Thursday, April 30, 2026
Home Blog Page 2750

ਅਧਿਆਪਕ ਮੋਮਬੱਤੀ ਵਾਂਗ ਹੈ, ਜੋ ਖੁੱਦ ਜਲ ਕੇ ਬੱਚਿਆ ਦੇ ਭਵਿੱਖ ਨੂੰ ਰੌਸ਼ਨ ਕਰਦਾ: ਸ਼ਿਵਪਾਲ

0

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਵਚਨਬੱਧ : ਮੇਵਾ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ: ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਹਮੇਸ਼ਾ ਵਚਨਬੱਧ ਹੈ ਤੇ ‘‘ ਜਿਸਦੀ ਸੋਚ ਦਾ ਦਾਇਰਾ ਸਰਵ-ਵਿਆਪਕ ਹੁੰਦਾ ਹੈ, ਨਵ-ਨਿਰਮਾਤਾ ਹੁੰਦਾ ਹੈ ਉਹ ਇੱਕ ਅਧਿਆਪਕ ਹੁੰਦਾ ਹੈ। ’’ ਇਹ ਦਾਅਵਾ ਅੱਜ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਹੋਏ ਵਰਚੂਅਲ ਅਧਿਆਪਕ ਦਿਵਸ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਿਵਪਾਲ ਨੇ ਕਰਦਿਆਂ ਕਿਹਾ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਖੁੱਦ ਜਲ ਕੇ, ਬੱਚਿਆਂ ਦੇ ਭਵਿੱਖ ਨੂੰ ਰੌਸ਼ਨਾਉਂਦਾ ਹੈ। ਇਸ ਮੌਕੇ ਉਨ੍ਹਾਂ ਵਰਚੂਅਲ ਪ੍ਰੋਗਰਾਮ ਚ ਸ਼ਾਮਲ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ।ਇਸ ਦੌਰਾਨ ਪਿੰਡ ਭੂੰਦੜ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਹੈਡ ਅਧਿਆਪਕ ਨਿਭੈਅ ਸਿੰਘ ਨੂੰ ਸਟੇਟ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੱਕਬਾਲ ਸਿੰਘ, ਬਲਜੀਤ ਸਿੰਘ ਸੰਦੋਹਾ ਆਦਿ ਹਾਜ਼ਰ ਸਨ।

ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਮੈਚਾਂ ਦੇ ਜੇਤੂਆਂ ਨੂੰ ਮਨਪ੍ਰੀਤ ਨੇ ਵੰਡੇ ਇਨਾਮ

0

ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ : ਸਥਾਨਕ ਪੁਲਿਸ ਲਾਈਨ ਵਿਖੇ ਕੌਪਸ ਕਲੱਬ ਵਿੱਖੇ ਬਠਿੰਡਾ ਕਿ੍ਰਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਿਕਟ ਮੈਚਾਂ ਦੇ ਜੇਤੂਆਂ ਨੂੰ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਇਨਾਮ ਵੰਡੇ ਗਏ। ਇਸ ਮੌਕੇ ਵਿਸੇਸ ਤੌਰ ’ਤੇ ਐਸ.ਐਸ.ਪੀ ਅਜੈ ਮਲੂਜ਼ਾ ਵੀ ਪੁੱਜੇ ਹੋਏ ਸਨ। ਵਿੱਤ ਮੰਤਰੀ ਨੇ ਅੰਡਰ 19 ਬਠਿੰਡਾ ਕਿ੍ਰਕਟ ਟੀਮ ਦੀ ਹੌਂਸਲਾ ਅਫਜ਼ਾਈ ਕਰਦਿਆਂ ਅੱਗੇ ਵਧਣ ਦੀ ਕਾਮਨਾ ਕੀਤੀ। ਇਸ ਦੌਰਾਨ ਬਠਿੰਡਾ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਘੁੱਦਾ ਅਤੇ ਜਰਨਲ ਸਕੱਤਰ ਅਰੁਣ ਵਧਾਵਨ ਨੇ ਅਤੇ ਉਹਨਾਂ ਦੀ ਟੀਮ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਵਿੱਤ ਮੰਤਰੀ ਨੇ ਮਹੇਸ਼ਵਰੀ ਕਲੋਨੀ,ਹੋਮਲੈਂਡ ਕਲੋਨੀ,ਪਰਸ ਰਾਮ ਨਗਰ, ਪਰਤਾਪ ਨਗਰ,ਮਾਡਲ ਟਾਊਨ ਫੇਸ 2 ਅਤੇ 3, ਟੈਗੋਰ ਨਗਰ,ਗੁਰੂ ਤੇਗ ਬਹਾਦੁਰ ਨਗਰ ਵਿੱਚ ਵੀ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਚੇਅਰਮੈਨ ਪਲੈਨਿੰਗ ਬੋਰਡ ਰਾਜਨ ਗਰਗ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ, ਸੀਨੀਅਰ ਆਗੂ ਅਨਿਲ ਭੋਲਾ, ਹਰੀ ਓਮ ਠਾਕੁਰ, ਕੋਂਸਲਰ ਵਿਵੇਕ ਗਰਗ, ਸੰਦੀਪ ਬਾਗਲਾ ਤੇ ਹੋਰ ਪਤਵੰਤੇ ਹਾਜ਼ਰ ਸਨ।

ਅਧਿਆਪਕ ਦਿਵਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਖਜ਼ਾਨਾ ਮੰਤਰੀ ਨੂੰ ਖੂਨ ਭੇਂਟ

0

ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ : ਅੱਜ ਅਧਿਆਪਕ ਦਿਵਸ ਮੌਕੇ ਜਿੱਥੇ ਸੂਬੇ ਭਰ ’ਚ ਅਧਿਆਪਕ ਦਿਵਸ ਸਮਾਰੋਹ ਕਰਵਾਏ ਜਾ ਰਹੇ ਸਨ, ਉਥੇ ਸਥਾਨਕ ਸ਼ਹਿਰ ਵਿਚ ਇਕੱਠੇ ਹੋਏ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਖੂਨ ਦਾ ਪਿਆਲਾ ਭਰ ਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਪੁੱਜੇ ਹੋਏ ਸਨ। ਇਸਤੋਂ ਪਹਿਲਾਂ ਸਥਾਨਕ ਰੋਜ ਗਾਰਡਨ ਵਿਚ ਇਕੱਤਰ ਹੋਏ ਸੈਕੜੇ ਬੇਰੁਜ਼ਗਾਰ ਅਧਿਆਪਕਾਂ ਨੇ ਸਰਿੰਜ਼ਾਂ ਨਾਲ ਖੂਨ ਕੱਢ ਕੇ ਇਕੱਤਰ ਕੀਤਾ। ਜਿਸਤੋਂ ਬਾਅਦ ਖਾਲੀ ਪੀਪੇ ਖੜਕਾਉਂਦੇ ਹੋਏ ਉਹ ਵਿਤ ਮੰਤਰੀ ਦੇ ਦਫਤਰ ਵੱਲ ਨੂੰ ਰੋਸ ਮਾਰਚ ਕਰਦੇ ਹੋਏ ਪੁੱਜੇ। ਇਸ ਦੌਰਾਨ ਪੁਲਿਸ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦੇ ਰੋਸ਼ ਨੂੰ ਵੇਖਦਿਆਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਿਸਦੇ ਚੱਲਦੇ ਬੇਰੁਜਗਾਰਾਂ ਨੂੰ ਦੂਰ ਰੋਕ ਲਿਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ‘ਘਰ – ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋ ਜਦ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਕਰਦੇ ਹਨ ਤਾਂ ਸਰਕਾਰ ਕਹਿੰਦੀ ਹੈ ਕਿ ਖਜ਼ਾਨਾਂ ਖਾਲ੍ਹੀ ਹੈ। ਪਰ ਹਕੀਕਤ ਇਹ ਹੈ ਕਿ ਇਹ ਖਜ਼ਾਨਾਂ ਸਿਰਫ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਸਮੇਂ ਹੀ ਖਾਲ੍ਹੀ ਹੁੰਦਾ ਹੈ ਜਦਕਿ ਮੰਤਰੀਆਂ/ਵਿਧਾਇਕਾਂ/ਸੰਸਦਾਂ ਨੂੰ ਨਵੀਆਂ ਗੱਡੀਆਂ ਦੇਣ ਸਮੇਂ ਤੇ ਪੰਜ-ਪੰਜ,ਛੇ-ਛੇ ਪੈਨਸ਼ਨਾਂ,ਬੇਲੋੜੇ ਭੱਤੇ ਦੇਣ ਸਮੇਂ ਇਹ ਖਜ਼ਾਨਾਂ ਭਰ ਜਾਂਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ ਕਲਾਂ, ਬਲਰਾਜ ਮੌੜ,ਕੁਲਵਿੰਦਰ ਸਿੰਘ,ਹਰਵਿੰਦਰ ਸਿੰਘ ,ਨਰਿੰਦਰ ਸਿੰਘ ਕੰਬੋਜ, ਪ੍ਰਵੀਨ ਕੌਰ ,ਲਵਦੀਪ ਸਿੰਘ,ਹਰਦੀਪ ਸਿੰਘ,ਰਾਜ ਕਿਰਨ,ਅੰਗਰੇਜ ਸਿੰਘ,ਗਗਨਦੀਪ ਸਿੰਘ,ਸੁਖਦੇਵ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।

ਆਪ ਨੂੰ ਮਹਿੰਗੀ ਪੈ ਸਕਦੀ ਹੈ ‘ਭਗਵੰਤ ਮਾਨ’ ਦੀ ਨਾਰਾਜ਼ਗੀ

0

ਪਿਛਲੀ ਵਾਰ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਕਾਰਨ ਹੋਇਆ ਸੀ ਪਾਰਟੀ ਦਾ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ,05 ਸਤੰਬਰ : ਦਿੱਲੀ ਤੋਂ ਬਾਅਦ ਪੰਜਾਬ ’ਚ ਸੱਤਾ ਹਾਸਲ ਕਰਨ ਲਈ ਪਿਛਲੇ ਅੱਠ ਨੌਂ ਸਾਲਾਂ ਤੋਂ ਭੱਜ ਦੌੜ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਐਨ ਚੋਣਾਂ ਮੌਕੇ ਪੈਦਾ ਹੋਈ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈ। ਪਿਛਲੀ ਵਾਰ ਦੀ ਤਰ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਕਾਰਨ ਪਾਰਟੀ ਵਰਕਰਾਂ ਚ ਭਾਰੀ ਨਿਰਾਸ਼ਤਾ ਦੇਖੀ ਜਾ ਰਹੀ ਹੈ। ਸੂਬੇ ਦੇ ਲੋਕ ਵੀ ਪਾਰਟੀ ਵੱਲੋਂ ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਲਈ ਲਿਆਂਦੇ ਜਾਣ ਵਾਲੇ ‘ਮਲਾਹ’ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਦੋਂਕਿ ਪਾਰਟੀ ਦੇ ਦਿੱਲੀ ਵਾਲੇ ਆਗੂ ਦੂਜੀਆਂ ਪਾਰਟੀਆਂ ਤੋਂ ਇਲਾਵਾ ਸਮਾਜ ਸੇਵਾ ’ਚ ਵਿਚਰ ਰਹੇ ਚਿਹਰਿਆਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ। ਚਰਚਾ ਮੁਤਾਬਕ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਬੇਸ਼ੱਕ ਸੂਬੇ ਦੇ ਵੋਟਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਸਕਦੇ ਹਨ ਪ੍ਰੰਤੂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੋਕਾਂ ਦਾ ਪਲੜਾ ਇਸ ਪਾਰਟੀ ਵੱਲ ਝੁਕਣਾ ਮੁਸ਼ਕਲ ਜਾਪਦਾ ਹੈ। ਬੇਸ਼ੱਕ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਹਿਤ ਜਿਆਦਾਤਰ ਆਗੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦਾ ਕਈ ਵਾਰ ਦਾਅਵਾ ਕਰ ਚੁੱਕੇ ਹਨ ਪ੍ਰੰਤੂ ਹੁਣ ਜਦ ਦੂਜੀਆਂ ਪਾਰਟੀਆਂ ਦੀ ਸਥਿਤੀ ਸਾਫ ਹੁੰਦੀ ਜਾ ਰਹੀ ਹੈ ਅਜਿਹੀ ਹਾਲਤ ਵਿੱਚ ਆਪ ਦਾ ਪਿੱਛੇ ਰਹਿਣਾ ਇਸ ਨੂੰ ਸਿਆਸੀ ਤੌਰ ‘ਤੇ ਨੁਕਸਾਨ ਪਹੁੰਚਾ ਸਕਦਾ ਹੈ। ਗੈਰ ਰਸਮੀ ਗੱਲਬਾਤ ਦੌਰਾਨ ਪਾਰਟੀ ਦੇ ਜਿਆਦਾਤਰ ਵਿਧਾਇਕ ਅਤੇ ਦੂਜੀ ਕਤਾਰ ਦੇ ਆਗੂ ਇਸ ਗੱਲ ਨਾਲ ਸਹਿਮਤ ਹਨ ਕਿ ਪਾਰਟੀ ਨੂੰ ਹੁਣ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ। ਪਾਰਟੀ ਦੇ ਇੱਕ ਆਗੂ ਦਾ ਮੰਨਣਾ ਸੀ ਕਿ ਬੇਸ਼ੱਕ ਪਾਰਟੀ ਆਗੂਆਂ ਵਲੋਂ ਦਿੱਲੀ ਵਿਚ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਪ੍ਰਚਾਰਿਆਂ ਜਾ ਰਿਹਾ ਹੈ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਅੰਦਰ ਵੋਟਾਂ ਜਿੱਤਣ ਵਾਲੀ ਪਾਰਟੀ ਵਲੋਂ ਪੇਸ਼ ਕੀਤੇ ਜਾਣ ਵਾਲੇ ਮੁੱਖ ਮੰਤਰੀ ਚਿਹਰੇ ਦੇ ਨਾਂ ਵੋਟਾਂ ਪੈਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਸਦੀ ਵੱਡੀ ਉਦਾਹਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਹਨ, ਜਿਸ ਵਿਚ ਕਾਂਗਰਸ ਪਾਰਟੀ ਨਹੀਂ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਸੱਤਾ ਹਾਸਲ ਹੋਈ ਸੀ। ਜਦੋਂਕਿ ਅਕਾਲੀ ਦਲ ਨੂੰ ਇਸਦੀ ਅਗਵਾਈ ਕਰ ਰਹੇ ਬਾਦਲ ਪ੍ਰਵਾਰ ਕਾਰਨ ਤੀਜ਼ੇ ਥਾਂ ’ਤੇ ਆਉਣਾ ਪਿਆ ਸੀ। ਸੂਬੇ ਦੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਆਧਾਰ ਰੱਖਣ ਵਾਲੇ ਆਗੂਆਂ ਨੂੰ ਖੂੰਜੇ ਲਗਾਉਣਾ ਆਪ ਨੂੰ ਮੁੜ ਮਹਿੰਗਾ ਪੈ ਸਕਦਾ ਹੈ। ਪਿਛਲੀ ਵਾਰ ਚੋਣਾਂ ਤੋਂ ਐਨ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ ਤੇ ਹੋਰਨਾਂ ਦੇ ਕੀਤੇ ਹਸ਼ਰ ਦਾ ਪੰਜਾਬੀਆਂ ਨੇ ਬੁਰਾ ਮਨਾਇਆ ਸੀ। ਪ੍ਰੰਤੂ ਪਾਰਟੀ ਇਸਤੋਂ ਸਬਕ ਲੈਣ ਦੀ ਬਜ਼ਾਏ ਮੁੜ ਭਗਵੰਤ ਮਾਨ ਨੂੰ ਬਲੀ ਦਾ ਬੱਕਰਾ ਬਣਾ ਕੇ ਇਤਿਹਾਸ ਦੁਹਰਾਉਣ ਜਾ ਰਹੀ ਹੈ। ਆਪ ਦੇ ਇੱਕ ਵਿਧਾਇਕ ਨੇ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਣਗੋਲਿਆ ਕਰਨਾ ਪਾਰਟੀ ਲਈ ਕਾਫ਼ੀ ਮਹਿੰਗਾ ਸਾਬਤ ਹੋ ਸਕਦਾ ਹੈ। ’’ ਉਕਤ ਵਿਧਾਇਕ ਦਾ ਮੰਨਣਾ ਸੀ ਕਿ ਪੰਜਾਬੀ ਲੋਕ ਬਾਹਰੋ ਥੋਪੇ ਲੀਡਰ ਨੂੰ ਬਰਦਾਸਤ ਨਹੀਂ ਕਰਦੇ ਤੇ ਪਾਰਟੀ ਦੀਆਂ ਕੁੱਝ ਅੰਦਰੂਨੀ ਸ਼ਕਤੀਆਂ ਵਲੋਂ ਹੀ ਭਗਵੰਤ ਮਾਨ ਦਾ ਪੱਤਾ ਕੱਟਣ ਲਈ ਉਸਦੀ ਛਵੀ ਨੂੰ ਧੂਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਖੁਦ ਨੂੰ ਸਾਈਡ ਲਾਈਨ ਕੀਤੇ ਜਾਣ ਦੀ ਕੰਨਸੋਅ ਮਿਲਦੇ ਹੀ ਪਿਛਲੇ ਕੁੱਝ ਸਮੇਂ ਤੋਂ ਭਗਵੰਤ ਮਾਨ ਨੇ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਘਟਾ ਦਿੱਤਾ ਹੈ। ਜਿਸਦਾ ਅਸਰ ਇਸਦੇ ਹੇਠਲੇ ਕਾਡਰ ਤੱਕ ਵੀ ਪਿਆ ਹੈ ਤੇ ਸੋਸਲ ਮੀਡੀਆ ਉਪਰ ਭਗਵੰਤ ਮਾਨ ਦੇ ਹੱਕ ਵਿਚ ਵਲੰਟੀਅਰਾਂ ਵਲੋਂ ਨਾ ਸਿਰਫ਼ ਲੋਕ ਲਹਿਰ ਖ਼ੜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਲਕਿ ਹੁਣ ਉਨ੍ਹਾਂ ਵਲੋਂ ਸਿੱਧੇ ਤੌਰ ‘ਤੇ ਸਾਹਮਣੇ ਆ ਕੇ ਮੁਹਿੰਮ ਵੀ ਵਿੱਢ ਦਿੱਤੀ ਗਈ ਹੈ।

ਬਾਕਸ
ਕੇਜ਼ਰੀਵਾਲ ਖ਼ੁਦ ਬਣਨਾ ਚਾਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ!
ਬਠਿੰਡਾ: ਚਰਚਾ ਇਹ ਵੀ ਹੈ ਕਿ ਅੱਧੇ-ਅਧੂਰੇ ਰਾਜ਼ ਦੀ ਮੁੱਖ ਮੰਤਰੀ ਨੂੰ ਛੱਡ ਅਰਵਿੰਦ ਕੇਜ਼ਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸਦੇ ਲਈ ਪਾਰਟੀ ਵਲੋਂ ਡੰਮੀ ਚਿਹਰੇ ਦਾ ਸਹਾਰਾ ਲਿਆ ਜਾ ਸਕਦਾ ਹੈ ।

ਮੰਨੀਆਂ ਮੰਗਾਂ ਲਾਗੂ ਕਰਡਾਉਣ ਲਈ ਮਜਦੂਰਾਂ ਨੇ ਕੀਤਾ ਰੋਸ ਮੁਜਾਹਰਾ

0

13 ਨੂੰ ਮੋਤੀ ਮਹਿਲ ਦੇ ਘਿਰਾਉ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 03 ਸਤੰਬਰ : ‘ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ‘ ਵੱਲੋਂ ਪੰਜਾਬ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਵੱਡੀ ਗਿਣਤੀ ਵਿਚ ਇਕੱਤਰ ਹੋਏ ਮਜਦੂਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਇਸ ਤੋਂ ਪਹਿਲਾਂ ਸਥਾਨਕ ਰੋਜ ਗਾਰਡਨ ਲਾਗਲੇ ਪੁੱਲ ਹੇਠ ਰੈਲੀ ਵੀ ਕੀਤੀ ਗਈ ਜਿਸ ਨੂੰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ, ਤੀਰਥ ਸਿੰਘ ਕੋਠਾ ਗੁਰੂ, ਦਿਹਾਤੀ ਮਜਦੂਰ ਸਭਾ ਦੇ ਆਗੂ ਮਹੀਪਾਲ, ਪ੍ਰਕਾਸ ਸਿੰਘ ਨੰਦਗੜ , ਮਜਦੂਰ ਮੁਕਤੀ ਮੋਰਚਾ ਦੇ ਆਗੂ ਪਿ੍ਰਤਪਾਲ ਸਿੰਘ ਰਾਮਪੁਰਾ, ਭੁੱਚਰ ਸਿੰਘ ਚਾਉਕੇ ਆਦਿ ਨੇ ਸੰਬੋਧਨ ਕਰਦੇ ਹੋਏ ਦੋਸ ਲਗਾਇਆ ਕਿ ਸਰਕਾਰ ਫੋਕੇ ਐਲਾਨਾਂ ਰਾਹੀਂ ਮਜਦੂਰਾਂ ਨੂੰ ਭਰਮਾਉਣ ਦੀ ਨੀਤੀ ‘ਤੇ ਚੱਲ ਰਹੀ ਹੈ। ਉਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮਜਦੂਰਾਂ ਪ੍ਰਤੀ ਇਹੋ ਵਤੀਰਾ ਜਾਰੀ ਰੱਖਿਆ ਤਾਂ 13 ਸਤੰਬਰ ਨੂੰ ਮਜਦੂਰ ਜੱਥੇਬੰਦੀਆਂ ਦੀ ਅਗਵਾਈ ਹੇਠ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਜੋਰਦਾਰ ਸੰਘਰਸ ਜਾਰੀ ਰੱਖਿਆ ਜਾਵੇਗਾ। ਅਪਣੀਆਂ ਮੰਗਾਂ ਬਾਰੇ ਆਗੂਆਂ ਨੇ ਦਸਿਆ ਕਿ ਮਜਦੂਰਾਂ ਦੀ ਕਰਜਾ ਮਾਫੀ, ਬਿਜਲੀ ਬਿੱਲਾਂ ਦੀ ਮਾਫੀ ਤੇ ਪਿਛਲੇ ਬਕਾਏ ਖਤਮ ਕਰਵਾਉਣ, ਪਲਾਟ ਲੈਣ ਤੇ ਕੱਟੇ ਪਲਾਟਾਂ ਤੇ ਕਬਜੇ ਲੈਣ, ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਅਨਾਜ ਦਿਵਾਉਣ ਅਤੇ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਬਿਜਲੀ ਦੇ ਪੱਟੇ ਮੀਟਰ ਲਾਉਣ, ਨੀਲੇ ਕਾਰਡ ਬਨਾਉਣ ਆਦਿ ਮੰਗਾਂ ‘ਤੇ ਹੋਈ ਸਹਿਮਤੀ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਸਕਿਆ ਹੈ।

ਬਠਿੰਡਾ ਦੇ ਟਿੱਬਿਆਂ ਨੂੰ ਰੁਸ਼ਨਾਉਣ ਵਾਲੇ ਥਰਮਲ ਪਲਾਂਟ ਦੀ ‘ਹੋਂਦ’ ਮਿਟੀ

0

ਮੁੰਬਈ ਦੀ ਕੰਪਨੀ ਨੇ ਚਿਮਨੀਆਂ ਸਹਿਤ ਥਰਮਲ ਦੇ ਹੋਰ ਭਾਗਾਂ ਨੂੰ ਮਿਲਾਇਆ ਮਿੱਟੀ ’ਚ

ਸੁਖਜਿੰਦਰ ਮਾਨ

ਬਠਿੰਡਾ, 03 ਸਤੰਬਰ : ਕਰੀਬ ਚਾਰ ਦਹਾਕਿਆਂ ਤੱਕ ਬਠਿੰਡਾ ਦੇ ਟਿੱਬਿਆਂ ਨੂੰ ਰੰਗਭਾਗ ਲਗਾਉਣ ਵਾਲੇ ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਹੁਣ ਬੀਤੇ ਦਾ ‘ਇਤਿਹਾਸ’ ਬਣ ਗਿਆ ਹੈ। ਪਿਛਲੇ ਸਾਲ ਤੋਂ ਇਸਨੂੰ ਢਾਹੁਣ ਲੱਗੀ ਮੁੰਬਈ ਦੀ ਇੱਕ ਫ਼ਰਮ ਦੇ ਕਾਮਿਆਂ ਨੇ ਬਲਾਸਟ ਕਰਕੇ ਇਸ ਪਲਾਂਟ ਦੀਆਂ ਚਿਮਨੀਆਂ ਦੀ ਹੋਂਦ ਮਿਟਾ ਦਿੱਤੀ ਹੈ। ਉਕਤ ਕੰਪਨੀ ਨੂੰ ਜੁਲਾਈ 2020 ਵਿਚ ਪੰਜਾਬ ਸਰਕਾਰ ਨੇ ਇਸ ਥਰਮਲ ਨੂੰ ਢਾਹੁਣ ਲਈ 164 ਕਰੋੜ ਦਾ ਠੇਕਾ ਦਿੱਤਾ ਸੀ। ਇਸ ਠੇਕੇ ਤਹਿਤ ਪਲਾਂਟ ਦੀਆਂ ਚਿਮਨੀਆਂ, ਇਮਾਰਤੀ ਢਾਂਚਾ, ਮਸ਼ੀਨਰੀ, ਤਾਰਾਂ, ਪਾਇਪਾਂ ਆਦਿ ਸਭ ਕੁੱਝ ਨੂੰ ਖ਼ਤਮ ਕਰਕੇ ਜਮੀਨ ਨੂੰੂ ਪੱਧਰਾ ਕੀਤਾ ਜਾਣਾ ਹੈ। ਲੱਖਾਂ ਕਰੋੜਾਂ ਮੈਗਾਵਾਟ ਬਿਜਲੀ ਦਾ ਉਤਪਾਦਨ ਕਰਨ ਵਾਲੇ ਇਸ ਥਰਮਲ ਦੀਆਂ ਚਿਮਨੀਆਂ ਤੇ ਹੋਰ ਭਾਗਾਂ ਨੂੰ ਢਾਹੁਣ ਦੀਆਂ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਬਠਿੰਡਾ ਵਾਸੀਆਂ ਨੂੰ ਭਾਵਨਤਮਕ ਤੌਰ ’ਤੇ ਵੱਡਾ ਸਦਮਾ ਲੱਗਿਆ ਹੈ। ਉਜ ਇਸ ਥਰਮਲ ਨੂੰ ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਆਉਣ ’ਤੇ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਉਹ ਵੀ ਲੋਕਾਂ ਦਾ ਨਿਸ਼ਾਨਾ ਬਣਦਾ ਨਜ਼ਰ ਆਏ। ਗੌਰਤਲਬ ਹੈ ਕਿ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸਿਧਾਂਤਕ ਤੌਰ ’ਤੇ ਫੈਸਲਾ ਕਰ ਲਿਆ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਇਸਨੂੰ ਪੂਰੀ ਤਰ੍ਹਾਂ ਦਫ਼ਨ ਕਰ ਦਿੱਤਾ। ਇਸ ਥਰਮਲ ਦੇ ਨਾਂ ਬੋਲਦੀ 1687 ਏਕੜ ਜਮੀਨ ਨੂੰ ਪੁੱਡਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਫ਼ਾਰਮਾਸੂਟੀਕਲ ਪਾਰਕ ਬਣਾਉਣ ਦੀ ਵੀ ਗੱਲ ਚੱਲੀ ਸੀ। ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਬਾਬੇ ਨਾਨਕ ਦੀ 500ਵੀਂ ਜਨਮ ਸ਼ਤਾਬਦੀ ਮੌਕੇ ਸਾਲ 1969 ’ਚ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸਤੋਂ ਬਾਅਦ 110-110 ਮੈਗਾਵਾਟ ਵਾਲੇ ਚਾਰ ਯੂਨਿਟਾਂ ਵਿਚੋਂ ਆਖ਼ਰੀ ਨੇ 1976 ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਇਸ ਥਰਮਲ ਪਲਾਂਟ ਦੇ ਨਵੀਨੀਕਰਨ ਉਪਰ ਕਰੀਬ 737 ਕਰੋੜ ਰੁਪਏ ਖ਼ਰਚੇ ਗਏ ਸਨ। ਇਸ ਨਵੀਨੀਕਰਨ ਤੋਂ ਬਾਅਦ ਤਿੰਨ ਤੇ ਚਾਰ ਯੂਨਿਟ ਦੀ ਸਮਰੱਥਾ 110 -110 ਮੈਗਾਵਾਟ ਤੋਂ ਵਧਾ ਕੇ 120-120 ਮੈਗਾਵਾਟ ਕੀਤੀ ਗਈ। ਇੱਕ ਤੇ ਦੋ ਯੂਨਿਟ ’ਤੇ 229 ਕਰੋੜ ਅਤੇ ਤਿੰਨ ਤੇ ਚਾਰ ਉਪਰ 508 ਕਰੋੜ ਰੁਪਏ ਖ਼ਰਚੇ ਗਏ ਸਨ, ਜਿਸਤੋਂ ਬਾਅਦ ਇੰਨ੍ਹਾਂ ਚਾਰੇ ਯੂਨਿਟਾਂ ਦੀ ਮਿਆਦ ਕ੍ਰਮਵਾਰ 2021, 2022, 2029, 2031 ਤੱਕ ਵਧ ਗਈ ਸੀ। ਪ੍ਰੰਤੂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ ਇਸਦੀ ਚਿਮਨੀਆਂ ਵਿਚੋਂ ਸਦਾ ਲਈ ਧੂੰਆ ਬੰਦ ਕਰਨ ਦਾ ਫੈਸਲਾ ਲੈ ਲਿਆ ਸੀ। ਉਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇਪੰਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਉਹ ਇਸ ਮੁੱਦੇ ਨੂੰ ਲੋਕਾਂ ਦੀ ਕਚਿਹਰੀ ਵਿਚ ਲੈ ਕੇ ਜਾਣਗੇ।

ਬਾਕਸ
ਝੀਲਾਂ ਤੇ ਕੂਲਿੰਗ ਟਾਵਰ ਨੂੰ ਰੱਖਿਆ ਜਾਵੇਗਾ ਬਰਕਰਾਰ
ਬਠਿੰਡਾ: ਗੌਰਤਲਬ ਹੈ ਕਿ ਭਾਵਨਮਤਕ ਤੌਰ ‘ਤੇ ਇਸ ਥਰਮਲ ਪਲਾਂਟ ਨਾਲ ਜੁੜੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੇ ਝੀਲਾਂ ਤੇ ਇਸਦੇ ਕੂਲਿੰਗ ਟਾਵਰਾਂ ਨੂੰ ਬਰਕਰਾਰ ਰੱਖਣ ਦਾ ਫੈਸਲਾ ਲਿਆ ਹੈ।

ਬਾਕਸ
ਬਾਬੇ ਨਾਨਕ ਦੀ 500 ਸਾਲਾਂ ਜਨਮ ਸਤਾਬਦੀ ਮੌਕੇ ਰੱਖਿਆਂ ਸੀ ਨੀਂਹ ਪੱਥਰ
ਬਠਿੰਡਾ: ਤਤਕਾਲੀ ਪੰਜਾਬ ਰਕਾਰ ਨੇ ਬਾਬੇ ਨਾਨਕ ਦ 500 ਸਾਲਾਂ ਜਨਮ ਸਤਾਬਦੀ ਮੌਕੇ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ 1969 ਵਿਚ ਰੱਖਿਆ ਸੀ। ਜਿਸਦੇ ਤਹਿਤ ਪਹਿਲਾਂ ਯੂਨਿਟ 22/09/1974,ਦੂਸਰਾ ਯੂਨਿਟ 19/09/1975, ਤੀਸਰਾ ਯੂਨਿਟ 29/03/1978, ਚੌਥਾ ਯੂਨਿਟ 31/01/1979 ਵਿੱਚ ਚਾਲੂ ਹੋਇਆ ਸੀ। ਇੰਨ੍ਹਾਂ ਚਾਰੇ ਯੂਨਿਟਾਂ ਦੀ ਸਮਰੱਥਾ 110-110 ਮੈਗਾਵਾਟ ਸੀ। ਪ੍ਰੰਤੂ ਮੌਜੂਦਾ ਸਰਕਾਰ ਨੇ ਮੁੜ ਬਾਬੇ ਨਾਨਕ ਦੀ ਸਾਢੇ 500 ਸਾਲਾਂ ਜਨਮ ਸਤਾਬਦੀ ਸਮਾਰੋਹਾਂ ਦੌਰਾਨ ਇਸ ਪਲਾਂਟ ਦੀ ਹੋਂਦ ਮਿਟਾ ਦਿੱਤੀ ਹੈ।

ਸਲੀਪਰ ਸੈੱਲ ਰਾਹੀਂ ਬਠਿੰਡਾ ਸਹਿਰ ਵਿਚ ਹੋ ਰਿਹਾ ਹੈ ਸੰਥੈਟਿਕ ਨਸੇ ਦਾ ਕਾਰੋਬਾਰ :ਨਵਦੀਪ ਜੀਦਾ

0

ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ: ਆਮ ਆਦਮੀ ਪਾਰਟੀ ਪੰਜਾਬ ਲੀਗਲ ਸੈੱਲ ਦੇ ਸੂਬਾ ਸਹਿ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਬਠਿੰਡਾ ਸ਼ਹਿਰ ਵਿੱਚ ਸਿੰਥੈਟਿਕ ਨਸ਼ੇ ਦੇ ਹੋ ਰਹੇ ਵਪਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਸੱਤਾਧਾਰੀ ਧਿਰ ਕਾਂਗਰਸ ਉਪਰ ਚੁੱਪ ਰਹਿਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਦੀ ਸਪਲਾਈ ਪਿੱਛੇ ਮੌਜੂਦਾ ਸਰਕਾਰ ਦੇ ਸੀਨੀਅਰ ਲੀਡਰਾਂ ਦਾ ਹੱਥ ਹੈ ਇਸ ਕਾਰਨ ਨਾ ਤਾਂ ਮੁਕਾਮੀ ਪੁਲਿਸ ਉਕਤ ਨਸ਼ੇ ਦੇ ਤਸਕਰਾਂ ਨੂੰ ਫੜ ਰਹੀ ਹੈ ਇਸ ਦੇ ਉਲਟ ਜਦੋਂ ਕੋਈ ਕਿਸੇ ਬੱਚੇ ਦਾ ਮਾਂ ਬਾਪ ਕਿਸੇ ਨਸ਼ਾ ਤਸਕਰ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਇਕ ਘੰਟੇ ਦੇ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ। ਜਿਸ ਕਾਰਨ ਕੋਈ ਵੀ ਆਦਮੀ ਜਾਂ ਔਰਤ ਸ਼ਿਕਾਇਤ ਕਰਨ ਤੋਂ ਬਚਣ ਲੱਗੇ ਹਨ।

ਬਰਨਾਲਾ ਬਾਈਪਾਸ ’ਤੇ ਬਣਨ ਵਾਲੇ ਓਵਰਬਿ੍ਰਜ ਦੀ ਕੀਤੀ ਪ੍ਰਧਾਨ ਮੰਤਰੀ ਨੂੰ ਸਿਕਾਇਤ

0

ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਸਥਾਨਕ ਬਰਨਾਲਾ ਬਾਈਪਾਸ ’ਤੇ ਭੱਟੀ ਰੋਡ ਅਤੇ ਗਰੀਨ ਪੈਲੇਸ ਕਰਾਸਿਗ ਉੱਤੇ ਬਣਾਏ ਜਾ ਰਹੇ ਦੀਵਾਰਾਂ ਵਾਲੇ ਓਵਰਬਰਿਜ ਦੀ ਥਾਂ ਪਿੱਲਰਾਂ ਵਾਲਾ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਹੁਣ ਭਾਜਪਾ ਵੀ ਖੁੱਲ ਕੇ ਸਾਹਮਣੇ ਆ ਗਈ ਹੈ। ਇਸ ਮਾਮਲੇ ਨੂੰ ਪਹਿਲਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਤੇ ਹੋਰਨਾਂ ਵਲੋਂ ਚੁੱਕਿਆ ਜਾ ਰਿਹਾ ਸਂ। ਅਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਸੋੋਕ ਭਾਰਤੀ ਨੇ ਦਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਪਰਿਵਹਨ ਮੰਤਰੀ ਨਿਤੀਨ ਗੜਕਰੀ ਨੂੰ ਇੱਕ ਪੱਤਰ ਲਿਖਿਆ ਹੈ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਡਵੋਕੇਟ ਅਸ਼ੋਕ ਭਾਰਤੀ ਨੇ ਦਸਿਆ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਤੇ ਲੋਕਾਂ ਦੀ ਮੰਗ ਅਨੁਸਾਰ ਦੀਵਾਰਾਂ ਵਾਲੇ ਓਵਰਬਰਿਜ ਦੀ ਜਗ੍ਹਾ ਏਲਿਵੇਟੇਡ ਰੋਡ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਭੇਜੇ ਪੱਤਰ ਵਿੱਚ ਬਠਿੰਡਾ ਸ਼ਹਿਰ ਵਿੱਚ ਵੱਧ ਰਹੇ ਟਰੈਫਿਕ ਅਤੇ ਇਲਾਕੇ ਦੀ ਜਰੂਰਤ ਦੇ ਅਨੁਸਾਰ ਪਿੱਲਰ ਵਾਲੇ ਓਵਰਬਰਿਜ ਦੇ ਨਾਲ ਇਸਨੂੰ ਏਲਿਵੇਟੇਡ ਰੋਡ ਦੇ ਨਾਲ ਜੋੜਣ ਦੀ ਮੰਗ ਕੀਤੀ ਹੈ। ਅਡਵੋਕੇਟ ਅਸ਼ੋਕ ਭਾਰਤੀ ਨੇ ਕਿਹਾ ਕਿ ਦੀਵਾਰਾਂ ਵਾਲਾ ਪੁਲ ਬਣਨ ਕਾਰਨ ਬਠਿੰਡਾ ਸ਼ਹਿਰ ਦੋ ਹਿੱਸਿਆ ਵਿਚ ਵੰਡਿਆ ਜਾਵੇਗਾ। ਇਸਦੇ ਇਲਾਵਾ ਬਹੁਤ ਸਾਰੇ ਲੋਕਾਂ ਦਾ ਰੋਜਗਾਰ ਵੀ ਬੰਦ ਹੋ ਜਾਵੇਗਾ।

ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਚੇਅਰਮੈਨ ਗਰਗ

0

ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਲਈ ਕਰੀਬ 10 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਯਤਨਾਂ ਸਦਕਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਹ ਦਾਅਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਨੇ ਅੱਜ ਵਿਕਾਸ ਕਾਰਜਾਂ ਲਈ 9 ਕਰੋੜ 82 ਲੱਖ 92 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਇਹ ਗ੍ਰਾਂਟ ਪੰਜਾਬ ਸਰਕਾਰ ਦੀ ਪਲਾਨ ਸਕੀਮ ਪੀਐਮ-10 ਸਟੇਟ ਲੈਵਲ ਇਨੀਸ਼ੀਏਟਿਵਜ਼ (ਪੰਜਾਬ ਨਿਰਮਾਣ ਸਕੀਮ) ਅਧੀਨ ਵਿੱਤੀ ਸਾਲ 2021-22 ਦੌਰਾਨ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਬਲਾਕ ਰਾਮਪੁਰਾ, ਭਗਤਾ ਭਾਈਕਾ, ਨਗਰ ਪੰਚਾਇਤ ਮਹਿਰਾਜ ਅਤੇ ਫੂਲ ਏਰੀਏ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਹੈ। ਇਸ ਮੌਕੇ ਵਿਤ ਮੰਤਰੀ ਦੇ ਓਐਸਡੀ ਜਗਤਾਰ ਸਿੰਘ ਢਿੱਲੋਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰ ਗਰਗ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।

ਜ਼ਿਲ੍ਹਾ ਤੇ ਸੈਸਨ ਜੱਜ ਨੇ ਕੌਮੀ ਲੋਕ ਅਦਾਲਤ ਦਾ ਕੀਤਾ ਬੈਨਰ ਜਾਰੀ

0

11 ਸਤੰਬਰ ਤੇ 11 ਦਸੰਬਰ ਨੂੰ ਲੱਗੇਗੀ ਇਹ ਕੌਮੀ ਲੋਕ ਅਦਾਲਤ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ: ਕਮਲਜੀਤ ਲਾਂਬਾ ਵੱਲੋ ਕੌਮੀ ਲੋਕ ਅਦਾਲਤ ਵਿੱਚ ਆਪਸੀ ਰਜ਼ਾਮੰਦੀ ਨਾਲ ਕੇਸਾਂ ਦਾ ਨਿਬੇੜਾ ਕਰਨ ਲਈ ਜੰਗੀ ਪੱਧਰ ’ਤੇ ਮੁਹਿੰਮ ਦਾ ਆਗਾਜ਼ ਕਰਦੇ ਹੋਏ ਕੌਮੀ ਲੋਕ ਅਦਾਲਤ ਦਾ ਬੈਨਰ ਜਾਰੀ ਕੀਤਾ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜ਼ਕਾਰੀ ਚੇਅਰਮੈਨ ਜਸਟਿਸ ਅਜੈ ਤਿਵਾੜੀ ਦੀ ਅਗਵਾਈ ਹੇਠ ਜ਼ਿਲਾ ਕਚਹਿਰੀ ਬਠਿੰਡਾ ਤੋਂ ਇਲਾਵਾ ਸਬ-ਡਵੀਜ਼ਨ, ਫੂਲ ਅਤੇ ਤਲਵੰਡੀ ਸਾਬੋ ਵਿਖੇ 11 ਸਤੰਬਰ ਅਤੇ 11 ਦਸੰਬਰ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸੁਲਾਹ ਸਮਝੋਤੇ ਰਾਹੀਂ ਨਿਪਟਾਰਾ ਕਰਵਾਉਣ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਅ/ਧ 138 ਐਨਆਈ ਐਕਟ ਭਾਵ ਚੈਕਾਂ ਨਾਲ ਸਬੰਧਿਤ ਲੈਣ ਦੇਣ ਦੇ ਕੇਸ ਕੌਮੀ ਲੋਕ ਅਦਾਲਤ ਵਿੱਚ ਨਿਪਟਾਉਣ ਲਈ ਵਿਸੇਸ਼ ਕਦਮ ਚੁੱਕਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤਰਾਂ ਕਰਨ ਨਾਲ ਦੋਵਾਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਆਪਸੀ ਭਾਈਚਾਰੇ ਵਿਚ ਵਾਧਾ ਹੋਵੇਗਾ। ਜੇਕਰ ਕਿਸੇ ਧਿਰ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣਾ ਹੈ ਤਾਂ ਉਹ ਸਬੰਧਤ ਅਦਾਲਤ ਜਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਿਖੇ ਦਰਖਾਸਤ ਦੇ ਕੇ ਸਬੰਧਤ ਅਦਾਲਤ ਰਾਹੀਂ ਆਪਣੇ ਝਗੜੇ ਦਾ ਨਿਪਟਾਰਾ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫੋਨ ਨੰਬਰ 0164-2212051 ਜਾਂ ਟੋਲ ਫਰੀ ਨੰਬਰ 1968 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Our Visitor

1890343