Thursday, April 30, 2026
Home Blog Page 2726

ਗੁਲਾਬੀ ਸੁੰਡੀ ਨਾਲ ਖਰਾਬ ਹੋਈ ਫਸਲ ਦੀ ਗਿਰਦਾਵਰੀ ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ 22 ਅਕਤੂਬਰ : ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਜ਼ਿਲੇ ਅੰਦਰ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦੀ ਗਿਰਦਾਵਰੀ ਦਾ ਕੰਮ ਅਗਲੇ ਦੋ ਦਿਨਾਂ ਦੌਰਾਨ ਹਰ ਹਾਲਤ ਵਿੱਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।ਉਨਾਂ ਕਿਹਾ ਕਿ ਇਸ ਕੰਮ ਵਿੱਚ ਕੀਤੀ ਗਈ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੇਰ ਸ਼ਾਮ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲੇ ਨਾਲ ਸਬੰਧਤ ਸਮੂਹ ਮਜਿਸਟ੍ਰੇਟ ਅਤੇ ਜ਼ਿਲਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਪਟਵਾਰੀਆਂ ਤੇ ਕਾਨੂੰਗੋ ਆਦਿ ਅਧਿਕਾਰੀਆਂ ਰਾਹੀਂ ਅਗਲੇ ਦੋ ਦਿਨਾਂ (ਸ਼ਨੀਵਾਰ ਅਤੇ ਐਤਵਾਰ) ਨੂੰ ਹਰ ਹਾਲਤ ਵਿੱਚ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦੀ ਗਿਰਦਾਵਰੀ ਕਰਾਉਣਾ ਯਕੀਨੀ ਬਣਾਉਣਗੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ , ਉੱਪ ਮੰਡਲ ਮੈਜਿਸਟਰੇਟ ਬਠਿੰਡਾ ਬਬਨਦੀਪ ਸਿੰਘ ਵਾਲੀਆਂ, ਉੱਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਨਵਦੀਪ ਕੁਮਾਰ, ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਵਰਿੰਦਰ ਸਿੰਘ ਅਤੇ ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਸਰੋਜ਼ ਰਾਣੀ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਮੌਜੂਦ ਸਨ।

ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਾਉਣ ਲਈ ਮੁੜ ਦਿੱਲੀ ਪੁੱਜੇ ਮਨਪ੍ਰੀਤ ਬਾਦਲ

0

ਕੇਂਦਰੀ ਰਸਾਇਣ, ਖਾਦਾਂ ਤੇ ਫਾਰਮਾਸਿਊਟੀਕਲ ਮੰਤਰੀ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਬਠਿੰਡਾ ’ਚ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਖ਼ਾਤਮੇ ਤੋਂ ਬਾਅਦ ਇੱਥੇ ਬਣਾਏ ਜਾਣ ਵਾਲੇ ਫ਼ਾਰਮਾਸਿਊਟੀਕਲ ਪਾਰਕ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਮੁੜ ਦਿੱਲੀ ਪੁੱਜੇ, ਜਿੱਥੇ ਉਨ੍ਹਾਂ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕੀਤੀ। ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਫ਼ਾਰਮਾਸਿਊਟੀਕਲ ਪਾਰਕ ਦੇ ਲੱਗਣ ਨਾਲ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜੋਰ ਦਿੱਤਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਉਧਰ ਕੇਂਦਰੀ ਮੰਤਰੀ ਨੇ ਸ: ਬਾਦਲ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ। ਸ. ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਇੱਥੇ ਜਿਕਰਯੋਗ ਹੈ ਕਿ ਪੰਜਾਬ ਵਲੋਂ ਇੱਥੇ ਇਹ ਪਾਰਕ ਬਣਾਉਣ ਲਈ ਇੱਥੇ ਮੌਜੂਦਾ “ਏ’’ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਬਾਰੇ ਦਸਿਆ ਹੈ ਜੋ ਇਸ ਜਗਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ।

ਬਾਬਾ ਫ਼ਰੀਦ ਸਕੂਲ ਵੱਲੋਂ ‘ਮਹਿੰਦੀ ਲਗਾਉਣ‘ ਦਾ ਮੁਕਾਬਲਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਰਵਾ ਚੌਥ ਸਮਾਰੋਹ ਸੰਬੰਧੀ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ 10+1 ਅਤੇ 10+2 ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਮਹਿੰਦੀ ਲਗਾਉਣ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬਹੁਤ ਹੀ ਖ਼ੂਬਸੂਰਤ ਡਿਜ਼ਾਈਨਾਂ ਵਿੱਚ ਹੱਥਾਂ ‘ਤੇ ਮਹਿੰਦੀ ਲਗਾਈ । ਇਸ ਮੁਕਾਬਲੇ ਦੇ ਨਤੀਜੇ ਅਨੁਸਾਰ 10+1 ਕਾਮਰਸ-ਬੀ ਦੀ ਵਿਦਿਆਰਥਣ ਜਸਦੀਪ ਕੌਰ ਨੇ ਪਹਿਲਾ ਸਥਾਨ ਅਤੇ 10+2 ਆਰਟਸ-ਏ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ 10+2 ਮੈਡੀਕਲ ਏ ਦੀ ਖ਼ੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ 10+1 ਕਾਮਰਸ-ਏ ਦੀ ਵਿਦਿਆਰਥਣ ਜਯੋਤੀ ਕੌਰ ਨੂੰ ਹੌਸਲਾ ਅਫ਼ਜਾਈ ਲਈ ਇਨਾਮ ਦਿੱਤਾ ਗਿਆ।ਡਿਪਟੀ ਡਾਇਰੈਕਟਰ ਬੀ.ਡੀ. ਸ਼ਰਮਾ ਅਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ ਸਿੱਧੂ ਨੇ ਜੇਤੂ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

ਹਾੜ੍ਹੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਆਯੋਜਿਤ

0

ਡੀਸੀ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਸਥਾਨਕ ਖੇਤੀ ਭਵਨ ਵਿਖੇ ਅੱਜ ਹਾੜ੍ਹੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨਾਂ ਨੂੰ ਪ੍ਰੇਰਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋੋ ਵੱਖ-ਵੱਖ ਵਿਭਾਗਾਂ ਵੱਲੋ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਜ਼ਾਇਜਾ ਲਿਆ ਅਤੇ ਉਨ੍ਹਾਂ ਵੱਲੋ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਸਬੰਧੀ ਲਏ ਜਾਣ ਵਾਲੇ ਫੈਸਲਿਆਂ ਜਿਵੇ ਕਿ:- ਚੰਗੇ ਬੀਜ ਦੀ ਚੋਣ, ਖਾਦਾਂ, ਜ਼ਹਿਰਾਂ ਦੀ ਵਰਤਂੋਂ ਆਦਿ ਹੋਰ ਕੰਮਾਂ ਸਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ.ਜੀ.ਐਮ.-ਕਮ-ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਅਸ਼ੋਕ ਕੁਮਾਰ ਚੌਹਾਨ ਵੱਲੋਂ ਕਿਸਾਨਾਂ ਨੂੰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮਾਜ ਦੇ ਪਿਛੜੇ ਅਤੇ ਕਮਜ਼ੂਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਅਤੇ ਖਾਦ ਦੇ ਪ੍ਰਬੰਧ ਕੀਤੇ ਗਏ ਹਨ। ਖਾਦਾਂ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ‘ਤੇ ਘੱਟ ਹੋਵੇ। ਭੌ-ਪਰਖ ਪ੍ਰਯੋਗਸ਼ਾਲਾਵਾਂ ਨੂੰ ਛੋਟੇ ਤੱਤ ਜਿਵੇ ਜ਼ਿੰਕ, ਲੋਹਾ, ਮੈਗਨੀਜ਼ ਆਦਿ ਦੀ ਟੈਸਟ ਕਰਨ ਲਈ ਸਟਰੈਥਇੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੀ ਜ਼ਮੀਨ ਦੀ ਟੈਸਟ ਰਿਪੋਰਟ ਦੇ ਅਨੁਸਾਰ ਛੋਟੇ ਤੱਤ ਵੀ ਲੋੜ ਅਨੁਸਾਰ ਵਰਤੋਂ ਕਰ ਸਕਣਗੇ, ਇਸ ਨਾਲ ਜਿੱਥੇ ਵੱਧ ਪੈਦਾਵਾਰ ਹੋਵੇਗੀ, ਉਥੇ ਕਿਸਾਨ ਸਹੀ ਮਾਤਰਾ ਵਿੱਚ ਖਾਦ ਪਾਉਣਗੇ ਅਤੇ ਬੇਲੋੜਾ ਖਰਚ ਵੀ ਘਟਾ ਸਕਣਗੇ।
ਇਸ ਮੌਕੇ ਡਾਇਰੈਕਟਰ ਰਿਜਨਲ ਰਿਸਰਚ ਸੈਟਰ ਬਠਿੰਡਾ ਡਾ. ਪਰਮਜੀਤ ਸਿੰਘ ਵੱਲੋ ਸਾਉਣੀ ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਜਦੋਂਕਿ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਬੋਪਾਰਾਏ ਨੇ ਸਕੀਮ ਸਬੰਧੀ ਕਿਸਾਨਾਂ ਨੂੰ ਬਰੀਕੀ ਨਾਲ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕੀਤਾ।

ਸੇਵਾ ਕੇਂਦਰਾਂ ਵਿੱਚ ਸਪੈਸ਼ਲ ਕੈਂਪ 28 ਅਤੇ 29 ਅਕਤੂਬਰ ਨੂੰ: ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਲਈ 28 ਅਤੇ 29 ਅਕਤੂਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਵਿਚ ਪੈਨਸ਼ਨ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਵੀ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਇੰਨਾਂ ਕੈਂਪਾਂ ਦੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ ਕਿ ਇਨਾਂ ਸਪੈਸ਼ਲ ਕੈਂਪਾਂ ਦੌਰਾਨ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲ ਦੇ ਆਧਾਰ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਹੁਣ ਤੱਕ ਦੀਆਂ ਸੇਵਾ ਕੇਂਦਰਾਂ ਵਿੱਚ ਪਈਆਂ ਦਰਖਾਸਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇ ਤੇ ਕੋਈ ਵੀ ਦਰਖਾਸਤ ਬਕਾਇਆ ਨਾ ਰਹਿਣ ਦਿੱਤੀ ਜਾਵੇ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇੰਨਾਂ ਕੈਂਪਾਂ ਦੌਰਾਨ ਸੇਵਾ ਕੇਂਦਰਾਂ ਰਾਹੀਂ ਮਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਸੇਵਾ ਕੇਂਦਰਾਂ ਵਿੱਚ ਲਗਾਏ ਜਾਣ ਵਾਲੇ ਇੰਨਾਂ ਸਪੈਸ਼ਲ ਕੈਂਪਾਂ ਦੌਰਾਨ ਵੱਖ-ਵੱਖ ਲੋਕ ਭਲਾਈ ਸਕੀਮਾਂ ਨਾਲ ਸਬੰਧਿਤ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ-ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ(ਬੁਢਾਪਾ, ਵਿਧਵਾ, ਆਸ਼ਰਿਤ, ਅੰਗਹੀਣ ਆਦਿ), ਘਰ ਦੀ ਸਥਿਤੀ(ਕੱਚਾ/ਪੱਕਾ), ਪੀ.ਐਮ.ਏ.ਵਾਈ. ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ., ਬੀ.ਸੀ. ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜੌਬ ਕਾਰਡ, 2 ਕਿਲੋਵਾਟ ਤੱਕ ਬਿਜਲੀ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਕੇਸ ਨਕਸ਼ੇ ਆਦਿ ਸਕੀਮਾਂ ਸ਼ਾਮਿਲ ਹੋਣਗੀਆਂ।
ਇਸ ਮੌਕੇ ਏ.ਡੀ.ਸੀ ਪਰਮਵੀਰ ਸਿੰਘ, ਨਿਕਾਸ ਕੁਮਾਰ, ਜ਼ਿਲਾ ਮਾਲ ਅਫ਼ਸਰ ਮੈਡਮ ਸਰੋਜ ਰਾਣੀ, ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਕਾਹਲੋ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ, ਡੀ.ਐਮ. ਸੇਵਾ ਕੇਂਦਰ ਸੰਜੀਵ ਕੁਮਾਰ ਆਦਿ ਅਧਿਕਾਰੀ ਹਾਜ਼ਰ ਸਨ।

 

15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖਰਚੇ ਢਾਈ ਅਰਬ

0

ਆਰ.ਟੀ.ਆਈ ਵਿੱਚ ਹੋਇਆ ਖੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਦਿਨ-ਬ-ਦਿਨ ਕਰਜ਼ੇ ਦੇ ਜ਼ਾਲ ’ਚ ਫ਼ਸਦੇ ਜਾ ਰਹੇ ਪੰਜਾਬ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਹੀ ਕਰੀਬ ਢਾਈ ਅਰਬ ਰੁਪਏ ਖਰਚ ਦਿੱਤੇ। ਸਰਕਰ ਦੀਆਂ ਪ੍ਰਾਪਤੀਆਂ ਦੱਸਣ ਲਈ ਸਭ ਤੋਂ ਵੱਧ ਖਰਚਾ ਚੋਣ ਵਰ੍ਹੇ ’ਚ ਕੀਤਾ ਜਾਂਦਾ ਰਿਹਾ। ਪ੍ਰਾਪਤੀਆਂ ਤੇ ਸੁੱਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇੰਨ੍ਹਾਂ ਇਸਤਿਹਾਰਾਂ ਦੀ ਥੋੜੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪਿ੍ਰੰਟ ਮੀਡੀਆ ਵਿਚ ਹੀ ਖ਼ਰਚੀ ਗਈ ਜਦੋਂਕਿ ਇਲੈਕਟਰੋਨਿਕ ਤੇ ਸੋਸਲ ਮੀਡੀਆ ਦੀ ਰਾਸ਼ੀ ਇਸ ਤੋਂ ਅਲੱਗ ਦੱਸੀ ਜਾ ਰਹੀ ਹੈ। ਹਾਸਲ ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤੱਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸਤਿਹਾਰਾਂ ਤੇ ਵਧਾਈ ਸੰਦੇਸਾਂ ਆਦਿ ‘ਤੇ ਪਿ੍ਰੰਟ ਮੀਡੀਆ ਉਪਰ ਕੁੱਲ ਖਰਚ 2,40,44,31,854/- ਰੁਪਏ ਖ਼ਰਚ ਕੀਤੇ ਗਏ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਖ਼ਾਲੀ ਖ਼ਜਾਨੇ ਵਾਲੇ ਪੰਜਾਬ ’ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ’ਤੇ ਵੀ 23 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਹਨ। ਉਧਰ ਸ਼ਹਿਰ ਦੇ ਉਘੇ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬੇ ਨਾਨਕ, ਕਰੋਨਾ ਤੇ ਪਰਾਲੀ ਜਲਾਉਣ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿੱਲਾਂ ਦਾ ਖ਼ਰਚਾ ਸੱਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁੱਕਿਆ ਗਿਆ।
ਬਾਕਸ
ਐਵਰੇਜ਼ ਹਰ ਸਾਲ 16 ਕਰੋੜ ਤੇ ਮਹੀਨੇ ’ਚ 1.33 ਕਰੋੜ ਖ਼ਰਚੇ
ਬਠਿੰਡਾ: ਜੇਕਰ ਇਸ਼ਹਿਤਾਰਬਾਜ਼ੀ ਉਪਰ ਹੋਏ ਖ਼ਰਚੇ ਦੀ ਸਲਾਨਾ ਐਵਰੇਜ਼ ਕੱਢੀ ਜਾਂਦੀ ਹੈ ਤਾਂ ਇਹ 16,02,95,456 ਅਤੇ ਮਹੀਨੇ ਦੀ 1,33,57,954/- ਪ੍ਰਤੀ ਮਹੀਨਾ ਬਣਦੀ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਦੇ ਆਖ਼ਰੀ ਸਾਲ 2016-17 ਵਿੱਚ ਸਭ ਤੋਂ ਵੱਧ 65,80,57,860 ਖਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2015-16 ਵਿੱਚ ਵੀ 29,14,12,471/- (29 ਕਰੋੜ ਤੋਂ ਵੱਧ) ਖਰਚ ਕੀਤੇ ਗਏ। ਉਧਰ ਪਿਛਲੀ ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸਨੇ ਸਾਲ 2020-21 ਵਿੱਚ 26,70,93,948/- ਰੁਪਏ (26.5 ਕਰੋੜ ਤੋਂ ਵੱਧ) ਅਤੇ ਸਾਲ 2019-20 ਵਿੱਚ 25,31,34,922/- (25 ਕਰੋੜ ਤੋਂ ਵੱਧ) ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ।
ਬਾਕਸ
ਸਾਲ ਵਾਈਜ਼ ਹੋਏ ਖ਼ਰਚੇ
1 2007-08 ਰੁਪਏ 4,68,05,741/- (4.5 ਕਰੋੜ ਤੋਂ ਵੱਧ)
2 2008-09 ਰੁਪਏ 7,76,66,481/- (7.5 ਕਰੋੜ ਤੋਂ ਵੱਧ)
3 2009-10 ਰੁਪਏ 3,52,65,717/- (3.5 ਕਰੋੜ ਤੋਂ ਵੱਧ)
4 2010-11 ਰੁਪਏ 6,09,42,850/- (6 ਕਰੋੜ ਤੋਂ ਵੱਧ)
5 2011-12 ਰੁਪਏ 6,95,56,089/- (6.5 ਕਰੋੜ ਤੋਂ ਵੱਧ)
6 2012-13 ਰੁਪਏ 7,97,87,268/- (7.5 ਕਰੋੜ ਤੋਂ ਵੱਧ)
7 2013-14 ਰੁਪਏ15,58,29,743/- (15.5 ਕਰੋੜ ਤੋਂ ਵੱਧ)
8 2014-15 ਰੁਪਏ 6,24,19,548/- (6 ਕਰੋੜ ਤੋਂ ਵੱਧ)
9 2015-16 ਰੁਪਏ 29,14,12,471/- (29 ਕਰੋੜ ਰੁਪਏ ਤੋਂ ਵੱਧ)
10 2016-17 ਰੁਪਏ 65,80,57,860/- (65.5 ਕਰੋੜ ਤੋਂ ਵੱਧ)
11 2017-18 ਰੁਪਏ 5,77,17,434/- (5.5 ਕਰੋੜ ਤੋਂ ਵੱਧ)
12 2018-19 ਰੁਪਏ14,24,68,332/- (14 ਕਰੋੜ ਤੋਂ ਵੱਧ)
13 2019-20 ਰੁਪਏ 25,31,34,922/- (25 ਕਰੋੜ ਤੋਂ ਵੱਧ)
14 2020-21 ਰੁਪਏ 26,70,93,948/- (26.5 ਕਰੋੜ ਤੋਂ ਵੱਧ)
15 2021-22 (03.10.2021 ਤੱਕ) ਰੁਪਏ 14,62,73,450/- (14.5 ਕਰੋੜ ਤੋਂ ਵੱਧ)

ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਨੂੰ ਵੱਖ-ਵੱਖ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

0

ਬਲਵਿੰਦਰ ਸਿੰਘ ਨਕੱਈ ਦੀ ਭਾਰਤ ਦੇ ਸਹਿਕਾਰਤਾ ਖੇਤਰ ਵਿਚ ਅਹਿਮ ਯੋਗਦਾਨ : ਸੁਖਬੀਰ ਬਾਦਲ
ਨਕਈ ਦੀ ਯਾਦ ਵਿੱਚ ਰਾਮਪੁਰਾ ਫੂਲ ਜ਼ੋਨ ਲਗਾਇਆ ਜਾਵੇ ਖਾਦ ਕਾਰਖਾਨਾ : ਸੁਖਬੀਰ
ਭਾਰਤ ਦੇ ਸਹਿਕਾਰਤਾ ਵਿਭਾਗ ਨੂੰ ਮੁਨਾਫ਼ੇ ਵਿੱਚ ਲੈ ਕੇ ਜਾਣ ਦਾ ਨਕਈ ਦਾ ਅਹਿਮ ਰੋਲ : ਐੱਮ.ਡੀ-ਇਫਕੋ

ਸੁਖਜਿੰਦਰ ਮਾਨ/ਸੁਖਵੰਤ ਸਿੰਘ ਸਿੱਧੂ
ਬੰਠਿਡਾ/ਮਾਨਸਾ, 21 ਅਕਤੂਬਰ : ਉੱਤਰੀ ਭਾਰਤ ਦੀ ਸਹਿਕਾਰਤਾ ਲਹਿਰ ਦੇ ਮੋਢੀ ਅਤੇ ਕਰਮਯੋਗੀ ਕਿਸਾਨ ਮਰਹੂਮ ਬਲਵਿੰਦਰ ਸਿੰਘ ਨਕੱਈ ਚੇਅਰਮੈਂਨ ਇਫ਼ਕੋ ਦੇ ਭੋਗ ਸਮਾਗਮ ਉੱਪਰ ਉਨ੍ਹਾਂ ਦੇ ਜੱਦੀ ਸ਼ਹਿਰ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆ ਦੇ ਆਗੂਆ, ਸਹਿਕਾਰੀ ਸੰਸਥਾਵਾ ਨੇ ਨੁਮਾਇੰਦੀਆ ਅਤੇ ਸਮੁੰਚੇ ਦੇਸ਼ ਅਤੇ ਮਾਲਵਾ ਦੇ ਕਿਸਾਨ ਅਤੇ ਨਿਵਾਸੀਆ ਵੱਲੋਂ ਸ਼ਰਧਾਜ਼ਲੀ ਭੇਂਟ ਕਰਕੇ ਮਨ ਦੀਆ ਗਹਿਰਾਈਆ ਵਿੱਚੋਂ ਸਜ਼ਦਾ ਕੀਤਾ ਗਿਆ। ਸਰਦਾਰ ਬਲਵਿੰਦਰ ਸਿੰਘ ਨਕੱਈ ਸ਼ਰਧਾਜ਼ਲੀ ਭੇਂਟ ਕਰਦੇ ਹੋਏ  ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਨਕੱਈ ਉਨ੍ਹਾਂ ਨੂੰ ਹਮੇਸ਼ਾ ਆਪਣੇ ਵੱਡੇ ਪੁੱਤਰ ਵਜ਼ੋਂ ਸਨਮਾਨਦੇ ਰਹੇ, ਅਤੇ ਸਰਦਾਰ ਜਗਦੀਪ ਸਿੰਘ ਨਕੱਈ ਉਨ੍ਹਾਂ ਦੇ ਛੋਟੇ ਭਰਾ ਹਨ ਜਿੱਥੇ ਅਸੀ ਇਕੱਠੀਆਂ ਪੜਾਈ ਕੀਤੀ ਉੱਥੇ ਹਮੇਸ਼ਾ ਅਸੀ ਸਕੇ ਭਰਾਵਾ ਤੋਂ ਵੱਧ ਵਿਚਰ ਰਹੇ ਹਾਂ । ਉਨ੍ਹਾਂ ਕਿਹਾ ਕਿ ਜਿਥੇ ਸਿਆਸੀ ਕੈਰੀਅਰ ਦੇ ਵਿੱਚ ਜਗਦੀਪ ਸਿੰਘ ਨਕਈ ਨੇ ਪਾਰਟੀ ਦੇ ਹਰ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਅੱਜ ਵੀ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਅੱਜ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੂੰ ਗਹਿਰਾ ਸਦਮਾ ਲੱਗਿਆ ਹੈ ਅਤੇ ਪਾਰਟੀ ਵੀ ਉਨ੍ਹਾਂ ਦੇ ਨਾਲ ਖੜੀ ਹੈ ਤਾਂ ਕਿ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿਚ ਭਾਣਾ ਮੰਨਣ ਦਾ ਦਿਲਾਸਾ ਦਿੱਤਾ ਜਾ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਬਲਵਿੰਦਰ ਸਿੰਘ ਨਕਈ ਨੇ ਚੁਤਾਲੀ ਸਾਲ ਭਾਰਤ ਸਹਿਕਾਰਤਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਨੂੰ ਅਪੀਲ ਕੀਤੀ ਕਿ ਰਾਮਪੁਰਾ ਫੂਲ ਦੇ ਵਿੱਚ ਇੱਕ ਖਾਦ ਦਾ ਵੱਡਾ ਕਾਰਖਾਨਾ ਬਲਵਿੰਦਰ ਸਿੰਘ ਨਕਈ ਦੀ ਯਾਦ ਵਿਚ ਲਗਾਇਆ ਜਾਵੇ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ,ઠ ਅਜੀਤਇੰਦਰ ਸਿੰਘ ਮੋਫਰ, ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ, ਜੀਤਮਹਿੰਦਰ ਸਿੰਘ ਸਿੱਧੂ, ਮਨਤਾਰ ਸਿੰਘ ਬਰਾੜઠ ਆਦਿ ਸਿਆਸੀ ਨੇਤਾਵਾਂ ਤੋਂ ਇਲਾਵਾ ਇਫਕੋ ਦੇ ਐਮ.ਡੀ ਜੂ.ਡੀ ਅਵਸਥੀ, ਉਪ ਚੇਅਰਮੈਨ ਚੰਦਰ ਪਰਲਾਦ ਸਹਿਤ ਸਮੂਹ ਡਾਇਰੈਕਟਰ ਅਤੇ ਉੱਚ ਅਧਿਕਾਰੀ ਨੇ ਸਰਦਾਰ ਨਕੱਈ ਨੂੰ ਸਰਧਾਜ਼ਲੀ ਭੇਂਟ ਕਰਦੇ ਹੋਏ ਉਨ੍ਹਾਂ ਨਾਲ ਬਿਤਾਏ ਹਰ ਪਲ ਨੂੰ ਸਿੱਦਤ ਨਾਲ ਯਾਦ ਕੀਤਾ। ਦੱਸਣਾ ਬਣਦਾ ਹੈ ਕਿ ਮਰਹੂਮ ਬਲਵਿੰਦਰ ਸਿੰਘ ਨਕੱਈ ਨੇ ਰਾਮਪੁਰੇ ਦੇ ਖੇਤਾ ਵਿੱਚ ਕੰਮ ਕਰਦਿਆ ਕਿਸਾਨਾਂ ਦੇ ਸਮੂਹ ਨਾਲ ਇੱਕ ਅਜਿਹੀ ਸਹਿਕਾਰਤਾ ਲਹਿਰ ਖੜੀ ਕੀਤੀ ਜਿਸ ਵਿੱਚੋਂ ਉਹ ਇਫ਼ਕੋ ਦੇ 44 ਸਾਲ ਵੱਖ ਵੱਖ ਅਹੁਦਿਆ ਤੇ ਬਿਰਾਜ਼ਮਾਨ ਹੋਣ ਉਪਰੰਤ ਬੀਤੇ ਸਮੇ ਦੌਰਾਨ ਚੇਅਰਮੈਂਨ ਵੀ ਬਣੇਂ। ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਜਿੱਥੇ ਸਹਿਕਾਰਤਾ ਲਹਿਰ ਨੂੰ ਇੱਕ ਯੋਗ ਅਧਿਕਾਰੀ ਵਜ਼ੋਂ ਵਾਂਝਾ ਹੋਣਾ ਪਿਆ ਉੱਥੇ ਕਿਸਾਨੀ ਦੀ ਮਜ਼ਬੂਤ ਆਰਥਿਕਤਾ ਨੂੰ ਪੈਰਾ ਤੇ ਖੜ੍ਹੇ ਕਰਨ ਵਾਲੀ ਇੱਕ ਦੂਰ ਅੰਦੇਸ਼ੀ ਸੋਚ ਸਦਾ ਲਈ ਵਿਛੜ ਗਈ। ਸਰਧਾਜ਼ਲੀ ਸਮਾਗਮ ਵਿੱਚ ਮਾਨਸਾ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਾਬਕਾ ਮੰਤਰੀ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ ਸਾਬਕਾ ਐਮ.ਪੀ, ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਸਰੂਪ ਚੰਦ ਸਿੰਗਲਾ, , ਮਿੱਠੂ ਮੋਫਰ, ਗੁਰਪ੍ਰੀਤ ਧਾਲੀਵਾਲ, ਨਿਰਵੈਰ ਬੁਰਜਹਰੀ, ਬਲਦੇਵ ਮਾਖਾ, ਗੁਰਪ੍ਰੀਤ ਝੱਬਰ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਕੌਰ ਸਿੰਮੀ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਸੂਰਜ ਕੌਰ ਖਿਆਲਾ, ਹਰਭਜਨ ਸਿੰਘ ਖਿਆਲਾ, ਬੇਅੰਤ ਸਿੰਘ ਝੱਬਰ, ਗੁਰਜਿੰਦਰ ਸਿੰਘ ਬੱਗਾ, ਬਲੌਰ ਸਿੰਘ ਰੱਲਾ, ਕੇਵਲ ਸਿੰਘ ਅਕਲੀਆ, ਇਫਕੋ ਦੇ ਡਾਇਰੈਕਟਰ ਉਜਾਗਰ ਸਿੰਘ, ਮਾਸਟਰ ਗੁਰਚਰਨ ਸਿੰਘ ਅਕਲੀਆ, ਬੂਟਾ ਸਿੰਘ, ਗੁਰਜੰਟ ਸਿੰਘ ਜੰਟੀ, ਭਰਪੂਰ ਸਿੰਘ ਅਤਲਾ, ਗੁਰਇਕਬਾਲ ਸਿੰਘ ਬਾਲੀ ਮੋਹਰ ਸਿੰਘ ਵਾਲਾ, ਦਰਸ਼ਨ ਸਿੰਘ ਕੋਟਫੱਤਾ, ਵਿਧਾਇਕ ਜਗਦੇਵ ਸਿੰਘ ਕਮਾਲੂ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਗਰਦੌਰ ਸਿੰਘ ਸੰਧੂ, ਗੁਰਦੀਪ ਸਿੰਘ ਕੋਟਸ਼ਮੀਰ, ਗੁਰਲਾਭ ਸਿੰਘ ਢੇਲਵਾਂ, ਸਾਬਕਾ ਮੇਅਰ ਬਲਜੀਤ ਸਿੰਘ, ਚਮਕੌਰ ਸਿੰਘ ਮਾਨ, ਬਬਲੀ ਢਿੱਲੋਂ, ਭਾਜਪਾ ਆਗੂ ਦਿਆਲ ਸੋਢੀ ਆਦਿ ਸਿਆਸੀ ਨੇਤਾਵਾਂ ਤੋਂ ਇਲਾਵਾ ਉੱਚ ਅਧਿਕਾਰੀ ਤੋਂ ਇਲਾਵਾ ਜ਼ਿਲ੍ਹਿਆਂ ਤੋਂ ਵੱਡੀ ਤਾਦਾਦ ਵਿਚ ਉਨਾਂ ਦੇ ਸਮਰਥਕ ਪੁੱਜੇ ਹੋਏ ਸਨ। ਅਖੀਰ ਵਿੱਚ ਇਫਕੋ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਨਕਈ ਦੇ ਪੋਤਿਆ ਪਾਵਨ ਸਿੰਘ ਨਕੱਈ ਅਤੇ ਗੁਰਵਿਜੈ ਸਿੰਘ ਨਕੱਈ ਨੇ ਕਿਹਾ ਕਿ ਸਾਡੇ ਦਾਦਾ ਜੀ ਦੇ ਦੁਨਿਆ ਤੋਂ ਚਲੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨਾਲ ਵੰਡਾਈ ਗਈ ਹਮਦਰਦੀ ਦਾ ਅਸੀ ਆਪਣੀ ੳਮਰ ਵਿੱਚ ਸਾਡੇ ਦੇਸ਼ ਦੇ ਲੋਕਾ ਦਾ ਕਰਜ਼ ਨਹੀ ਉਤਾਰ ਸਕਦੇ।

ਮੁੱਖ ਮੰਤਰੀ ਦੇ ਪੁਲੀਸ ਨੂੰ ਆਦੇਸ਼: ਅਮਨ-ਕਾਨੂੰਨ ਦੀ ਵਿਵਸਥਾ ਚ ਆਮ ਲੋਕਾਂ ਦਾ ਭਰੋਸਾ ਪੈਦਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ

0

ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ, ਨਸ਼ੇ ਦੀ ਸਪਲਾਈ ਚੇਨ ਤੋੜਨ, ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਅਤੇ ਰੇਤ ਮਾਫੀਏ ਨੂੰ ਨੱਥ ਪਾਉਣ ਲਈ ਸਖ਼ਤੀ ਨਾਲ ਪੇਸ਼ ਆਇਆ ਜਾਵੇ
ਸਾਡੀ ਪੁਲੀਸ ਫੋਰਸ ਕਿਸੇ ਵੀ ਚੁਣੌਤੀ ਨਾਲ ਸਿੱਝਣ ਦੇ ਸਮਰੱਥ-ਰੰਧਾਵਾ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੁਲੀਸ ਫੋਰਸ ਨੂੰ ਸੂਬਾ ਭਰ ਵਿਚ ਪੁਲੀਸ ਦੇ ਕੰਮਕਾਜ ਵਿਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਅਮਨ-ਕਾਨੂੰਨ ਦੀ ਵਿਵਸਥਾ ਵਿਚ ਆਮ ਲੋਕਾਂ ਦਾ ਭਰੋਸਾ ਪੈਦਾ ਕੀਤਾ ਜਾ ਸਕੇ।
ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਹੇਠਲੇ ਪੱਧਰ ਤੋਂ ਲੈ ਕੇ ਸਿਖਰਲੇ ਅਫਸਰਾਂ ਤੱਕ ਸਮੁੱਚੀ ਪੁਲੀਸ ਫੋਰਸ ਨੂੰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਨਸ਼ੇ ਦੀ ਸਪਲਾਈ ਲਾਈਨ ਤੋੜਨ, ਨਜਾਇਜ਼ ਸ਼ਰਾਬ ਦਾ ਕਾਰੋਬਾਰ ਖਤਮ ਕਰਨ ਅਤੇ ਰੇਤ ਮਾਫੀਏ ਨਾਲ ਕਰੜੇ ਹੱਥੀਂ ਨਿਪਟਣ ਲਈ ਇਕਜੁਟਤਾ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਬਣਾਉਣ ਵਾਲੇ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਨ ਲਈ ਪੁਲੀਸ ਨੂੰ ਢੁਕਵੀਂ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ।
ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੁਲੀਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਚੰਨੀ ਨੇ ਅਫਸਰਾਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਇਮਾਨਦਾਰੀ ਅਤੇ ਪੇਸ਼ੇਵਾਰ ਵਚਨਬੱਧਤਾ ਨਾਲ ਨਿਭਾਉਣ ਲਈ ਆਖਿਆ ਤਾਂ ਕਿ ਲੋਕਾਂ ਨੂੰ ਫਰਕ ਮਹਿਸੂਸ ਹੋਵੇ ਅਤੇ ਇਸ ਸਬੰਧ ਵਿਚ ਹੇਠਲੇ ਪੱਧਰ ਤੱਕ ਸੁਨੇਹਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਫਸਰਾਂ ਦੀਆਂ ਨਵੀਂਆ ਤਇਨਾਤੀਆਂ ਪੂਰੀ ਤਰ੍ਹਾਂ ਨਾਲ ਯੋਗਤਾ ਅਤੇ ਟਰੈਕ ਰਿਕਾਰਡ ਦੇ ਅਧਾਰ ‘ਤੇ ਕੀਤੀਆਂ ਗਈਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਮ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਵਧ ਸਕੇ।ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਆਕਤੀ ਨੂੰ ਨਜਾਇਜ਼ ਹਿਰਾਸਤ ਵਿਚ ਨਾ ਰੱਖਿਆ ਜਾਵੇ ਅਤੇ ਕਿਸੇ ਨੂੰ ਵੀ ਝੂਠੇ ਕੇਸਾਂ ਵਿਚ ਨਾ ਉਲਝਾ ਕੇ ਪ੍ਰੇਸ਼ਾਨ ਕੀਤਾ ਜਾਵੇ।
ਮੁੱਖ ਮੰਤਰੀ ਨੇ ਦਿਵਾਲੀ ਦੇ ਤਿਉਹਾਰ ਦੇ ਮੌਕੇ ਦੁਕਾਨਦਾਰਾਂ ਅਤੇ ਰੇਹੀੜੀਆਂ/ਫੜੀਆਂ ਲਾ ਕੇ ਸਮਾਨ ਵੇਚਣ ਵਾਲਿਆਂ ਨੂੰ ਲਾਇਸੰਸ ਦੇ ਨਾਮ ‘ਤੇ ਪੈਸੇ ਮੰਗ ਕੇ ਪੁਲਿਸ ਵਲੋਂ ਬੇਲੋੜਾ ਤੰਗ ਨਾ ਕੀਤਾ ਜਾਵੇ।ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਡੀ.ਐਸ.ਪੀ ਅਤੇ ਐਸ.ਐਚ.ਓ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰਨ ਲਈ ਵੀ ਕਿਹਾ ਤਾਂ ਜੋ ਇੰਨਾਂ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਮੌਕੇ ਸਮਾਨ ਅਤੇ ਪਟਾਕੇ ਵੇਚਣ ਵਿਚ ਕੋਈ ਦਿੱਕਤ ਨਾ ਆਵੇ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦੜ੍ਹਾ-ਸੱਟਾ ਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਪੂਰੀ ਸਖਤੀ ਵਰਤਦਿਆਂ ਮਿਸਾਲੀ ਕਾਰਵਾਈ ਕੀਤੀ ਜਾਵੇ।ਤਿਉਹਾਰਾਂ ਦੇ ਸੀਜ਼ਨ ਦੌਰਾਨ ਰਾਤ ਸਮੇਂ ਹੁੰਦੇ ਹਾਦਸੇ ਰੋਕਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਪੈਟਰੌਲਿੰਗ ਵਧਾਈ ਜਾਵੇ ਖਾਸ ਕਰਕੇ ਰਾਤ ਸਮੇਂ ਖਾਸ ਨਿਗਰਾਨੀ ਰੱਖੀ ਜਾਵੇ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵਲੋਂ ਵਾਹਨਾਂ ਦੇ ਕਾਗਜ਼ ਚੈੱਕ ਕਰਨ ਦੇ ਨਾਮ ‘ਤੇ ਪੁਲਿਸ ਵਲੋਂ ਲਈ ਜਾਂਦੀ ਰਿਸ਼ਵਤ ਅਤੇ ਲੁੱਟ-ਖਸੁੱਟ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਠੱਲ੍ਹ ਪਾਉਣ ਲਈ ਟਰੈਫਿਕ ਪੁਲਿਸਗਿੰਗ ਅਤੇ ਪ੍ਰਬੰਧਨ ਵਿਚ ਕ੍ਰਾਂਤੀਕਾਰੀ ਸੁਧਾਰ ਹੋਂਦ ਵਿਚ ਲਿਆਂਦੇ ਜਾਣ।
ਮੁੱਖ ਮੰਤਰੀ ਨੇ ਇਹ ਵੀ ਵਕਾਲਤ ਕੀਤੀ ਕਿ ਗਲਤ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਸਮੁੱਚੀ ਪੁਲਿਸ ਫੋਰਸ ਨੂੰ ਬਦਨਾਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਖਾਸ ਕਰਕੇ ਜ਼ਿਲ੍ਹਾ ਪੁਲਿਸ ਮੁੱਖੀਆਂ ਨੂੰ ਸਪੱਸ਼ਤ ਤੌਰ ‘ਤੇ ਕਿਹਾ ਕਿ ਜਾਂ ਤਾਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਲਈ ਆਪਣੀ ਡਿਊਟੀ ਜ਼ਿੰਮੇਵਾਰਾਨਾ ਤਰੀਕੇ ਨਾਲ ਨਿਭਾਉਣ ਜਾਂ ਆਪਣੀ ਫਿਰ ਤਬਾਦਲੇ ਲਈ ਤਿਆਰ ਰਹਿਣ, ਕਿਉਂਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੋਵਾਂ ਵਿੱਚ ਕੁਸ਼ਲ, ਸਾਫ, ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਉਨ੍ਹਾਂ ਦੀ ਸਰਕਾਰ ਦਾ ਮੁੱਖ ਏਜੰਡੇ ਹੈ।
ਇਸ ਤੋਂ ਪਹਿਲਾਂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਕਿਹਾ ਕਿ ਸਾਡੀ ਪੁਲਿਸ ਫੋਰਸ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਨਿਪੁੰਨ ਹੈ। ਉਨ੍ਹਾਂ ਕਿਹਾ, “ਜੇਕਰ ਸਾਡੀ ਪੁਲਿਸ ਫੋਰਸ ਸੂਬੇ ਵਿੱਚ ਦਹਾਕਿਆਂ ਤੋਂ ਚੱਲ ਰਹੇ ਅੱਤਵਾਦ ਨੂੰ ਬਹਾਦਰੀ ਨਾਲ ਕਾਬੂ ਕਰ ਸਕਦੀ ਹੈ, ਤਾਂ ਮੈਨੂੰ ਯਕੀਨ ਹੈ ਕਿ ਉਹ ਗੈਂਗਸਟਰਾਂ ਅਤੇ ਰੇਤ ਮਾਫੀਆ ਤੋਂ ਇਲਾਵਾ ਨਸ਼ਿਆਂ ਦਾ ਖਾਤਮਾ ਕਰਕੇ ਇੱਕ ਮਿਸਾਲ ਕਾਇਮ ਕਰੇਗੀ।”
ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੂੰ ਆਮ ਲੋਕਾਂ ਨੂੰ ਇਨਸਾਫ ਦਿਵਾ ਕੇ ਲੋਕਾਂ ਦੀਆਂ ਉਮੀਦਾਂ `ਤੇ ਖਰਾ ਉਤਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਇਕੋ-ਇਕ ਉਦੇਸ਼ ਨਾਲ ਆਪਣੀ ਡਿਊਟੀਆਂ ਨਿਡਰਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।ਰੰਧਾਵਾ ਨੇ ਅੱਗੇ ਕਿਹਾ ਕਿ ਉਹ ਇਨ੍ਹਾਂ ਅਧਿਕਾਰੀਆਂ ਦੀ ਅਤੇ ਇਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ ਤਾਂ ਜੋ ਡਿਊਟੀ ਦੌਰਾਨ ਉਨ੍ਹਾਂ ਦੇ ਮਨੋਬਲ ਨੂੰ ਵਧਾਇਆ ਜਾ ਸਕੇ।
ਇਸ ਤੋਂ ਪਹਿਲਾਂ, ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੁਲਿਸ ਵਿਭਾਗ ਮੌਕੇ `ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਹਰ ਪੰਦਰਾਂ ਦਿਨ ਬਾਅਦ ਵਿਸ਼ੇਸ਼ ਸੁਵਿਧਾ ਕੈਂਪ ਲਗਾਏਗਾ।ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਤੋਂ ਇਲਾਵਾ ਏ.ਡੀ.ਜੀ.ਪੀ., ਆਈ.ਜੀ., ਡੀ.ਆਈ.ਜੀ. ਪੱਧਰ ਦੇ ਸਾਰੇ ਸੀਨੀਅਰ ਅਫਸਰ, ਕਮਿਸ਼ਨਰ ਆਫ ਪੁਲੀਸ ਅਤੇ ਜ਼ਿਲ੍ਹਾ ਪੁਲੀਸ ਮੁਖੀ ਵੀ ਸ਼ਾਮਲ ਸਨ।

ਸੂਬਿਆਂ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਵਿਜੈ ਇੰਦਰ ਸਿੰਗਲਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 21 ਅਕਤੂਬਰ: ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿੱਚ ਸੀਬੀਐਸਈ ਦੇ ਮੁੱਖ ਵਿਸ਼ਿਆਂ ਵਿੱਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣਾ ਬੇਹੱਦ ਮੰਦਭਾਗਾ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਪੰਜਾਬੀ ਦੇਸ਼ ਦੇ ਉੱਤਰੀ ਖ਼ਿੱਤੇ ਦੇ ਕਰੋੜਾਂ ਵਸਨੀਕਾਂ ਦੀ ਮਾਂ ਬੋਲੀ ਹੈ ਅਤੇ ਉਨ੍ਹਾਂ ਦੀ ਮਾਤ ਭਾਸ਼ਾ ਨੂੰ ‘ਛੋਟੇ’ ਵਿਸ਼ਿਆਂ ਦੀ ਸੂਚੀ ਵਿੱਚ ਪਾਉਣ ਦਾ ਕਦਮ ਵਿਦਿਆਰਥੀਆਂ ਦੇ ਸੰਵਿਧਾਨਕ ਅਧਿਕਾਰਾਂ ‘ਤੇ ਹਮਲੇ ਦਾ ਸਪੱਸ਼ਟ ਸੰਕੇਤ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੂਬਿਆਂ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਡੀ ਸਰਕਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਜਿਹੇ ਹਰ ਕਦਮ ਦਾ ਵਿਰੋਧ ਕਰੇਗੀ ਜਿਸਦਾ ਉਦੇਸ਼ ਸੂਬਿਆਂ ਦੀਆਂ ਸ਼ਕਤੀਆਂ ਨੂੰ ਕੁਚਲਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰਨ ਅਤੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਕੱਢਣ ਵਰਗੀਆਂ ਨੀਤੀਆਂ ਭਾਜਪਾ ਸਰਕਾਰ ਦੇ ਸੌੜੇ ਸਿਆਸੀ ਹਿੱਤਾਂ ਨੂੰ ਦਰਸਾਉਂਦੀਆਂ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਆਪਣੇ ਫੈਸਲਿਆਂ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਵੱਲੋਂ ਨਿਰਧਾਰਤ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ ਪਰ ਮੋਦੀ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਸੰਵਿਧਾਨ ਨੂੰ ਅਣਗੌਲਿਆ ਕਰਕੇ ਫੈਸਲੇ ਲੈ ਰਹੀ ਹੈ।

ਮੁੱਖ ਮੰਤਰੀ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

0

ਦੇਸ਼ ਭਰ ਦੇ ਸਨਅਤੀ ਦਿੱਗਜ਼ਾਂ ਨੂੰ ਸੂਬੇ ਦੀਆਂ ਨਿਵੇਸ਼ ਪੱਖੀ ਸਹੂਲਤਾਂ ਦਾ ਲਾਭ ਉਠਾਉਣ ਦਾ ਸੱਦਾ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 26 ਤੇ 27 ਅਕਤੂਬਰ, 2021 ਨੂੰ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੰਮੇਲਨ ਨਾਲ ਜੁੜੀਆਂ ਸਾਰੀਆਂ ਧਿਰਾਂ ਖਾਸ ਕਰਕੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਨੂੰ ਆਦੇਸ਼ ਦਿੱਤੇ ਕਿ ਉਦਯੋਗਿਕ ਤਰੱਕੀ ਪ੍ਰਤੀ ਸੂਬੇ ਦੀ ਕਾਰਗਰ ਪਹੁੰਚ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਦੇਸ਼ ਭਰ ਦੇ ਸਨਅਤੀ ਦਿੱਗਜ਼ਾਂ ਨੂੰ ਪੰਜਾਬ ਵਿਚ ਆਪਣੇ ਯੂਨਿਟ ਸਥਾਪਤ ਕਰਕੇ ਨਿਵੇਸ਼ ਪੱਖੀ ਸਹੂਲਤਾਂ ਅਤੇ ਰਿਆਇਤਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ‘ਨਿਵੇਸ਼ ਪੰਜਾਬ’ ਦੇ ਸੀ.ਈ.ਓ. ਰੱਜਤ ਅਗਰਵਾਲ ਨੇ ਕਿਹਾ ਕਿ ‘ਕਾਰੋਬਾਰ ਪਹਿਲਾਂ’ ਦੀ ਨੀਤੀ ਦੇ ਤਹਿਤ ਪੰਜਾਬ ਨੇ ਸਹੀ ਮਾਅਨਿਆਂ ਵਿਚ ਕਾਰੋਬਾਰ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਦੀ ਪਹੁੰਚ ਅਪਣਾਈ ਜਿੱਥੇ ਕਾਰੋਬਾਰ ਚਲਾਉਣ ਦੀ ਪੂਰਨ ਆਜ਼ਾਦੀ ਹੈ ਅਤੇ ਸਰਕਾਰ ਸਿਰਫ਼ ਸਹੂਲਤਾਂ ਪ੍ਰਦਾਨ ਕੀਤੇ ਜਾਣ ਵਜੋਂ ਆਪਣੀ ਭੂਮਿਕਾ ਨਿਭਾਉਂਦੀ ਹੈ। ਸੀ.ਈ.ਓ. ਨੇ ਕਿਹਾ, “ਪੰਜਾਬ ਸਰਕਾਰ ਸੂਬੇ ਵਿਚ ਸੁਖਾਵਾਂ ਤੇ ਸਥਿਰ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਕਿ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਢੁਕਵੇਂ ਉਦਯੋਗਿਕ ਮੌਕੇ ਮੁਹੱਈਆ ਕਰਵਾਏ ਜਾ ਸਕਣ।”

Our Visitor

1891158