ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਸਥਾਨਕ ਖੇਤੀ ਭਵਨ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਰ੍ਹੇ ਨਰਮੇ ਤੇ ਝੋਨੇ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਝਾੜ ਦੀ ਸੰਭਾਵਨਾ ਹੈ। ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਮੌਸਮ ਲਗਾਤਾਰ ਗਰਮ ਤੇ ਸਿਲਾ ਚੱਲ ਰਿਹਾ ਹੈ, ਜਿਸਦੇ ਚੱਲਦੇ ਨਰਮੇ ਦੀ ਫਸਲ ਉਪਰ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਅਤੇ ਤੇਲੇ ਦਾ ਹਮਲਾ ਵੇਖਣ ਵਿੱਚ ਮਿਲਿਆ ਹੈ ਜੋ ਕਿ ਆਰਥਿਕ ਕਾਗਾਰ ਤੋਂ ਘੱਟ ਹੈ। ਇਸੇ ਤਰ੍ਹਾਂ ਬਠਿੰਡਾ, ਸੰਗਤ, ਮੌੜ ਅਤੇ ਤਲਵੰਡੀ ਸਾਬੋ ਦੇ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਾਗਾਰ ਤੋਂ ਵੱਧ ਪਾਇਆ ਗਿਆ। ਉਨ੍ਹਾਂ ਦਸਿਆ ਕਿ ਫਸਲਾਂ ਦਾ ਪੈਸਟ ਸਰਵੇਲੈਸ ਕਰਨ ਲਈ ਜਿਲਾਂ ਪੱਧਰ ਤੇ 1 ਅਤੇ ਬਲਾਕ ਪੱਧਰ ਤੇ 43 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਸਰਵੇਲੈਸਾ ਰਿਪੋਰਟਾ ਦੇ ਅਧਾਰ ਤੇ ਸਮੇ-ਸਿਰ ਕਿਸਾਨਾ ਨੂੰ ਐਡਵਾਇਜਰੀ ਕੀਤੀ ਜਾਦੀ ਹੈ। ਉਨਾਂ ਅੱਗੇ ਦੱਸਿਆ ਕਿ ਕਿਸਾਨਾ ਨੂੰ ਉਚ-ਮਿਆਰੀ ਬੀਜ ਅਤੇ ਹੋਰ ਇੰਨ-ਪੁੱਟਸ ਮਹੱਈਆ ਕਰਵਾਉਣ ਲਈ ਜ਼ਿਲੇ ਵਿੱਚ 8 ਟੀਮਾਂ ਦਾ ਗਠਿਤ ਕੀਤੀਆਂ ਗਈਆ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕੀਤੀ ਮੀਟਿੰਗ
ਸਾਬਕਾ ਮੰਤਰੀ ਜਨਮੇਜਾ ਸੇਖੋ ਮੋੜ ਤੋਂ ਜਗਮੀਤ ਬਰਾੜ ਦੇ ਹੱਕ ’ਚ ਡਟੇ
ਬਠਿੰਡਾ ’ਚ ਰਹਿੰਦਿਆਂ ਸੇਖੋ ਤੇ ਮਲੂਕਾ ਦੇ ਨਹੀਂ ਸਨ ਸੁਖਾਵੇਂ ਸਬੰਧ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਕਰੀਬ ਦਸ ਸਾਲ ਵਿਧਾਨ ਸਭਾ ਹਲਕਾ ਮੌੜ ਤੋਂ ਨੁਮਾਇੰਦਗੀ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸੁਖਾਵੇਂ ਸਬੰਧ ਨਾ ਹੋਣ ਕਾਰਨ ਚਰਚਾ ਵਿਚ ਰਹੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਅੱਜ ਅਪਣੇ ਪੁਰਾਣੇ ਹਲਕੇ ਤੋਂ ਅਕਾਲੀ ਦਲ ਵਲੋਂ ਉਤਾਰੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿਚ ਡਟ ਗਏ ਹਨ। ਸਾਬਕਾ ਐਮ.ਪੀ ਬਰਾੜ ਦੀ ਧਮਾਕੇਦਾਰ ‘ਇੰਟਰੀ’ ਕਰਵਾਉਂਦਿਆਂ ਸ: ਸੇਖੋ ਨੇ ਅਪਣੇ ਸਾਰੇ ਸਮਰਥਕਾਂ ਨੂੰ ਪਾਰਟੀ ਵਲੋਂ ਐਲਾਨੇ ਉਮੀਦਵਾਰ ਦੀ ਡਟ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਖੁਦ ਸਿਕੰਦਰ ਸਿੰਘ ਮਲੂਕਾ ਨੂੰ ਅਪਣੇ ਹੱਥੀ ਹਲਕੇ ਦੀ ਕਮਾਂਡ ਸੋਂਪਣ ਵਾਲੇ ਜਨਮੇਜਾ ਸਿੰਘ ਸੇਖੋ ਨੇ ਹੁਣ ਬਰਾੜ ਦੀ ਇਮਦਾਦ ’ਤੇ ਆ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ ਹਨ। ਸਿਆਸੀ ਮਾਹਰਾਂ ਮੁਤਾਬਕ ਅਜਿਹਾ ਕਰਕੇ ਉਹ ਨਾ ਸਿਰਫ਼ ਇਕ ਸਾਬਕਾ ਵਿਧਾਇਕ ਨੂੰ ਇਸ ਹਲਕੇ ਤੋਂ ਦੂਰ ਰੱਖਣ ਵਿਚ ਸਫ਼ਲ ਹੋ ਗਏ ਹਨ ਬਲਕਿ ਮੋੜ ਹਲਕੇ ’ਚ ਅਪਣੇ ਸਿਆਸੀ ਸਫ਼ਰ ਦੌਰਾਨ ਮਲੂਕਾ ਸਮਰਥਕਾਂ ਤੋਂ ਪ੍ਰੇਸ਼ਾਨ ਰਹੇ ਇਸ ਸਾਬਕਾ ਮੰਤਰੀ ਨੇ ਹੁਣ ਉਨ੍ਹਾਂ ਦੇ ‘ਬੋਸ’ ਨੂੰ ਚਿੱਤ ਕਰਕੇ ਰੱਖ ਦਿੱਤਾ ਹੈ। ਜਿਕਰਯੋਗ ਹੈ ਕਿ ਇਸ ਹਲਕੇ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਡੇ ਦਾਅਵੇਦਾਰ ਸਨ, ਜਿੰਨ੍ਹਾਂ ਨੂੰ ਪਾਰਟੀ ਵਲੋਂ ਪੁਰਾਣੇ ਹਲਕਾ ਰਾਮਪੁਰਾ ਫ਼ੂਲ ਤੋਂ ਦਿੱਤੀ ਟਿਕਟ ‘ਤੇ ਚੋਣ ਨਾ ਲੜਣ ਦਾ ਐਲਾਨ ਕਰਕੇ ਖੁੱਲੇ ਤੌਰ ’ਤੇ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ। ਅਜਿਹੀ ਹਾਲਾਤ ਵਿਚ ਸੇਖੋ ਦੀ ਖੁੱਲੀ ਇਮਦਾਦ ਨਾਲ ਜਗਮੀਤ ਬਰਾੜ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਅੱਜ ਸਾਬਕਾ ਮੰਤਰੀ ਸੇਖੋਂ ਨੂੰ ਨਾਲ ਲੈ ਕੇ ਦੁਰਗਾ ਮੰਦਰ ਮਾਈਸਰਖਾਨਾ ਅਤੇ ਗੁਰਦੁਆਰਾ ਤਿੱਤਰਸਰ ਸਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਮੁਹਿੰਮ ਵਿੱਢੀ ਹੈ। ਇਸ ਮੌਕੇ ਜਿੱਥੇ ਸੇਖੋਂ ਧੜਾ ਵੱਡੀ ਗਿਣਤੀ ’ਚ ਪਹੁੰਚਿਆ ਸੀ, ਪ੍ਰੰਤੂ ਮਲੂਕਾ ਧੜੇ ਨਾਲ ਸਬੰਧਿਤ ਮੰਨੇ ਜਾਂਦੇ ਕਈ ਸਰਕਲ ਜਥੇਦਾਰ ਤੇ ਹੋਰ ਆਗੂ ਗੈਰ ਹਾਜ਼ਰ ਰਹੇ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਹਲਕਾ ਮੌੜ ਦੇ ਇੰਚਾਰਜ ਦੁਸਿਹਰਾ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ,ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਹਰਦਿਆਲ ਸਿੰਘ ਮਿੱਠੂ ਚਾਓੁਕੇ, ਹਰਜਿੰਦਰ ਸਿੰਘ ਕੱਪੀ ਸਾਬਕਾ ਮੀਤ ਪ੍ਰਧਾਨ, ਗਿਆਨ ਸਿੰਘ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਜਿਲ੍ਹਾ ਯੂਥ ਦੇ ਪ੍ਰਧਾਨ ਸੰਦੀਪ ਸਿੰਘ ਬਾਠ ਸਹਿਤ ਦਰਜ਼ਨਾਂ ਦੀ ਤਾਦਾਦ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।
ਮੋਗਾ ’ਚ ਕਿਸਾਨਾਂ ’ਤੇ ਲਾਠੀਚਾਰਜ਼ ਦੀ ਕਿਸਾਨ ਆਗੂਆਂ ਨੇ ਕੀਤੀ ਨਿੰਦਾ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਮੋਗਾ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ਉਪਰ ਕੀਤੇ ਕੀਤੇ ਲਾਠੀਚਾਰਜ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜਨਰਲ ਸਕੱਤਰ ਮੋਠੂ ਸਿੰਘ ਕੋਟੜਾ , ਹਰਜਿੰਦਰ ਸਿੰਘ ਬੰਗੀ, ਜਸਵੀਰ ਸਿੰਘ ਸੇਮਾ ਆਦਿ ਨੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਹਰਿਆਣਾ ਦੇ ਕਰਨਾਲ ਵਿਖੇ ਹੋਏ ਲਾਠੀਚਾਰਜ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਸੀ ਪਰ ਖੁਦ ਪੰਜਾਬ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਵਾ ਰਿਹਾ ਹੈ ਜਿਸ ਨਾਲ ਕੈਪਟਨ ਦਾ ਵੀ ਕਿਸਾਨ ਵਿਰੋਧੀ ਅਤੇ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ । ਉਨ੍ਹਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਕਿ ਖੇਤੀ ਕਾਨੂੰਨਾਂ ’ਤੇ ਕੀਤੇ ਦਸਤਖਤ ਅਤੇ ਆਪਣੇ ਰਾਜ ਦੌਰਾਨ ਲੋਕਾਂ ਉਪਰ ਕੀਤੇ ਧੱਕੇ ਖਿਲਾਫ਼ ਲੋਕਾਂ ਦੇ ਉੱਠ ਰਹੇ ਗੁੱਸੇ ਨੂੰ ਪੁਲੀਸ ਰਾਹੀਂ ਰੋਕਣ ਦੀ ਬਜਾਏ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ।
ਕਾਂਗਰਸ ਸਰਕਾਰ ਨੇ ਸੂਬੇ ਦੀ ਬਦਲੀ ਤਸਵੀਰ: ਜਟਾਣਾ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਸੂਬੇ ਦੀ ਕਾਂਗਰਸ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਕਦਮ ਚੁੱਕੇ ਹਨ ਤੇ ਕਿਸਾਨਾਂ/ਮਜਦੂਰਾਂ ਦੇ ਮੁਆਫ਼ ਕੀਤੇ ਗਏ ਕਰਜੇ ਨੇ ਸੂਬੇ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਇਹ ਦਾਅਵਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਤਲਵੰਡੀ ਸਾਬੋ ਦੇ ਸੇਵਾਦਾਰ ਖ਼ੁਸਬਾਜ਼ ਸਿੰਘ ਜਟਾਣਾ ਨੇ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਹਲਕੇ ’ਚ ਹਰ ਵਰਗ ਦੇ ਮਿਲ ਰਹੇ ਸਮਰਥਨ ’ਤੇ ਖ਼ੁਸੀ ਜਾਹਰ ਕਰਜਦਿਆਂ ਕਿਹਾ ਕਿ ਤਲਵੰਡੀ ਸਾਬੋ ਦੇ ਵਿਕਾਸ ਲਈ ਵੀ ਵੱਡੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ, ਜਿਸਦੇ ਨਾਲ ਹਲਕੇ ਦੀ ਨੁਹਾਰ ਬਦਲੀ ਹੈ। ਇਸੇ ਤਰ੍ਹਾਂ ਕਰਜ਼ਾ ਮੁਆਫ਼ੀ ਸਕੀਮ ਕਾਰਨ ਕਿਸਾਨ-ਮਜਦੂਰ ਤਰੱਕੀ ਦੀ ਰਾਹ ਵੱਲ ਵਧੇ ਹਨ ਤੇ ਖੁਦਕੁਸ਼ੀਆਂ ਦਾ ਰਾਹ ਘਟਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਘਰ ਘਰ ਨੌਕਰੀ ਦੀ ਮੁਹਿੰਮ ਨੇ ਬੇਰੁਜਗਾਰੀ ਨੂੰ ਵੀ ਠੱਲ੍ਹ ਪਾਈ ਹੈ, ਪੈਨਸ਼ਨ/ ਸ਼ਗਨ ਸਕੀਮ ਦੁੱਗਣੀਆਂ ਕਰ ਕੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਨਿਵਾਸੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਕਤ ਬਖਸ਼ੀ ਤਾਂ ਇਸ ਇਲਾਕੇ ਨੂੰ ਹੋਰ ਤਰੱਕੀ ਵੱਲ ਲਿਜਾਇਆ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਵਾਈਸ ਪ੍ਰਧਾਨ ਅਜ਼ੀਜ਼ ਖ਼ਾਨ ,ਚਿੰਟੂ ਜਿੰਦਲ ,ਨਵਦੀਪ ਗੋਲਡੀ ਤੇ ਕੌਂਸਲਰ ਆਦਿ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਦੇ ਬੀ.ਬੀ.ਏ. ਤੀਜਾ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਬੀ.ਏ. ਤੀਜਾ ਸਮੈਸਟਰ (ਬੈੈਚ 2019-22) ਦੇ ਨਤੀਜੇ ਅਨੁਸਾਰ ਇਸ ਕਾਲਜ ਦੀ ਵਿਦਿਆਰਥਣ ਖ਼ੁਸ਼ੀ ਨੇ 94.83 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਚੋਂ ਪਹਿਲਾ ਸਥਾਨ, ਵਰਤਿਕਾ ਨੇ 94.67 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਦਿਵਿਆ ਨੇ 94.33 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 84 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ 90 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ।
ਜੈਜੀਤ ਜੌਹਲ ਨੇ ਸਰੂਪ ਸਿੰਗਲਾ ਨੂੰ ਦਿੱਤਾ ਠੋਕਵਾਂ ਜਵਾਬ
ਸੁਖਜਿੰਦਰ ਮਾਨ
ਬਠਿੰਡਾ 2 ਸਤੰਬਰ:ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਗਏ ਦੋਸ਼ਾਂ ਦਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਨੇ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਬਿਨਾਂ ਵਜ੍ਹਾ ਝੂਠੇ ਇਲਜ਼ਾਮ ਲਾ ਕੇ ਸਸਤੀ ਸ਼ੋਹਰਤ ਲੈਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਗਲਾ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਹਰ ਛੋਟੀ ਛੋਟੀ ਗੱਲ ਨੂੰ ਬਿਨਾਂ ਘੋਖੇ ਪੜਤਾਲੇ ਇਲਜ਼ਾਮਾਂ ਤੇ ਉਤਰ ਆਉਂਦੇ ਹਨ। ਜੌਹਲ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਪੁਲਸ ਨੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਉਸ ਦਾ ਕਾਂਗਰਸ ਪਾਰਟੀ ਜਾਂ ਉਨ੍ਹਾਂ ਨਾਲ ਕੋਈ ਲਿੰਕ ਨਹੀਂ ਹੈ। ਉਨ੍ਹਾਂ ਘਟਨਾ ਦਾ ਵਿਸਥਾਰ ਦੱਸਦਿਆਂ ਕਿ ਪੁਲਸ ਨੇ ਹਰਦੇਵ ਨਗਰ ਤੋਂ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਪੁੱਛਗਿੱਛ ਵਿਚ ਗੁਰੂ ਕੀ ਨਗਰੀ ਦੇ ਇਕ ਵਿਅਕਤੀ ਰਤਨ ਕੁਮਾਰ ਦਾ ਨਾਮ ਲਿਆ ਸੀ ਕਿ ਉਹ ਉਸ ਤੋਂ ਨਸ਼ੀਲੀਆਂ ਗੋਲੀਆਂ ਖਰੀਦ ਕੇ ਲਿਆਇਆ ਹੈ ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਰਤਨ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਖੁਦ ਐੱਸਐੱਸਪੀ ਨੂੰ ਕਿਹਾ ਹੈ ਕਿ ਉਹ ਇਕ ਐਪਲੀਕੇਸ਼ਨ ਦੇ ਦੇਣਗੇ ਜਿਸ ਤੋਂ ਉਸ ਦੇ ਫ਼ੋਨ ਕਾਲ ਦੀਆਂ ਡਿਟੇਲਸ ਮਿਲ ਜਾਣਗੇ ਜਿਸ ਤੋਂ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਰਤਨ ਦਾ ਉਨ੍ਹਾਂ ਨਾਲ ਕੋਈ ਸਬੰਧ ਸੀ ਜਾਂ ਨਹੀਂ। ਜੌਹਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦਾ ਉਕਤ ਵਿਅਕਤੀ ਦਾ ਕੋਈ ਸੰਬੰਧ ਹੁੰਦਾ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਭ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੂੰ ਫੋਨ ਕੀਤਾ ਜਾਦਾ। ਉਨ੍ਹਾਂ ਕਿਹਾ ਕਿ ਸਰੂਪ ਚੰਦ ਸਿੰਗਲਾ ਲਗਾਤਾਰ ਸ਼ਹਿਰ ਅੰਦਰ ਖੁਰ ਰਹੇ ਆਪਣੇ ਆਧਾਰ ਤੋਂ ਬੁਖਲਾਹਟ ਬਚਾ ਕੇ ਅਜਿਹੇ ਦੋਸ਼ ਲਾ ਰਹੇ ਹਨ। ਗੁਰੂ ਕੀ ਨਗਰੀ ਦੇ ਕਾਂਗਰਸੀ ਆਗੂ ਮਹਿੰਦਰ ਭੋਲਾ ਨੇ ਕਿਹਾ ਕਿ ਸਰੂਪ ਚੰਦ ਸਿੰਗਲਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਗਏ ਦੋਸ਼ ਬੇਤੁਕੇ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਸਿੰਗਲਾ ਨੇ ਫੜੇ ਗਏ ਦੋਸ਼ੀ ਨੂੰ ਵਾਰਡ ਪ੍ਰਧਾਨ ਦੱਸਿਆ ਹੈ ਜਦੋਂਕਿ ਉਸ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਿੰਗਲਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਘਟੀਆ ਤੇ ਹੋਛੀ ਰਾਜਨੀਤੀ ਦੀ ਬਜਾਏ ਵਿਕਾਸ ਦੀ ਰਾਜਨੀਤੀ ਕਰਨ। ਭੋਲਾ ਨੇ ਕਿਹਾ ਕਿ ਸਿੰਗਲਾ ਨੂੰ ਇਸ ਤਰ੍ਹਾਂ ਦੀ ਕਿਸੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਮਾਮਲੇ ਦੀ ਪੜਤਾਲ ਕਰ ਲੈਣੀ ਬਣਦੀ ਹੈ ਪਰ ਉਹ ਬੁਖਲਾਹਟ ਵਿੱਚ ਆ ਕੇ ਹਰ ਰੋਜ਼ ਕੋਈ ਨਾ ਕੋਈ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਨੇ ਆਖਿਆ ਕਿ ਸਿੰਗਲਾ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਪੂਰੀ ਗੁਰੂ ਕੀ ਨਗਰੀ ਦੇ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਘਟੀਆ ਪੱਧਰ ਦੀ ਰਾਜਨੀਤੀ ਤੇ ਉਤਰ ਆਏ ਹਨ ਉਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਿਕਾਸ ਦੀ ਰਾਜਨੀਤੀ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਅਕਾਲੀ ਦਲ ਦੀ ਕੋਰ ਕਮੇਟੀ ਚ ਉੱਠੇਗਾ ਮਲੂਕਾ ਦੀ ਨਾਰਾਜ਼ਗੀ ਦਾ ਮਾਮਲਾ
ਮਲੂਕਾ ਵਲੋਂ ਸਮਰਥਕਾਂ ਰਾਹੀ ਬਾਦਲ ਪ੍ਰਵਾਰ ’ਤੇ ਦਬਾਅ ਦੀ ਨੀਤੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 30 ਅਸਗਤ -ਬਸਪਾ ਨਾਲ ਗਠਜੋੜ ਤੋਂ ਬਾਅਦ ਸਿਆਸੀ ਤੌਰ ’ਤੇ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਰਾਮਪੁਰਾ ਫ਼ੂਲ ਹਲਕੇ ਤੋਂ ਚੋਣ ਲੜਣ ਤੋਂ ਕੀਤੀ ਨਾਂਹ ਦਾ ਮੁੱਦਾ ਭਲਕੇ ਹੋ ਰਹੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਠ ਸਕਦਾ ਹੈ। ਪਾਰਟੀ ਦੇ ਉਚ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬੀਤੇ ਕੱਲ ਸ: ਮਲੂਕਾ ਵਲੋਂ ਲਏ ਸਖ਼ਤ ਸਟੈਂਡ ਤੋਂ ਬਾਅਦ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਚੱਲਦੇ ਕੋਰ ਕਮੇਟੀ, ਜਿਸਦੇ ਖ਼ੁਦ ਸਾਬਕਾ ਮੰਤਰੀ ਸ: ਮਲੂਕਾ ਵੀ ਮੈਂਬਰ ਹਨ, ਇਸ ਮਾਮਲੇ ਵਿਚ ਚਰਚਾ ਕਰ ਸਕਦੀ ਹੈ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਦੀ ਮੋੜ ਹਲਕੇ ਤੋਂ ਉਮੀਦਵਾਰੀ ਦੇ ਐਲਾਨ ਉਪਰ ਮੋਹਰ ਲਗਾਈ ਜਾ ਸਕਦੀ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਜਾਰੀ ਬਿਆਨਾਂ ਵਿਚ ਸ: ਮਲੂਕਾ ਨੇ ਸੁਖਬੀਰ ਸਿੰਘ ਬਾਦਲ ਵਲੋਂ ਉਮੀਦਵਾਰਾਂ ਦੇ ਕੀਤੇ ਜਾ ਰਹੇ ਐਲਾਨ ਦੇ ਮਾਮਲੇ ਵਿਚ ਵੀ ਅਸਿੱਧੇ ਢੰਗ ਨਾਲ ਉਗਲ ਚੁੱਕਦਿਆਂ ਅਪਣੇ ਨਾਲ ਉਮੀਦਵਾਰੀ ਦੇ ਐਲਾਨ ਸਬੰਧੀ ਕੋਈ ਮਸ਼ਵਰਾ ਜਾਂ ਜਾਣਕਾਰੀ ਨਾ ਦੇਣ ਦਾ ਦਾਅਵਾ ਕੀਤਾ ਸੀ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸ: ਮਲੂਕਾ ਸਹਿਤ ਅਕਾਲੀ ਦਲ ਦੇ ਕੁੱਝ ਹੋਰ ਆਗੂ ਵੀ ਪਾਰਟੀ ਪ੍ਰਧਾਨ ਵਲੋਂ ਉਮੀਦਵਾਰਾਂ ਦੇ ਕੀਤੇ ਜਾ ਰਹੇ ਐਲਾਨਾਂ ਦੇ ਢੰਗ ਤਰੀਕਿਆਂ ’ਤੇ ਇਤਰਾਜ ਕਰ ਰਹੇ ਹਨ। ਉਧਰ ਮੋੜ ਹਲਕੇ ਤੋਂ ਚੋਣ ਲੜਣ ਲਈ ਬਜਿੱਦ ਸਿਕੰਦਰ ਸਿੰਘ ਮਲੂਕਾ ਵਲੋਂ ਅਪਣੇ ਸਮਰਥਕਾਂ ਰਾਹੀਂ ਹਾਈਕਮਾਂਡ ’ਤੇ ਦਬਾਅ ਪਾਉਣ ਦੀ ਨੀਤੀ ਜਾਰੀ ਹੈ। ਬੀਤੇ ਕੱਲ ਖ਼ੁਦ ਸ: ਮਲੂਕਾ ਵਲੋਂ ਜਿੱਥੇ ਮੋੜ ਹਲਕੇ ’ਚ ਅਪਣੇ ਸਮਰਥਕਾਂ ਦਾ ਭਾਰੀ ਇਕੱਠ ਕੀਤਾ ਗਿਆ ਸੀ ਉਥੇ ਅੱਜ ਉਨ੍ਹਾਂ ਦੇ ਸਮਰਥਨ ਵਿਚ ਅਹੁਦੇਦਾਰਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਸ: ਮਲੂਕਾ ਨੂੰ ਮੌੜ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਮੰਗ ਕਰਦਿਆਂ ਅਸਿੱਧੇ ਢੰਗ ਨਾਲ ਹਾਈਕਮਾਂਡ ਨੂੰ ਮਿੱਠੀ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਪਾਰਟੀ ਹਾਈ ਕਮਾਨ ਨੇ ਹਲਕਾ ਮੌੜ ਦੀ ਜਥੇਬੰਦੀ ਦੀਆਂ ਭਾਵਨਾਂ ਨੂੰ ਅਣਗੌਲਿਆਂ ਕੀਤਾ ਅਤੇ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੱਤੀ ਤਾਂ ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਘਰਾਂ ਵਿੱਚ ਬੈਠਣ ਲਈ ਵੀ ਮਜਬੂਰ ਹੋ ਸਕਦੇ ਹਨ। ਇੱਥੇ ਜਾਰੀ ਬਿਆਨ ਵਿਚ ਅਕਾਲੀ ਦਲ ਦੇ ਅਹੁੱਦੇਦਾਰਾਂ ਜਥੇਦਾਰ ਸਾਧੂ ਸਿੰਘ ਕੋਟਲੀ ,ਸਰਕਲ ਪ੍ਰਧਾਨ ਸੁਖਦੇਵ ਸਿੰਘ ਮਾਈਸਰਖਾਨਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਗਿੱਲ ਕਲਾਂ, ਸਰਕਲ ਪ੍ਰਧਾਨ ਕੁਲਦੀਪ ਸਿੰਘ ਬੁਰਜ, ਸਰਕਲ ਪ੍ਰਧਾਨ ਜਸਵੀਰ ਸਿੰਘ ਬਦਿਆਲਾ, ਸਰਦਲ ਪ੍ਰਧਾਨ ਬਲਵੀਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਬਲਵੀਰ ਸਿੰਘ ਚਾਉਕੇ, ਸੁਖਜਿੰਦਰ ਪੰਮਾ ਬਾਲਿਆਂਵਾਲੀ, ਸੀਨੀਅਰ ਮੀਤ ਪ੍ਰਧਾਨ ਯੂਥ ਜਗਸੀਰ ਸਿੰਘ ਬੁਰਜ ,ਸੰਯੁਕਤ ਸਕੱਤਰ ਗੁਰਜੰਟ ਸਿੰਘ ਪਿੱਥੋ, ਸੰਯੁਕਤ ਸਕੱਤਰ ਯੂਥ ਨਵਦੀਪ ਸਿੰਘ ਭਾਈ ਬਖਤੌਰ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਸਿੰਘ ਬਾਠ ਤੋਂ ਇਲਾਵਾ ਦਰਜ਼ਨਾਂ ਹੋਰ ਆਗੂਆਂ ਨੇ ਕਿਹਾ ਕਿ ਮਲੂਕਾ ਦੀ ਅਗਵਾਈ ਵਿਚ ਹਲਕਾ ਮੌੜ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ, ਜਿਸਦੇ ਚੱਲਦੇ ਪਾਰਟੀ ਉਨ੍ਹਾਂ ਨੂੰ ਜਲਦ ਤੋਂ ਜਲਦ ਉਮੀਦਵਾਰ ਐਲਾਨੇ।
ਰੋਲਾ ਵਿਧਾਇਕੀ ਦਾ ਨਹੀਂ, ਮੰਤਰੀ ਦੇ ਅਹੁੱਦੇ ਦਾ ਵੀ!
ਬਠਿੰਡਾ: ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ’ਤੇ ਡੂੰਘੀ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਇਸ ਵਿਵਾਦ ’ਤੇ ਟਿੱਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ‘ਅਸਲ ਵਿਚ ਰੋਲਾ ਵਿਧਾਇਕੀ ਜਾਂ ਟਿਕਟ ਦਾ ਨਹੀਂ, ਬਲਕਿ ਮੰਤਰੀ ਦੇ ਅਹੁੱਦੇ ਦਾ ਵੀ ਹੈ, ਕਿਉਂਕਿ ਜੇਕਰ ਅਕਾਲੀ ਦਲ ਮੋੜ ਤੋਂ ਜਗਮੀਤ ਬਰਾੜ ਨੂੰ ਟਿਕਟ ਦਿੰਦਾ ਹੈ ਤਾਂ ਬਠਿੰਡਾ ਜ਼ਿਲ੍ਹੇ ਦੀਆਂ ਅੱਧੀ ਦਰਜ਼ਨ ਸੀਟਾਂ ਵਿਚੋਂ 3 ਉਮੀਦਵਾਰ ਅਕਾਲੀ ਸਰਕਾਰ ਬਣਨ ’ਤੇ ਵਜ਼ਾਰਤ ਦੇ ਦਾਅਵੇਦਾਰ ਹਨ। ’ਇੰਨ੍ਹਾਂ ਵਿਚੋਂ ਇੱਕ ਖ਼ੁਦ ਸਿਕੰਦਰ ਸਿੰਘ ਮਲੂਕਾ ਹਨ, ਜਿਹੜੇ ਪਹਿਲਾਂ ਵੀ ਵਜ਼ੀਰ ਰਹਿ ਚੁੱਕੇ ਹਨ ਤੇ ਦੂਜੇ ਤਲਵੰਡੀ ਸਾਬੋ ਹਲਕੇ ਤੋਂ ਸੱਤਵੀਂ ਵਾਰ ਚੋਣ ਲੜਣ ਜਾ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਜਿੱਤਣ ਦੀ ਸੂਰਤ ਵਿਚ ਮੰਤਰੀ ਦੇ ਅਹੁੱਦੇ ਦੇ ਵੱਡੇ ਦਾਅਵੇਦਾਰ ਹਨ, ਕਿਉਂਕਿ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸ: ਬਰਾੜ ਵੀ ਆਪਣੇ ਸਿਆਸੀ ਕੱਦ ਮੁਤਾਬਕ ਵੱਡੀ ਵਜ਼ਾਰਤ ਦੇ ਦਾਅਵੇਦਾਰ ਬਣ ਜਾਂਦੇ ਹਨ।
ਬਠਿੰਡਾ ਸ਼ਹਿਰ ’ਚ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ
ਲੇਜ਼ਰ ਲਾਈਟਿੰਗ ਸ਼ੋਅ ਰਿਹਾ ਖਿੱਚ ਦਾ ਕੇਂਦਰ
ਵਿੱਤ ਮੰਤਰੀ ਨੇ ਜਨਮ ਅਸ਼ਟਮੀ ਦੀ ਦਿੱਤੀ ਮੁਬਾਰਕਬਾਦ
ਸੁਖਜਿੰਦਰ ਮਾਨ
ਬਠਿੰਡਾ, 30 ਅਸਗਤ-ਸਥਾਨਕ ਸ਼ਹਿਰ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸਾਰੇ ਹੀ ਮੰਦਿਰਾਂ ਵਿਚ ਸ਼ਰਧਾਲੂ ਦੀ ਭਰਮਾਰ ਰਹੀ ਤੇ ਉਨ੍ਹਾਂ ਅਪਣੇ ਇਸ਼ਟ ਪ੍ਰਤੀ ਸਰਧਾ ਨਾਲ ਸਿਰ ਝੁਕਾਇਆ। ਸ਼ਹਿਰ ਦੇ ਮੰਦਿਰਾਂ ਨੂੰ ਸ਼ਰਧਾਲੂਆਂ ਅਤੇ ਪ੍ਰਬੰਧਕੀ ਕਮੇਟੀਆਂ ਵਲੋਂ ਮਨਮੋਹਕ ਸਜ਼ਾਵਟ ਕੀਤੀ ਗਈ ਸੀ। ਦੂਜੇ ਪਾਸੇ ਜਨਮ ਅਸਟਮੀ ਮੌਕੇ ਨਗਰ ਨਿਗਮ ਵਲੋਂ ਵੀ ਬਠਿੰਡਾ ਸ਼ਹਿਰ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਲਾਈਟਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਮਾਲ ਰੋਡ ’ਤੇ ਗੋਲ ਡਿੱਗੀ ਉਪਰ ਦੇਰ ਰਾਤ ਤੱਕ ਚੱਲਿਆ ਲੇਜ਼ਰ ਲਾਈਟਿੰਗ ਸ਼ੋਅ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਜਨਮ ਅਸਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਗਲੀ ਪੀੜ੍ਹੀ ਨੂੰ ਗੀਤਾ ਦੇ ਗਿਆਨ ਤੋਂ ਜਾਣੂ ਕਰਵਾਉਣ ਲਈ ਇਹ ਸਮਾਗਮ ਵੱਡੀ ਪੱਧਰ ’ਤੇ ਮਨਾਇਆ ਗਿਆ ਹੈ। ਐਤਵਾਰ ਦੇਰ ਰਾਤ ਜਨਮਅਸ਼ਟਮੀ ਦਾ ਤਿਉਹਾਰ ਸੰਪਨ ਹੋਇਆ ਅਤੇ ਸੋਮਵਾਰ ਨੂੰ ਵਿੱਤ ਮੰਤਰੀ ਨੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਮੱਥਾ ਟੇਕ ਕੇ ਅਮਨ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਪਤਨੀ ਵੀਨੂੰ ਬਾਦਲ ਤੋਂ ਇਲਾਵਾ ਮੇਅਰ ਰਮਨ ਗੋਇਲ, ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ , ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਰਾਜਨ ਗਰਗ ,ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਤੇ ਕਾਂਗਰਸੀ ਵਰਕਰ ਹਾਜ਼ਰ ਸਨ।
ਸਾਬਕਾ ਵਿਧਾਇਕ ਕੋਟਫੱਤਾ ਦੀ ਉਮੀਦਵਾਰੀ ’ਤੇ ਅਕਾਲੀ ਵਰਕਰਾਂ ਨੇ ਜਤਾਈ ਖ਼ੁਸੀ
ਸੁਖਜਿੰਦਰ ਮਾਨ
ਬਠਿੰਡਾ 30 ਅਗਸਤ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਸੀਟ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਉਮੀਦਵਾਰ ਐਲਾਨਣ ’ਤੇ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੇ ਖ਼ੁਸੀ ਜਤਾਉਂਦਿਆਂ ਇਸਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇੱਥੇ ਜਾਰੀ ਬਿਆਨ ਵਿਚ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ ਸ: ਕੋਟਫੱਤਾ ਨਾ ਸਿਰਫ਼ ਪਾਰਟੀ ਦੇ ਮਿਹਨਤੀ, ਇਮਾਨਦਾਰ ਵਰਕਰ ਹਨ, ਬਲਕਿ ਹਰ ਵਰਗ ਦੇ ਸਤਿਕਾਰਤ ਉਮੀਦਵਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭੁੱਚੋਂ ਹਲਕੇ ਤੋਂ ਇਨ੍ਹਾਂ ਦੀ ਜਿੱਤ ਰਿਕਾਰਡ ਵੋਟਾਂ ਨਾਲ ਜਿੱਤ ਹੋਵੇਗੀ। ਇਸ ਮੌਕੇ ਯੂਥ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਅਤੇ ਕੌਮੀ ਸਕੱਤਰ ਗਰਦੌਰ ਸਿੰਘ ਦੇ ਨਾਲ ਅਕਾਲੀ ਆਗੂ ਪ੍ਰੀਤਮ ਸਿੰਘ ਖਿਆਲੀਵਾਲਾ, ਜਥੇਦਾਰ ਗੁਰਤੇਜ ਸਿੰਘ ,ਗੁਰਚਰਨ ਸਿੰਘ ਔਲਖ, ਜਗਸੀਰ ਸਿੰਘ ਟਾਇਗਰ, ਅਮਰਜੀਤ ਸਿੰਘ ਜੰਡਾਂਵਾਲਾ ,ਗੁਰਤੇਜ ਸਿੰਘ ਨਾਥਪੁਰਾ, ਇਕਬਾਲ ਸਿੰਘ ਬਰਕੰਦੀ ,ਦਰਸ਼ਨ ਸਿੰਘ ਮਾਲਵਾ ,ਸਿਕੰਦਰ ਸਿੰਘ ਚੇਅਰਮੈਨ, ਦਵਿੰਦਰ ਸਿੰਘ ਗੋਲਡੀ, ਸੁਖਰਾਜ ਸਿੰਘ ਰਾਜੀ ,ਅਕਬਰ ਸਿੰਘ ਗਿੱਲਪੱਤੀ ,ਹਰਮੀਤ ਸਿੰਘ ਬਾਹੀਆ, ਰਾਜਵਿੰਦਰ ਸਿੰਘ ਨਹਿਰੂ ,ਰਛਪਾਲ ਸਿੰਘ ,ਜਗਮੀਤ ਸਿੰਘ ਭੋਖੜਾ, ਜਗਸ਼ੇਰ ਸਿੰਘ ਪੂਹਲੀ ,ਹਰਗੋਬਿੰਦ ਸਿੰਘ ਚੇਅਰਮੈਨ, ਸੁੱਖੀ ਜਥੇਦਾਰ , ਭੋਲਾ ਸਿੰਘ ਅਬਲੂ, ਲਛਮਣ ਸਿੰਘ ਭਲੇਰੀਆ, ਪਿ੍ਰੰਸ ਗੋਲਣ, ਜਗਜੀਤ ਸਿੰਘ ਮਹਿਮਾ ਸਰਜਾ, ਮਾਨ ਸਿੰਘ, ਅਮੀਰ ਸਿੰਘ ਮੱਕਡ ,ਸੁੱਖੀ ਲਹਿਰਾਮੁਹੱਬਤ, ਪ੍ਰੇਮ ਕੁਮਾਰ ਪ੍ਰੇਮਾ, ਭਲਵਿੰਦਰ ਸਿੰਘ ਭਿੰਡਰ ,ਜੱਸਾ ਸਰਪੰਚ, ਗੁਰਤੇਜ ਸਿੰਘ, ਜਰਨੈਲ ਸਿੰਘ ਜੀਦਾ,ਜਥੇਦਾਰ ਕੁਲਵੰਤ ਸਿੰਘ, ਸੋਨੂੰ ਦੁਆ ,ਗੁਰਜੰਟ ਸਿੰਘ ਨੇਹੀਆਂਵਾਲਾ, ਸਿਕੰਦਰ ਸਿੰਘ ਬੇਗਾ, ਸੁਖਚੈਨ ਸਿੰਘ ਭੁੱਚੋ ਆਦਿ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ।
ਖ਼ੁਸਬਾਜ ਜਟਾਣਾ ਵਲੋਂ ਹਲਕੇ ਦੇ ਲੋਕਾਂ ਨਾਲ ਤਾਲਮੇਲ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 30 ਅਸਗਤ -ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਬਠਿੰਡਾ ਜਿਲਾ ਦੇ ਦਿਹਾਤੀ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਉਹਨਾਂ ਪਿੰਡ ਲੇਲੇਵਾਲਾ , ਜਗ੍ਹਾ ਰਾਮਤੀਰਥ, ਜੱਬਰ ਬਸਤੀ, ਸਿੰਗੋ ਵਿਖੇ ਸਮੱਸਿਆਂਵਾਂ ਸੁਣੀਆਂ ਅਤੇ ਮੌਕੇ ’ਤੇ ਹੱਲ ਕਰਵਾਇਆ। ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਅਤੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਯਤਨਸੀਲ ਹੈ। ਇਸ ਮੌਕੇ ਜਟਾਣਾ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮੁੱਖ ਮੰਤਵ ਹਲਕਾ ਤਲਵੰਡੀ ਸਾਬੋ ਨੂੰ ਨਮੂਨੇ ਦਾ ਹਲਕਾ ਬਣਾਉਣਾ ਹੈ, ਜਿਸਦੇ ਲਈ ਉਹ ਪਿਛਲੇ ਸਾਢੇ ਚਾਰ ਸਾਲਾਂ ਤੋਂ ਯਤਨਸ਼ੀਲ ਹਨ। ਉਹਨਾਂ ਪਾਰਟੀ ਵਰਕਰਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਰਗਰਮ ਹੋਣ ਅਤੇ ਮਿਸਨ 2022 ਲਈ ਜੁਟਣ ਲਈ ਕਿਹਾ ਤਾਂ ਜੋ ਹਲਕੇ ਤੋਂ ਵੱਡੀ ਪ੍ਰਾਪਤ ਕਰ ਹਲਕੇ ਦੇ ਵੱਡੀ ਪੱਧਰ ਦੇ ਵਿਕਾਸ ਲਈ ਹੋਰ ਤੇਜੀ ਲਿਆਂਦੀ ਜਾ ਸਕੇਗੀ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਰਣਜੀਤ ਸੰਧੂ ਸਹਿਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।






