Thursday, April 30, 2026
Home Blog Page 2725

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਸਲਾਨਾ ਰੰਗਾਰੰਗ ਪ੍ਰੋਗਰਾਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਦੇ ਖਚਾਖਚ ਭਰੇ ਆਡੀਟੋਰੀਅਮ ਵਿਖੇ ਸਲਾਨਾ ਮੈਗਾ ਸੱਭਿਆਚਾਰਕ-ਸਾਹਿਤ-ਤਕਨੀਕੀ ਫੈਸਟੀਵਲ ‘ਤਰੰਨੁਮ-2021’ (ਜਸਨ-ਏ-ਆਜਾਦੀ) ਦੇਰ ਰਾਤ ਰੰਗਾਰੰਗ ਢੰਗ ਨਾਲ ਸਮਾਪਤ ਹੋ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ ਨੇ ਸਵੇਰੇ ਫੈਸਟੀਵਲ ਦਾ ਉਦਘਾਟਨ ਕੀਤਾ, ਜਦੋਂ ਕਿ ਮੁੱਖ ਮਹਿਮਾਨ ਵਜੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਮੇਸ ਕੁਮਾਰ ਗੰਟਾ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋ: ਬੂਟਾ ਸਿੰਘ ਸਿੱਧੂ ਨੇ ਵਿਦਿਆਰਥੀਆਂ, ਭਾਗੀਦਾਰਾਂ, ਵੱਖ-ਵੱਖ ਸਮਾਗਮਾਂ ਦੇ ਜੇਤੂਆਂ ਅਤੇ ਆਯੋਜਕਾਂ ਨੂੰ ਵਿਸਾਲ ਟੈਕਨੋ-ਸੱਭਿਆਚਾਰਕ ਮੇਲੇ ਤਰੁਨਮ -2021 ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਵੀ ਜਕਿਰ ਕੀਤਾ। ਇਸ ਮੇਲੇ ਵਿੱਚ ਵੱਖ ਵੱਖ ਤਕਨੀਕੀ ਸਮਾਗਮਾਂ, ਰਚਨਾਤਮਕ ਪ੍ਰਤੀਯੋਗਤਾਵਾਂ ਅਤੇ ਪ੍ਰਤਿਭਾ ਅਧਾਰਤ ਸਭਿਆਚਾਰਕ ਪ੍ਰਦਰਸਨ ਸਾਮਲ ਸਨ. ਵਿਦਿਆਰਥੀਆਂ ਨੇ ਵੱਖ -ਵੱਖ ਸੱਭਿਆਚਾਰਕ, ਤਕਨੀਕੀ ਅਤੇ ਸਾਹਿਤਕ ਸਮਾਗਮਾਂ ਵਿੱਚ ਪ੍ਰਦਰਸਨ ਕਲਾ ਦੇ ਵੱਖ -ਵੱਖ ਅਯਾਮਾਂ ਵਿੱਚ ਪ੍ਰਦਰਸਨ ਕਰਕੇ ਜੀਵਨ ਦੀ ਭਾਵਨਾ ਦਾ ਜਸਨ ਮਨਾਇਆ. ਸਕਿੱਟ, ਗੀਤ, ਡਾਂਸ, ਰੈਪ, ਬੈਂਡ ਪਰਫਾਰਮੈਂਸ, ਪਾਵਰ-ਪੈਕਡ ਗਿੱਧਾ ਅਤੇ ਭੰਗੜਾ ਸਮਾਗਮ ਦੇ ਮੁੱਖ ਆਕਰਸਣ ਸਨ। ਸਮਾਗਮ ਵਿੱਚ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਡਾ: ਸਵੀਨਾ ਬਾਂਸਲ, ਸੀਨੀਅਰ ਫੈਕਲਟੀ, ਡੀਨ, ਡਾਇਰੈਕਟਰ ਅਤੇ ਸਟਾਫ ਨੇ ਸਰਿਕਤ ਕੀਤੀ। ਅੰਤ ਵਿੱਚ ਸਾਰੇ ਪਤਵੰਤਿਆਂ ਨੇ ਜੇਤੂਆਂ ਨੂੰ ਇਨਾਮ ਵੰਡੇ।

ਹਰਿਰਾਏਪੁਰ ਵਿਖੇ ਸਰਕਾਰੀ ਗਊਸ਼ਾਲਾ ਵਿਖੇ ਪੌਦੇ ਲਗਾਏ

0

ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਨਜਦੀਕੀ ਪਿੰਡ ਹਰਿਰਾਏਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ ਅੱਜ ਵੱਖ-ਵੱਖ ਤਰ੍ਹਾਂ ਦੇ 1000 ਹਜ਼ਾਰ ਪੌਦੇ ਲਗਾਏ ਗਏ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੇਂਡੂ ਵਿਕਾਸ ਵਿਭਾਗ, ਬਠਿੰਡਾ ਸਾਈਕਿਗ ਗਰੁੱਪ, ਰਾਊਡ ਗਲਾਸ ਫਾਓਡੇਸ਼ਨ ਵਲੋਂ ਸਾਂਝਾ ਉਪਰਾਲਾ ਕੀਤਾ ਗਿਆ। ਏਡੀਸੀ ਪਰਮਵੀਰ ਸਿੰਘ ਨੇ ਦਸਿਆ ਕਿ ਇਸ ਗਊਸ਼ਾਲਾ ਵਿਖੇ ਇਸ ਸਮੇਂ ਤਕਰੀਬਨ 800 ਪਸ਼ੂ ਰੱਖੇ ਹੋਏ ਹਨ ਅਤੇ ਖਾਲੀ ਪਈ ਤਕਰੀਬਨ 1 ਏਕੜ ਜਗ੍ਹਾ ਵਿੱਚ ਅੱਜ ਇਹ ਪੌਦੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰ ਪਿੰਡਾਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਬੀ ਸੀ ਜੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੌਦੇ ਲਗਾਏ ਜਾਣਗੇ ਤਾਂ ਕਿ ਪੰਜਾਬ ਨੂੰ ਅਤੇ ਬਠਿੰਡਾ ਜ਼ਿਲ੍ਹੇ ਨੂੰ ਹੋਰ ਹਰਿਆ-ਭਰਿਆ ਕੀਤਾ ਜਾ ਸਕੇ। ਇਸ ਮੌਕੇ ਤੇ ਬਠਿੰਡਾ ਸਾਈਕਿਗ ਗਰੁੱਪ ਦੇ ਸੀਨੀਅਰ ਮੈਂਬਰ ਡਾ.ਨਾਗਪਾਲ, ਡਾ.ਸਵਤੰਤਰ, ਡਾ.ਅਵਿਨਾਸ਼ ਗਰਗ, ਸ੍ਰੀ ਨਰਿੰਦਰ ਸੋਨੀ, ਸ੍ਰੀ ਕਰਨਮੋਗਾ,ਮੈਡਮ ਸੰਗੀਤਾ ਸੋੋਢੀ, ਰਾਊਂਡ ਗਲਾਸ ਫਾਊਡੇਸ਼ਨ ਵੱਲੋਂ ਡਾ.ਰਜਨੀਸ਼ ਆਦਿ ਹਾਜ਼ਰ ਸਨ।

ਸਿਹਤ ਵਿਭਾਗ ਦੇ ਡਾਇਰੈਕਟਰ ਨੇ ਕੀਤਾ ਹਸਪਤਾਲ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਪਹਿਲਾਂ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਚੁੱਕੇ ਬਠਿੰਡਾ ਵਾਸੀਆਂ ’ਚ ਫੈਲੀ ਡੇਂਗੂ ਦੀ ਬੀਮਾਰੀ ਦੌਰਾਨ ਅੱਜ ਸੂਬੇ ਦੇ ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ ਨਿਸ਼ਾ ਸਾਹੀ ਵੱਲੋਂ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਡੇਂਗੂ ਵਾਰਡ ਸਮੇਤ ਹੋਰ ਯੂਨਿਟਾਂ ਵਿਚ ਕਮੀਆਂ ਪਾਈਆਂ ਜਾਣ ਤੇ ਬਠਿੰਡਾ ਹਸਪਤਾਲ ਨੰੂ ਸਖ਼ਤ ਨਿਰਦੇਸ਼ ਦਿੱਤੇ । ਦਸਣਾ ਬਣਦਾ ਹੈ ਕਿ ਤਾਜਾ ਰਿਪੋਰਟ ਮੁਤਾਬਿਕ ਜ਼ਿਲ੍ਹੇ ਵਿਚ ਡੇਂਗੂ ਮਰੀਜਾਂ ਦੀ ਗਿਣਤੀ 1700 ਤੋਂ ਪਾਰ ਪੁੱਜ ਗਈ ਹੈ। ਜਿਕਰਯੋਗ ਹੈ ਕਿ ਬਠਿੰਡਾ ਵਿਚ ਵਿਚ ਲਗਤਾਰ ਪਈ ਬਾਰਸ਼ ਤੇ ਚਲਦਿਆਂ ਬਠਿੰਡਾ ਅੰਦਰ ਕਰੋਨਾ ਕਹਿਰ ਤੋਂ ਬਾਅਦ ਡੇਂਗੂ ਨੇ ਐਸੇ ਪੈਰ ਪਸਾਰੇ ਕਿ ਸਰਕਾਰੀ ਹਸਪਤਾਲ ਤੋਂ ਇਲਾਵਾ ਨਿਜੀ ਹਸਪਤਾਲ ਵਿਚ ਡੇਂਗੂ ਦੇ ਮਰੀਜਾਂ ਨੰੂ ਬੈੱਡ ਨਹੀਂ ਮਿਲੇ । ਡੇਂਗੂ ਕਾਰਨ ਮਰੀਜ਼ਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ । ਡਿਪਟੀ ਡਾਇਰਕੈਟਰ ਨਿਸ਼ਾ ਸਾਹੀ ਨੇ ਦੌਰੇ ਦੌਰਾਨ ਹਸਪਤਾਲ ਦੇ ਡੇਂਗੂ ਵਾਰਡ ਤੋਂ ਇਲਾਵਾ ਵੱਖ ਵੱਖ ਮਹੱਲਿਆਂ ਅੰਦਰ ਵੀ ਖ਼ੁਦ ਜਾ ਕੇ ਡੇਂਗੂ ਮਰੀਜਾਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ ਅਤੇ ਐਸ.ਐਮ ਓ ਡਾ ਮਨਿੰਦਰਪਾਲ ਸਿੰਘ ਆਦਿ ਮੌਜੂਦ ਸਨ।

ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ

0

ਮਾਮਲਾ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਦਾ
ਚਿੱਠੀ ਲਿਖ ਕੇ ਨੋਟੀਫਿਕੇਸ਼ਨ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਪਿਛਲੇ ਦਿਨੀਂ ਕੇਂਦਰੀ ਗ੍ਰਹਿ ਵਿਭਾਗ ਵਲੋਂ ਦੇਸ ਦੀ ਸਰਹੱਦ ਨਾਲ ਤੈਨਾਤ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਬਾਰੇ ਜਾਰੀ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋ ਮਿਲਣ ਦਾ ਸਮਾਂ ਮੰਗਿਆ ਹੈ। ਇਸ ਸਬੰਧ ਵਿਚ ਸ਼੍ਰੀ ਮੋਦੀ ਨੂੰ ਲਿਖੇ ਇੱਕ ਪੱਤਰ ਵਿਚ ਚੰਨੀ ਨੇ 11 ਅਕਤੂਬਰ 2021 ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਬੀ.ਐਫ.ਐਫ. ਅਤੇ ਪੰਜਾਬ ਪੁਲਿਸ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦੇਸ਼ ਵਿਰੋਧੀ ਤਾਕਤਾਂ ਖਿਲਾਫ ਇਕਜੁਟ ਹੋ ਕੇ ਕੰਮ ਕਰ ਸਕਣ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਚੰਨੀ ਨੇ ਜਾਣਕਾਰੀ ਦਿੱਤੀ ਕਿ ਬੀ.ਐਸ.ਐਫ. ਨੂੰ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਕਰਨ ਅਤੇ ਮੋਹਰੇ ਹੋ ਕੇ ਰੱਖਿਆ ਕਰਨ ਦੀ ਪ੍ਰਮੁੱਖ ਡਿਊਟੀ ਕਰਨ ਦੀ ਸਿਖਲਾਈ ਮਿਲਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਅੰਦਰ ਅਮਨ-ਕਾਨੂੰਨ ਦੀ ਹਿਫਾਜ਼ਤ ਕਰਨ ਦੀ ਡਿਊਟੀ ਅਤੇ ਜ਼ਿੰਮੇਵਾਰੀ ਸੂਬਾਈ ਜਾਂ ਸਥਾਨਕ ਪੁਲੀਸ ਦੀ ਬਣਦੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅਮਨ-ਕਾਨੂੰਨ ਦੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰਨ ਤੌਰ ਉਤੇ ਸਮਰੱਥ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਪੁਲੀਸ ਨੇ ਬੀਤੇ ਸਮੇਂ ਵਿਚ ਵੀ ਅਤਿਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਅਤੇ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦਰਮਿਆਨ ਪ੍ਰਭਾਵੀ ਤਾਲਮੇਲ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦਰਮਿਆਨ ਬਿਹਤਰ ਤਾਲਮੇਲ ਸਦਕਾ ਨਸ਼ਾ ਤਸਕਰਾਂ ਅਤੇ ਅੱਤਵਾਦੀਆਂ ਦੇ ਖਿਲਾਫ ਸਫਲਤਾ ਨਾਲ ਸਾਂਝੇ ਅਪਰੇਸ਼ਨ ਵਿੱਢੇ ਗਏ।
ਇਸ ਸਮੁੱਚੇ ਮਾਮਲੇ ਉਤੇ ਮੁੜ ਗੌਰ ਕਰਨ ਦੀ ਜ਼ੋਰਦਾਰ ਪੈਰਵੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਹੁਣ ਮੌਜੂਦਾ ਵਿਵਸਥਾ ਵਿਚ ਆਪਹੁਦਰੇ ਢੰਗ ਨਾਲ ਬਦਲਾਅ ਕਰ ਦੇਣ ਦਾ ਕੋਈ ਨਿਆਂਇਕ ਆਧਾਰ ਨਹੀਂ ਬਣਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਸੂਚੀ ਤਹਿਤ ਪੁਲਿਸ ਅਤੇ ਅਮਨ-ਕਾਨੂੰਨ ਸੂਬਾਈ ਵਿਸ਼ੇ ਹਨ ਅਤੇ ਇਨ੍ਹਾਂ ਨੂੰ ਸੂਬਿਆਂ ਵੱਲੋਂ ਦੇਖਿਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਦੀਆਂ ਵਿਅਕਤੀਆਂ ਦੀ ਭਾਲ, ਜ਼ਬਤੀ ਅਤੇ ਗਿ੍ਰਫ਼ਤਾਰੀ ਦੀਆਂ ਸ਼ਕਤੀਆਂ, ਨਾ ਸਿਰਫ ਵੱਖ-ਵੱਖ ਐਕਟਾਂ ਅਧੀਨ ਸਜ਼ਾਯੋਗ ਅਪਰਾਧਾਂ, ਸਗੋਂ ਰਾਜ ਸਰਕਾਰਾਂ ਨਾਲ ਸਲਾਹ ਕੀਤੇ ਜਾਂ ਉਨ੍ਹਾਂ ਦੀ ਸਹਿਮਤੀ ਲਏ ਬਗ਼ੈਰ ਕਿਸੇ ਹੋਰ ਕੇਂਦਰੀ ਐਕਟ ਅਧੀਨ ਸਜ਼ਾਯੋਗ ਅਪਰਾਧ ਦੀ ਰੋਕਥਾਮ ਲਈ ਬੀ.ਐਸ.ਐਫ. ਅਧਿਕਾਰੀਆਂ ਨੂੰ ਸੌਂਪਣਾ ਕੇਂਦਰ ਵੱਲੋਂ ਸੂਬੇ ਦੀਆਂ ਸਕਤੀਆਂ ਅਤੇ ਭੂਮਿਕਾ ’ਤੇ ਕਬਜਾ ਕਰਨ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੰਘਵਾਦ ਦੀ ਭਾਵਨਾ ਨੂੰ ਕਮਜੋਰ ਕਰਨ ਅਤੇ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ।
ਚੰਨੀ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ 11 ਅਕਤੂਬਰ, 2021 ਨੂੰ ਇੱਕ ਨੋਟੀਫਿਕੇਸਨ ਜਾਰੀ ਕਰਕੇ ਪੰਜਾਬ, ਅਸਾਮ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਅੰਤਰਰਾਸਟਰੀ ਸਰਹੱਦਾਂ ਦੇ ਨਾਲ-ਨਾਲ ਬੀ.ਐਸੀਐਫ. ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਖੇਤਰਾਂ ਤੱਕ ਵਧਾ ਦੇਣ ’ਤੇ ਕਿੰਤੂ ਕਰਦਿਆਂ ਕਿਹਾ ਕਿ ਇਹ ਨੋਟੀਫਿਕੇਸਨ ਸੀਮਾ ਸੁਰੱਖਿਆ ਬਲ ਐਕਟ, 1958 (1968 ਦਾ ਐਕਟ 47) ਦੀ ਧਾਰਾ 139 ਦੀ ਉਪ-ਧਾਰਾ (1) ਤਹਿਤ ਪ੍ਰਾਪਤ ਸਕਤੀਆਂ ਦੀ ਵਰਤੋਂ ਕਰਦਿਆਂ 3 ਜੁਲਾਈ, 2014 ਦੇ ਪਹਿਲਾਂ ਦੇ ਨੋਟੀਫਿਕੇਸਨ ਵਿੱਚ ਸੋਧ ਕਰਕੇ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਗੁਜਰਾਤ, ਰਾਜਸਥਾਨ, ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਸੂਬਿਆਂ ਵਿੱਚ ਭਾਰਤ ਦੀਆਂ ਸਰਹੱਦਾਂ ਦੇ ਨਾਲ-ਨਾਂਲ ਚਲਦੇ 50 ਕਿਲੋਮੀਟਰ ਦੇ ਖੇਤਰ ਵਿੱਚ ਸਾਮਲ ਬੀ.ਐਸ.ਐਫ. ਦੇ ਬਹੁਤ ਸਾਰੇ ਖੇਤਰਾਂ ਅਤੇ ਮਣੀਪੁਰ, ਮਿਜੋਰਮ, ਤਿ੍ਰਪੁਰਾ, ਨਾਗਾਲੈਂਡ, ਮੇਘਾਲਿਆ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ ਜੰਮੂ-ਕਸਮੀਰ ਅਤੇ ਲੱਦਾਖ ਦੇ ਸਮੁੱਚੇ ਖੇਤਰਾਂ ਵਿੱਚ ਬੀ.ਐਸ.ਐਫ. ਦੀਆਂ ਸਕਤੀਆਂ ਵਧਾ ਦਿੱਤੀਆਂ ਗਈਆਂ। 22 ਸਤੰਬਰ, 1969 ਅਤੇ 11 ਜੂਨ, 2012 ਦੇ ਪਿਛਲੇ ਨੋਟੀਫਿਕੇਸਨਾਂ ਅਨੁਸਾਰ ਬੀ.ਐਸ.ਐਫ. ਨੂੰ ਸਿਰਫ 15 ਕਿਲੋਮੀਟਰ ਦੇ ਖੇਤਰ ਵਿੱਚ ਅਧਿਕਾਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸਨ ਜਾਰੀ ਕਰਦਿਆਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਅਧੀਨ, ਫੋਰਸ ਦੇ ਸਭ ਤੋਂ ਹੇਠਲੇ ਦਰਜੇ ਦੇ ਰੈਂਕ ਦੇ ਸਾਰੇ ਅਧਿਕਾਰੀਆਂ ਨੂੰ ਸਕਤੀਆਂ ਦੀ ਵਰਤੋਂ ਕਰਨ ਅਤੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 41 ਦੀ ਉਪ ਧਾਰਾ (1), ਧਾਰਾ 47, ਧਾਰਾ 51 ਦੀ ਉਪ ਧਾਰਾ (1), ਧਾਰਾ 52, 149, 150, 151 ਅਤੇ ਧਾਰਾ 152 ਅਧੀਨ ਡਿਊਟੀ ਦੇ ਅਧਿਕਾਰ ਦਿੱਤੇ ਹਨ ਅਤੇ ਫੋਰਸ ਦੇ ਅਧਿਕਾਰੀਆਂ ਅਤੇ ਮਤਹਿਤ ਅਧਿਕਾਰੀਆਂ ਦੇ ਬਰਾਬਰ ਜਾਂ ਇਸ ਤੋਂ ਘੱਟ ਦਰਜੇ ਦੇ ਸਾਰੇ ਅਧਿਕਾਰੀਆਂ ਨੂੰ ਉਪਰੋਕਤ ਖੇਤਰਾਂ ਦੀਆਂ ਸਥਾਨਕ ਸੀਮਾਵਾਂ ਦੇ ਅੰਦਰ, ਧਾਰਾ 100 ਅਤੇ 131 ਦੇ ਅਧੀਨ ਸਕਤੀਆਂ ਅਤੇ ਕਰਤੱਵਾਂ ਦੀ ਵਰਤੋਂ ਕਰਨ ਅਤੇ ਉਹਨਾਂ ਨੂੰ ਨਿਭਾਉਣ ਦੇ ਅਧਿਕਾਰ ਦਿੱਤੇ ਗਏ ਹਨ ਜਿਸ ਤਹਿਤ ਉਹ ਪੰਜਾਬ ਵਿੱਚ 50 ਕਿਲੋਮੀਟਰ ਦੇ ਖੇਤਰ ਵਿੱਚ; ਪਾਸਪੋਰਟ (ਭਾਰਤ ਵਿੱਚ ਪ੍ਰਵੇਸ) ਐਕਟ, 1920 ਅਧੀਨ ਸਜਾਯੋਗ ਅਪਰਾਧਾਂ ਦੀ ਰੋਕਥਾਮ ਦੇ ਉਦੇਸਾਂ ਲਈ, ਵਿਦੇਸੀ ਐਕਟ 1939, ਕੇਂਦਰੀ ਆਬਕਾਰੀ ਅਤੇ ਨਮਕ ਐਕਟ 1944 ਦੀ ਰਜਿਸਟਰੇਸਨ; ਵਿਦੇਸੀ ਐਕਟ 1946; ਵਿਦੇਸੀ ਐਕਸਚੇਂਜ ਰੈਗੂਲੇਸਨ ਐਕਟ 1947, ਕਸਟਮਜ ਐਕਟ 1962 ਜਾਂ ਪਾਸਪੋਰਟ ਐਕਟ 1967 ਜਾਂ ਕਿਸੇ ਹੋਰ ਕੇਂਦਰੀ ਐਕਟ ਅਧੀਨ ਸਜਾਯੋਗ ਕਿਸੇ ਵੀ ਗੰਭੀਰ ਅਪਰਾਧ; ਜਾਂ (2) ਕਿਸੇ ਵੀ ਵਿਅਕਤੀ ਨੂੰ ਫੜਨ ਦੇ ਉਦੇਸ ਨਾਲ ਜਿਸਨੇ ਉਪਰੋਕਤ ਧਾਰਾ (1) ਵਿੱਚ ਜ਼ਿਕਰ ਕੀਤਾ ਕੋਈ ਅਪਰਾਧ ਕੀਤਾ ਹੋਵੇ।
ਜਕਿਰਯੋਗ ਹੈ ਕਿ ਪੰਜਾਬ ਦੀ ਪਾਕਿਸਤਾਨ ਨਾਲ 425 ਕਿਲੋਮੀਟਰ ਲੰਬੀ ਅੰਤਰਰਾਸਟਰੀ ਸਰਹੱਦ ਹੈ ਅਤੇ ਸਰਹੱਦੀ ਜਿਿਲ੍ਹਆਂ ਜਿਵੇਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨ ਤਾਰਨ, ਫਿਰੋਜਪੁਰ, ਫਾਜਲਿਕਾ ਦੇ ਕੁੱਲ ਖੇਤਰ ਦਾ 80 ਫ਼ੀਸਦੀ ਤੋਂ ਵੱਧ ਖੇਤਰ ਅਤੇ ਪੰਜਾਬ ਦੇ ਇਨ੍ਹਾਂ ਸਰਹੱਦੀ ਜਿਿਲ੍ਹਆਂ ਦੇ ਸਾਰੇ ਜਲ੍ਹਿਾ ਮੁੱਖ ਦਫਤਰਾਂ ਸਮੇਤ ਸਾਰੇ ਪ੍ਰਮੁੱਖ ਕਸਬੇ ਅਤੇ ਸਹਿਰ ਭਾਰਤ-ਪਾਕਿ ਅੰਤਰਰਾਸਟਰੀ ਸਰਹੱਦ ਤੋਂ 50 ਕਿਲੋਮੀਟਰ ਦੇ ਖੇਤਰ ਵਿੱਚ ਆਉਂਦੇ ਹਨ।

ਪੋਸਟ-ਮੈਟਿ੍ਰਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼

0

ਭਿ੍ਰਸ਼ਟਾਚਾਰ ’ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਘੁਟਾਲੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅੱਜ ਏਥੇ ਇੱਕ ਬਿਆਨ ਵਿੱਚ ਡਾ. ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਅਤੇ ਇਸ ਘੁਟਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਵੀ ਤਾਕਤਵਾਰ ਹੀ ਕਿਉ ਨਾ ਹੋਵੇ। ਡਾ. ਵੇਰਕਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਕਰੀਬਨ 100 ਕਾਲਜ ਸ਼ਾਮਲ ਹਨ ਅਤੇ ਇਨ੍ਹਾਂ ਵੱਲ੍ਹ 100 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਬਣਦੀ ਹੈ। ਉਨ੍ਹਾਂ ਕਿਹਾ ਇਸ ਮਾਮਲੇ ਬਾਰੇ ਮੰਤਰੀ ਮੰਡਲ ਵੱਲੋਂ ਵਿਚਾਰ ਵਿਟਾਂਦਰਾ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਐਡਵੋਕੇਟ ਜਨਰਲ ਦੀ ਵੀ ਰਾਇ ਪ੍ਰਾਪਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ 50 ਲੱਖ ਤੋਂ ਵੱਧ ਵਸੂਲੀ ਦੇ ਸਬੰਧ ਵਿੱਚ ਕੇਸ ਦਰਜ ਕਰਨ ਲਈ ਕਿਹਾ ਹੈ। ਇਸ ਸੰਦਰਭ ਵਿੱਚ ਗਰੀਬ ਬੱਚਿਆਂ ਨਾਲ ਧੋਖਾਂ ਕਰਨ ਵਾਲਿਆਂ ਵਿਰੁੱਧ ਐਫ.ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਗੌਰਤਲਬ ਹੈ ਕਿ ਮੁਢਲੀਆਂ ਰਿਪੋਰਟਾਂ ਦੇ ਆਧਾਰ ’ਤੇ ਡਾ. ਵੇਰਕਾ ਦੇ ਹੁਕਮਾਂ ’ਤੇ ਪੰਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਹੀ ਚਾਰਜਸੀਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਡੀਸੀਐਫਏ ਚਰਨਜੀਤ ਸਿੰਘ, ਐਸਓ ਮੁਕੇਸ ਭਾਟੀਆ, ਸੁਪਰਡੈਂਟ ਰਜਿੰਦਰ ਚੋਪੜਾ ਅਤੇ ਸੀਨੀਅਰ ਸਹਾਇਕ ਰਾਕੇਸ਼ ਅਰੋੜਾ ਸ਼ਾਮਲ ਹਨ। ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਕਥਿਤ ਪੋਸਟ-ਮੈਟਿ੍ਰਕ ਐਸਸੀ ਸਕਾਲਰਸ਼ਿਪ ਘੁਟਾਲੇ ਨਿਰਪੱਖ ਅਤੇ ਪਾਰਦਰਸ਼ੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਐਸ.ਸੀ. ਸਕਾਲਰਸ਼ਿਪ ਫੰਡਾਂ ਵਿੱਚ ਹੇਰਾ-ਫੇਰੀ ਕਰਨ ਵਾਲੇ ਕਾਲਜ ਜੋ ਰਕਮ ਵਾਪਸ ਕਰਨ ਵਿੱਚ ਅਸਫ਼ਲ ਰਹੇ ਹਨ, ਉਨ੍ਹਾਂ ਵਿਰੁੱਧ ਵੀ ਹੁਣ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡਾ. ਵੇਰਕਾ ਨੇ ਕਿਹਾ ਕਿ ਉਹ ਕਿਸੇ ਵੀ ਪੱਧਰ ‘ਤੇ ਘੱਟ ਗਿਣਤੀਆਂ ਨਾਲ ਹੋਣ ਵਾਲੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਨੂੰ ਨਿੱਜੀ ਤੌਰ ‘ਤੇ ਇਹ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਭਲਾਈ ਸਕੀਮਾਂ ਦੇ ਲਾਭ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

ਝੁਨੀਰ ਪੁਲਸ ਵੱਲੋਂ ਰਾਤ ਸਮੇਂ ਐਂਬੂਲੈਂਸ ਰੋਕਣ ਤੇ ਮਰੀਜ਼ ਦੀ ਹੋਈ ਮੌਤ

0

ਪਰਿਵਾਰਕ ਮੈਂਬਰਾਂ ਨੇ ਲਾਸ਼ ਰੱਖ ਕੇ ਲਗਾਇਆ ਧਰਨਾ

ਝੁਨੀਰ ਪੁਲੀਸ ਨੇ ਦੋ ਸਿਪਾਹੀ ਤੇ ਇੱਕ ਹੋਮਗਾਰਡ ਜਵਾਨ ਤੇ ਕੀਤਾ ਮਾਮਲਾ ਦਰਜ

ਹੈਪੀ ਗਰੇਵਾਲ ਸਿੱਧੂ

ਮਾਨਸਾ 22 ਅਕਤੂਬਰ : ਦੇਰ ਰਾਤ ਸਰਸਾ ਤੋਂ ਐਂਬੂਲੈਂਸ ਦੇ ਰਾਹੀਂ ਡੀਐਮਸੀ ਲੁਧਿਆਣਾ ਲੈ ਕੇ ਜਾ ਰਹੇ ਮਰੀਜ਼ ਨੂੰ ਕਸਬਾ ਝੁਨੀਰ ਦੀ ਪੁਲੀਸ ਵੱਲੋਂ ਨਾਕੇ ਤੇ ਰੋਕ ਕੇ ਤੰਗ ਪਰੇਸ਼ਾਨ ਕਰਨ ਦੇ ਕਾਰਨ ਰਸਤੇ ਵਿਚ ਜਾਂਦੇ ਹੋਏ ਮਰੀਜ਼ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਝੁਨੀਰ ਵਿਖੇ ਬੱਸ ਸਟੈਂਡ ਤੇ ਲਾਸ਼ ਰੱਖ ਕੇ ਪੁਲੀਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਉੱਥੇ ਪਰਿਵਾਰ ਕੋਲ ਰਾਤ ਸਮੇਂ ਪੁਲਸ ਦੇ ਨਾਲ ਬਹਿਸ ਕਰਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਰਿਵਾਰ ਪੁਲਿਸ ਮੁਲਾਜ਼ਮਾਂ ਦੀ ਤਰਲੇ ਮਿਹਨਤ ਵੀ ਕਰ ਰਹੇ ਹਨ ਐਂਬੂਲੈਂਸ ਦੇ ਡਰਾਈਵਰ ਗਗਨ ਸਿੰਘ ਪਰਿਵਾਰਕ ਮੈਂਬਰ ਨਿਰਮਲ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਸਰਸਾ ਦੇ ਹਸਪਤਾਲ ਦੇ ਵਿੱਚ ਦਾਖ਼ਲ ਕੀਤਾ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਨਾਜ਼ੁਕ ਹੁੰਦੇ ਦੇਖ ਲੁਧਿਆਣਾ ਦੇ ਡੀਐਮਸੀ ਲਈ ਰੈਫਰ ਕਰ ਦਿੱਤਾ ਗਿਆ ਸੀ ਪਰ ਜਿਵੇਂ ਹੀ ਉਹ ਝੁਨੀਰ ਪਹੁੰਚੇ ਤਾਂ ਇਥੇ ਨਾਕੇ ਤੇ ਮੌਜੂਦ ਚਾਰ ਪੁਲਸ ਕਰਮਚਾਰੀਆਂ ਵੱਲੋਂ ਐਂਬੂਲੈਂਸ ਨੂੰ ਰੋਕ ਕੇ 25 ਮਿੰਟ ਦੇ ਕਰੀਬ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੁਰਾ ਭਲਾ ਬੋਲਿਆ ਗਿਆ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਨਸ਼ੇ ਵਿਚ ਧੁੱਤ ਸਨ ਜਿਸ ਕਾਰਨ ਉਨ੍ਹਾਂ ਦਾ ਟਾਈਮ ਖ਼ਰਾਬ ਹੋਇਆ ਅਤੇ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਚੁੱਕੀ ਹੈ  ਪਰਿਵਾਰ ਨੇ ਪੁਲਿਸ ਮੁਲਾਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ . ਝੁਨੀਰ ਦੀ ਪੁਲੀਸ ਨੇ ਰਾਤ ਸਮੇਂ ਐਂਬੂਲੈਂਸ ਰੋਕਣ ਦੇ ਮਾਮਲੇ ਵਿਚ ਦੋ ਪੁਲੀਸ ਕਾਂਸਟੇਬਲ ਅਤੇ ਇਕ ਹੋਮਗਾਰਡ ਤੇ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਝੁਨੀਰ ਦੇ ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਐਂਬੂਲੈਂਸ ਨੂੰ ਰੋਕਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਿਪਾਹੀ ਜਸਵੰਤ ਸਿੰਘ ਸਿਪਾਹੀ ਕੁਲਵੰਤ ਸਿੰਘ ਅਤੇ ਹੋਮਗਾਰਡ ਜਵਾਨ ਜੀਤ ਸਿੰਘ ਤੇ ਧਾਰਾ 304 A, 323, 341 ਦੇ ਤਹਿਤ ਥਾਣਾ ਝੁਨੀਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਹਾਈ ਕੋਰਟ ਵੱਲੋਂ ਨਿਊ ਦੀਪ ਬੱਸ ਕੰਪਨੀ ਦੀ ਪਟੀਸ਼ਨ ਰੱਦ

0

ਟਰਾਂਸਪੋਰਟ ਮੰਤਰੀ ਨੇ ਕਿਹਾ, ਟੈਕਸ ਦੇਣਦਾਰੀਆਂ ਦੀ ਵਸੂਲੀ ਲਈ ਰਾਹ ਪੱਧਰਾ ਹੋਇਆ

ਸੁਖਜਿੰਦਰ ਮਾਨ

ਚੰਡੀਗੜ੍ਹ, 22 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਸਦਕਾ ਮਗਰਲੇ ਦਿਨਾਂ ‘ਚ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਕੰਪਨੀਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਜ ਉਦੋਂ ਬੂਰ ਪਿਆ, ਜਦੋਂ ਅਜਿਹੀ ਹੀ ਪ੍ਰਾਈਵੇਟ ਬੱਸ ਆਪ੍ਰੇਟਰ ਨਿਊ ਦੀਪ ਬੱਸ ਕੰਪਨੀ ਵੱਲੋਂ ਰਿਜਨਲ ਟਰਾਂਸਪੋਰਟ ਅਥਾਰਿਟੀ ਫ਼ਰੀਦਕੋਟ ਦੇ ਫ਼ੈਸਲੇ ਵਿਰੁੱਧ ਪਾਈ ਗਈ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰਦਿਆਂ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।ਬੱਸ ਆਪ੍ਰੇਟਰ ਕੰਪਨੀ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਮੰਨਿਆ ਸੀ ਕਿ ਉਸ ਨੇ ਜਨਵਰੀ ਤੋਂ ਅਕਤੂਬਰ 2021 ਤੱਕ ਮੋਟਰ ਵਹੀਕਲ ਟੈਕਸ ਦਾ ਬਕਾਇਆ ਜਮ੍ਹਾਂ ਨਹੀਂ ਕਰਵਾਇਆ। ਟੈਕਸ ਜਮ੍ਹਾਂ ਨਾ ਕਰਵਾ ਸਕਣ ਲਈ ਕੰਪਨੀ ਨੇ ਕੋਰੋਨਾ ਦੇ ਸਮੇਂ ਦੌਰਾਨ ਲੱਗੀਆਂ ਬੰਦਸ਼ਾਂ ਕਰਕੇ ਘੱਟ ਸਵਾਰੀਆਂ ਹੋਣ, ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਤ ਦੀ ਸਹੂਲਤ ਕਾਰਨ ਘਾਟਾ ਪੈਣ ਅਤੇ ਦੂਜੀ ਸਿਆਸੀ ਧਿਰ ਨਾਲ ਸਬੰਧਤ ਹੋਣ ਕਾਰਨ ਕਿੜ ਕੱਢਣ ਆਦਿ ਦੀਆਂ ਦਲੀਲਾਂ ਦਿੱਤੀਆਂ ਪਰ ਅਦਾਲਤ ਨੇ ਟੈਕਸ ਭਰਨ ਦੇ ਸਮੇਂ ਵਿੱਚ ਰਾਹਤ ਦੇਣ ਤੋਂ ਕੋਈ ਵੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ।ਦੱਸ ਦੇਈਏ ਕਿ ਬਿਨਾਂ ਟੈਕਸ ਅਦਾਇਗੀ ਤੇ ਹੋਰਨਾਂ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਕੇ ਚਲ ਰਹੀਆਂ ਬੱਸਾਂ ਨੂੰ ਜ਼ਬਤ ਕਰਨ ਦੀ ਮੁਹਿੰਮ ਦੌਰਾਨ ਸੂਬੇ ਵਿੱਚ ਕਈ ਟੈਕਸ ਡਿਫ਼ਾਲਟਰ ਪ੍ਰਾਈਵੇਟ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਅਰੰਭੀ ਗਈ ਜਿਸ ਨਾਲ ਸੂਬੇ ਨੂੰ ਟੈਕਸ ਦੇ ਰੂਪ ਵਿੱਚ 4.29 ਕਰੋੜ ਰੁਪਏ ਹਾਸਲ ਹੋਏ। ਇਸ ਮੁਹਿੰਮ ਦੌਰਾਨ ਸੂਬੇ ਵਿੱਚ ਬਿਨਾਂ ਟੈਕਸ ਤੇ ਦਸਤਾਵੇਜ਼ ਅਤੇ ਗ਼ੈਰ-ਕਾਨੂੰਨੀ ਪਰਮਿਟਾਂ ਨਾਲ ਚੱਲਣ ਵਾਲੀਆਂ 258 ਬੱਸਾਂ ਨੂੰ ਜ਼ਬਤ ਕੀਤਾ ਗਿਆ ਸੀ ਅਤੇ 10 ਮਹੀਨੇ ਟੈਕਸ ਨਾ ਭਰਨ ਕਰਕੇ ਨਿਊ ਦੀਪ ਬੱਸ ਕੰਪਨੀ ਦੀਆਂ 26 ਬੱਸਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ। ਕੰਪਨੀ ਨੇ ਤੁਰੰਤ ਟੈਕਸ ਭਰਨ ਦੀ ਬਜਾਏ ਜ਼ਿਲ੍ਹਾ ਫ਼ਰੀਦਕੋਟ ਦੀ ਰਿਜਨਲ ਟਰਾਂਸਪੋਰਟ ਅਥਾਰਿਟੀ ਕੋਲ 12 ਅਕਤੂਬਰ, 2021 ਨੂੰ ਅਰਜ਼ੀ ਦੇ ਕੇ ਕਿਸ਼ਤਾਂ ਰਾਹੀਂ ਟੈਕਸ ਭਰਨ ਅਤੇ ਬੱਸਾਂ ਛੱਡਣ ਦੀ ਅਪੀਲ ਕੀਤੀ ਸੀ ਪਰ ਰਿਜਨਲ ਟਰਾਂਸਪੋਰਟ ਅਥਾਰਿਟੀ ਫ਼ਰੀਦਕੋਟ ਨੇ ਕੰਪਨੀ ਦੀਆਂ ਕਿਸ਼ਤਾਂ ਵਿੱਚ ਬਕਾਇਆ ਟੈਕਸ ਭਰਨ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੁੰਦਿਆਂ ਇਹ ਅਪੀਲ ਰੱਦ ਕਰ ਦਿੱਤੀ ਸੀ। ਕੰਪਨੀ ਨੇ ਇਸ ਅਪੀਲ ਨੂੰ ਟਰਾਂਸਪੋਰਟ ਦੀ ਸਬੰਧਤ ਉੱਚ ਅਥਾਰਿਟੀ ਕੋਲ ਲਿਜਾਣ ਦੀ ਬਜਾਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਥੋਂ ਉਸ ਨੂੰ ਕੋਈ ਰਾਹਤ ਨਾ ਮਿਲੀ।ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਕੋਲ ਆਰ.ਟੀ.ਏ. ਵੱਲੋਂ ਅਪੀਲ ਰੱਦ ਕਰਨ ਵਿਰੁੱਧ ਵਿਭਾਗੀ ਉੱਚ ਅਥਾਰਿਟੀ ਕੋਲ ਅਪੀਲ ਕਰਨ ਅਤੇ ਉਸ ਅਪੀਲ ਨੂੰ ਮੁੜ ਵਿਚਾਰਨ ਦੇ ਬਦਲ ਮੌਜੂਦ ਹਨ।ਇਸੇ ਦੌਰਾਨ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟੈਕਸ ਡਿਫ਼ਾਲਟਰ ਕੰਪਨੀ ਵਿਰੁੱਧ ਅਦਾਲਤ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਟੈਕਸ ਦੇਣਦਾਰੀਆਂ ਦੀ ਵਸੂਲੀ ਲਈ ਰਾਹ ਪੱਧਰਾ ਹੋਇਆ ਹੈ।

ਲਖੀਮਪੁਰਾ ਕਾਂਡ: ਪੰਜਾਬ ਸਰਕਾਰ ਨੇ ਪੀੜਤ ਕਿਸਾਨਾਂ ਦੇ ਪ੍ਰਵਾਰ ਨੂੰ ਦਿੱਤੀ ਆਰਥਿਕ ਮੱਦਦ

0

ਚਾਰ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦਿੱਤੇ 2.50 ਕਰੋੜ ਦੇ ਚੈੱਕ
ਸੁਖਜਿੰਦਰ ਮਾਨ
ਚੰਡੀਗੜ, 22 ਅਕਤੂਬਰ: ਲੰਘੀ 3 ਅਕਤੂਬਰ ਵਾਲੇ ਦਿਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲੇ ਵਿੱਚ ਵਾਪਰੀ ਦਰਦਨਾਕ ਘਟਨਾ ਵਿੱਚ ਜਾਨ ਗਵਾਉਣ ਵਾਲੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਪੀੜਤ ਪਰਿਵਾਰਾਂ ਨੂੰ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਲਖਨਊ ਵਿਖੇ 50-50 ਲੱਖ ਰੁਪਏ ਦੇ ਚੈਕ ਸੋਂਪੇ। ਜਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਖੇਤੀਬਾੜੀ ਮੰਤਰੀ ਨੇ ਲਖੀਮਪੁਰ ਖੀਰੀ ਦੀ ਦਿਲ-ਦਹਿਲਾਉਣ ਵਾਲੀ ਘਟਨਾ ਦੇ ਸਬੰਧ ’ਚ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸੂ-ਮੋਟੋ ਕਾਰਵਾਈ ਦਾ ਸਵਾਗਤ ਕਰਦਿਆਂ ਪੀੜਤਾਂ ਲਈ ਨਿਆਂ ਨੂੰ ਯਕੀਨੀ ਬਣਾਉਣ ਲਈ ਸਮਾਂਬੱਧ ਜਾਂਚ ਦੀ ਮੰਗ ਕੀਤੀ। ਨਾਭਾ ਨੇ ਅੱਗੇ ਕਿਹਾ, “ਪੰਜਾਬ ਸਰਕਾਰ ਪਹਿਲਾਂ ਹੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 157 ਕਿਸਾਨਾਂ ਦੇ ਹਰੇਕ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਚੁੱਕੀ ਹੈ।’’ ਜ਼ਿਕਰਯੋਗ ਹੈ ਕਿ ਚਾਰ ਕਿਸਾਨ: ਦਲਜੀਤ ਸਿੰਘ ਪੁੱਤਰ ਹਰਜੀਤ ਸਿੰਘ, ਪਿੰਡ- ਬਜਰਾਂ ਟਾਡਾ, ਤਹਿਸੀਲ-ਨਨਪਾਰਾ, ਜਿਲਾ ਬਹਰਾਇਚ, ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਪਿੰਡ-ਨਵੀ ਨਗਰ ਮੋਹਿਰਾ, ਤਹਿਸੀਲ-ਨਨਪਾਰਾ, ਜਿਲਾ ਬਹਰਾਇਚ, ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਭਵੰਤ ਨਗਰ (ਚੋਖਰਾ ਫਾਰਮ), ਤਹਿਸੀਲ- ਪਾਲੀਆ, ਜਨਪਦ, ਲਖੀਮਪੁਰ ਖੀਰੀ ਅਤੇ ਨਛੱਤਰ ਸਿੰਘ ਪੁੱਤਰ ਸੂਬਾ ਸਿੰਘ, ਨੰਬਰਦਾਰ ਪੁਰਵਾ, ਅਮੇਠੀ, ਤਹਿਸੀਲ-ਦੋਰਾਹਾ, ਜਨਪਦ, ਲਖੀਮਪੁਰ ਖੀਰੀ ਤੋਂ ਇਲਾਵਾ ਇੱਕ ਪੱਤਰਕਾਰ ਰਮਨ ਕਸ਼ਯਪ, ਨਿਗਾਸਾਨ, ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਇਸ ਦੁਖਾਂਤ ਵਿੱਚ ਆਪਣੀ ਜਾਨ ਗੁਆ ਬੈਠੇ ਸਨ।

ਦਵਾਈਆਂ ਦੀ ਵਿਕਰੀ/ਖਰੀਦਦਾਰੀ ਸਬੰਧੀ ਸਹੀ ਰਿਕਾਰਡ ਨਾ ਰੱਖਣ ਵਾਲਿਆਂ ਵਿਰੁਧ ਹੋਵੇਗੀ ਸਖ਼ਤ ਕਾਰਵਾਈ-ਓ.ਪੀ. ਸੋਨੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਸਾਰੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਅੰਨ੍ਹੇਵਾਹ ਵਿਕਰੀ ਨੂੰ ਰੋਕਣ ਦੀ ਹਦਾਇਤ ਕੀਤੀ।ਸ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਵਿੱਚ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਸਅਿਾਂ ਦੀ ਆਦਤ ਦਾ ਕਾਰਨ ਬਣਨ ਵਾਲੀਆਂ ਸਾਰੀਆਂ ਦਵਾਈਆਂ ਨੂੰ ਸੀਮਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੀ ਸਿਰਫ ਸਾਵਧਾਨੀ ਨਾਲ ਵਿਕਰੀ ਦੀ ਹੀ ਇਜਾਜਤ ਹੋਵੇਗੀ। ਉਹਨਾਂ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ‘ਤੇ ਪੈਣੀ ਨਜਰ ਰੱਖਣ ਲਈ ਕਿਹਾ।
ਸ੍ਰੀ ਸੋਨੀ ਨੇ ਕਿਹਾ ਕਿ ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਨੌਜਵਾਨਾਂ ਵੱਲੋਂ ਪ੍ਰੀਗੈਬਲਿਨ ਵਾਲੇ ਕੈਪਸੂਲ ਅਤੇ ਗੋਲੀਆਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਰਹੀ ਹੈ। ਇਸ ਲਈ, ਫੂਡ ਐਂਡ ਡਰੱਗਜ ਐਡਮਨਿਸਟ੍ਰੇਸਨ ਦੇ ਡਰੱਗਜ ਕੰਟਰੋਲ ਅਫਸਰਾਂ ਨੂੰ ਜਾਂਚ ਕਰਨ ਅਤੇ ਡਰੱਗਜ ਅਤੇ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਤਹਿਤ ਉਹਨਾਂ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ ਜਾਰੀ ਕੀਤੇ ਗਏ ਹਨ ਜਿੱਥੇ ਇਹ ਦਵਾਈਆਂ ਸਹੀ ਰਿਕਾਰਡ ਤੋਂ ਬਿਨਾਂ ਭੰਡਾਰ ਕੀਤੀਆਂ ਗਈਆਂ ਹਨ।
ਮੰਤਰੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਜਰੂਰਤ ਹੈ ਕਿ ਅਜਿਹੀਆਂ ਦਵਾਈਆਂ ਉੱਚਿਤ ਵਰਤੋਂ ਲਈ ਬਣਾਈਆਂ ਅਤੇ ਵੇਚੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕੈਮਿਸਟ ਐਸੋਸੀਏਸਨਾਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਇਸ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਦੀਆਂ ਏਜੰਸੀਆਂ ਦੇ ਸਹਿਯੋਗ ਲਈ ਅੱਗੇ ਆਉਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਭਾਗ ਪਹਿਲਾਂ ਹੀ ਕੈਮਿਸਟ ਐਸੋਸੀਏਸਨਾਂ ਅਤੇ ਵੱਖ -ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਸੈਮੀਨਾਰਾਂ ਅਤੇ ਮੀਟਿੰਗਾਂ ਦਾ ਆਯੋਜਨ ਕਰਕੇ ਲੋਕਾਂ ਤੱਕ ਪਹੁੰਚ ਬਣਾ ਰਿਹਾ ਹੈ ਅਤੇ ‘100 ਦਿਨਾਂ ਦੇ ਰੋਡਮੈਪ‘ ਤਹਿਤ ਉਹਨਾਂ ਨੂੰ ਨਸਅਿਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਿਹਾ ਹੈ।

ਪੀਪੀਸੀਸੀ ਦੇ ਨਵੇਂ ਚੇਅਰਮੈਨ ਨੇ ਲਿਆ ਅਹੁਦੇ ਦਾ ਹਲਫ

0

ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਨਵੇਂ ਨਿਯੁਕਤ ਚੇਅਰਮੈਨ ਜਗਬੰਸ ਸਿੰਘ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਦੌਰਾਨ ਅੱਜ ਸ਼ਾਮ ਇੱਥੇ ਪੰਜਾਬ ਰਾਜ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਚਲਾਈ।
ਦੱਸਣਯੋਗ ਹੈ ਕਿ ਜਗਬੰਸ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੈਚੂਲਰ ਇਨ ਇੰਜਨੀਅਰਿੰਗ (ਸਿਵਲ ਇੰਜਨੀਅਰਿੰਗ) ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ ਚਾਰਟਿਡ ਫਾਈਨੈਂਸ਼ਲ ਤੋਂ ਡਿਪਲੋਮਾ ਇਨ ਬਿਜ਼ਨਸ ਫਾਈਨਾਂਸ ਤੋਂ ਇਲਾਵਾ ਪਬਲਿਕ ਫਾਈਨੈਂਸ਼ਲ ਮੈਨੇਜਮੈਂਟ ਵਿਚ ਐਨੇਲਿਸਟ ਆਫ ਇੰਡੀਆ ਆਈ.ਐਮ.ਐਫ. ਸਰਟੀਫਿਕੇਟ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਸਰਟੀਫਿਕੇਟ ਇਨ ਐਕਚੂਰੀਅਲ ਸਾਇੰਸ ਕੀਤਾ ਹੋਇਆ ਹੈ।
ਜਗਬੰਸ ਸਿੰਘ ਦਾ ਪਬਲਿਕ ਆਡਿਟ ਦੇ ਖੇਤਰ ਵਿਚ 34 ਵਰ੍ਹਿਆਂ ਦਾ ਲੰਮਾ ਤਜਰਬਾ ਹੈ ਜਿਨ੍ਹਾਂ ਨੇ ਲਾਈਨ ਆਡੀਟਰ ਤੋਂ ਨਿਗਰਾਨ ਆਡੀਟਰ ਤੱਕ ਖੇਤਰੀ ਕੰਮ ਕੀਤਾ। ਉਸ ਤੋਂ ਬਾਅਦ ਸੂਬਾ ਸਰਕਾਰਾਂ ਦੇ ਆਡਿਟ ਦਫਤਰਾਂ ਵਿਚ ਅਹਿਮ ਅਹੁਦਿਆਂ ਉਤੇ ਜ਼ਿੰਮੇਵਾਰੀ ਨਿਭਾਈ ਅਤੇ 31 ਮਾਰਚ, 2021 ਨੂੰ ਕੰਪਟਰੋਲਰ ਆਫ ਆਡਿਟਰ ਜਨਰਲ ਆਫ ਇੰਡੀਆ ਵਿਚ ਡਿਪਟੀ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਮ ਅਤੇ ਪ੍ਰਮੁੱਖ ਸਕੱਤਰ ਪ੍ਰਸੋਨਲ ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।

Our Visitor

1891199