ਸੀਨੀਅਰ ਅਕਾਲੀ ਆਗੂ ਐਡਵੋਕੇਟ ਸੋਹੀ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ : ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੁੱਪ ਚਪੀਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮੁਹਿੰਮ ਚਲਾ ਰਹੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਦਲ ਦਾ ਸੀਨੀਅਰ ਆਗੂ ਐਡਵੋਕੇਟ ਸੁਰਜੀਤ ਸਿੰਘ ਸੋਹੀ ਆਪਣੇ ਸਾਥੀਆਂ ਸਮੇਤ ਵਿਤ ਮੰਤਰੀ ਸ: ਬਾਦਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ। ਐਡਵੋਕੇਟ ਸੋਹੀ ਅਕਾਲੀ ਦਲ ਤੋਂ ਪਹਿਲਾਂ ਲੰਮਾ ਸਮਾਂ ਸੀਪੀਆਈ ਨਾਲ ਜੁੜੇ ਰਹੇ ਹਨ ਤੇ ਉਹ ਪਾਰਟੀ ਦੀ ਟਿਕਟ ’ਤੇ ਬਠਿੰਡਾ ਦਿਹਾਤੀ ਹਲਕੇ ਤੋਂ ਚੋੋਣ ਵੀ ਲੜ ਚੁੱਕੇ ਹਨ। ਇਸ ਮੌਕੇ ਐਡਵੋਕੇਟ ਸੋਹੀ ਨੇ ਆਖਿਆ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਕੀਤੇ ਗਏ ਵਿਕਾਸ ਕੰਮਾਂ ਨੂੰ ਦੇਖਦਿਆਂ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਐਡਵੋਕੇਟ ਸੋਹੀ ਉਨ੍ਹਾਂ ਦੇ ਪੁਰਾਣੇ ਸਾਥੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਰਥੀਪਾਲ ਜਲਾਲ ਅਤੇ ਗੁਰਇਕਬਾਲ ਸਿੰਘ ਚਹਿਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਤ ਮੰਤਰੀ ਦੇ ਧਰਮਪਤਨੀ ਵੀਨੂੰ ਬਾਦਲ ਤੋਂ ਇਲਾਵਾ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਸਹਿਤ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ ਆਦਿ ਹਾਜ਼ਰ ਸਨ।
ਮਨਪ੍ਰੀਤ ਬਾਦਲ ਨੇ ਭਖਾਇਆ ਚੋਣ ਅਖ਼ਾੜਾ
ਨਰਮੇ ਦੇ ਖਰਾਬੇ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨ ਅੱਗੇ ਘੇਰਨਗੇ ਸਕੱਤਰੇਤ
ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ : ਨਰਮੇ ਦੀ ਫ਼ਸਲ ਦੇ ਹੋਏ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਸੰਘਰਸ ਵਿੱਢੀ ਬੈਠੇ ਕਿਸਾਨਾਂ ਵਲੋਂ ਭਲਕੇ ਸਥਾਨਕ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਇੱਕ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਈ ਜਿਸ ਵਿੱਚ ਤਿਆਰੀਆਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕੱਲ ਨੂੰ ਹਜਾਰਾਂ ਕਿਸਾਨ ਪਰਿਵਾਰਾਂ ਸਮੇਤ ਸਰਕਾਰ ਵਲੋਂ ਲਾਈਆਂ ਰੋਕਾਂ ਤੋੜ ਕੇ ਮਿੰਨੀ ਸਕੱਤਰੇਤ ਦਾ ਅਣਮਿੱਥੇ ਸਮੇਂ ਦਾ ਘਿਰਾਓ ਕਰਨਗੇ। ਮੀਟਿੰਗ ਵਿੱਚ ਆਗੂਆਂ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਵਲੋਂ ਧਾਰੀ ਚੁੱਪ ਕਾਰਨ ਕਿਸਾਨਾਂ ਵਿਚ ਭਾਰੀ ਰੋਸ਼ ਹੈ। ਜਿਸਦੇ ਚੱਲਦੇ ਇਸ ਘਿਰਾਓ ਨੂੰ ਸਫ਼ਲ ਬਣਾਂਉਣ ਲਈ ਵੱਡੀ ਗਿਣਤੀ ਵਿਚ ਕਿਸਾਨਾਂ ਤੋਂ ਇਲਾਵਾ ਹੋਰ ਵਰਗ ਵੀ ਪੁੱਜਣਗੇ। ਮੀਟਿੰਗ ਵਿੱਚ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ,ਰਾਮ ਸਿੰਘ ਭੈਣੀਬਾਘਾ, ਗੁਰਭੇਜ ਸਿੰਘ , ਗੁਰਭਗਤ ਸਿੰਘ ਭਲਾਈਆਣਾ, ਜਗਤਾਰ ਸਿੰਘ ਕਾਲਾ ਝਾੜ ,ਨੱਥਾ ਸਿੰਘ ਰੋੜੀਕਪੂਰਾ, ਜੰਗੀਰ ਸਿੰਘ ਆਦਿ ਕਿਸਾਨ ਆਗੂ ਸਾਮਲ ਸਨ।
ਅਰੂਸਾ ਆਲਮ ਨਹੀਂ ਪੰਜਾਬ ਦਾ ਮੁੱਦਾ : ਭੱਲਾ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ: ਅਰੂਸਾ ਆਲਮ ਦੇ ਨਾਂ ’ਤੇ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ , ਕਿਉਂਕਿ ਇਹ ਉਹ ਹੀ ਅਰੂਸਾ ਆਲਮ ਹੈ , ਜਿਸਦੇ ਪੈਰੀਂ ਹੱਥ ਸਾਰੀ ਕਾਂਗਰਸ ਪਾਰਟੀ ਸਵੇਰ ਸਾਮ ਲਾਉਣ ਨੂੰ ਆਪਣੀ ਵਾਰੀ ਦੀ ਉਡੀਕ ਕਰਦੀ ਰਹਿੰਦੀ ਸੀ । ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਅਰੂਸਾ ਆਲਮ ਪੰਜਾਬ ਦਾ ਮੁੱਦਾ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਭੱਲਾ ਨੇ ਕਿਹਾ ਕਿ ਚੰਨੀ ਸਰਕਾਰ ਆਪਣੇ ਵਾਅਦਿਆਂ ਅਤੇ ਦਾਅਵਿਆਂ ਤੋਂ ਖਿੜਕਦੀ ਨਜਰ ਆ ਰਹੀ ਹੈ ਕਿਉਂਕਿ ਸੂਬੇ ਵਿਚ ਟਰਾਂਸਪੋਰਟ ਮਾਫੀਏ ਨੂੰ ਨਕੇਲ ਪਾਉਣ ਤੋਂ ਬਗੈਰ ਰੇਤ ਮਾਫੀਆ, ਸਰਾਬ ਮਾਫੀਆ , ਕੇਬਲ ਮਾਫੀਆ , ਰਿਸਵਖੋਰੀ ਆਦਿ ਜਿਉ ਦੀ ਤਿਉਂ ਬਰਕਰਾਰ ਹਨ। ਭੱਲਾ ਨੇ ਕਿਹਾ ਕਿ ਹਲਕਾ ਫੂਲ ਨਾਲ ਸੰਬੰਧਿਤ ਹਲਕਾ ਵਿਧਾਇਕ ਨੂੰ ਮਾਲ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਉਪਰੰਤ ਉਸਨੂੰ ਸਰਕਾਰੀ ਕੋਠੀ ਤੇ ਮੰਤਰੀ ਵਾਲੀਆਂ ਸਹੂਲਤਾਂ ਲਗਾਤਾਰ ਜਾਰੀ ਰੱਖਣਾ ਚੰਨੀ ਸਰਕਾਰ ਦੀ ਕਾਰਗੁਜਾਰੀ ਤੇ ਬਹੁਤ ਵੱਡਾ ਸੁਆਲੀਆ ਚਿੰਨ੍ਹ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਕੌਰ ਤੁੰਗਵਾਲੀ, ਸਰਨਪ੍ਰੀਤ ਕੌਰ ਭਾਈਰੂਪਾ, ਰਾਣੀ ਕੌਰ, ਰਾਜਿੰਦਰ ਕੌਰ, ਗੁਰਪ੍ਰੀਤ ਕੌਰ, ਨਛੱਤਰ ਸਿੰਘ ਸਿੱਧੂ, ਆਦਿ ਵਿਸੇਸ ਤੌਰ ਤੇ ਹਾਜਰ ਸਨ।
ਮੁੱਖ ਮੰਤਰੀ ਵਲੋਂ ਉਦਯੋਗਪਤੀਆਂ ਨੂੰ ਰਾਜ ਦੀ ਤਰੱਕੀ ਅਤੇ ਖੁਸਹਾਲੀ ਵਿੱਚ ਭਾਈਵਾਲ ਬਣਨ ਦਾ ਸੱਦਾ
ਕਾਰੋਬਾਰ ਵਿੱਚ ਅਸਾਨੀ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਅਕਤੂਬਰ: 26 ਅਤੇ 27 ਅਕਤੂਬਰ ਨੂੰ ਹੋਣ ਵਾਲੇ ਦੋ ਰੋਜਾ ਪ੍ਰਗਤੀਸੀਲ ਪੰਜਾਬ ਨਿਵੇਸਕ ਸੰਮੇਲਨ-2021 ਦੇ ਮੱਦੇਨਜਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੇਸ ਅਤੇ ਦੁਨੀਆ ਭਰ ਦੇ ਉਦਯੋਗ ਜਗਤ ਦੇ ਮੋਹਰੀ ਉਦਯੋਗਪਤੀਆਂ ਨੂੰ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭਕਾਰੀ ਸਨਅਤੀ ਉਤਸਾਹ ਦੇ ਚਲਦਿਆਂ ਇੱਥੇ ਨਿਵੇਸ ਕਰਨ ਲਈ ਕਿਹਾ। ਮੁੱਖ ਮੰਤਰੀ ਰਾਜ ਵਿੱਚ ਕੰਮ ਕਰ ਰਹੀਆਂ ਜਰਮਨ ਕੰਪਨੀਆਂ ਦੇ ਵਫਦ ਨਾਲ ਅੱਜ ਇੱਥੇ ਨਾਸਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਅਜਿਹੀ ਹੀ ਗੱਲਬਾਤ ਕੀਤੀ ਸੀ ਅਤੇ ਸੋਮਵਾਰ ਨੂੰ ਪ੍ਰਗਤੀਸੀਲ ਪੰਜਾਬ ਨਿਵੇਸ ਸੰਮੇਲਨ ਤੋਂ ਪਹਿਲਾਂ, ਉਨ੍ਹਾਂ ਦੇ ਕੀਮਤੀ ਸੁਝਾਵਾਂ ਅਤੇ ਫੀਡਬੈਕ ਲਈ ਹੋਰ ਉਦਯੋਗਪਤੀਆਂ ਨਾਲ ਮੁੜ ਮੀਟਿੰਗ ਕਰਨਗੇ। ਗੱਲ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ, ਉਦਯੋਗ ਦੀ ਭਾਈਵਾਲੀ ਦੇ ਨਾਲ ਕਾਰੋਬਾਰ, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਰਗਰਮੀ ਨਾਲ ਉਤਸਾਹਤ ਕਰਨ ਦੀ ਇੱਛਾ ਰੱਖਦਾ ਹੈ। ਚੰਨੀ ਨੇ ਕਿਹਾ ਕਿ ਰਾਜ ਵਿੱਚ 99 ਹਜਾਰ ਕਰੋੜ ਤੋਂ ਵੱਧ ਦਾ ਰੁਪਏ ਦਾ ਨਿਵੇਸ, ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਰਾਜ ਦੇ ਨੌਜਵਾਨਾਂ ਲਈ ਉੱਦਮੀਅਤਾ ਦੇ ਅਵਸਰ ਅਤੇ ਨੌਕਰੀਆਂ ਪੈਦਾ ਕਰਨ ਲਈ ਉਪਲਬਧ ਅਨੁਕੂਲ ਅਤੇ ਟਿਕਾਊ ਪ੍ਰਸਥਿਤੀ ਤੰਤਰ ਵਿੱਚ ਨਿਵੇਸਕਾਂ ਦੇ ਅਟੱਲ ਭਰੋਸੇ ਅਤੇ ਵਿਸਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੁਨੀਆ ਭਰ ਤੋਂ ਪੁੱਜੇ ਉਦਯੋਗਿਕ ਆਗੂਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ, ਪੰਜਾਬ ਨੂੰ ਇੱਕ ਪ੍ਰਗਤੀਸੀਲ ਭਾਈਵਾਲ ਵਜੋਂ ਅਤੇ ਸਭ ਤੋਂ ਤਰਜੀਹੀ ਮੰਜਲਿ ਵਜੋਂ ਚੁਣਨ ‘ਤੇ ਜੋਰ ਦਿੱਤਾ।ਚੰਨੀ ਨੇ ਅੱਗੇ ਕਿਹਾ ਕਿ ਉਦਯੋਗਪਤੀਆਂ ਨਾਲ ਇਹ ਸਲਾਹ-ਮਸਵਰੇ, ਸਾਸਨ ਵਿਵਸਥਾ ‘ਚ ਸੁਧਾਰ ਲਿਆਉਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ ਅਤੇ ਇਸ ਤਰ੍ਹਾਂ ਰਾਜ ਵਿੱਚ ਕਾਰੋਬਾਰ ਕਰਨ ਵਿੱਚ ਸੌਖ ਯਕੀਨੀ ਬਣਾਈ ਜਾ ਸਕੇਗੀ। ਮੀਟਿੰਗ ਦੌਰਾਨ, ਕੰਪਨੀ ਦੇ ਨੁਮਾਇੰਦਿਆਂ ਨੇ ਪੰਜਾਬ ਵਿੱਚ ਕੀਤੇ ਕੰਮਾਂ ਸਬੰਧੀ ਤਜਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਟੋ ਕੰਪੋਨੈਂਟ ਨਿਰਮਾਤਾ ਵਾਈਬਰਾਕਾਸਟਿਕਸ ਇੰਡੀਆ ਦੇ ਪ੍ਰਧਾਨ, ਸ੍ਰੀ ਜਗਮਿੰਦਰ ਬਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਸਥਿਤ ਉਨਾਂ ਦੇ ਪਲਾਂਟਾਂ ਵਿੱਚ ਸੰਚਾਲਨ ਦੀ ਸਮੁੱਚੀ ਕੁਸ਼ਲਤਾ ਜਰਮਨੀ ਵਿੱਚ ਸਥਿਤ ਉਨਾਂ ਦੇ ਦੂਜੇ ਪਲਾਂਟਾਂ ਵਾਂਗ ਹੀ ਹੈ। ਇਸ ਦੌਰਾਨ ਖੇਤੀਬਾੜੀ ਉਪਕਰਨ ਨਿਰਮਾਤਾ ਕੰਪਨੀ ਕਲਾਸ ਇੰਡੀਆ ਦੇ ਸ੍ਰੀਰਾਮ ਕਨਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਮਜਬੂਤ ਸੰਪਰਕ ਅਤੇ ਸ਼ਾਂਤਮਈ ਕਿਰਤ ਸਬੰਧ ਉਦਯੋਗ ਲਈ ਬਹੁਤ ਉਤਸ਼ਾਹਜਨਕ ਹਨ। ਬਾਇਓਮਾਸ ਤੋਂ ਸੀਐਨਜੀ ਪਲਾਂਟ ਬਣਾਉਣ ਵਾਲੀ ਕੰਪਨੀ ਵਰਬੀਓ ਇੰਡੀਆ ਦੇ ਐਮਡੀ, ਸ੍ਰੀ ਅਸ਼ੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਉਨਾਂ ਦੇ ਸੰਗਰੂਰ ਵਿੱਚ ਸਥਾਪਿਤ ਹੋਣ ਵਾਲੇ ਪਹਿਲੇ ਪਲਾਂਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੇ ਲਗਭਗ 70 ਰੁਪਏ ਦੀ ਆਪਣੀ ਸ਼ੁਰੂਆਤੀ ਯੋਜਨਾ ਦੇ ਮੁਕਾਬਲੇ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਨਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਵਰਬੀਓ ਇੰਡੀਆ , ਪੰਜਾਬ ਵਿੱਚ ਕਈ ਥਾਵਾਂ ‘ਤੇ ਪੇਡਾ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਅਜਿਹੇ ਹੋਰ ਪਲਾਂਟ ਲਗਾਏਗਾ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬਹੁ -ਗਿਣਤੀ ਸੰਗਠਨਾਂ ਨੂੰ ਪੂਰਨ ਸਹਿਯੋਗ ਦੇਵੇਗੀ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ ਸ੍ਰੀ ਰਜਤ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਨੂੰ ਸੂਬੇ ਵਿੱਚ ਆਪਣੇ ਕਾਰੋਬਾਰਾਂ ਦੇ ਵਿਸਥਾਰ ਵਿੱਚ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਲੋਕਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸੋਰ ਯਾਦਵ, ਇਨਵੈਸਟ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਜਿਤੇਂਦਰ ਜੋਰਵਾਲ ਸ਼ਾਮਲ ਸਨ।
ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰ ’ਚ ਔਰਤਾਂ ਨਾਲ ਮਨਾਇਆ ਕਰਵਾਚੌਥ
ਗਿੱਧਾ, ਭੰਗੜਾ, ਡਾਂਸ ਅਤੇ ਵੱਖ ਵੱਖ ਤਰ੍ਹਾਂ ਦੀਆਂ ਗੇਮਾਂ ਵਿਚ ਲਿਆ ਭਾਗ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ: ਅੱਜ ਕਰਵਾ ਚੌਥ ਦਾ ਤਿਉਹਾਰ ਪੂਰੀ ਦੁਨੀਆਂ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਚੰਦਨ ਮਦਾਨ ਅਤੇ ਡਿੰਪਲ ਜਿੰਦਲ ਦੀ ਅਗਵਾਈ ਵਿਚ ਸਥਾਨਕ ਹੋਟਲ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ਼ਹਿਰ ਦੀਆਂ ਮਹਿਲਾਵਾਂ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੀਪਮਾਲਾ ਗੁਪਤਾ ਪਤਨੀ ਮੋਹਿਤ ਗੁਪਤਾ ਮੈਂਬਰ ਪੀ ਏ ਸੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਸਰੋਜ ਸਿੰਗਲਾਂ ,ਮਮਤਾ ਜੈਨ ਜੌਲੀ ਵਿਸੇਸ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਕਰਵਾਏ ਗਿੱਧਾ, ਡਾਂਸ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਖੂਬ ਅਨੰਦ ਮਾਣਿਆ। ਇਸ ਮੌਕੇ ਸਾਬਕਾ ਮੰਤਰੀ ਨੂੰ ਭਾਵਨਾ ਗਰਗ ਵੱਲੋਂ ਬਣਾਏ ਚਿੱਤਰ ਨਾਲ ਸਨਮਾਨਤ ਕੀਤਾ ਗਿਆ ਜਿਸ ਨੂੰ ਦੇਖ ਕੇ ਹਰਸਿਮਰਤ ਕੌਰ ਬਾਦਲ ਵੀ ਉਤਸ਼ਾਹਿਤ ਹੋਏ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦਾ ਸਨਮਾਨ ਕਰਦਾ ਹੈ ਤੇ ਹਮੇਸ਼ਾ ਹੀ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕੀਤੇ ਗਏ । ਉਨ੍ਹਾਂ ਵਾਅਦਾ ਕੀਤਾ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਔਰਤਾਂ ਦਾ ਸਵੈਮਾਣ ਮਜਬੂਤ ਕਰਨ ਅਤੇ ਸਵੈ ਰੁਜਗਾਰ ਲਈ ਮਜਬੂਤ ਬਣਾਉਣ ਲਈ ਪੂਰਨ ਹੌਂਸਲਾ ਅਫਜਾਈ ਕੀਤੀ ਜਾਏਗੀ ਤੇ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ, ਸੁਨਾਮ, ਘਨੌਰ ਤੇ ਖੰਨਾ ਤੋਂ ਹੋਰ ਪਾਰਟੀਆਂ ਦੇ ਆਗੁ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਹੋਏ ਸ਼ਾਮਲ
ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ
ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ
ਚਮਕੌਰ ਸਾਹਿਬ ਹਲਕੇ ਦੇ ਖਰੜ ਬਲਾਕ ਦੇ 35 ਪਿੰਡਾਂ ਦੇ ਵਿਕਾਸ ਲਈ 68 ਕਰੋੜ ਰੁਪਏ ਮਨਜ਼ੂਰ, ਜਿਨਾਂ ਵਿਚੋਂ 14 ਕਰੋੜ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ
ਸੂਬੇ ਵਿਚ 2 ਕਿਲੋਵਾਟ ਵਾਲੇ 96,911 ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਕਾਏ ਬਿੱਲ ਮੁਆਫ਼ ਕੀਤੇ, ਲੋਕਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ
ਮੁੱਖ ਮੰਤਰੀ ਨੇ ਪਿੰਡ ਚੋਲਟਾ ਖੁਰਦ ਦੇ ਆਤਮਾ ਸਿੰਘ ਨੂੰ 2,26,890 ਰੁਪਏ ਦੇ ਬਕਾਏ ਬਿਜਲੀ ਬਿੱਲ ਦੀ ਮੁਆਫੀ ਦਾ ਸਰਟੀਫਿਕੇਟ ਸੌਂਪਿਆ
ਸੁਖਜਿੰਦਰ ਮਾਨ
ਐਸ.ਏ.ਐਸ. ਨਗਰ (ਮੋਹਾਲੀ), 24 ਅਕਤੂਬਰ: ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਅੱਜ ਚਮਕੌਰ ਸਾਹਿਬ ਹਲਕੇ ਦੇ ਖਰੜ ਬਲਾਕ ਦੇ 35 ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 68 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਲਾਕੇ ਦੇ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ।ਇਸ ਮੌਕੇ ਸ. ਚੰਨੀ ਨੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 14 ਕਰੋੜ ਰੁਪਏ ਦੇ ਚੈੱਕ ਸੌਂਪਦੇ ਹੋਏ, 54 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਮੰਜੂਰੀ ਵੀ ਦਿੱਤੀ।ਸ. ਚੰਨੀ ਨੇ ਚਮਕੌਰ ਸਾਹਿਬ ਹਲਕੇ ਦੇ ਦੌਰੇ ਦੇ ਚੌਥੇ ਦਿਨ ਦੀ ਸ਼ੁਰੂਆਤ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਖਰੜ ਵਿਚ ਪੈਂਦੇ ਪਿੰਡ ਘੜੂੰਆਂ ਤੋਂ ਕੀਤੀ ਜੋ ਇਸ ਹਲਕੇ ਦਾ ਹੀ ਹਿੱਸਾ ਹੈ। ਉਨ੍ਹਾਂ ਨੇ ਅੱਜ ਘੜੂੰਆਂ ਤੋਂ ਇਲਾਵਾ ਗੜਾਂਗਾ, ਬਡਾਲਾ ਪਿੰਡਾਂ ਵਿਖੇ ਵੱਖ-ਵੱਖ ਸਮਾਗਮਾਂ ਦੌਰਾਨ 35 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ।ਘੜੂੰਆਂ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਨੇੜਲੇ ਪਿੰਡਾਂ ਨੂੰ ਵੀ ਵੱਡਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਪਿੰਡ ਵਿਚ ਸਥਿਤ ਪਾਵਨ ਸਰੋਵਰ ਦੇ ਨਵੀਨੀਕਰਨ ਲਈ 3.25 ਕਰੋੜ ਰੁਪਏ ਖਰਚਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੈਰ-ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।ਪਿੰਡ ਗੜਾਂਗਾ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਸ਼ੇਸ਼ ਸਕੀਮ ਲੈ ਕੇ ਆਈ ਹੈ ਤਾਂ ਕਿ ਲੋਕਾਂ ਉਪਰ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਬਕਾਏ ਬਿੱਲ ਦੀ ਮੁਆਫੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ 96,911 ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਕਾਏ ਪਾਵਰਕਾਮ ਵੱਲੋਂ ਮੁਆਫ਼ ਵੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਚੋਲਟਾ ਖੁਰਦ ਦੇ ਆਤਮਾ ਸਿੰਘ ਨੂੰ 2,26,890 ਰੁਪਏ ਦੇ ਬਕਾਏ ਬਿਜਲੀ ਬਿੱਲ ਦੀ ਮੁਆਫੀ ਦਾ ਸਰਟੀਫਿਕੇਟ ਸੌਂਪਿਆ।ਪਿੰਡ ਗੜਾਂਗਾ ਵਿਖੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌੰਪਦੇ ਹੋਏ ਸ. ਚੰਨੀ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਦੀ ਨਿਗਰਾਨੀ ਖੁਦ ਹੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪੇਂਡੂ ਇਲਾਕਿਆਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਾ ਰਹਿਣ ਦੇਣ ਦੇ ਆਦੇਸ਼ ਦਿੱਤੇ।ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਵੱਖ-ਵੱਖ ਥਾਵਾਂ ਉਤੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਅਤੇ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਮੁੱਖ ਮੰਤਰੀ ਵਲੋਂ ਨੇਤਰਹੀਣਾਂ ਦਾ ਸਰਵੇ ਕਰਵਾ ਕੇ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ ਇਲਾਜ਼ ਕਰਵਾਉਣ ਦਾ ਐਲਾਨ
ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ: ਮੁੱਖ ਮੰਤਰੀ ਚੰਨੀ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਅਕਤੂਬਰ: ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਨੇਤਰਹੀਣਾਂ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਜਿਨਾਂ ਦੀ ਅੱਖਾਂ ਰੌਸ਼ਨੀ ਵਾਪਸ ਆ ਸਕਣ ਦੀ ਕੋਈ ਵੀ ਗੁੰਜਾਇਸ਼ ਹੈ, ਉਨਾਂ ਦਾ ਇਲਾਜ ਕਰਵਾਇਆ ਜਾਵੇਗਾ। ਅੱਜ ਇਥੇ ਇਸ ਦਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੇਤਰਹੀਣਾਂ ਦੇ ਇਕ ਤਿੰਨ ਮੈਂਬਰੀ ਵਫਦ ਨਾਲ ਮੁਲਾਕਾਤ ਮੌਕੇ ਕੀਤਾ ਗਿਆ। ਨੇਤਰਹੀਣਾਂ ਦੇ ਇਸ ਵਫਦ ਵਲੋਂ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਨਾ ਵਫਦ ਦੇ ਨੁਮਾਇਦਿਆਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਬਹੁਤ ਸਾਰੇ ਅਜਿਹੇ ਨੇਤਰਹੀਣ ਹਨ ਕਿ ਜੇਕਰ ਓਹਨਾਂ ਨੂੰ ਬਿਹਤਰ ਇਲਾਜ ਮਿਲੇ ਤਾਂ ਓਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਸਕਦੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਰਵੇ ਤੋਂ ਬਾਅਦ ਚੰਗੀ ਸਿਹਤ ਸੰਸਥਾ ਤੋਂ ਇਲਾਜ ਯਕੀਨੀ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨੇਤਰਹੀਣਾਂ ਦੀ ਇੱਕ ਹੋਰ ਮੰਗ ਬਾਰੇ ਕਿਹਾ ਕਿ ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ, ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਨੇਤਰਹੀਣਾਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ।ਨੇਤਰਹੀਣਾਂ ਦੇ ਵਫਦ ਵਲੋ ਮੁੱਖ ਮੰਤਰੀ ਨਾਲ ਮੁਲਾਕਾਤ
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨੇਤਰਹੀਣਾਂ ਦੇ ਵਫਦ ਵਲੋਂ ਹੋਰ ਮੰਗਾਂ ਸੰਬੰਧੀ ਦਿਤੇ ਮੰਗ ਪੱਤਰ ਬਾਰੇ ਵੀ ਭਰੋਸਾ ਦਿਵਾਇਆ ਕਿ ਸਾਰੀਆਂ ਮਗਾਂ `ਤੇ ਵਿਚਾਰ ਕਰਕੇ ਉਨਾਂ ਦਾ ਸਾਕਾਰਾਤਮਕ ਹਲ ਕੱਢੇ ਜਾਣਗੇ।
ਇਸ ਤੋਂ ਇਲਾਵਾ ਨੇਤਰਹੀਣਾਂ ਦੇ ਵਫਦ ਨੇ ਮੁੱਖ ਮੰਤਰੀ ਅੱਗੇ ਬੈਕਲਾਗ ਤੇ ਪ੍ਰਮੋਸ਼ਨ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ, ਜਮਾਲਪੁਰ (ਲੁਧਿਆਣਾ) ਵਿਖੇ ਨੇਤਰਹੀਣਾਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰੇ ਜਾਣ ਸਮੇਤ ਹੋਰ ਮੰਗਾਂ ਵੀ ਉਠਾਈਆਂ, ਜਿਸ ਸਬੰਧੀ ਸ. ਚੰਨੀ ਨੇ ਇਹਨਾਂ ਮੰਗਾਂ ਉੱਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ -ਕੋਕਰੀ, ਉਗਰਾਹਾਂ
ਸੁਖਜਿੰਦਰ ਮਾਨ
ਚੰਡੀਗੜ੍ਹ 24 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਉਣ ਅਤੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੇਸ਼ੱਕ ਸਭ ਤੋਂ ਵੱਧ ਨੁਕਸਾਨ ਖੇਤਾਂ ਵਿੱਚ ਝੋਨੇ ਦੀ ਪੱਕੀ ਫ਼ਸਲ ਦਾ ਹੋਇਆ ਹੈ, ਪਰ ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਬਹੁਤੇ ਥਾਈਂ ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ’ਚ ਪਏ ਝੋਨੇ ਦਾ ਨੁਕਸਾਨ ਵੀ ਹੋਇਆ ਹੈ। ਪਹਿਲਾਂ ਹੀ ਕਾਰਪੋਰੇਟਾੱ ਨਾਲ ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦੇ ਮੁਆਵਜ਼ੇ ਲਈ ਹਜ਼ਾਰਾਂ ਕਿਸਾਨ ਮਜ਼ਦੂਰ 5 ਅਕਤੂਬਰ ਤੋਂ ਲਗਾਤਾਰ ਸ਼ੰਘਰਸ਼ ਕਰਦੇ ਆ ਰਹੇ ਹਨ, ਜਿਸਦੇ ਅਗਲੇ ਪੜਾਅ’ਤੇ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਹ ਫ਼ਸਲੀ ਤਬਾਹੀਆਂ ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਦੱਬੇ ਹੋਏ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਬ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੇਸ਼ੱਕ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਅਹਿਮ ਭਖਦੀਆਂ ਮੰਗਾਂ ਨੂੰ ਲਗਾਤਾਰ ਅਣਸੁਣੀਆਂ ਕਰਨ ਦਾ ਕੁਕਰਮ ਜਾਰੀ ਹੈ ਅਤੇ ਉੱਤੋਂ ਕੁਦਰਤੀ ਕਹਿਰ ਵੀ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ,ਪਰ ਫਿਰ ਵੀ ਆਪਣੀ ਸੁੱਚੀ ਕਿਰਤ ਅਤੇ ਰਿਜ਼ਕ-ਪਾਲਕ ਮਾਂ ਜ਼ਮੀਨ ਦੀ ਰਾਖੀ ਖਾਤਰ ਚੇਤਨ ਸੂਝਵਾਨ ਕਿਸਾਨ ਹਰ ਬਿਪਤਾ ਦਾ ਟਾਕਰਾ ਸਿਦਕ ਸਿਰੜ ਭਰੇ ਸੰਘਰਸ਼ ਰਾਹੀਂ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਵੀ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਕੀਤੇ ਗਏ ਹਨ। ਅਜੇ ਕੱਲ੍ਹ ਹੀ ਜਥੇਬੰਦੀ ਦਾ ਵੱਡਾ ਕਾਫ਼ਲਾ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਸਬੰਧੀ ਰੋਸ ਪ੍ਰਦਰਸ਼ਨ ਵਿਚ ਅਤੇ ਉਸ ਤੋਂ ਵੀ ਵੱਡਾ ਕਾਫ਼ਲਾ ਪਰਸੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹੁਸੈਨੀਵਾਲਾ ਵਿਖੇ ਜਾ ਕੇ ਆਏ ਹਨ। ਪੰਜਾਬ ਵਿੱਚ 40 ਥਾਂਵਾਂ ‘ਤੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ ਵੀ ਤੇਰ੍ਹਵੇਂ ਮਹੀਨੇ ਲਗਾਤਾਰ ਜਾਰੀ ਹਨ। ਸਮੂਹ ਕਿਰਤੀ ਤਬਕਿਆਂ ਦੀ ਸੰਘਰਸ਼ ਸਾਂਝ ਨੂੰ ਮਜ਼ਬੂਤ ਕਰਨ ਲਈ ਹਿਮਾਇਤੀ ਕਾਫ਼ਲੇ ਵੀ ਉਨ੍ਹਾਂ ਦੇ ਸੰਘਰਸ਼ਾਂ ਵਿੱਚ ਲਗਾਤਾਰ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਸਾਰੇ ਮੋਰਚਿਆਂ ਵਿੱਚ ਪਰਵਾਰਾਂ ਸਮੇਤ ਸ਼ਮੂਲੀਅਤ ਨੂੰ ਜ਼ਰ੍ਹਬਾਂ ਦਿੱਤੀਆਂ ਜਾਣ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਰਨਾਲਾ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ
2.5 ਕਰੋੜ ਰੁਪਏ ਨਾਲ ਬੱਸ ਸਟੈਂਡ ਬਰਨਾਲਾ ਨੂੰ ਨਵੀਂ ਦਿੱਖ ਦੇਣ ਦਾ ਐਲਾਨ
ਸਫ਼ਰ ਦੌਰਾਨ ਦਰਪੇਸ਼ ਸਮੱਸਿਆਵਾਂ ਸਬੰਧੀ ਬਜ਼ੁਰਗ ਬੀਬੀਆਂ ਨਾਲ ਕੀਤੀ ਗੱਲਬਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਕਤੂਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਰਨਾਲਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਜਿਥੇ ਦਰਪੇਸ਼ ਮੁਸ਼ਕਲਾਂ ਬਾਰੇ ਸਵਾਰੀਆਂ ਨਾਲ ਗੱਲਬਾਤ ਕੀਤੀ, ਉਥੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੁਲਾਜਮਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਸ੍ਰੀ ਰਾਜਾ ਵੜਿੰਗ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਬਰਨਾਲਾ ਬੱਸ ਅੱਡੇ ਦੀ ਸਾਫ-ਸਫਾਈ ਦੇ ਪੁਖਤਾ ਪ੍ਰਬੰਧਾਂ ਅਤੇ ਹੋਰ ਬਿਹਤਰੀ ਲਈ ਹਦਾਇਤ ਕੀਤੀ।
ਇਸ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੁੱਲ 2.5 ਕਰੋੜ ਰੁਪਏ ਨਾਲ ਬਰਨਾਲਾ ਦੇ ਬੱਸ ਅੱਡੇ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ 1.5 ਕਰੋੜ ਰੁਪਏ ਅਤੇ ਨਗਰ ਸੁਧਾਰ ਟਰੱਸਟ ਵੱਲੋਂ 1 ਕਰੋੜ ਰੁਪਏ ਖਰਚ ਕਿ ਬੱਸ ਅੱਡੇ ਨੂੰ ਨਵਿਆਉਣ ਦਾ ਕਾਰਜ ਸਿਰੇ ਚਾੜ੍ਹਿਆ ਜਾਵੇਗਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਬੱਸ ਅੱਡੇ ਦੇ ਸੁਧਾਰ ਲਈ 1 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ ਅਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਕੈਬਨਿਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸ ਅੱਡੇ ‘ਤੇ ਬੈਠੀਆਂ ਬਜ਼ੁਰਗ ਔਰਤਾਂ ਗੱਲਬਾਤ ਕਰਕੇ ਉਨ੍ਹਾਂ ਨੂੰ ਸਫ਼ਰ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ ਗਈ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਨ ਸ਼੍ਰੀਮਤੀ ਅਲਕਾ ਮੀਨਾ, ਐਸ.ਡੀ.ਐਮ. ਸ਼੍ਰੀ ਵਰਜੀਤ ਵਾਲੀਆ, ਚੇਅਰਮੈਨ ਇੰਮਪਰੂਵਮੈਂਟ ਟਰਸਟ ਸ਼੍ਰੀ ਮੱਖਣ ਸ਼ਰਮਾ, ਆਰ.ਟੀ.ਏ. ਸ਼੍ਰੀ ਕਰਨਬੀਰ ਸਿੰਘ ਛੀਨਾ, ਜੀ.ਐਮ. ਪੀ.ਆਰ.ਟੀ.ਸੀ. ਸ਼੍ਰੀ ਐਮ.ਪੀ. ਸਿੰਘ ਵੀ ਮੌਜੂਦ ਸਨ।






