9 ਅਕਤੂਬਰ ਨੂੰ ਮੁਹਾਲੀ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ: ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ 9 ਅਕਤੂਬਰ ਨੂੰ ਮੁਹਾਲੀ ਵਿਖੇ ਰੱਖੇ ਰੋਸ਼ ਪ੍ਰਦਰਸ਼ਨ ਦੀਆਂ ਤਿਆਰੀਆਂ ਤਹਿਤ ਅੱਜ ਜ਼ਿਲ੍ਹੇ ਦੀ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਮੀਤ ਪ੍ਰਧਾਨ ਜਲ ਕੌਰ, ਸਿੰਦਰ ਕੌਰ ਸਿਬੀਆ, ਕੁਲਵੰਤ ਕੌਰ ਕਲਿਆਣ ਨੇ ਕਿਹਾ ਕਿ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੀਆਂ ਜਥੇਬੰਦੀਆਂ ਨੂੰ ਆਪਣਾ ਸੰਘਰਸ਼ ਰੋਕਣ ਦੀ ਅਪੀਲ ਕਰਦੇ ਹੋਏ ਸਭ ਦੀਆਂ ਮੰਗਾਂ ਸੁਣਨ ਦਾ ਵਾਅਦਾ ਕੀਤਾ ਸੀ। ਪਰ ਕੁੱਕ ਫਰੰਟ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਅਪੀਲ ਕਰਨ ਤੋਂ ਬਾਅਦ ਵੀ ਅਜੇ ਤਾਂਈ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਲਈ ਫਰੰਟ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਮੁਹਾਲੀ ਵਿਖੇ 9 ਅਕਤੂਬਰ ਨੂੰ ਮਿਡ ਡੇ ਮੀਲ ਕੁੱਕ ਬੀਬੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਉਨਾਂ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖਾਹ ਤੁਰੰਤ ਦੁੱਗਣੀ ਕਰੇ ਅਤੇ ਦੋ ਮਹੀਨੇ ਦੀ ਤਨਖਾਹ ਕੱਟਣੀ ਬੰਦ ਕਰੇ। ਉਨਾਂ ਦੱਸਿਆ ਕਿ ਹਰਿਆਣਾ ਸਰਕਾਰ ਮਿਡ ਡੇ ਮੀਲ ਕੁੱਕ ਨੂੰ 4500 ਰੁਪਏ ਮਹੀਨਾ ਦੇ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਮਈ ਮਹੀਨੇ ਤੋਂ ਪਹਿਲਾਂ 1700 ਰੁਪਏ ਅਤੇ ਮਈ ਮਹੀਨੇ ਤੋਂ 2200 ਰੁਪਏ ਮਿਡ ਡੇ ਮੀਲ ਕੁੱਕ ਨੂੰ ਦੇ ਰਹੀ ਹੈ।
ਮਿਡ ਡੇ ਮੀਲ ਕੁੱਕ ਬੀਬੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਪਰਮਲ ਝੋਨੇ ਦੇ ਟਰੱਕ ਨੂੰ ਜ਼ਬਤ ਕੀਤਾ
ਉਡਣ ਦਸਤੇ ਘੱਟੋ ਘੱਟ 31 ਦਸੰਬਰ 2021 ਤੱਕ ਜਾਰੀ ਰੱਖਣਗੇ ਆਪਣੀ ਕਾਰਵਾਈ
ਸੁਖਜਿੰਦਰ ਮਾਨ
ਚੰਡੀਗੜ੍ਹ,7 ਅਕਤੂਬਰ:ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤਿਆਂ ਨੇ ਅੱਜ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਪਰਮਲ ਝੋਨੇ ਦੇ ਟਰੱਕ ਨੂੰ ਜ਼ਬਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸ੍ਰੀ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ‘ਤੇ ਇਹ ਟਰੱਕ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ 254.50 ਕਿਲੋ ਪਰਮਲ ਝੋਨਾ ਦਸਮੇਸ਼ ਐਗਰੋ ਫੂਡਜ ਲੁਧਿਆਣਾ ਦੇ ਨਾਮ ਦੀ ਬੋਗਸ ਫਰਮ ਦੇ ਨਾਮ ਤੇ ਲਿਆਂਦਾ ਜਾ ਰਿਹਾ ਸੀ।
ਸ੍ਰੀ ਆਸ਼ੂ ਨੂੰ ਦੱਸਿਆ ਕਿ ਜਦੋਂ ਇਸ ਫਰਮ ਸਬੰਧੀ ਸਕੱਤਰ ਮਾਰਕੀਟ ਕਮੇਟੀ ਲੁਧਿਆਣਾ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਉਕਤ ਨਾਮ ਦੀ ਕੋਈ ਵੀ ਫਰਮ ਜ਼ਿਲ੍ਹੇ ਵਿੱਚ ਰਜਿਸਟਰਡ ਹੋਣ ਤੋਂ ਇਨਕਾਰ ਕੀਤਾ।ਜਿਸ ਕਾਨੂੰਨੀ ਕਾਨੂੰਨੀ ਕਾਰਵਾਈ ਕਰਦਿਆਂ ਟਰੱਕ ਨੰਬਰ ਐਮ.ਪੀ.07 ਐਚ.ਬੀ. 4072 ਨੂੰ ਜ਼ਬਤ ਕਰਦਿਆਂ ਡਰਾਈਵਰ ਹਰਮੀਤ ਪਾਲ ਵਿਰੁਧ ਪਰਚਾ ਦਰਜ ਕਰ ਦਿੱਤਾ ਗਿਆ
ਸ਼੍ਰੀ ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਇਸ ਸਮੇਂ 150 ਉਡਣ ਦਸਤੇ ਕਾਇਮ ਕੀਤੇ ਗਏ ਹਨ ਜਿਨ੍ਹਾਂ ਵਿਚ 1500 ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ।ਖੁਰਾਕ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਸਤਿਆਂ ਵਲੋਂ ਹੁਣ ਤੱਕ 7 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਇਹ ਉਡਣ ਦਸਤੇ ਘੱਟੋ ਘੱਟ 31 ਦਸੰਬਰ 2021 ਤੱਕ ਆਪਣੀ ਕਾਰਵਾਈ ਜਾਰੀ ਰੱਖਣਗੇ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਵਿਸਵ ਆਰਕੀਟੈਕਚਰ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ 6 ਅਕਤੂਬਰ: ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ ਐਂਡ ਪਲੈਨਿੰਗ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਵਿਸਵ ਆਰਕੀਟੈਕਚਰ ਦਿਵਸ ਮਨਾਇਆ ਗਿਆ। ਪ੍ਰੋ (ਡਾ.) ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਸਨ ਅਤੇ ਵਿਸੇਸ ਮਹਿਮਾਨ ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ ਸਨ। ਸੈਸਨ ਦੇ ਇਵੈਂਟਸ ਗ੍ਰੇਸ ਦਿ ਟਰੇਸ, ਵਰਥ ਦਿ ਵਰਡ ਐਂਡ ਸੇਪ – ਏ -ਟੂਨ ਆਦਿ ਮੁਕਾਬਲੇ ਸਨ। ਦਿਲਚਸਪ ਮੁਕਾਬਲੇ ਵਿਚ “ਗ੍ਰੇਸ ਦਿ ਟਰੇਸ” ਦੀ ਜੇਤੂ ਚਾਰਲੀਨਾ ਜੇ ਦੱਤਾ (219) ਨੂੰ ਐਲਾਨਿਆ ਗਿਆ, ਜਦੋਂ ਕਿ ਉਪ ਜੇਤੂ ਦਾ ਖ਼ਿਤਾਬ ਸਮਸੇਰ ਸਿੰਘ (219) ਨੂੰ ਮਿਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਵੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਦਰਜ਼ਨਾਂ ਪ੍ਰਵਾਰ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ 6 ਅਕਤੂਬਰ: ਕਾਂਗਰਸ ਪਾਰਟੀ ਨੇ ਬਠਿੰਡਾ ਸ਼ਹਿਰੀ ਹਲਕੇ ਵਿਚ ਅਕਾਲੀ ਦਲ ਨੂੰ ਝਟਕਾ ਦੇਣ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸਤੇਦਾਰ ਜੈਜੀਤ ਸਿੰਘ ਜੌਹਲ ਦੀ ਅਗਵਾਈ ਹੇਠ 55 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫ੍ਹੜਿਆ। ਇੰਨ੍ਹਾਂ ਵਿਚ ਗੁਰਮੀਤ ਸਿੰਘ, ਸੰਦੀਪ ਸਿੰਘ ਚੌਹਾਨ, ਟੋਨੀ, ਸ਼ੇਰ ਸਿੰਘ, ਸੰਜੀਵ ਗੋਇਲ, ਵਿਸ਼ਾਲ ਕੁਮਾਰ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਚਮਕੌਰ ਸਿੰਘ, ਜਗਦੀਸ਼ ਕੁਮਾਰ, ਰਕੇਸ਼ ਗੋਇਲ, ਅਮਨਦੀਪ ਸਿੰਘ, ਅਨਮੋਲ ਬੌਕਸਰ ਆਦਿ ਸ਼ਾਮਲ ਹਨ। ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਅਰੁਣ ਵਧਾਵਣ,ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ ਆਦਿ ਹਾਜਰ ਸਨ।
ਵਿਤ ਮੰਤਰੀ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਗੁਲਾਬੀ ਸੁੰਡੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੰਗ ਰਹੇ ਹਨ ਕਿਸਾਨ ਮੁਆਵਜ਼ਾ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਗੁਲਾਬੀ ਸੁੰਡੀ ਤੇ ਭਾਰੀ ਮੀਂਹ ਕਰਕੇ ਨਰਮੇ ਦੀ ਫਸਲ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ , ਰਾਮ ਸਿੰਘ ਭੈਣੀਬਾਘਾ , ਗੁਰਭੇਜ ਸਿੰਘ ਰੋਹੀਵਾਲਾ, ਗੁਰਭਗਤ ਭਲਾਈਆਣਾ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਇਸ ਵਾਰ ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ।ਇਸਤੋਂ ਬਿਨਾਂ ਭਾਰੀ ਬਾਰਸ ਦੇ ਕਾਰਨ ਨਰਮਾ ਅਤੇ ਹੋਰ ਫਸਲਾਂ ਵੀ ਤਬਾਹ ਹੋ ਚੁੱਕੀਆਂ ਹਨ ।ਰਹਿੰਦੀ ਕਸਰ ਕੱਲ ਵਾਲੇ ਭਿਆਨਕ ਤੂਫਾਨ ਨੇ ਕੱਢ ਦਿੱਤੀ ਜਿਸ ਨੇ ਝੋਨਾ ਸਮੇਤ ਸਾਰੀਆਂ ਫਸਲਾਂ ਦੀ ਵੱਡੀ ਪੱਧਰ ਤੇ ਤਬਾਹੀ ਕਰ ਦਿੱਤੀ ।
ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਲਈ ਗਲਾ ਕਟਾਉਣ ਦਾ ਐਲਾਨ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਜਰੂਰਤ ਨਹੀਂ ਸਮਝੀ। ਇਸ ਮੌਕੇ ਬਲਾਕ ਗਿਦੜਬਾਹਾ ,ਲੰਬੀ ਅਤੇ ਲੱਖੇਵਾਲੀ ਦੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਨੇ ਮੋਰਚੇ ਵਿੱਚ ਪਹੁੰਚ ਕੇ 5000 ਰੁਪਏ ਆਰਥਿਕ ਸਹਾਇਤਾ ਕੀਤੀ । ਡਾ . ਮਨਜਿੰਦਰ ਸਿੰਘ ਸਰਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਕਮੇਟੀਆਂ ਬਣਾਉਣ ਅਤੇ ਸਥਾਪਿਤ ਕਮੇਟੀਆਂ ਨੂੰ ਹੋਰ ਮਜਬੂਤ ਕਰਨ ਲਈ ਪਿੰਡਾਂ ਦੇ ਡਾਕਟਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਬਠਿੰਡਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ
ਸੁਖਜਿੰਦਰ ਮਾਨ
ਬਠਿੰਡਾ , 6 ਅਕਤੂਬਰ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਬਠਿੰਡਾ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਪੁੱਤਲੇ ਫੂਕੇ। ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਹਾਇਸ ’ਤੇ ਧਰਨਾ ਪ੍ਰਦਰਸਨ ਕਰਨ ਆਏ ਬੇਰੁਜਗਾਰ ਬੱਚਿਆਂ ਤੇ ਕਾਂਗਰਸ ਦੇ ਗੁੰਡਿਆਂ ਵੱਲੋਂ ਜੋ ਤਸੱਸਦ ਕੀਤਾ ਗਿਆ ਹੈ ਟੈਂਟ ਉਖਾੜਿਆ ਗਿਆ ਹੈ ਉਸ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੀ ਹੈ । ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 5 ਅਕਤੂਬਰ ਨੂੰ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਨੂੰ ਮੋਹਾਲੀ ਵਿਖੇ ਮੀਟਿੰਗ ਲਈ ਬੁਲਾ ਕੇ ਜੋ ਖੱਜਲ ਖੁਆਰੀ ਕੀਤੀ ਹੈ , ਯੂਨੀਅਨ ਉਸ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ। ਇਸ ਮੌਕੇ ਗੁਰਜੀਤ ਕੌਰ , ਰੁਪਿੰਦਰ ਕੌਰ , ਸਰਬਜੀਤ ਕੌਰ , ਗੁਰਦੀਪ ਕੌਰ ਤੇ ਵੀਰਪਾਲ ਕੌਰ ਆਦਿ ਆਗੂ ਮੌਜੂਦ ਸਨ ।
ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਸੋਂਪਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਦੋ ਦਿਨ ਪਹਿਲਾਂ ਆਈ ਭਾਰੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਝੋਨੇ ਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੋਂਪਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਮੰਗ ਕੀਤੀ ਕਿ ਫੌਰੀ ਝੋਨੇ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਪ੍ਰਤੀ ਏਕੜ ਸੱਤਰ ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਸੁਖਮੰਦਰ ਸਿੰਘ ਸਰਾਭਾ, ਸਾਧਾ ਸਿੰਘ ਭੁੱਲਰ, ਗੇਲਾ ਸਿੰਘ ਸੰਧੂ, ਜੱਗਾ ਸਿੰਘ ਨਾਗਰਾ, ਪੱਪੀ ਸਿੰਘ, ਟਣਕੀ ਭੁਲੇਰੀਆ, ਬਖਸ਼ੀਸ਼ ਸਿੰਘ, ਕਾਂਤੀ ਸਿੰਘ ਨਰਸਿੰਘ, ਬਲਦੇਵ ਸਿੰਘ ਤੇ ਜੇਤੂ ਸਿੰਘ ਆਦਿ ਹਾਜ਼ਰ ਸਨ।
ਤਿ੍ਰਣਮੂਲ ਕਾਂਗਰਸ ਦੀ ਮੀਟਿੰਗ ਵਿੱਚ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ : ਆਲ ਇੰਡੀਆ ਤਿ੍ਰਣਮੂਲ ਕਾਂਗਰਸ ਪੰਜਾਬ ਇਕਾਈ ਦੀ ਅੱਜ ਸੂਬਾ ਮੀਤ ਪ੍ਰਧਾਨ ਦਰਸਨ ਸਿੰਘ ਸਰਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਿਸਾਨਾਂ ਨਾਲ ਵਾਪਰੇ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ ਕੀਤੀ ਗਈ। ਇਸ ਮੌਕੇ ਕੇਂਦਰ ਤੇ ਯੂ.ਪੀ ਸਰਕਾਰ ਤੋ ਮੰਗ ਕੀਤੀ ਕਿ ਇਸ ਕਾਂਡ ਦੇ ਅਸਲ ਦੋਸ਼ੀਆਂ ਨੂੰ ਜਲਦੀ ਗਿਰਫਤਾਰ ਕੀਤਾ ਜਾਵੇ। ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਕਤਲ ਕਾਂਡ ਭਾਰਤੀ ਜਨਤਾ ਪਾਰਟੀ ਦੀ ਸਹਿ ’ਤੇ ਇੱਕ ਗਿਣੀ ਮਿਥੀ ਸਾਜਿਸ ਦੇ ਤਹਿਤ ਕੀਤਾ ਗਿਆ ਹੈ।ਇਸ ਮੌਕੇ ਐਲਾਨ ਕੀਤਾ ਕਿ ਟੀ ਐਮ ਸੀ ਪਾਰਟੀ ਹਮੇਸਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ। ਮੀਟਿੰਗ ਵਿੱਚ ਸੋਮੀ ਤੂੰਗਵਾਲੀਆ, ਜਗਮੋਹਨ ਸਿੰਘ,ਮਨਜੀਤ ਸਿੰਘ, ਪ੍ਰਦੀਪ ਸਿੰਘ, ਜਗਤਾਰ ਸਿੰਘ, ਮੋਹਿੰਦਰਪਾਲ ਸਿੰਘ , ਮਹਿੰਦਰ ਸਿੰਘ ਭੱਟੀ ਆਦਿ ਹਾਜ਼ਰ ਸਨ।
ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ; ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਜ਼ਬਤ
ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਟਰਾਂਸਪੋਰਟ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਕਤੂਬਰ:ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅੱਜ ਸੂਬੇ ਵਿੱਚ ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਬਿਨਾਂ ਟੈਕਸ ਚੱਲਣ ਸਬੰਧੀ ਨਿਰੰਤਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਾਰਨ ਵਿਭਾਗ ਦੀਆਂ ਵਿਸ਼ੇਸ਼ ਜਾਂਚ ਟੀਮਾਂ ਗਠਤ ਕਰਕੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵਿਸ਼ੇਸ਼ ਜਾਂਚ ਟੀਮਾਂ ਨੇ 15 ਬੱਸਾਂ ਜ਼ਬਤ ਕੀਤੀਆਂ ਹਨ।
ਫ਼ਰੀਦਕੋਟ ਵਿਖੇ ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ ਅਤੇ ਨਿਊ ਦੀਪ ਦੀਆਂ 2 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿੱਚ ਨਿਊ ਦੀਪ ਦੀਆਂ 2 ਬੱਸਾਂ, ਓਰਬਿਟ ਐਵੀਏਸ਼ਨ ਦੀ 1 ਬੱਸ ਤੇ ਰਾਜਧਾਨੀ ਬੱਸ ਸਰਵਿਸ ਦੀ 1 ਬੱਸ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ 2 ਬੱਸਾਂ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਓਰਬਿਟ ਐਵੀਏਸ਼ਨ ਦੀ 1 ਬੱਸ, ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ, ਲਿਬੜਾ ਬੱਸ ਸਰਵਿਸ ਦੀ 1 ਬੱਸ ਅਤੇ ਨਾਗਪਾਲ ਬੱਸ ਸਰਵਿਸ ਦੀ 1 ਬੱਸ ਕਬਜ਼ੇ ਵਿੱਚ ਲਈ ਗਈ ਹੈ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।






