏ. ਅੰਮ੍ਰਿਤਸਰ ਦੇ ਚੈਕਿੰਗ ਦਸਤੇ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਰ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਨਿਊ ਦੀਪ ਸਰਵਿਸ, ਗੋਬਿੰਦ, ਭੁਪਿੰਦਰ ਬੱਸ ਸਰਵਿਸ ਅਤੇ ਮਾਲਵਾ ਬੱਸ ਸਰਵਿਸ ਦੀ ਇੱਕ-ਇੱਕ ਬੱਸ ਸ਼ਾਮਲ ਹੈ, ਜਦਕਿ ਆਰ.ਟੀ.ਏ. ਹੁਸ਼ਿਆਰਪੁਰ ਵੱਲੋਂ ਦੋ ਮਿੰਨੀ ਬੱਸਾਂ, ਛੇ ਟੂਰਿਸਟ ਬੱਸਾਂ ਅਤੇ ਇੱਕ ਸਕੂਲ ਬੱਸ ਸਣੇ ਕੁੱਲ ਨੌਂ ਬੱਸਾਂ ਜ਼ਬਤ ਕੀਤੀਆਂ ਗਈਆਂ। ਇਸੇ ਤਰ੍ਹਾਂ ਆਰ.ਟੀ.ਏ. ਬਠਿੰਡਾ ਨੇ ਪੰਜ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ ਨਿਊ ਦੀਪ ਦੀਆਂ ਦੋ ਬੱਸਾਂ ਅਤੇ ਡੱਬਵਾਲੀ, ਰਾਜਧਾਨੀ ਅਤੇ ਖੱਟੜਾ ਬੱਸ ਸੇਵਾ ਦੀ ਇੱਕ-ਇੱਕ ਬੱਸ ਸ਼ਾਮਲ ਹੈ।
ਇਸੇ ਦੌਰਾਨ, ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਧੇਰੇ ਰੁਝੇਵਿਆਂ ਵਾਲੇ ਰੂਟਾਂ ‘ਤੇ ਲੋੜੀਂਦੀ ਗਿਣਤੀ ਵਿੱਚ ਬੱਸਾਂ ਚਲਾਉਣ ਦੇ ਨਾਲ-ਨਾਲ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਕਿੰਗ ਮੁਹਿੰਮ ਦਾ ਉਦੇਸ਼ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਟੈਕਸ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ, ਜਿਹੜੇ ਕਿ ਹੁਣ ਤੱਕ ਬੇਪਰਵਾਹ ਘੁੰਮ ਰਹੇ ਸਨ।ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਮੁਹਿੰਮ ਆਪਣੇ ਫੈਸਲਾਕੁੰਨ ਅੰਤ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਬਿਨਾਂ ਟੈਕਸ ਤੇ ਦਸਤਾਵੇਜ਼ਾਂ ਤੋਂ ਇਲਾਵਾ ਗ਼ੈਰ-ਕਾਨੂੰਨੀ ਪਰਮਿਟਾਂ ਨਾਲ ਚੱਲ ਰਹੀਆਂ 296 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ਨੇ ਟੈਕਸ ਅਤੇ ਜੁਰਮਾਨੇ ਵਜੋਂ 4.29 ਕਰੋੜ ਰੁਪਏ ਦੀ ਵੱਡੀ ਰਕਮ ਵਸੂਲੀ ਹੈ।
ਢਾਈ ਸਾਲਾਂ ਬਾਅਦ 28 ਨੂੰ ਮੁੜ ਬਠਿੰਡਾ ਪੱਟੀ ’ਚ ਪੁੱਜਣਗੇ ਕੇਜ਼ਰੀਵਾਲ
ਦੋ ਰੋਜ਼ਾ ਫ਼ੇਰੀ ਦੌਰਾਨ ਕਿਸਾਨਾਂ ਤੇ ਵਪਾਰੀਆਂ ਨੂੰ ਮਿਲਣਗੇ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ : ਆਗਾਮੀ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਲਈ ਤਤਪਰ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਕਰੀਬ ਢਾਈ ਸਾਲਾਂ ਬਾਅਦ ਮੁੜ ਬਠਿੰਡਾ ਪੱਟੀ ’ਚ ਪੁੱਜ ਰਹੇ ਹਨ। 28 ਅਤੇ 29 ਨੂੰ ਮਾਨਸਾ ਤੇ ਬਠਿੰਡਾ ’ਚ ਕਿਸਾਨਾਂ ਤੇ ਵਪਾਰੀਆਂ ਨੂੰ ਮਿਲਣ ਆ ਰਹੇ ਸ਼੍ਰੀ ਕੇਜ਼ਰੀਵਾਲ ਬਾਦਲਾਂ ਦੇ ਗੜ੍ਹ ’ਚ ਅਪਣੇ ਸਮਰਥਕਾਂ ਨੂੰ ਵੀ ਨਾਲ ਜੋੜੀ ਰੱਖਣ ਦਾ ਯਤਨ ਕਰਨਗੇ। ਪਾਰਟੀ ਦੇ ਉਚ ਆਗੂਆਂ ਮੁਤਾਬਕ 28 ਅਕਤੂਬਰ ਨੂੰ ਕੇਜ਼ਰੀਵਾਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ’ਚ ਕਿਸਾਨਾਂ ਦੇ ਖੇਤਾਂ ਵਿਚ ਜਾਣਗੇ, ਜਿੱਥੇ ਗੁਲਾਬੀ ਸੁੰਡੀ ਕਾਰਨ ਖ਼ਤਮ ਹੋ ਚੁੱਕੀ ਨਰਮੇ ਦੇ ਫ਼ਸਲ ਲਈ ਪਾਰਟੀ ਦੀ ਸਰਕਾਰ ਬਣਨ ’ਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾ ਸਕਦਾ। ਇਸੇ ਤਰ੍ਹਾਂ 29 ਨੂੰ ਸਥਾਨਕ ਬਰਨਾਲਾ ਬਾਈਪਾਸ ’ਤੇ ਸਥਿਤ ਗਰੀਨ ਪੈਲੇਸ ’ਚ ਬਠਿੰਡਾ ਪੱਟੀ ਦੇ ਵਪਾਰੀ ਵਰਗ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਸੂਚਨਾ ਮੁਤਾਬਕ ਇੱਥੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਕਰੀਬ ਇੱਕ ਹਜ਼ਾਰ ਵਪਾਰੀ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸਦੇ ਲਈ ਸਥਾਨਕ ਆਗੂਆਂ ਦੀ ਡਿਊਟੀ ਲਗਾਈ ਗਈ ਹੈ। ਇੱਥੇ ਦਸਣਾ ਬਣਦਾ ਹੈ ਕਿ ਅਰਵਿੰਦ ਕੇਜ਼ਰੀਵਾਲ ਦੀ ਬਠਿੰਡਾ ’ਚ ਆਖ਼ਰੀ ਫ਼ੇਰੀ 15 ਮਈ 2019 ਨੂੰ ਹੋਈ ਸੀ ਜਿਸ ਦੌਰਾਨ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ ’ਚ ਰੋਡ ਸੋਅ ਕੱਢਿਆ ਸੀ। ਸਿਆਸੀ ਮਾਹਰਾਂ ਮੁਤਾਬਕ ਕੇਜ਼ਰੀਵਾਲ ਦੀ ਉਕਤ ਫ਼ੇਰੀ ਦਾ ਮੁੱਖ ਮੰਤਵ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਤਿਆਰ ਕਰਨਾ ਤੇ ਇਸਦੇ ਲਈ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਲਾਮਬੰਦ ਕਰਨਾ ਹੈ।
ਪੰਜਾਬ ਦੇ ਮੁੱਦਿਆਂ ਤੋਂ ਮੁੜ ਕਾਂਗਰਸ ਦੀ ਗੱਡੀ ਉਤਰੀ!
ਜਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਨੂੰ ਗੱਦੀ ਤੋਂ ਉਤਾਰਿਆਂ, ਉਹ ਹਾਲੇ ਵੀ ਬਰਕਰਾਰ
ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ: ਕਰੀਬ ਇੱਕ ਮਹੀਨਾ ਪਹਿਲਾਂ ਹੋਂਦ ਵਿਚ ਆਈ ਸੂਬੇ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਪੰਜਾਬ ਦੇ ਗੰਭੀਰ ਮੁੱਦਿਆਂ ਪ੍ਰਤੀ ਅਵੇਸਲੀ ਹੁੰਦੀ ਜਾਪ ਰਹੀ ਹੈ। ਬੇਅਦਬੀ ਕਾਂਡ, ਗੋਲੀ ਕਾਂਡ ਤੇ ਨਸ਼ਾ ਤਸਕਰੀ ਤੋਂ ਇਲਾਵਾ ਨਜਾਇਜ਼ ਸਰਾਬ ਫੈਕਟਰੀਆਂ ਤੇ ਰੇਤ ਮਾਫ਼ੀਆ ਆਦਿ ਦੇ ਮੁੱਦੇ ਹਾਲੇ ਵੀ ਅੱਧ ਵਿਚਕਾਰ ਲਟਕੇ ਹੋਏ ਹਨ। ਹਾਲਾਂਕਿ ਨੌਜਵਾਨ ਮੰਤਰੀ ਰਾਜਾ ਵੜਿੰਗ ਦੀਆਂ ਕੋਸ਼ਿਸਾਂ ਦੇ ਸਦਕਾ ਟ੍ਰਾਂਸਪੋਰਟ ਵਿਭਾਗ ’ਚ ਵੱਡੀ ਹਿਲਜੁਲ ਵਿਖਾਈ ਦੇ ਰਹੀ ਹੈ। ਬੇਸ਼ੱਕ ਮੁੱਖ ਮੰਤਰੀ ਸ: ਚੰਨੀ ਦੇ ਕੰਮ ਕਰਨ ਦੇ ਅੰਦਾਜ਼ ਅਤੇ ਆਮ ਆਦਮੀ ਵਾਂਗ ਵਿਚਰਨ ਕਾਰਨ ਹੇਠਲੇ ਪੱਧਰ ’ਤੇ ਉਨ੍ਹਾਂ ਦੀ ਭੱਲ ਬਣੀ ਹੈ ਪ੍ਰੰਤੂ ਪੰਜਾਬ ਦੇ ਲੋਕ ਉਪਰੋਕਤ ’ਤੇ ਚਰਚਾ ਕਰਨ ਲੱਗੇ ਹਨ, ਜਿੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰਿਆਂ ਗਿਆ ਸੀ। ਸਪੋਕਸਮੈਨ ਵਲੋਂ ਵੱਖ ਵੱਖ ਖੇਤਰਾਂ ਦੇ ਲੋਕਾਂ ਤੋਂ ਮੌਜੂਦਾ ਚੰਨੀ ਸਰਕਾਰ ਬਾਰੇ ਹਾਸਲ ਕੀਤੀ ਫ਼ੀਡਬੈਕ ਮੁਤਾਬਕ ਬੇਸ਼ੱਕ ਇਹ ਸਰਕਾਰ ਵੱਡੀਆਂ ਰਿਆਇਤਾਂ ਦੇ ਗੱਫ਼ੇ ਤੇ ਵੀਆਈਪੀ ਕਲਚਰ ਤੋਂ ਦੂਰੀ ਬਣਾ ਕੇ ਚੰਗਾ ਕੰਮ ਕਰ ਰਹੀ ਹੈ ਪਰ ਸੂਬੇ ਦੇ ਕੁੱਝ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਦੀ ਸੰਭਾਵਨਾ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਸ਼ੰਕੇ ਹਾਲੇ ਵੀ ਬਣੇ ਹੋਏ ਹਨ। ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੋਕਾਂ ਦੇ ਮਨਾਂ ’ਚ ਸੰਕੇ ਉਤਪਨ ਕਰਨ ਵਾਲੀ ਸਥਿਤੀ ਨੂੰ ਬਣਾਉਣ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਲੋਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਤੇ ਐਡੋਵੇਕਟ ਏ.ਪੀ.ਐਸ ਦਿਊਲ ਦੀ ਨਿਯੁਕਤੀ ਨੂੰ ਲੈ ਕੇ ਦਿੱਤੇ ਅਸਤੀਫ਼ੇ ਨੂੰ ਹਾਲੇ ਤੱਕ ਵਾਪਸ ਨਹੀਂ ਲਿਆ ਹੈ। ਨਿਰੱਪਖ ਸਿਆਸੀ ਵਿਸਲੇਸ਼ਕਾਂ ਮੁਤਾਬਕ ਬੇਸ਼ੱਕ ਚੰਨੀ ਸਰਕਾਰ ਸਿੱਧੂ ਵਲੋਂ ਚੁੱਕੇ ਕਦਮਾਂ ਦਾ ਤੋੜ ਲੱਭਣ ਲਈ ਸੂਬੇ ਦੇ ਆਮ ਲੋਕਾਂ ਨੂੰ ਲੁਭਾਉਣ ਦੇ ਯਤਨਾਂ ਵਿਚ ਲੱਗੀ ਹੋਈ ਹੈ ਪ੍ਰੰਤੂ ਇਸ ਗੱਲ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਲ 2017 ਦੀ ਤਰ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਉਪਰ ਚਰਚਾ ਜਰੂਰ ਹੋਵੇਗੀ ਤੇ ਇਹ ਮੁੱਦੇ ਹੱਲ ਨਾ ਹੋਣ ਦੀ ਸਥਿਤੀ ’ਚ ਕਾਂਗਰਸ ਪਾਰਟੀ ਨੂੰ ਇਸਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਜਦਂੋਕਿ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਦੀ ਕਾਰਜ਼ਸੈਲੀ ਕਾਰਨ ਆਪ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਇਕਦਮ ਖ਼ੁਦ ਨੂੰ ਇੱਕ ਆਮ ਆਦਮੀ ਵਜੋਂ ਪੇਸ਼ ਕਰਕੇ ਹੇਠਲੀ ਪੱਧਰ ਦੇ ਵੋਟਰਾਂ ਦੀ ਹਮਦਰਦੀ ਖੱਟਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਬਾਬਾ ਫ਼ਰੀਦ ਸਕੂਲ ਦੇ ਵਿਦਿਆਰਥੀਆਂ ਵਲੋਂ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ : ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਨੇ ਸੰਸਥਾ ਵੱਲੋਂ ਅਪਣਾਏ ਹੋਏ ਪਿੰਡ ਦਿਉਣ ਵਿਖੇ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ। ਐਨ.ਐਸ.ਐਸ. ਦੇੇ ਇੰਚਾਰਜ ਜਸਵੀਰ ਸਿੰਘ ਦੀ ਅਗਵਾਈ ਹੇਠ ਸਕੂਲ ਦੇ 10+1 (ਆਰਟਸ) ਅਤੇ 10+1 (ਕਾਮਰਸ) ਦੇ ਲਗਭਗ 100 ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਵਧ ਚੜ੍ਹ ਕੇ ਭਾਗ ਲਿਆ। ਵਲੰਟੀਅਰਾਂ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਅਤੇ ਡੇਰਾ ਬਾਬਾ ਤਿਲਕ ਰਾਏ ਵਿਖੇ ਸਾਫ਼ ਸਫ਼ਾਈ ਕੀਤੀ ਅਤੇ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ, ਦਾਜ, ਭਰੂਣ ਹੱਤਿਆ ਅਤੇ ਵਾਤਾਵਰਨ ਪ੍ਰਦੂਸ਼ਣ ਆਦਿ ਦੇ ਖ਼ਿਲਾਫ਼ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ । ਸਕੂਲ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ ਸਿੱਧੂ ਅਤੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਇਸ ਕੈਂਪ ਲਈ ਸਕੂਲ ਦੇ ਐਨ.ਐਸ.ਐਸ.ਯੂਨਿਟ ਦੀ ਸ਼ਲਾਘਾ ਕੀਤੀ।
ਸਹਿਕਾਰੀ ਸਭਾਵਾਂ ਦੇ ਮੁਲਾਜਮਾਂ ਨੇ ਸਾਥੀ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ: ਸਹਿਕਾਰੀ ਖੇਤੀਬਾੜੀ ਸਭਾ ’ਚ ਲੰਮੀ ਸੇਵਾ ਕਰਨ ਵਾਲੇ ਸਕੱਤਰ ਮੁਕੰਦ ਸਿੰਘ ਸਮਾਘ ਦਾ ਜ਼ਿਲ੍ਹੇ ਦੇ ਸਮੂਹ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ । ਇਸ ਸਨਮਾਨ ਸਮਾਰੋਹ ਵਿਚ ਜਸਕਰਨ ਸਿੰਘ ਕੋਟਸ਼ਮੀਰ ਸਾਬਕਾ ਡਵੀਜਨ ਪ੍ਰਧਾਨ, ਗੁਰਪਾਲ ਸਿੰਘ ਗਹਿਰੀ ਸੂਬਾ ਖਜਾਨਚੀ, ਬਿੱਕਰ ਸਿੰਘ ਸਰਾ ਸਾਬਕਾ ਜਿਲ੍ਹਾ ਪ੍ਰਧਾਨ, ਪੰਕਜ ਸ਼ਰਮਾ ਇੰਸਪੈਕਟਰ, ਗੁਰਮੇਲ ਸਿੰਘ ਜਿਲ੍ਹਾ ਖਜਾਨਚੀ, ਬਲਜਿੰਦਰ ਕੁਮਾਰ ਸਰਕਲ ਪ੍ਰਧਾਨ ਬਠਿੰਡਾ, ਰਵਿੰਦਰ ਕੁਮਾਰ ਸਰਕਲ ਪ੍ਰਧਾਨ ਤਲਵੰਡੀ ਸਾਬੋ,ਸੁਖਮੰਦਰ ਸਿੰਘ ਜੋਗਾਨੰਦ ਸਾਬਕਾ ਸਰਕਲ ਪ੍ਰਧਾਨ,ਨਾਇਬ ਸਿੰਘ ਗੁਲਾਬਗੜ,ਹਰਚਰਨ ਸਿੰਘ ਬਠਿੰਡਾ,ਪਰਮਜੀਤ ਸਿੰਘ ਸ਼ੇਰਗੜ,ਸੁਖਦੇਵ ਸਿੰਘ ਗੁਲਾਬਗੜ,ਅਮਨਦੀਪ ਗੋਬਿੰਦਪੁਰਾ,ਗਰਦੀਪ ਸਿੰਘ ਕੋਟਸ਼ਮੀਰ, ਅੰਗਰੇਜ ਸਿੰਘ ਕੋਟਸ਼ਮੀਰ,ਨਛਤਰ ਸਿੰਘ ਨਰੂਆਣਾ ਰਿਟਾਇਰ ਲੇਫਟੀਨੇਟ,ਬਲਦੇਵ ਸਿੰਘ ਨਰੂਆਣਾ.ਆਦਿ ਹਾਜਰ ਸਨ।




