ਭਗਵੰਤ ਮਾਨ ਨੇ ਟਰਾਂਸਪੋਰਟ ਮਾਫੀਏ ਨੂੰ ਨੱਥ ਪਾਉਣ ਲਈ ਸਰਕਾਰੀ ਬੱਸਾਂ ਦੀ ਸ਼ੁਰੂਆਤ ਨੂੰ ਕ੍ਰਾਂਤੀਕਾਰੀ ਕਦਮ ਦੱਸਿਆ
ਆਪ ਸਰਕਾਰ ਪੰਜਾਬ ਦੀ ਧਰਤੀ ਨੂੰ ਗੈਂਗਸਟਰਾਂ ਤੋਂ ਮੁਕਤ ਕਰੇਗੀ-ਕੇਜਰੀਵਾਲ
ਸੁਖਜਿੰਦਰ ਮਾਨ
ਜਲੰਧਰ, 15 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਲਈ ਬੱਸ ਸੇਵਾ ਦੀ ਸ਼ੁਰੂਆਤ ਸਾਂਝੇ ਤੌਰ ਉਤੇ ਝੰਡੀ ਵਿਖਾ ਕੇ ਕੀਤੀ। ਇਸ ਮੌਕੇ ਜਨਤਕ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਨੇ ਕਿਹਾ, “ਅੱਜ ਦੇ ਦਿਨ ਇਹ ਇਤਿਹਾਸਕ ਮੌਕਾ ਹੈ ਜਦੋਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਇਜਾਰੇਦਾਰੀ ਨੂੰ ਖਤਮ ਕਰਕੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਹੈ। ਸਰਕਾਰ ਨੇ ਮਹਿਜ਼ 1170 ਰੁਪਏ ਦੇ ਕਿਰਾਏ ਨਾਲ ਦਿੱਲੀ ਏਅਰਪੋਰਟ ਲਈ ਲਗਜ਼ਰੀ ਬੱਸ ਸੇਵਾ ਸ਼ੁਰੂ ਕੀਤੀ ਜਿਸ ਨਾਲ ਹੁਣ ਲੋਕਾਂ ਦੀ ਲੁੱਟ ਖਤਮ ਹੋਵੇਗੀ।” ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਏਅਰਪੋਰਟ ਤੱਕ ਰੋਜ਼ਾਨਾ 7 ਵੌਲਵੋ ਬੱਸਾਂ ਚੱਲਿਆ ਕਰਨਗੀਆਂ। ਇਸੇ ਤਰ੍ਹਾਂ ਮੁਸਾਫਰਾਂ ਦੀ ਸਹੂਲਤ ਲਈ ਅਜਿਹੀਆਂ ਹੀ ਬੱਸਾਂ ਏਅਰਪੋਰਟ ਲਈ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਇੱਥੋਂ ਤੱਕ ਕਿ ਚੰਡੀਗੜ੍ਹ ਤੋਂ ਵੀ ਚੱਲਿਆ ਕਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਵਿਚ ਕਿਫਾਇਤੀ ਕਿਰਾਏ ਨਾਲ ਏਅਰਪੋਰਟ ਲਈ ਆਰਾਮਦਾਇਕ ਤੇ ਵਧੀਆ ਸਫਰ ਅਤੇ ਹੋਰ ਸੁਖ ਸਹੂਲਤਾਂ ਮਿਲਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਏਅਰਪੋਰਟ ਲਈ ਜਾਣ ਦੇ ਚਾਹਵਾਨ ਮੁਸਾਫਰ ਸਫਰ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ ਜਦਕਿ ਬੱਸ ਅੱਡੇ ਦੇ ਕਾਊਂਟਰਾਂ ’ਤੇ ਛੇ ਮਹੀਨੇ ਪਹਿਲਾਂ ਟਿਕਟਾਂ ਬੁੱਕ ਕਰਵਾਈ ਜਾ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪੰਜਾਬ ਵਾਸੀਆਂ ਨੇ ਮਾਫੀਏ ਦਾ ਖਾਤਮਾ ਕਰਕੇ ਸੂਬੇ ਦੀ ਸੇਵਾ ਕਰਨ ਦਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦੇ ਚੱਲਣ ਨਾਲ ਹੁਣ ਟਰਾਂਸਪੋਰਟ ਮਾਫੀਆ ਬੀਤੇ ਸਮੇਂ ਦੀ ਗੱਲ ਹੋ ਜਾਵੇਗਾ। ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਸਿਰਫ ਪ੍ਰਾਈਵੇਟ ਟਰਾਂਸਪੋਰਟਰ ਹੀ ਇਸ ਰੂਟ ਉਤੇ ਬੱਸਾਂ ਚਲਾ ਰਹੇ ਸਨ ਅਤੇ ਵੱਧ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟਦੇ ਸਨ। ਸਰਕਾਰੀ ਬੱਸਾਂ ਨੂੰ ਏਅਰਪੋਰਟ ਲਈ ਨਾ ਚਲਾਉਣ ਲਈ ਬੀਤੇ ਸਮੇਂ ਦੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਸੌੜੇ ਹਿੱਤ ਹੀ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ। ਭਗਵੰਤ ਮਾਨ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਟਰਾਂਸਟਪੋਰਟ ਲੀਡਰ ਇਸ ਰੂਟ ਉਤੇ ਸਰਕਾਰੀ ਬੱਸਾਂ ਚੱਲਣ ਦੀ ਇਜਾਜ਼ਤ ਨਾ ਦੇ ਕੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਲੋਕਾਂ ਦੇ ਪੈਸੇ ਨੂੰ ਬੇਰਹਿਮੀ ਨਾਲ ਲੁੱਟਿਆ ਕਿਉਂ ਜੋ ਸਾਬਕਾ ਮੁੱਖ ਮੰਤਰੀਆਂ, ਮੰਤਰੀਆਂ ਅਤੇ ਵਿਧਾਇਕਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਆਪਣੀਆਂ ਬੱਸਾਂ ਦੀ ਗਿਣਤੀ ਵਧਾਉਣ ਉਤੇ ਹੀ ਜ਼ੋਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦੀ ਤਾਕਤ ਲੋਕਾਂ ਦੀ ਭਲਾਈ ਉਤੇ ਨਹੀਂ ਸਗੋਂ ਟਰਾਂਸਪੋਰਟ ਮਾਫੀਏ ਦੇ ਪੈਰ ਪੱਕੇ ਕਰਨ ਉਤੇ ਵਰਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰਕੇ ਲੋਕਾਂ ਦਾ ਸ਼ੋਸ਼ਣ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣਾ ਹਰੇਕ ਕਦਮ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸੂਬੇ ਤੋਂ ਹਰੇਕ ਤਰ੍ਹਾਂ ਦੇ ਮਾਫੀਏ ਦਾ ਖਾਤਮਾ ਕਰਨ ਲਈ ਚੁੱਕੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਵੱਡੀ ਗਿਣਤੀ ਵਿਚ ਐਨ.ਆਰ.ਆਈ. ਉਨ੍ਹਾਂ ਕੋਲ ਅਕਸਰ ਇਹ ਸ਼ਿਕਾਇਤ ਕਰਦੇ ਸਨ ਕਿ ਸਿਰਫ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਕਿਉਂ ਦਿੱਤਾ ਗਆ ਅਤੇ ਸਰਕਾਰੀ ਬੱਸਾਂ ਕਿਉਂ ਨਹੀਂ ਚਲਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਹੁਣ ਟਰਾਂਸਪੋਰਟ ਮਾਫੀਏ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਸਰਕਾਰ ਇਹ ਸੁਪਰ ਲਗਜ਼ਰੀ ਬੱਸਾਂ ਚਲਾਏਗੀ ਜੋ ਪ੍ਰਾਈਵੇਟ ਟਰਾਂਸਪੋਰਟਰਾਂ ਨਾਲੋਂ ਅੱਧਾ ਕਿਰਾਇਆ ਵਸੂਲਣਗੀਆਂ ਅਤੇ ਇਨ੍ਹਾਂ ਨਾਲੋ ਦੂਣੀਆਂ ਸਹੂਲਤਾਂ ਵੀ ਮੁਸਾਫਰਾਂ ਨੂੰ ਮਿਲਣਗੀਆਂ। ਭਗਵੰਤ ਮਾਨ ਨੇ ਦਿੱਲੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਨੇਕ ਕਾਰਜ ਲਈ ਪੂਰਨ ਤੌਰ ਉਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰ ਮੁਕਤ ਧਰਤੀ ਬਣਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਪੈਦਾ ਕੀਤਾ ਹੋਇਆ ਹੈ, ਜਿਨ੍ਹਾਂ ਨੇ ਇਨ੍ਹਾਂ ਅਪਰਾਧੀਆਂ ਦੀ ਖੁੱਲ੍ਹ ਕੇ ਪੁਸ਼ਤ-ਪਨਾਹੀ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਜਦੋਂ ਇਨ੍ਹਾਂ ਗੈਂਗਸਟਰਾਂ ਦੀ ਪੁਸ਼ਤ-ਪਨਾਹੀ ਖ਼ਤਮ ਹੋ ਗਈ ਹੈ ਤਾਂ ਇਹ ਅਪਰਾਧੀ ਜਲਦੀ ਸਲਾਖਾਂ ਪਿੱਛੇ ਹੋਣਗੇ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਅਹਿਮ ਦਿਨ ਹੈ ਕਿਉਂਕਿ ਵੌਲਵੋ ਬੱਸਾਂ ਅੱਜ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣੀਆਂ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਖ਼ਾਸ ਤੌਰ ਉਤੇ ਪੰਜਾਬੀਆਂ ਲਈ ਜ਼ਿਆਦਾ ਆਰਾਮਦਾਇਕ ਤੇ ਲਾਭਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਇਮਾਨਦਾਰ ਸਰਕਾਰ ਹੈ, ਜਿਹੜੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ, ਜਿਸ ਨਾਲ ਲੋਕ ਪੱਖੀ ਪਹਿਲਕਦਮੀਆਂ ਲਾਗੂ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਉਤੇ ਸਿੱਧਾ ਤੇ ਸਖ਼ਤ ਹਮਲਾ ਕੀਤਾ ਹੈ ਤਾਂ ਕਿ ਲੋਕਾਂ ਦੀ ਭਲਾਈ ਲਈ ਇਸ ਦਾ ਸਫਾਇਆ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਮਾਨਦਾਰ ਸਰਕਾਰ ਦੀ ਅਜਿਹੀ ਮਿਸਾਲ ਮਿਲਣੀ ਔਖੀ ਹੈ, ਜਿਸ ਵਿੱਚ ਆਪ ਸਰਕਾਰ ਨੇ ਵੱਢੀਖੋਰੀ ਦੇ ਦੋਸ਼ਾਂ ਹੇਠ ਆਪਣੇ ਹੀ ਮੰਤਰੀ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਤਬਾਦਲਿਆਂ ਤੇ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਵੀ ਜੰਗ ਵਿੱਢੀ ਹੈ ਤਾਂ ਕਿ ਲੋਕਾਂ ਨੂੰ ਕੰਮਾਂ ਲਈ ਦਫ਼ਤਰਾਂ ਵਿੱਚ ਖੱਜਲ ਨਾ ਹੋਣਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ 5500 ਏਕੜ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਠੇਕੇ ਉਤੇ ਰੱਖੇ 26 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਅਗਲੇ ਸੈਸ਼ਨ ਵਿੱਚ ਇਕ ਕਾਨੂੰਨ ਲਿਆਉਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮਾਫ਼ੀਆ ਨਾਲ ਕਰੜੇ ਹੱਥੀਂ ਸਿੱਝਿਆ ਜਾ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਨੇ ਇਸ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੈ।
ਗੈਂਗਸਟਰਾਂ ਦੇ ਗਠਜੋੜ ਦੇ ਸਫ਼ਾਏ ਦੀ ਗੱਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਿਤੇ ਵੀ ਹੋਏ ਅਪਰਾਧ ਦੇ ਕਿਸੇ ਵੀ ਦੋਸ਼ੀ ਨੂੰ ਨਹੀਂ ਬਖ਼ਸ਼ੇਗੀ, ਜਦੋਂ ਕਿ ਪਿਛਲੀਆਂ ਸਰਕਾਰਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤ-ਪਨਾਹੀ ਕਰਦੀਆਂ ਸਨ। ਕੇਜਰੀਵਾਲ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਵੀ.ਆਈ.ਪੀ. ਸੱਭਿਆਚਾਰ ਨੂੰ ਖ਼ਤਮ ਕਰਨ ਦੇ ਨਾਲ-ਨਾਲ ਬੰਦੀਆਂ ਵਿਚਾਲੇ ਅਨੁਸ਼ਾਸਨ ਯਕੀਨੀ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ ਦੀ ਕਾਇਮੀ ਦੇ ਤਿੰਨ ਮਹੀਨੇ ਲਾਮਿਸਾਲ ਤਰੱਕੀ ਤੇ ਵਿਕਾਸ ਦੇ ਗਵਾਹ ਬਣੇ ਹਨ।ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਸ ਸਹੂਲਤ ਲਈ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ ਲੱਖਾਂ ਪਰਵਾਸੀ ਭਾਰਤੀਆਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਹੰਭਲੇ ਨਾਲ ਪ੍ਰਾਈਵੇਟ ਟਰਾਂਸਪੋਰਟ ਦੀ ਇਜ਼ਾਰੇਦਾਰੀ ਦਾ ਖ਼ਾਤਮਾ ਹੋਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਬੱਸਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਲਈ ਰਵਾਨਾ ਹੋਣਗੀਆਂ, ਜਿਸ ਨਾਲ ਸੂਬੇ ਤੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿੱਚ ਚਾਰਜ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਵੌਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੀਆਂ ਵੌਲਵੋ ਬੱਸਾਂ ਸਿੱਧੀਆਂ ਏਅਰਪੋਰਟ ਟਰਮੀਨਲਾਂ ਉਤੇ ਜਾਣਗੀਆਂ।
ਇਸ ਤੋਂ ਪਹਿਲਾਂ ਸਕੱਤਰ ਟਰਾਂਸਪੋਰਟ ਪੰਜਾਬ ਵਿਕਾਸ ਗਰਗ ਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਿੱਲੀ ਅਸ਼ੀਸ਼ ਕੁੰਦਰਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਸ ਸਟੈਂਡ ਦੇ ਅੰਦਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਉਤੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ, ਹਰਜੋਤ ਬੈਂਸ, ਕੁਲਦੀਪ ਧਾਲੀਵਾਲ ਅਤੇ ਕਈ ਵਿਧਾਇਕ ਹਾਜ਼ਰ ਸਨ।ਸਮਾਗਮ ਦੌਰਾਨ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਜੀ.ਐਸ. ਸੰਧੂ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਹਾਜ਼ਰ ਸਨ।
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਨਵੀਂ ਦਿੱਲੀ ਏਅਰਪੋਰਟ ਲਈ ਵੌਲਵੋ ਬੱਸਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ
ਬਾਬਾ ਫ਼ਰੀਦ ਕਾਲਜ ਵੱਲੋਂ ਕੈਰੀਅਰ ਦੇ ਮੌਕੇਵਿਸ਼ੇ ‘ਤੇ ਮਾਹਿਰ ਭਾਸ਼ਣ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ , 15 ਜੂਨ : ਬਾਬਾ ਫ਼ਰੀਦ ਕਾਲਜ ਅੰਗਰੇਜ਼ੀ ਵਿਭਾਗ ਵੱਲੋਂ “ਐਮ.ਏ. ਅੰਗਰੇਜ਼ੀ ਤੋਂ ਬਾਅਦ ਕੈਰੀਅਰ ਦੇ ਮੌਕੇ“ ਵਿਸ਼ੇ ‘ਤੇ ਇੱਕ ਮਾਹਿਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਡਾ. ਸ਼ਾਹੀਲਾ ਜ਼ਫ਼ਰ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕੀਤੀ। ਬਾਬਾ ਫ਼ਰੀਦ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਿਸ ਸਿਮਰਨ ਪ੍ਰੀਤ ਨੇ ਮਹਿਮਾਨ ਬੁਲਾਰੇ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਡਾ. ਸ਼ਾਹੀਲਾ ਜ਼ਫ਼ਰ ਕੋਲ ਅਪਲਾਈਡ ਭਾਸ਼ਾ ਵਿਗਿਆਨ; ਭਾਸ਼ਣ ਵਿਸ਼ਲੇਸ਼ਣ; ਅਕਾਦਮਿਕ ਉਦੇਸ਼ਾਂ ਲਈ ਅੰਗਰੇਜ਼ੀ ਅਤੇ ਅੰਗਰੇਜ਼ੀ ਭਾਸ਼ਾ ਸਿੱਖਣ ਅਤੇ ਅਧਿਆਪਨ ਵਿੱਚ 15+ ਸਾਲਾਂ ਦਾ ਭਰਪੂਰ ਤਜਰਬਾ ਹੈ । ਇਹ ਸੈਸ਼ਨ ਬਹੁਤ ਦਿਲਚਸਪ ਸੀ ਜਿਸ ਵਿੱਚ ਕੁੱਲ 50 ਵਿਦਿਆਰਥੀਆਂ ਅਤੇ 7 ਫੈਕਲਟੀ ਮੈਂਬਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।
ਡਾ. ਸ਼ਾਹੀਲਾ ਜ਼ਫ਼ਰ ਨੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਦੀ ਮਹੱਤਤਾ ਬਾਰੇ ਚਰਚਾ ਕੀਤੀ। ਬਾਅਦ ਵਿੱਚ ਉਸ ਨੇ ਐਮ.ਏ. ਅੰਗਰੇਜ਼ੀ ਤੋਂ ਬਾਅਦ ਨੌਕਰੀ ਦੀਆਂ ਸ਼ਾਨਦਾਰ ਭੂਮਿਕਾਵਾਂ ਜਿਵੇਂ ਇੱਕ ਸੰਪਾਦਕ ਜਾਂ ਸਹਾਇਕ ਸੰਪਾਦਕ, ਵੈੱਬ ਸਮਗਰੀ ਲੇਖਕ, ਅਕਾਦਮਿਕ ਲੇਖਕ, ਅਧਿਆਪਕ ਅਤੇ ਅਨੁਵਾਦਕ ਆਦਿ ਬਾਰੇ ਇੱਕ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਸ ਨੇ ਭਰੋਸਾ ਦਿਵਾਇਆ ਕਿ ਅੰਗਰੇਜ਼ੀ ਵਿੱਚ ਐਮ.ਏ. ਕਰਨ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਸੰਸਥਾਵਾਂ ਵਿੱਚ ਬਹੁਤ ਸਾਰੀਆਂ ਪੇਸ਼ਕਸ਼ਾਂ ਨਾਲ ਆਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਨੇ ਇਸ ਸੈਸ਼ਨ ਦੇ ਅੰਤ ਤੱਕ ਪੂਰੀ ਤਰ੍ਹਾਂ ਅਨੰਦ ਲਿਆ ਅਤੇ ਕਾਫ਼ੀ ਜਾਗਰੂਕਤਾ ਪ੍ਰਾਪਤ ਕੀਤੀ। ਇਸ ਉਪਰੰਤ ਸੁਆਲ ਜਵਾਬ ਦੇ ਸੈਸ਼ਨ ਦੇ ਨਾਲ ਹੀ ਇਹ ਭਾਸ਼ਣ ਸਮਾਪਤ ਹੋ ਗਿਆ। ਇਸ ਉਪਰੰਤ ਮੈਡਮ ਨਵਨਿੰਦਰ ਕੌਰ ਢਿੱਲੋਂ, ਡੀਨ (ਫੈਕਲਟੀ ਆਫ਼ ਆਰਟਸ) ਨੇ ਮਹਿਮਾਨ ਬੁਲਾਰੇ ਡਾ. ਸ਼ਾਹੀਲਾ ਜ਼ਫ਼ਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ, ਡਾ. ਪ੍ਰਦੀਪ ਕੌੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੁਆਰਾ ਚੁਣੇ ਹੋਏ ਕੋਰਸਾਂ ਵਿੱਚ ਬਹੁਤ ਸਾਰੇ ਕੈਰੀਅਰ ਦੇ ਮੌਕਿਆਂ ਬਾਰੇ ਜਾਣੂ ਕਰਵਾਉਣ ਲਈ ਇਸ ਤਰ੍ਹਾਂ ਦੇ ਮਾਹਿਰ ਸੈਸ਼ਨਾਂ ਦੇ ਆਯੋਜਨ ਦੀ ਲੋੜ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਅਜਿਹੇ ਭਾਸ਼ਣਾਂ ਵਿੱਚ ਸ਼ਾਮਲ ਹੋਣ ਦੀ ਮਹੱਤਤਾ ਬਾਰੇ ਇੱਕ ਬਹੁਤ ਹੀ ਵਡਮੁੱਲਾ ਤੇ ਸਮਝਦਾਰ ਭਾਸ਼ਣ ਦਿੱਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅੰਗਰੇਜ਼ੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਭਾਗੀਦਾਰਾਂ ਤੋਂ ਪ੍ਰਾਪਤ ਪ੍ਰਤੀਕਰਮ ਦੇ ਅਨੁਸਾਰ ਇਹ ਇੱਕ ਬਹੁਤ ਵਧੀਆ ਸਿੱਖਣ ਦਾ ਤਜਰਬਾ ਸੀ। ਕੁੱਲ ਮਿਲਾ ਕੇ, ਇਹ ਭਾਸ਼ਣ ਸਾਰੇ ਵਿਦਿਆਰਥੀਆਂ ਲਈ ਲਾਭਦਾਇਕ ਸੀ।
ਸੰਯੁਕਤ ਅਧਿਆਪਕ ਫਰੰਟ ਨੇ ਵਿੱਤ ਮੰਤਰੀ ਦੇ ਨਾਂ ਡੀ.ਸੀ. ਨੂੰ ਦਿੱਤਾ ਮੰਗ ਪੱਤਰ
ਵਿੱਤੀ ਬਜਟ ਵਿੱਚ ਅਧਿਆਪਕਾਂ ਦੇ ਵਿੱਤੀ ਅਤੇ ਭਰਤੀ ਸਬੰਧੀ ਮਸਲਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇ ਮਾਨ-ਸਰਕਾਰ: ਰੇਸਮ ਸਿੰਘ
ਲੋਕ-ਰਾਇ ਨਾਲ ਬਜਟ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪੂਰੇ:ਵਿਕਾਸ ਗਰਗ ਰਾਮਪੁਰਾ
ਸੁਖਜਿੰਦਰ ਮਾਨ
ਬਠਿੰਡਾ, 15 ਜੂਨ: ਸਿੱਖਿਆ ਖੇਤਰ ਨੂੰ ਦਰਪੇਸ਼ ਮਸਲਿਆਂ ‘ਤੇ ਚਿੰਤਾ ਵਿਅਕਤ ਕਰਦਿਆਂ ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਕਨਵੀਨਰਜ ਰੇਸਮ ਸਿੰਘ, ਵਿਕਾਸ ਗਰਗ ਰਾਮਪੁਰਾ,ਮਨਪ੍ਰੀਤ ਬੰਗੀ,ਯੁੱਧਜੀਤ ਸਿੰਘ ਤੇ ਬਲਜਿੰਦਰ ਸਿੰਘ ਨੇ ਅੱਜ ਅਪਣੀਆਂ ਮੰਗਾਂ ਨੂੰ ਲੈ ਕੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਇੱਕ ਮੰਗ ਡਿਪਟੀ ਕਮਿਸ਼ਨਰ ਨੂੰ ਸੋਂਪਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਖੇਤਰ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਦੀ ਗੱਲ ਤਾਂ ਕਰ ਰਹੇ ਹਨ ਪਰ ਸਿੱਖਿਆ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਦਾ ਹਕੀਕੀ ਰੂਪ ‘ਚ ਹੱਲ ਕੀਤੇ ਬਿਨਾਂ ਇਹ ਸੰਭਵ ਨਹੀਂ ਜਾਪਦਾ। ਇਸਦੇ ਲਈ ‘ਆਪ‘ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਿਹੜੇ ਵਾਅਦੇ ਕੀਤੇ ਸਨ, ਉਹ ਆਪਣੇ ਪਹਿਲੇ ਬਜਟ ਸੈਸ਼ਨ ਵਿੱਚ ਹੀ ਪੂਰੇ ਕਰੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿੱਤੀ ਮਸਲਿਆਂ ਅਤੇ ਸਿੱਖਿਆ ਨਾਲ ਸੰਬੰਧਤ ਦੂਜੇ ਮਸਲਿਆਂ ਨੂੰ ਗੰਭੀਰਤਾ ਨਾਲ ਲਵੇ। ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ ਕੰਪਿਊਟਰ ਫੈਕਲਟੀ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦਿੰਦੇ ਹੋਏ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਬਿਨਾਂ ਕਿਸੇ ਸ਼ਰਤ ਦੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਥੇਬੰਦੀਆਂ ਦੀ ਮੰਗ ਅਨੁਸਾਰ ਸੋਧ ਕੇ ਮੁੜ ਲਾਗੂ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਦੇ ਰੋਕੇ ਗਏ ਏ.ਸੀ.ਪੀ. ਕੇਸ ਦੇ ਲਾਭ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਦੇ ਖਤਮ ਕੀਤੇ ਭੱਤੇ ਜਿਵੇਂ ਪੇਂਡੂ ਭੱਤਾ, ਹੈਂਡੀਕੈਪ ਭੱਤਾ, ਬਾਰਡਰ ਏਰੀਆ ਭੱਤਾ, ਸਾਇੰਸ ਪ੍ਰੈਕਟੀਕਲ ਭੱਤਾ ਅਤੇ ਹੋਰ ਸਾਰੇ ਭੱਤਿਆਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਫਰੰਟ ਦੇ ਆਗੂ ਭੋਲਾ ਰਾਮ,ਅਮਨਦੀਪ ਮਾਨਵਾਲਾ,ਕੁਲਵਿੰਦਰ ਵਿਰਕ,ਹਰਪ੍ਰੀਤ ਜਟਾਣਾ, ਰਾਜਇਕਬਾਲ ਤੇ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਸਕੀਮਾਂ ਅਧੀਨ ਰੱਖੇ ਹੋਏ ਸਮੂਹ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਬਿਨਾਂ ਕਿਸੇ ਸ਼ਰਤ ਦੇ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਕਰਨ ਦੇ ਲਈ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। 180 ਈ.ਟੀ.ਟੀ. ਅਧਿਆਪਕ, 3582 ਮਾਸਟਰ ਕਾਡਰ, 873 ਡੀ.ਪੀ.ਈ. ਤੇ ਲਾਗੂ ਕੀਤੇ ਕੇਂਦਰੀ ਪੈਂਟਰਨ ਦੇ ਸਕੇਲ ਵਾਪਸ ਲਏ ਜਾਣ। 17 ਜੁਲਾਈ 2020 ਦੇ ਨੋਟੀਫਿਕੇਸ਼ਨ ਅਨੁਸਾਰ ਨਵੀਂਆਂ ਭਰਤੀਆਂ ਤੇ ਲਾਗੂ ਕੀਤੇ ਗਏ ਕੇਂਦਰੀ ਪੈਟਰਨ ਦੇ ਪੇਅ ਸਕੂਲ ਰੱਦ ਕਰਦਿਆਂ ਪੰਜਾਬ ਰਾਜ ਦੇ ਆਪਣੇ ਸਕੇਲ ਮੁੜ ਬਹਾਲ ਕੀਤੇ ਜਾਣ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜਿਲ੍ਹੇ ਦੇ ਸਮੁੱਚੇ ਬੀ.ਐੱਲ.ਓਜ ਦੀ ਵੈਬ ਕਾਸਟਿੰਗ ਦੀ ਬਣਦੀ ਰਾਸ਼ੀ ਤੁਰੰਤ ਜਾਰੀ ਕੀਤਾ ਜਾਵੇ।ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਉਪਰੰਤ 2016 ਤੋਂ ਬਨਣ ਵਾਲੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਬਜਟ ਦੀ ਘਾਟ ਕਾਰਨ ਰੋਕੇ ਗਏ ਪ੍ਰਾਇਮਰੀ ਅਧਿਆਪਕਾਂ ਦੇ ਜੁਲਾਈ 2021 ਤੋਂ ਬਣਦੇ ਪੇਅ-ਕਮਿਸ਼ਨ ਦੀ ਬਕਾਏ ਵੀ ਤੁਰੰਤ ਜਾਰੀ ਕੀਤੇ ਜਾਣ। ਕੇਂਦਰੀ ਪੇਅ ਕਮਿਸ਼ਨ ਦੀ ਤਰਜ਼ ‘ਤੇ ਡੀ.ਏ. ਵਿੱਚ ਵਾਧੇ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇਂ ਵੀ ਲਾਗੂ ਕੀਤਾ ਜਾਵੇ। ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾਂ ਦੇ ਸਿੱਧੇ ਅਤੇ ਅਸਿੱਧੇ ਤੌਰ ਤੇ ਲਾਗੂ ਕੀਤੇ ਗਏ ਤਨਖਾਹ ਕਟੌਤੀ ਦੇ ਫੈਸਲਿਆਂ ਨੂੰ ਰੱਦ ਕਰਦੇ ਹੋਏ ਪੂਰੀ ਤਨਖਾਹ ਦੇ ਬਣਦੇ ਬਕਾਏ ਜਾਰੀ ਕੀਤੇ ਜਾਣ। 15.01.2015 ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਇਸ ਨੋਟੀਫਿਕੇਸ਼ਨ ਅਧੀਨ ਭਰਤੀ ਹੋਏ ਮੁਲਾਜ਼ਮਾਂ ਦੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਅਤੇ ਭੱਤੇ ਲਾਗੂ ਕਰਦੇ ਹੋਏ ਬਣਦੇ ਬਕਾਏ ਜਾਰੀ ਕੀਤੇ ਜਾਣ।

ਬਠਿੰਡਾ ਤੋਂ ਭਾਜਪਾ ਟੀਮ ਸੰਗਰੂਰ ਚੋਣਾਂ ’ਚ ਪ੍ਰਚਾਰ ਲਈ ਪੁੱਜੀ
ਸੁਖਜਿੰਦਰ ਮਾਨ
ਸੰਗਰੂਰ, 15 ਜੂਨ: ਬਠਿੰਡਾ ਭਾਜਪਾ ਦੀ ਇੱਕ 20 ਮੈਂਬਰੀ ਟੀਮ ਜਿਲ੍ਹਾ ਪ੍ਰਧਾਨ ਸ੍ਰੀ ਵਿਨੋਦ ਬਿੰਟਾ ਦੀ ਅਗਵਾਈ ਵਿੱਚ ਅੱਜ ਸੰਗਰੂਰ ਲੋਕਸਭਾ ਉਪਚੋਣਾਂ ਦੇ ਤਹਿਤ ਹਲਕਾ ਬਰਨਾਲਾ ਸਹਿਰ ਵਿਚ ਪਹੁੰਚੀ। ਇਸ ਟੀਮ ਨੇ ਸੰਗਰੂਰ ਲੋਕ ਸਭਾ ਉਪ ਚੋਣ ’ਚ ਭਾਰਤੀ ਜਨਤਾ ਪਾਰਟੀ,ਪੰਜਾਬ ਲੋਕ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਸੰਜੁਕਤ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਆਮ ਜਨਤਾ ਦੇ ਨਾਲ ਨਾਲ ਆਪਣੇ ਆਪਣੇ ਨਿੱਜੀ ਰਿਸ਼ਤੇਦਾਰਾਂ ਤੱਕ ਪਹੁੰਚ ਕਰਕੇ ਭਾਜਪਾ ਦੇ ਹੱਕ ਵਿਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ । ਜਿਲ੍ਹਾ ਮਹਾਂਮੰਤ੍ਰੀ ਉਮੇਸ਼ ਸ਼ਰਮਾ ਨੇ ਦੱਸਿਆ ਕਿ ਬਠਿੰਡਾ ਭਾਜਪਾ ਦੀ ਡਿਊਟੀ ਖ਼ਾਸ ਕਰਕੇ ਬਰਨਾਲਾ ਅਤੇ ਤਪਾ ਮੰਡੀ ਦੇ ਏਰੀਆ ਵਿਚ ਲਗਾਈ ਗਈ ਹੈ ਅਤੇ ਚੋਣਾਂ ਤਕ 20 ਤੋਂ 30 ਕਾਰਜਕਰਤਾਵਾਂ ਦਾ ਕਾਫ਼ਲਾ ਰੋਜ਼ ਜਾਏਗਾ । ਬਰਨਾਲਾ ਗਈ ਟੀਮ ਵਿਚ ਜਿਲਾ ਮਹਾਂਮੰਤਰੀ ਉਮੇਸ ਸਰਮਾ,ਜਿਲਾ ਉਪ ਪ੍ਰਧਾਨ ਰਾਜੇਸ ਨੋਨੀ, ਜਤਿੰਦਰ ਸਿੰਘ ਅਰੋੜਾ, ਬਲਵੰਤ ਸ਼ਰਮਾ, ਸੁਰੇਸ ਕੁਮਾਰ ਸੁਰਿੰਦਰ, ਰਾਜੇਸ਼ ਬੰਸਲ, ਰਾਜੀਵ ਸ਼ਰਮਾ,ਅਸ਼ੋਕ ਚੋਹਾਨ, ਜਿਲਾ ਮੀਡੀਆ ਇੰਚਾਰਜ ਬੌਬੀ ਕਾਲੀਆ ਅਤੇ ਹੋਰ ਕਾਰਜਕਰਤਾ ਮੌਜੂਦ ਸਨ।
ਪਾਵਰਕਾਮ ਦੇ ਅਧਿਕਾਰੀਆਂ ਦੀ ਸ਼ਹਿ ’ਤੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਗਰਿੱਡਾਂ ਦੇ ਬਾਹਰ ਬੈਠੇ ਠੇਕੇਦਾਰ: ਰਾਮਾ
ਸੁਖਜਿੰਦਰ ਮਾਨ
ਬਠਿੰਡਾ, 15 ਜੂਨ: ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਖੇਤੀ ਖੇਤਰ ਲਈ ਸਵੈ ਇੱਛਾ ਨਾਲ ਲੋਡ ਵਧਾਉਣ ਲਈ ਪ੍ਰ੍ਰਤੀ ਕਿਲੋਵਾਟ ਫ਼ੀਸ ਘਟਾਉਣ ਦੇ ਫੈਸਲੇ ਨੂੰ ਵਧੀਆਂ ਕਰਾਰ ਦਿੰਦਿਆਂ ਬੀ ਕੇ ਯੂ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਸਕੱਤਰ ਜਨਰਲ ਰਾਮ ਕਰਨ ਸਿੰਘ ਰਾਮਾ ਨੇ ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਦੀ ਸ਼ਹਿ ’ਤੇ ਗਰਿੱਡਾਂ ਦੇ ਬਾਹਰ ਬੈਠੇ ਠੇਕੇਦਾਰਾਂ ਦੀ ਲੁੱਟ ਰੋਕਣ ਲਈ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਪੂਰੇ ਪੰਜਾਬ ਵਿੱਚ ਖੇਤੀ ਨਾਲ ਸਬੰਧਿਤ ਮੋਟਰ ਕੁਨੈਕਸਨਾ ਵਿੱਚ ਵੀਹ ਐਚ ਪੀ ਪਾਵਰ ਲੋਡ ਵਧਾਉਣ ਨੂੰ ਮਨਜੂਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ ਐੱਸ ਪੀ ਸੀ ਐਲ ਵੱਲੋਂ ਟਿਊਬਵੈਲ ਖਪਤਕਾਰਾਂ ਦੇ ਅਣ ਅਧਿਕਾਰਿਤ ਲੋਡ ਵਿੱਚ ਵਾਧੇ ਲਈ ਜਾਰੀ ਕਮਰਸੀਅਲ ਸਰਕੂਲਰ ਨੰਬਰ 1322 ਮਿੱਤੀ 10 ਜੂਨ 2022 ਤੋਂ ਲਾਗੂ ਕਰ ਦਿੱਤਾ ਹੈ ਇਸ ਸਕੀਮ ਤਹਿਤ ਟਿਊਬਵੈੱਲ ਕੁਨੈਕਸਨ ਦੇ ਲੋਡ ਵਧਾਉਣ ਲਈ ਕੋਈ ਜੁਰਮਾਨਾ ਸਰਚਾਰਜ ਨਹੀਂ ਲੱਗੇਗਾ। ਇਸ ਸਕੀਮ ਤਹਿਤ ਸਿਰਫ ਪੰਚੀ ਸੋ ਰੁਪਏ ਦੋ ਸੋ ਰੁਪਏ ਪੀ ਐੱਸ ਪੀ ਸੀ ਐਲ ਖਪਤਕਾਰਾਂ ਤੋਂ ਕੈਸ ਕਾਉੰਟਰ ਕਰਵਾਏ ਜਾਣਗੇ ਅਤੇ ਫਾਰਮ ਆਦਿ ਵੀ ਦਫਤਰ ਵਿਚੋਂ ਹੀ ਮਿਲਣਗੇ। ਕਿਸਾਨ ਆਗੂ ਰਾਮਾ ਨੇ ਦੋਸ਼ ਲਗਾਇਆ ਕਿ ਪਾਵਰਕਾਮ ਦੇ ਹੇਠਲੇ ਅਧਿਕਾਰੀ ਪੰਜਾਬ ਸਰਕਾਰ ਦੇ ਇੰਨ੍ਹਾਂ ਹੁਕਮਾਂ ਦੀਆਂ ਸਰੇਆਮ ਧੱਜ਼ੀਆਂ ਉਡਾ ਰਹੇ ਹਨ ਤੇ ਕਿਸਾਨਾਂ ਨੂੰ ਗਰਿੱਡਾਂ ਚੋਂ ਫਾਰਮ ਦੇਣ ਦੀ ਬਜਾਏ ਉਨ੍ਹਾਂ ਨੂੰ ਬਾਹਰ ਬੈਠੇ ਠੇਕੇਦਾਰਾਂ ਤੋਂ ਟੈਸਟ ਰਿਪੋਟ ਭਰਾਉਣ ਲਈ ਮਜਬੂਰ ਕਰਦੇ ਹਨ, ਜੋ ਬਿਨ੍ਹਾਂ ਕਾਰਨ ਤੋਂ ਕਿਸਾਨਾਂ ਦੀ ਸੈਕੜੇ ਰੁਪਇਆਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਇਸ ਲੁੱਟ ’ਤੇ ਨੱਥ ਨਾ ਪਾਈ ਤਾਂ ਕਿਸਾਨ ਸੰਘਰਸ਼ ਲਈ ਮਜਬੂਰ ਹੋਣਗੇ।
ਪਾਣੀ ਦੇ ਕੈਂਪਰ ਨੂੰ ਲੈ ਕੇ ਹੋਏ ਵਿਵਾਦ ’ਚ ਰਾਮਾ ਮੰਡੀ ਦੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ
ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਸੂਬੇ ਵਿਚ ਹਥਿਆਰਾਂ ਦੀ ਵਧਦੀ ਦੁਰਵਰਤੋਂ ਦੇ ਚੱਲਦਿਆਂ ਮੰਗਲਵਾਰ ਨੂੰ ਜ਼ਿਲ੍ਹੇ ਦੇ ਸ਼ਹਿਰ ਰਾਮਾ ਮੰਡੀ ਵਿਖੇ ਦਿਨ-ਦਿਹਾੜੇ ਦੋ ਗੁਆਂਢੀ ਦੁਕਾਨਦਾਰਾਂ ਵਿਚ ਪਾਣੀ ਦੇ ਕੈਂਪਰ ਨੂੰ ਲੈ ਕੇ ਹੋਈ ਲੜਾਈ ਵਿਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੁਜਰਮ ਫ਼ਰਾਰ ਹੋ ਗਏ ਜਦੋਂਕਿ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿਚ ਜਖ਼ਮੀ ਹੋਏ ਦੁਕਾਨਦਾਰ ਦੀ ਹਸਪਤਾਲ ਵਿਚ ਮੌਤ ਹੋ ਗਈ। ਜਦੋਂਕਿ ਇੱਕ ਹੋਰ ਵਿਅਕਤੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਿ੍ਰਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਸ਼ੇਖੂ ਵਜੋਂ ਹੋਈ ਹੈ ਜਦੋਂਕਿ ਉਸ ਦਾ ਭਰਾ ਹਰਪ੍ਰੀਤ ਸਿੰਘ ਜਖਮੀ ਹੈ। ਪਤਾ ਲੱਗਿਆ ਹੈ ਕਿ ਮਿ੍ਰਤਕ ਗੁਰਪੀ੍ਰਤ ਸਿੰਘ ਰਾਮਾ ਮੰਡੀ ’ਚ ਦਰਜ਼ੀ ਦਾ ਕੰਮ ਕਰਦਾ ਹੈ। ਉਸਦਾ ਅਪਣੇ ਗੁਆਂਢੀ ਦੁਕਾਨਦਾਰ ਸਤੀਸ਼ ਕੁਮਾਰ ਨਾਲ ਲੰਮੇ ਸਮੇਂ ਤੋਂ ਮਨ-ਮੁਟਾਵ ਚੱਲ ਰਿਹਾ ਸੀ। ਅੱਜ ਵੀ ਪਾਣੀ ਦੇ ਕੈਂਪਰ ਰੱਖਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ। ਜਿਸਤੋਂ ਬਾਅਦ ਦੂਜੀ ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਤੇ ਉਸਦੇ ਭਰਾ ਮਨੀਸ਼ ਕੁਮਾਰ ਨੇ ਗੁਰਪ੍ਰੀਤ ਤੇ ਹਰਪ੍ਰੀਤ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਚੱਲਦੇ ਹੀ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ ਤੇ ਪੁਲਿਸ ਵੀ ਪੁੱਜ ਗਈ। ਇਸ ਦੌਰਾਨ ਮਿ੍ਰਤਕ ਦਰਜੀ ਦੇ ਪਰਿਵਾਰ ਅਤੇ ਸਮਰਥਕਾਂ ਨੇ ਮੰਡੀ ‘ਚ ਧਰਨਾ ਲਗਾਉਂਦਿਆਂ ਮੁਜਰਮਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਰੱਖੀ। ਥਾਣਾ ਰਾਮਾਂ ਦੇ ਐਸਐਚਓ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਸ਼ਰਦ ਪਵਾਰ ਨੇ ਵਿਰੋਧੀ ਧਿਰਾਂ ਵਲੋਂ ਰਾਸਟਰਪਤੀ ਦੇ ਅਹੁੱਦੇ ਲਈ ਚੋਣ ਲੜਣ ਤੋਂ ਕੀਤਾ ਇੰਨਕਾਰ!
ਬੁੱਧਵਾਰ ਨੂੰ ਮਮਤਾ ਬੈਨਰਜੀ ਨੇ ਵਿਰੋਧੀ ਧਿਰਾਂ ਦੀ ਸੱਦੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 14 ਜੂਨ: ਅਗਲੇ ਮਹੀਨੇ ਦੇਸ ਦੇ ਸਰਬਉੱਚ ਅਹੁੱਦੇ ਰਾਸਟਰਪਤੀ ਲਈ ਹੋਣ ਜਾ ਰਹੀ ਚੋਣ ’ਚ ਵਿਰੋਧੀ ਧਿਰਾਂ ਵਲੋਂ ਉਮੀਦਵਾਰ ਬਣਨ ਦੀ ਪੇਸ਼ਕਸ ਮਰਾਠਾ ਆਗੂ ਸ਼ਰਦ ਪਵਾਰ ਵਲੋਂ ਠੁਕਰਾਉਣ ਦੀ ਚਰਚਾ ਹੈ। ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਖੱਬੀਆਂ ਧਿਰਾਂ ਦੇ ਆਗੂਆਂ ਵਲੋਂ ਦਿੱਲੀ ’ਚ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲਈ ਵਿਰੋਧੀ ਦਲਾਂ ਦਾ ਸਾਂਝਾ ਉਮੀਦਵਾਰ ਬਣਨ ਦੀ ਪੇਸ਼ਕੇਸ਼ ਕੀਤੀ ਸੀ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀ ਪਵਾਰ ਚੋਣ ਲੜਣ ਲਈ ਤਿਆਰ ਨਹੀਂ ਹਨ। ਉਧਰ ਸ਼੍ਰੀ ਪਵਾਰ ਦੀ ਨਾਂਹ ਨੁਕਰ ਤੋਂ ਬਾਅਦ ਵਿਰੋਧੀਆਂ ਨੂੰ ਇਕਜੁਟ ਰੱਖਣ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰਾਂ ਵੱਲੋਂ ਸਾਂਝਾ ਉਮੀਦਵਾਰ ਚੁਣਨ ਲਈ ਮੀਟਿੰਗ ਸੱਦੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਚਰਚਾ ਮੁਤਾਬਕ ਕਾਂਗਰਸ ਪਾਰਟੀ ਦੇ ਆਗੂ ਵੀ ਇਸ ਵਿਚ ਸ਼ਾਮਲ ਹੋਣਗੇ।
ਪੰਜਾਬ ਪੁਲਿਸ ਦੇ ਹੱਥ ਆਇਆ ਲਾਰੇਂਸ ਬਿਸਨੋਈ, ਭਾਰੀ ਸੁਰੱਖਿਆ ਹੇਠ ਪੰਜਾਬ ਲਈ ਰਵਾਨਾ
ਦਿੱਲੀ ਦੀ ਅਦਾਲਤ ਨੇ ਇੱਕ ਦਿਨ ਲਈ ਦਿੱਤਾ ਟ੍ਰਾਂਜੈਂਟ ਰਿਮਾਂਡ, ਭਲਕੇ ਕਰਨਾ ਹੋਵੇਗਾ ਮਾਨਸਾ ਅਦਾਲਤ ’ਚ ਪੇਸ਼
ਸਿੱਧੂ ਮੂਸੇਵਾਲਾ ਕਾਂਡ ’ਚ ਮੁੱਖ ਮੁਜ਼ਰਮ ਮੰਨਿਆ ਜਾ ਰਿਹਾ ਹੈ ਲਾਰੇਂਸ ਬਿਸਨੋਈ
ਹੁਣ ਤੱਕ ਦੋ ਸ਼ਾਰਪ ਸੂਟਰਾਂ ਸਹਿਤ ਪੌਣੀ ਦਰਜ਼ਨ ਸ਼ੱਕੀਆਂ ਦੀ ਹੋ ਚੁੱਕੀ ਹੈ ਗਿ੍ਰਫਤਾਰੀ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 14 ਜੂਨ: ਲੰਘੀ 29 ਮਈ ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਮੁੱਖ ਸ਼ਾਜਸਘਾੜਾ ਮੰਨਿਆ ਜਾ ਰਿਹਾ ਲਾਰੇਂਸ ਬਿਸਨੋਈ ਆਖ਼ਰਕਾਰ ਅੱਜ ਪੰਜਾਬ ਪੁਲਿਸ ਦੇ ਹੱਥ ਆ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸਿੱਧੂ ਮੂਸੇਵਾਲਾ ਕਾਂਡ ’ਚ ਬਿਸਨੋਈ ਦੀ ਪੁਛਗਿਛ ਲਈ ਪੰਜਾਬ ਪੁਲਿਸ ਵਲੋਂ ਦਿੱਤੀ ਅਰਜ਼ੀ ਸਵੀਕਾਰ ਕਰਦਿਆਂ ਉਸਨੂੰ ਇੱਕ ਦਿਨਾਂ ਦੇ ਟ੍ਰਾਂਜੈਂਟ ਰਿਮਾਂਡ ’ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਭਲਕੇ ਉਸਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲਾਰੇਂਸ ਬਿਸਨੋਈ ਦੇ ਕਿਮਨਿਲ ਰਿਕਾਕਡ ਨੂੰ ਦੇਖਦਿਆਂ ਪੰਜਾਬ ਪੁਲਿਸ ਦਿੱਲੀ ’ਚ ਭਾਰੀ ਸੁਰੱਖਿਆ ਦਸਤੇ ਲੈ ਕੇ ਪੁੱਜੀ ਹੋਈ ਹੈ। ਦਿੱਲੀ ਤੋਂ ਪੰਜਾਬ ਤੱਕ ਲਾਰੇਂਸ ਦੀ ਵਾਪਸੀ ਬੁਲੇਟ ਪਰੂਫ਼ ਗੱਡੀ ਵਿਚ ਹੋਵੇਗੀ, ਜਿਸਦੇ ਲਈ ਪੁਲਿਸ ਦੋ ਬੁਲੈਟ ਪਰੂਫ਼ ਗੱਡੀਆਂ ਲੈ ਕੇ ਗਈ ਹੈ। ਇਸਤੋਂ ਇਲਾਵਾ ਵਾਪਸੀ ਸਮੇਂ ਪੰਜਾਬ ਪੁਲਿਸ ਦੀਆਂ ਕਰੀਬ ਦੋ ਦਰਜ਼ਨ ਦੇ ਕਰੀਬ ਛੋਟੀਆਂ ਵੱਡੀਆਂ ਗੱਡੀਆਂ ਦਾ ਕਾਫ਼ਲਾ ਲਾਰੇਂਸ ਦੇ ਨਾਲ ਚੱਲੇਗਾ। ਇਸਤੋਂ ਇਲਾਵਾ ਦਿੱਲੀ ਤੋਂ ਮਾਨਸਾ ਤੱਕ ਵਾਪਸੀ ਸਮੇਂ ਪੂੁਰੀ ਵੀਡੀਓਗ੍ਰਾਫੀ ਕੀਤੀ ਜਾਣੀ ਹੈ। ਦਸਣਾ ਬਣਦਾ ਹੈ ਕਿ ਲਾਰੇਂਸ ਬਿਸਨੋਈ ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਲਗਾਤਾਰ ਦੋ ਹਫ਼ਤਿਆਂ ਵੱਖ ਵੱਖ ਮਾਮਲਿਆਂ ਵਿਚ ਲਾਰੇਂਸ ਦਾ ਅਦਾਲਤ ਕੋਲੋ ਪੁਲਿਸ ਰਿਮਾਂਡ ਹਾਸਲ ਕਰ ਲਿਆ ਸੀ। ਉਧਰ ਪੰਜਾਬ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਦੇ ਹੀ ਲਾਰੇਂਸ ਬਿਸਨੋਈ ਵਲੋਂ ਅਪਣੇ ਵਕੀਲ ਰਾਹੀਂ ਦਿੱਲੀ ਅਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਅਰਜੀਆਂ ਦਾਈਰ ਵੀ ਕੀਤੀਆਂ ਸਨ ਪ੍ਰੰਤੂ ਸਫ਼ਲਤਾ ਹੱਥ ਨਹੀਂ ਲੱਗੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਅੱਧੇ ਘੰਟੇ ਬਾਅਦ ਹੀ ਬਿਸਨੋਈ ਦੇ ਖ਼ਾਸ ਮੰਨੇ ਜਾਂਦੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਫ਼ੇਸਬੁੱਕ ਰਾਹੀਂ ਪੋਸਟ ਪਾ ਕੇ ਇਸ ਕਤਲ ਦੀ ਜਿੰਮੇਵਾਰੀ ਚੁੱਕੀ ਸੀ। ਇਸਤੋਂ ਇਲਾਵਾ ਇਸ ਕਾਂਡ ਵਿਚ ਹੁਣ ਤੱਕ ਫ਼ੜੇ ਗਏ ਸਾਰੇ ਹੀ ਕਥਿਤ ਦੋਸ਼ੀਆਂ ਦਾ ਸਬੰਧ ਬਿਸਨੋਈ ਗੈਂਗ ਨਾਲ ਹੀ ਜੁੜਦਾ ਰਿਹਾ ਹੈ। ਉਧਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਰੇਂਸ ਬਿਸਨੋਈ ਦੀ ਪੁਛਗਿਛ ਤੋਂ ਬਾਅਦ ਇਸ ਕੇਸ ਵਿਚ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਸਿਰਸਾ ਨੇ ਸ਼ਰਾਬ ਦੇ ਕਾਰੋਬਾਰ ਵਿਚੋਂ ਚੋਣਵੇਂ ਵਿਅਕਤੀਆਂ ਨੁੰ ਲਾਭ ਦੇਣ ਲਈ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੂੰ ਸੌਂਪੀ ਸ਼ਿਕਾਇਤ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਜੂਨ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਐਂਟੀ ਕ੍ਰਪਸ਼ਨ ਸੈਲ ਬ੍ਰਾਂਚ ਦੇ ਸਪੈਸ਼ਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੰਡੋ ਸਪਿਰਟਸ ਤੇ ਬ੍ਰਿੰਡਕੋ ਸਪਿਰਟਸ ਅਤੇ ਆਮ ਆਦਮੀ ਪਾਰਟੀ ਵੱਲੋ ਰਲ ਕੇ ਦਿੱਲੀ ਦੇ ਸਰਕਾਰੀ ਮਾਲੀਆ ‘ਤੇ ਮਾਰੇ ਜਾ ਰਹੇ ਡਾਕੇ ਤੇ ਸਾਜ਼ਿਸ਼ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਉਹਨਾਂ ਨੇ ਲਿਖਤੀ ਸਬੂਤ ਵੀ ਸੌਂਪੇ ਕਿ ਕਿਵੇਂ ਜਿਵੇ ਨਾਇਰ, ਦਿਨੇਸ਼ ਅਰੋੜਾ ਤੇ ਮਨਜੀਤ ਰਾਏ ਜੋ ਪੈਨਰੋਡ ਰਿਕਰ ਦਾ ਮੁਲਾਜ਼ਮ ਹੈ,ਦੇ ਖਿਲਾਫ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਕਿਵੇਂ ਸ੍ਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਨੇ ਦਿੱਲੀ ਦੀ ਆਬਕਾਰੀ ਨੀਤੀ ਦਾ ਲਾਭ ਸਿਰਫ ਚੋਣਵੇਂ ਵਿਅਕਤੀਆ ਨੂੰ ਦੇਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਸਪੈਸ਼ਨ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਦਿੱਲੀ, ਸ੍ਰੀ ਵਿਜੇ ਨਾਇਕ ਸਾਬਕਾ ਸੀ ਈ ਓ ਓਨਲੀ ਮਚ ਲਾਊਡਰ, ਸ੍ਰੀ ਮਨੋਜ ਰਾਏ, ਸ੍ਰੀ ਕੈਲਾਸ਼ ਗਹਿਲੋਤ ਟਰਾਂਸਪੋਰਟ ਤੇ ਵਾਤਾਵਰਣ ਮੰਤਰੀ ਦਿੱਲੀ, ਸ੍ਰੀ ਸਤੇਂਦਰ ਜੈਨ ਸਿਹਤ ਮੰਤਰੀ ਦਿੱਲੀ, ਸ੍ਰੀ ਅਰਾਵਾ ਗੋਪੀਕ੍ਰਿਸ਼ਨ ਕਮਿਸ਼ਨਰ ਆਬਕਾਰੀ, ਦਿੱਲੀ, ਸ੍ਰੀ ਰਾਘਵ ਚੱਢਾ, ਐਮ ਪੀ, ਸ੍ਰੀ ਦਿਨੇਸ਼ ਅਰੋੜਾ, ਸ੍ਰੀ ਅਮਨਦੀਪ ਸਿੰਘ ਢੱਲ ਮਾਲਕ ਬ੍ਰਿਡਕੋ ਸਪਿਰਟਸ, ਸ੍ਰੀ ਸਮੀਰ ਮਹੇਂਦਰੂ ਮਾਲਕ ਇੰਡੋ ਸਪਿਰਟਸ ਤੇ ਹੋਰਨਾਂ ਖਿਲਾਫ ਦਰਖ਼ਾਸਤ ਦਿੱਤੀ ਹੈ।
ਉਹਨਾ ਕਿਹਾ ਕਿ ਇਹਨਾਂ ਲੋਕਾਂ, ਕੰਪਨੀਆਂ ਤੇ ਹੋਰਨਾਂ ਨੇ ਦਿੱਲੀ ਦੇ ਮੰਤਰੀਆਂ ਨਾਲ ਰਲ ਕੇ ਇੰਡੋਸਪਿਰਟਸ ਡਿਸਟ੍ਰੀਬਿਊਸ਼ਨ ਨੁੰ 2021, 22 ਲਈ ਦਿੰਲੀ ਦੀ ਆਬਕਾਰੀ ਨੀਤੀ ਦਾ ਲਾਭ ਪਹੁੰਚਾਇਆ ਤੇ ਸ੍ਰੀ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੇ ਮੰਤਰੀਆਂ ਦਾ ਸਮੂਹ ਜਿਸ ਵਿਚ ਸ੍ਰੀ ਕੈਲਾਸ਼ ਗਹਿਲੋਤ ਤੇ ਸ੍ਰੀ ਸਤੇਂਦਰ ਜੈਨ ਵੀਸ਼ਾਮਲ ਸਨ, ਨੇ ਉਕਤ ਸ੍ਰੀ ਸਮੀਰ ਮਹੇਂਦਰੂ ਤੇ ਸ੍ਰੀ ਅਮਨ ਢੱਲ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਇਆ। ਉਹਨਾਂ ਕਿਹਾ ਕਿ ਅਜਿਹੀ ਨੀਤੀ ਬਣਾਈ ਗਈ ਕਿ ਇਹ ਵੱਡੇ ਲੋਕ ਇਸ ਕਾਰੋਬਾਰ ‘ਤੇ ਕਾਬਜ਼ ਹੋ ਜਾਣ ਤੇ ਬਾਕੀ ਸਾਰੇ ਛੋਟੇ ਕਾਰੋਬਾਰੀ ਇਸ ਧੰਦੇ ਵਿਚੋਂ ਬਾਹਰ ਹੋ ਜਾਣ।
ਉਹਨਾਂ ਦੱਸਿਆ ਕਿ ਦਿੱਲੀ ਨੁੰ 32 ਜ਼ੋਨਾਂ ਵਿਚ ਵੰਡਿਆ ਗਿਆ ਜਿਸ ਵਿਚ 9 ਤੋਂ 10 ਵਾਰਡ ਸ਼ਾਮਲ ਕੀਤੇ ਗਏ ਜਿਸ ਵਾਸਤੇ ਸ਼ਰਾਬ ਲਾਇਸੰਸ ਹਾਸਲ ਕੀਤਾ ਜਾ ਸਕਦਾ ਸੀ। ਉਹਨਾਂ ਦੱਸਿਆ ਕਿ ਇਕ ਜ਼ੋਨ ਦੇ ਲਾਇਸੰਸ ਲਈ 200 ਕਰੋੜ ਰੁਪਏ ਦੀ ਫੀਸ ਰੱਖੀ ਗਈ ਤੇ ਮੌਜੂਦਾ ਰਿਟੇਲਰਾਂ ਨੁੰ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਸ਼ਰਤ ਰੱਖੀ ਗਈ ਕਿ ਇਕ ਲਾਇਸੰਸ ਹੋਲਡਰ ਸਿਰਫ ਦੋ ਜ਼ੋਨ ਲੈ ਸਕਦਾ ਹੈ ਜੋ ਵੱਡੇ ਕਾਰੋਬਾਰੀਆਂ ਦੇ ਹਿੱਸੇ ਆ ਗਈ। ਉਹਨਾਂ ਦੱਸਿਆ ਕਿ ਨੀਵੀਂ ਨੀਤੀ ਦਾ ਮਕਸਦ ਸਿਰਫ ਕਾਰਟਲ ਕਾਇਮ ਕਰਨਾ ਸੀ ਤਾਂ ਜੋ ਕੋਈ ਮੁਕਾਬਲੇ ਵਿਚ ਨਾ ਰਹੇ।
ਉਹਨਾਂ ਹੋਰ ਦੱਸਿਆ ਕਿ ਹੋਲਸੇਲ ਦੇ ਕੰਮ ਵਿਚ ਇਹ ਲਾਭ ਮਿਲਣ ਦੀ ਥਾਂ ‘ਤੇ ਆਮ ਆਦਮੀ ਪਾਰਟੀ ਨੂੰ ਹਰ ਮਹੀਨੇ 30 ਕਰੋੜ ਰੁਪਏ ਨਗਦ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਨੀਤੀ ਇਸ ਮਕਸਦ ਨਾਲ ਬਣਾਈ ਗਈ ਹੈ ਕਿ ਸਾਰਾ ਕਾਰੋਬਾਰ ਸਿਰਫ ਇੰਡੋ ਸਪਿਰਟਸ ਤੇ ਬ੍ਰਿਡਕੋ ਸਪਿਰਸਟਸ ਦੇ ਹੱਥ ਆ ਜਾਵੇ ਤੇ ਅਜਿਹਾ ਕਰਨਾ ਨਾ ਸਿਰਫ ਮੁਕਾਬਲੇਬਾਜ਼ੀ ਬਲਕਿ ਸਹੀ ਧੰਦੇ ਦੇ ਸਿਧਾਂਤਾਂ ਦੇ ਖਿਲਾਫ ਹੈ। ਉਹਨਾ ਕਿਹਾ ਕਿ ਨੀਤੀ ਬਣਾਉਣ ਵੇਲੇ ਸ੍ਰੀ ਮਨੋਰ ਜਾਏ, ਸ੍ਰੀ ਮਨੀਸ਼ ਸਿਸੋਦੀਆ, ਸ੍ਰੀ ਕੇ ਗਹਿਲੋਤ, ਸ੍ਰੀ ਸਤੇਂਦਰ ਜੇਨ, ਸ੍ਰੀ ਅਰਾਵਾ ਗੋਪੀ ਕ੍ਰਿਸ਼ਨ ਤੇ ਕਈ ਹੋਰਨਾਂ ਨੇ ਸ੍ਰੀ ਦਿਨੇਸ਼ ਅਰੋੜਾ ਤੇ ਸ੍ਰੀ ਵਿਜੇ ਨਾਇਰ ਨਾਲ ਰਲ ਕੇ ਕੰਮ ਕੀਤਾ ਤਾਂ ਜੋ ਇਸ ਅਪਰਾਧ ਦੇ ਅਸਲ ਤੱਥ ਛੁਪਾਏ ਜਾ ਸਕਣ। ਉਹਨਾਂ ਕਿਹਾ ਕਿ ਇਹ ਨੀਤੀ ਮਨੋਰ ਰਾਏ ਦੇ ਦਿਮਾਗ ਦੀ ਕਾਢ ਹੈ ਜੋ ਪੈਰਨੋਡ ਰਿਚਰਡ ਦਾ ਮੁਲਾਜ਼ਮ ਹੈ।ਉਹਨਾਂ ਨੇ ਐਂਟੀ ਕ੍ਰਪਸ਼ਨ ਬਿਊਰੋ ਤੇ ਸੀ ਬੀ ਆਈ ਨੂੰ ਅਪੀਲ ਕੀਤੀ ਕਿ ਇਸ ਗੁਨਾਹ ਦਾ ਨੋਟਿਸ ਲਿਆ ਜਾਵੇ ਤੇ ਮਾਮਲੇ ਵਿਚ ਫੌਰੀ ਕਾਰਵਾਈ ਕੀਤੀ ਜਾਵੇ।
ਮੁੱਖ ਮੰਤਰੀ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ
ਲਾਇਸੈਂਸ ਲਈ www.sarathi.parivahan.gov.in ਉੱਤੇ ਕੀਤਾ ਜਾ ਸਕਦਾ ਅਪਲਾਈ
ਸਾਲਾਨਾ ਪੰਜ ਲੱਖ ਤੋਂ ਵੱਧ ਬਿਨੈਕਾਰਾਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਲਾਇਸੈਂਸ ਹਾਸਲ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਜਿਸ ਨਾਲ ਉਹ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ‘ਤੇ ਸਿਰਫ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ।ਮੁੱਖ ਮੰਤਰੀ ਨੇ ਨਵੇਂ ਪੋਰਟਲ www.sarathi.parivahan.gov.in ਦੀ ਸ਼ੁਰੂਆਤ ਕਰਦਿਆਂ ਕਿਹਾ, “ਇਹ ਇਕ ਇਤਿਹਾਸਕ ਕਦਮ ਹੈ ਜਿਸ ਨਾਲ ਚਾਹਵਾਨ ਲੋਕ ਲਰਨਿੰਗ ਡਰਾਈਵਿੰਗ ਲਾਇਸੰਸ ਸੌਖਿਆ ਹੀ ਆਪਣੇ ਘਰਾਂ ਵਿੱਚ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਹੁਣ ਆਰ.ਟੀ.ਏ. ਦਫ਼ਤਰਾਂ/ਟਰੈਕਾਂ ‘ਤੇ ਜਾਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਘਰ ਬੈਠੇ ਹੀ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਦੀ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਲੋਕ ਚਾਹੁਣ ਤਾਂ ਸੁਵਿਧਾ ਕੇਂਦਰ ਵਿਖੇ ਵੀ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਦੇ ਸਮੇਂ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜਿਸ ਤੋਂ ਬਾਅਦ ਉਹ ਆਨਲਾਈਨ ਲਰਨਿੰਗ ਲਾਇਸੈਂਸ ਟੈਸਟ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਲਾਇਸੈਂਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਜਿਨ੍ਹਾਂ ਨੂੰ ਪਹਿਲਾਂ ਲਾਇਸੈਂਸ ਲੈਣ ਲਈ ਲੰਮੀਆਂ ਕਤਾਰਾਂ ‘ਚ ਖੜ੍ਹਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021-22 ਵਿੱਚ 5.21 ਲੱਖ ਬਿਨੈਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਆਨਲਾਈਨ ਸਹੂਲਤ ਦੇ ਸ਼ੁਰੂ ਹੋਣ ਨਾਲ 5 ਲੱਖ ਤੋਂ ਵੱਧ ਬਿਨੈਕਾਰ ਆਰ.ਟੀ.ਏ. ਦਫ਼ਤਰਾਂ ਵਿੱਚ ਜਾਣ ਤੋਂ ਬਿਨਾਂ ਆਪਣੇ ਲਾਇਸੈਂਸ ਨਿਰਵਿਘਨ ਅਤੇ ਬਿਨਾਂ ਕਿਸੇ ਦਿੱਕਤ ਤੋਂ ਪ੍ਰਾਪਤ ਕਰਨਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰੀਨ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ









