Home Blog Page 2889

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਫਤਿਹਾਬਾਦ ਪਹੁੰਚੀਆਂ

0

ਪੰਜਾਬ ਪੁਲਿਸ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕੇਂਦਰੀ ਏਜੰਸੀਆਂ ਅਤੇ ਸੂਬੇ ਦੇ ਹੋਰ ਪੁਲਿਸ ਬਲਾਂ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਕਰ ਰਹੀ ਹੈ ਕੰਮ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਜੂਨ:ਜੁਰਮ ਵਿੱਚ ਵਰਤੀ ਗਈ ਗੱਡੀ ਵਿੱਚੋਂ ਮਿਲੇ ਇੱਕ ਛੋਟੇ ਜਿਹੇ ਸੁਰਾਗ ਅਤੇ ਪ੍ਰਾਪਤ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਪੁਲਿਸ ਨੂੰ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ – ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲੀ, ਜਿਸ ਸਦਕਾ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ 10 ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ।
ਸਿੱਧੂ ਮੂਸੇਵਾਲਾ, ਜੋ 29 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਆਪਣੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲੇ ਸਨ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।

ਘਟਨਾਵਾਂ ਤੋਂ ਕਿਵੇਂ ਪਰਦਾ ਉਠਿਆ
ਏ.ਡੀ.ਜੀ.ਪੀ. ਏ.ਜੀ.ਟੀ.ਐੱਫ. ਨੇ ਕਿਹਾ ਕਿ ਇਹ ਮਹਤਵਪੂਰਨ ਸਫਲਤਾ ਉਸ ਸਮੇਂ ਮਿਲੀ ਜਦੋਂ ਬਲੇਰੋ ਕਾਰ ‘ਚੋਂ ਫਤਿਹਾਬਾਦ ਸਥਿਤ ਪੈਟਰੋਲ ਪੰਪ ਤੋਂ ਭਰਾਏ ਡੀਜ਼ਲ ਦੀ ਰਸੀਦ (25 ਮਈ, 2022) ਬਰਾਮਦ ਕੀਤੀ ਗਈ। ਇਹ ਗੱਡੀ ਅਪਰਾਧ ਵਿੱਚ ਵਰਤੀ ਗਈ ਸੀ ਅਤੇ ਬਾਅਦ ਵਿੱਚ ਅਪਰਾਧ ਵਾਲੇ ਸਥਾਨ ਤੋਂ ਲਗਭਗ 13 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਨੇੜੇ ਖੜ੍ਹੀ ਮਿਲੀ ਸੀ। ਉਹਨਾਂ ਅੱਗੇ ਕਿਹਾ ਕਿ ਪੁਲਿਸ ਦੀ ਇੱਕ ਟੀਮ ਉਸੇ ਦਿਨ ਸੀਸੀਟੀਵੀ ਫੁਟੇਜ ਇਕੱਠੀ ਕਰਨ ਲਈ ਫਤਿਹਾਬਾਦ ਦੇ ਪੈਟਰੋਲ ਸਟੇਸ਼ਨ ਲਈ ਤੁਰੰਤ ਰਵਾਨਾ ਕੀਤੀ ਗਈ।
ਉਹਨਾਂ ਕਿਹਾ “ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਅਤੇ ਇੱਕ ਵਿਅਕਤੀ, ਜਿਸ ਦੇ ਸ਼ੂਟਰ ਹੋਣ ਦੀ ਸੰਭਾਵਨਾ ਹੈ, ਦੀ ਪਛਾਣ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ, ਜਿਸ ਦੀ ਪਛਾਣ ਬਾਅਦ ਵਿੱਚ ਸੋਨੀਪਤ ਦੇ ਪ੍ਰਿਆਵਰਤ ਵਜੋਂ ਹੋਈ ਹੈ। ਪੈਟਰੋਲ ਪੰਪ ਸਟੇਸ਼ਨ ਤੋਂ ਡੀਜ਼ਲ ਭਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਬਲੈਰੋ ਗੱਡੀ ਦੁਆਰਾ ਲਏ ਗਏ ਰੂਟ ਦੀ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਗਈ।” ਇਸੇ ਤਰ੍ਹਾਂ ਇੰਜਣ ਨੰਬਰ ਅਤੇ ਚੈਸੀ ਨੰਬਰ ਦੀ ਮਦਦ ਨਾਲ ਬਲੈਰੋ ਦੀ ਮਾਲਕੀ ਦਾ ਪਤਾ ਲਗਾਇਆ ਗਿਆ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬਲੈਰੋ, ਟੋਇਟਾ ਕੋਰੋਲਾ ਅਤੇ ਚਿੱਟੇ ਰੰਗ ਦੀ ਆਲਟੋ ਕਾਰ ਸਮੇਤ ਸਾਰੇ ਵਾਹਨ ਬਰਾਮਦ ਕਰ ਲਏ ਹਨ। ਟੋਇਟਾ ਕੋਰੋਲਾ ਵਿੱਚ ਸਵਾਰ ਹਮਲਾਵਰਾਂ ਨੇ ਬੰਦੂਕ ਦੀ ਨੋਕ ’ਤੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਨੂੰ ਰੋਕਿਆ ਅਤੇ ਖੋਹ ਕੇ ਲੈ ਗਏ। ਉਹ ਕੋਰੋਲਾ ਕਾਰ, ਜੋ ਕਿ ਘਟਨਾ ਦੌਰਾਨ ਨੁਕਸਾਨੀ ਗਈ ਸੀ, ਨੂੰ ਉੱਥੇ ਹੀ ਛੱਡ ਗਏ ਅਤੇ ਚਿੱਟੇ ਰੰਗ ਦੀ ਬੋਲੈਰੋ ਜੀਪ ਦੇ ਪਿੱਛੇ-ਪਿੱਛੇ ਪਿੰਡ ਖਾਰਾ ਬਰਨਾਲਾ ਵੱਲ ਫਰਾਰ ਹੋ ਗਏ। ਚਿੱਟੇ ਰੰਗ ਦੀ ਆਲਟੋ ਵੀ 30 ਮਈ, 2022 ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜੇ ਤੜਕੇ 3.30 ਵਜੇ ਖੜ੍ਹੀ ਮਿਲੀ ਸੀ ਅਤੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਵੱਲੋਂ ਲਏ ਗਏ ਰੂਟ ਦੀ ਪਛਾਣ ਕੀਤੀ ਗਈ ਸੀ।

ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਭੂਮਿਕਾ
ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਹੋਰ 9 ਦੋਸ਼ੀਆਂ ਦੀ ਪਛਾਣ ਚਰਨਜੀਤ ਸਿੰਘ ਉਰਫ ਚੇਤਨ ਵਾਸੀ ਬਲਰਾਮ ਨਗਰ ਬਠਿੰਡਾ; ਹਰਿਆਣਾ ਦੇ ਸਿਰਸਾ ਦੇ ਸੰਦੀਪ ਸਿੰਘ ਉਰਫ਼ ਕੇਕੜਾ; ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ; ਮਨਪ੍ਰੀਤ ਭਾਊ ਵਾਸੀ ਢੈਪਈ, ਫਰੀਦਕੋਟ; ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆ, ਅੰਮ੍ਰਿਤਸਰ; ਤਖ਼ਤ-ਮਲ ਹਰਿਆਣਾ ਦੇ ਪ੍ਰਭਦੀਪ ਸਿੱਧੂ ਉਰਫ਼ ਪੱਬੀ; ਹਰਿਆਣਾ ਦੇ ਸੋਨੀਪਤ ਦੇ ਪਿੰਡ ਰੇਵਲੀ ਦੇ ਮੋਨੂੰ ਡਾਗਰ; ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਸਾਰਿਆਂ ਨੂੰ ਸਾਜ਼ਿਸ਼ ਰਚਣ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਏ.ਡੀ.ਜੀ.ਪੀ. ਨੇ ਕਿਹਾ ਕਿ ਕੋਰੋਲਾ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਸਹੀ ਪਾਇਆ ਗਿਆ ਅਤੇ ਮਾਲਕ ਦੀ ਪਛਾਣ ਕਰ ਲਈ ਗਈ, ਹਾਲਾਂਕਿ, ਜਿਸ ਵਿਅਕਤੀ ਦੇ ਨਾਮ ‘ਤੇ ਖਰੀਦ ਦਾ ਐਫੀਡੇਵਿਡ ਬਰਾਮਦ ਕੀਤਾ ਗਿਆ ਸੀ, ਉਹ ਅਸਲ ਮਾਲਕ ਨਹੀਂ ਸੀ, ਪਰ ਉਸ ਨੇ ਮਨਪ੍ਰੀਤ ਮੰਨਾ (ਗੋਲਡੀ ਬਰਾੜ ਨਾਲ ਸਬੰਧਤ ਗੈਂਗਸਟਰ) ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ, ਜੋ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।ਮਨਪ੍ਰੀਤ ਭਾਊ, ਜਿਸ ਨੂੰ ਕੋਰੋਲਾ ਕਾਰ ਦੀ ਵਰਤੋਂ ਕਰਨ ਸਬੰਧੀ ਸ਼ੱਕ ਦੇ ਆਧਾਰ ‘ਤੇ 30 ਮਈ, 2022 ਨੂੰ ਉੱਤਰਾਖੰਡ ਦੇ ਚਮੋਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਇਹ ਕਾਰ ਮਨਪ੍ਰੀਤ ਮੰਨਾ ਦੇ ਕਹਿਣ ‘ਤੇ ਦੋ ਸ਼ੱਕੀ ਸ਼ੂਟਰਾਂ ਮੋਗਾ ਦੇ ਮਨੂ ਕੁੱਸਾ ਅਤੇ ਅੰਮ੍ਰਿਤਸਰ ਦੇ ਜਗਰੂਪ ਸਿੰਘ ਉਰਫ਼ ਰੂਪਾ ਨੂੰ ਸੌਂਪੀ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸ਼ੂਟਰ ਸਾਰਜ ਮਿੰਟੂ, ਜੋ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ ਦੁਆਰਾ ਮੁਹੱਈਆ ਕਰਵਾਏ ਗਏ ਅਤੇ ਮੰਨਿਆ ਜਾਂਦਾ ਹੈ ਕਿ ਉਹ ਸ਼ੂਟਰਾਂ ਦੇ ਸਮੂਹ ਦਾ ਹਿੱਸਾ ਹੈ।
ਪ੍ਰਭਦੀਪ ਸਿੱਧੂ ਉਰਫ਼ ਪੱਬੀ, ਜਿਸ ਨੂੰ 3 ਜੂਨ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ, ਜੋ ਉਸ ਕੋਲ ਆ ਕੇ ਰੁਕੇ ਸਨ ਅਤੇ ਉਸ ਨੇ ਮੂਸੇਵਾਲਾ ਦੇ ਘਰ ਦੀ ਰੇਕੀ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਇਹ ਖੁਲਾਸਾ ਵੀ ਹੋਇਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸੁਰੱਖਿਆ ਕਰਮੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੈਮਰੇ ਆਦਿ ਦੀ ਜਾਂਚ ਕੀਤੀ।
ਭਰੋਸੇਯੋਗ ਜਾਣਕਾਰੀ ਉਪਰੰਤ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਹਿਯੋਗੀ ਮੋਨੂੰ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਪੁੱਛਗਿੱਛ ਦੌਰਾਨ, ਉਸਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਆਵਰਤ ਅਤੇ ਅੰਕਿਤ ਵਜੋਂ ਪਛਾਣੇ ਗਏ ਦੋ ਸ਼ੂਟਰਾਂ ਦਾ ਪ੍ਰਬੰਧ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ ਨੇ ਸਾਦੁਲ ਸ਼ਹਿਰ ਤੋਂ ਵਾਰਦਾਤ ਵਿਚ ਵਰਤੀ ਗਈ ਚਿੱਟੀ ਬੋਲੈਰੋ ਜੀਪ ਖਰੀਦ ਕੇ ਬਠਿੰਡਾ ਦੇ ਕੇਸ਼ਵ ਵਜੋਂ ਪਛਾਣੇ ਗਏ ਵਿਅਕਤੀ ਰਾਹੀਂ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਮੁਹੱਈਆ ਕਰਵਾਈ ਸੀ।
ਸੰਦੀਪ ਕੇਕੜਾ, ਜਿਸ ਨੂੰ 6 ਜੂਨ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਭਰਾ ਬਿੱਟੂ ਕਾਲਿਆਂਵਾਲੀ ਨੇ ਹਰਿਆਣਾ, ਸਿਰਸਾ ਦੇ ਤਖਤ ਮੱਲ ਦੇ ਨਿੱਕੂ ਨਾਲ ਮਿਲ ਕੇ ਮੂਸੇਵਾਲਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਸੀ। ਉਸਨੇ ਦੱਸਿਆ ਕਿ 29 ਮਈ, 2022 ਨੂੰ ਉਸਦੇ ਭਰਾ ਬਿੱਟੂ ਨੇ ਉਸ ਨੂੰ ਮੋਟਰ ਸਾਈਕਲ ‘ਤੇ ਨਿੱਕੂ ਨਾਲ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਜੋਂ ਉਸ ਦੇ ਘਰ ਜਾਣ ਲਈ ਕਿਹਾ। ਉਸਨੇ ਕਬੂਲ ਕੀਤਾ ਕਿ ਉਹਨਾਂ ਨੇ ਨਿੱਕੂ ਦੇ ਮੋਬਾਈਲ ਫੋਨ ‘ਤੇ ਗਾਇਕ ਨਾਲ ਸੈਲਫੀ ਖਿੱਚੀ ਅਤੇ ਬਾਅਦ ਵਿੱਚ ਨਿੱਕੂ ਨੇ ਸਚਿਨ ਥਾਪਨ ਨੂੰ ਮੂਸੇਵਾਲਾ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਲਈ ਵੀਡੀਓ ਕਾਲ ਕੀਤੀ ਅਤੇ ਦੱਸਿਆ ਕਿ ਉਹ ਬਿਨਾਂ ਸੁਰੱਖਿਆ ਦੇ ਆਪਣੋ ਘਰ ਤੋਂ ਚੱਲ ਪਿਆ ਹੈ ਅਤੇ ਕਾਲੀ ਥਾਰ ਜੀਪ ਵਿੱਚ ਡਰਾਈਵਰ ਸੀਟ ‘ਤੇ ਬੈਠਾ ਹੈ।
ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ (ਹੁਣ ਦੁਬਈ ਵਿੱਚ) ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ। ਇਸ ਤੋਂ ਇਲਾਵਾ, ਇਨ੍ਹਾਂ ਗੈਂਗਸਟਰਾਂ ਨੇ ਫੇਸਬੁੱਕ ਪ੍ਰੋਫਾਈਲਾਂ ਰਾਹੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਨਾਂ ਨੂੰ ਉਨ੍ਹਾਂ ਦੇ ਗਰੋਹ ਦੇ ਮੈਂਬਰਾਂ ਸਮੇਤ ਮੁਲਜ਼ਮ ਅਤੇ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਏਜੀਟੀਐਫ ਅਤੇ ਐਸਆਈਟੀ ਕੇਂਦਰੀ ਏਜੰਸੀਆਂ ਅਤੇ ਹੋਰ ਸੂਬਿਆਂ ਦੇ ਪੁਲਿਸ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਸ਼ੱਕੀ ਸ਼ੂਟਰਾਂ ਅਤੇ ਇਸ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾ ਸਕੇ।

ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸ ਲਈ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ: ਭਗਵੰਤ ਮਾਨ

0

-ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ, ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ: ਭਗਵੰਤ ਮਾਨ
-ਮੁੱਖ ਮੰਤਰੀ ਨੇ ਸਿਮਰਨਜੀਤ ਮਾਨ ’ਤੇ ਕੀਤੀ ਟਿੱਪਣੀ, ‘ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਉਹ ਤਲਵਾਰ ਦੀ: ਭਗਵੰਤ ਮਾਨ
-ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਹਰਸਿਮਰਤ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ?
ਸੁਖਜਿੰਦਰ ਮਾਨ
ਬਰਨਾਲਾ, 16 ਜੂਨ : ‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ, ਜਦੋਂ ਕਿ ਇਹ ਦੋਵੇਂ ਪਤੀ- ਪਤਨੀ ਸੰਸਦ ਮੈਂਬਰ ਹਨ? ਇਨ੍ਹਾਂ ਨੇ ਐਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ? ਸੁਖਬੀਰ ਬਾਦਲ ਦੱਸੇ ਕਿ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਮਾਮਲਾ ਸੰਸਦ ਦੇ ਕਿਸ ਨਿਯਮ ’ਚ ਲਿਖਿਆ ਹੋਇਆ ਹੈ।’ ਇਹ ਸਾਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਹਨ। ਮਾਨ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣ ਗਿਆ।
ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਪ੍ਰਚਾਰ ਦੌਰਾਨ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਸ਼ਹਿਣਾ, ਪੱਖੋਂ ਕੈਂਚੀਆਂ, ਭਦੌੜ, ਉਗੋਕੇ, ਢਿੱਲਵਾਂ, ਤਪਾ, ਤਾਜੋਕੇ, ਪੱਖੋਂ ਕਲਾਂ, ਰੁੜੇਕੇ ਕਲਾਂ, ਧੌਲਾ ਅਤੇ ਬਰਨਾਲਾ ਹਲਕੇ ਦੇ ਪਿੰਡਾਂ ਹੰਡਿਆਇਆ, ਬਰਨਾਲਾ ਸ਼ਹਿਰ, ਕਚਿਹਰੀ ਚੌਂਕ, ਸੰਧੂ ਪੱਤੀ, ਸੰਘੇੜਾ, ਕਰਮਗੜ੍ਹ, ਨੰਗਲ, ਝਲੂਰ, ਸੇਖਾ, ਫਰਵਾਹੀ, ਰਾਜਗੜ੍ਹ, ਉਪਲੀ ਅਤੇ ਕੱਟੂ ਵਿੱਚ ‘ਰੋਡ ਸ਼ੋਅ’ ਕੀਤਾ ਅਤੇ ਲੋਕਾਂ ਨੂੰ ‘ਝਾੜੂ’ ਦੇ ਨਿਸ਼ਾਨ ’ਤੇ ਮੋਹਰਾਂ ਲਾ ਕੇ ਗੁਰਮੇਲ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੀ ਤਰੀਫ਼ ਕਰਦਿਆਂ ਮੁੱਖੀ ਮੰਤਰੀ ਮਾਨ ਨੇ ਕਿਹਾ ਕਿ ਗੁਰਮੇਲ ਸਿੰਘ ਉਨ੍ਹਾਂ (ਮਾਨ) ਵਾਂਗ ਹੀ ਆਮ ਘਰ ਦਾ ਨੌਜਵਾਨ ਹੈ ਅਤੇ ਆਮ ਆਦਮੀ ਦਾ ਦੁੱਖ- ਦਰਦ ਸਮਝਦਾ ਹੈ। ਇਹ ਸਰਪੰਚ ਸੰਸਦ ਮੈਂਬਰ ਬਣ ਕੇ ਸੰਗਰੂਰ ਦੇ ਆਮ ਲੋਕਾਂ ਦੀ ਆਵਾਜ਼ ਲੋਕ ਸਭਾ ’ਚ ਚੁੱਕੇਗਾ।
ਮੁੱਖ ਮੰਤਰੀ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ਦੀ ਕੀਤੀ ਜਾਂਦੀ ਅਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਮਾਫੀਆ ਖਿਲਾਫ਼ ਸਰਕਾਰ ਦੀ ਕਾਰਵਾਈ ਤੋਂ ਵਿਰੋਧੀ ਆਗੂ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜੇਲ ਜਾਣ ਦਾ ਡਰ ਲੱਗ ਰਿਹਾ ਹੈ।’’
ਮੁੱਖ ਮੰਤਰੀ ਨੇ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਦੀ ਅਲੋਚਨਾ ਕਰਦਿਆਂ ਕਿਹਾ, ‘‘ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਪੰਜਾਬ ਦੀ ਅਮਨ- ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਦੇ ਹਾਂ। ਪੰਜਾਬ ਦਾ ਪਾਣੀ ਅਤੇ ਕਿਸਾਨੀ ਬਚਾਉਣ ਦੀ ਗੱਲ ਕਰਦੇ ਹਾਂ। ਨੌਜਵਾਨਾਂ ਲਈ ਰੋਜ਼ਗਾਰ ਦੀ ਗੱਲ ਕਰਦੇ ਹਾਂ, ਜਦੋਂ ਉਹ (ਸਿਮਰਨਜਤੀ ਮਾਨ) ਗੋਲੀ, ਬੰਦੂਕ ਅਤੇ ਤਲਵਾਰ ਦੀਆਂ ਗੱਲਾਂ ਕਰਦੇ ਹਨ। ਬੰਦੂਕ ਅਤੇ ਤਲਵਾਰ ਨਾਲ ਕਿਸੇ ਵੀ ਸਮਾਜ ਦਾ ਭਲਾ ਨਹੀਂ ਹੁੰਦਾ। ਸਮਾਜ ਦਾ ਭਲਾ ਹੁੰਦਾ ਹੈ ਸਹੀ ਸੋਚ ਅਤੇ ਸਹੀ ਯਤਨਾਂ ਨਾਲ। ’’
ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਕੇਵਲ ਤਿੰਨ ਮਹੀਨੇ ਹੋਏ ਹਨ। ਪਰ ਐਨੇ ਘੱਟ ਸਮੇਂ ’ਚ ਸਰਕਾਰ ਨੇ ਬਹੁਤ ਸਾਰੇ ਇਤਿਹਾਸਕ ਫ਼ੈਸਲੇ ਕੀਤੇ ਹਨ, ਜਿਹੜੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 75 ਸਾਲਾਂ ’ਚ ਨਹੀਂ ਕੀਤੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸਨ ਦੇਣਾ ਹੈ। ਇਸ ਦਿਸ਼ਾ ’ਚ ਉਹ ਤੇਜ਼ੀ ਨਾਲ ਕੰਮ ਕਰ ਰਹੇ ਹਨ। ਕਈ ਭ੍ਰਿਸ਼ਟਾਚਾਰੀ ਆਗੂਆਂ ਅਤੇ ਮੰਤਰੀਆਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਕਈ ਵੱਡੇ- ਵੱਡੇ ਆਗੂਆਂ ਦੇ ਕਾਰਨਾਮਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਲਦੀ ਹੀ ਉਨ੍ਹਾਂ ’ਤੇ ਵੀ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਲੋਕਾਂ ਦਾ ਇੱਕ- ਇੱਕ ਪੈਸਾ ਹੁਣ ਲੋਕਾਂ ’ਤੇ ਖਰਚ ਹੋ ਰਿਹਾ ਹੈ। ਮਾਫੀਆਂ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ’ਚ ਜਿਹੜਾ ਸਿਆਸੀ ਆਗੂਆਂ ਦਾ ਮਾਫੀਆ ਨਾਲ ਗਠਜੋੜ ਸੀ, ਉਹ ਗਠਜੋੜ ਹੁਣ ਟੁੱਟ ਚੁੱਕਾ ਹੈ। ਇਸ ਲਈ ਭ੍ਰਿਸ਼ਟਾਚਾਰੀ ਆਗੂ ਅਤੇ ਮਾਫੀਆ ‘ਆਪ’ ਸਰਕਾਰ ਖ਼ਿਲਾਫ਼ ਹੋ ਗਿਆ ਹੈ ਅਤੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਪਰ ਇਨ੍ਹਾਂ ਨੂੰ ਹਰਾ ਕੇ ਆਪਾਂ ਸਭ ਨੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ, ਸੰਪਨ ਅਤੇ ਵਿਕਸਤ ਬਣਾਉਣਾ ਹੈ।

ਬਠਿੰਡਾ ’ਚ ਖੇਡ ਵਿਭਾਗ ਨੇ ਕਰਵਾਇਆ ਓਪਨ ਵਾਲੀਬਾਲ ਟੂਰਨਾਮੈਂਟ

0

4 ਜ਼ਿਲ੍ਹਿਆਂ ਦੀਆਂ ਵਾਲੀਬਾਲ ਲੜਕਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ
ਮਾਨਸਾ ਪਹਿਲੇ ਤੇ ਬਠਿੰਡਾ ਦੂਸਰੇ ਸਥਾਨ ਤੇ ਰਿਹਾ
ਸੁਖਜਿੰਦਰ ਮਾਨ
ਬਠਿੰਡਾ, 16 ਜੂਨ : ਖੇਡ ਵਿਭਾਗ ਪੰਜਾਬ ਵਿਚ ਖੇਡਾਂ ਦੇ ਮਿਆਰ ਨੂੰ ਉਚਾ ਚੁੱਕਣ ਤੇ ਬੱਚਿਆਂ ਨੂੰ ਖੇਡਾਂ ਵੱਲ ਜੋੜਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿੱਖਿਆ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਖੇਡ ਵਿਭਾਗ ਦੇ ਸੈਕਟਰੀ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਦੀ ਵਿਸ਼ੇਸ਼ ਅਗਵਾਈ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵਿਸ਼ੇਸ ਸਹਿਯੋਗ ਨਾਲ ਪੰਜਾਬ ਖੇਡ ਵਿਭਾਗ ਦੁਆਰਾ ਆਜਾਦੀ ਦੀ 75ਵੀਂ ਵਰੇਗੰਢ੍ਹ ਨੂੰ ਸਮਰਪਿਤ ਜ਼ਿਲ੍ਹੇ ਵਿਚ ਓਪਨ ਵਾਲੀਬਾਲ ਦਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਜਿਸ ਵਿਚ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਵਾਲੀਬਾਲ ਲੜਕਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਦਾ ਉਦਘਾਟਨ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਨੇ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਕੀਤਾ।
ਇਸ ਮੌਕੇ ਪਹਿਲਾ ਵਾਲੀਬਾਲ ਦਾ ਮੈਚ ਬਠਿੰਡਾ-ਫਰੀਦਕੋਟ ਵਿਚਕਾਰ ਹੋਇਆ, ਜਿਸ ਵਿਚ ਬਠਿੰਡਾ ਨੇ ਫਰੀਦਕੋਟ ਨੂੰ 2-0 ਨਾਲ ਹਰਾਇਆ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚਕਾਰ ਮੈਚ ਹੋਇਆ, ਜਿਸ ਵਿਚ ਮਾਨਸਾ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਫਾਈਨਲ ਮੈਚ ਮਾਨਸਾ ਤੇ ਬਠਿੰਡਾ ਵਿਚਕਾਰ ਹੋਇਆ, ਜਿਸ ਵਿਚ ਮਾਨਸਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਮਾਨਸਾ ਨੇ ਪਹਿਲਾ ਸਥਾਨ ਅਤੇ ਬਠਿੰਡਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸਿੱਧੂ ਨੇ ਵਧਾਈ ਵੀ ਦਿੱਤੀ। ਇਸ ਉਪਰੰਤ ਖੇਡ ਵਿਭਾਗ ਦੁਆਰਾ ਆਈਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨੂੰ ਰਿਫਰੈਸਮੈਂਟ ਦਿੱਤੀ ਗਈ।
ਇਸ ਮੌਕੇ ਵਾਲੀਬਾਲ ਕੋਚ ਬਠਿੰਡਾ ਹਰਪ੍ਰੀਤ ਸਿੰਘ, ਜਗਜੀਤ ਸਿੰਘ, ਹੁਕਮਜੀਤ ਕੌਰ, ਵਾਲੀਬਾਲ ਕੋਚ ਫਰੀਦਕੋਟ ਮਨਪ੍ਰੀਤ ਕੌਰ, ਸੁਖਰਾਜ ਸਿੰਘ, ਵਾਲੀਬਾਲ ਕੋਚ ਮਾਨਸਾ ਗੁਰਪ੍ਰੀਤ ਸਿੰਘ, ਹਾਕੀ ਕੋਚ ਰਾਜਵੰਤ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ, ਫੁਟਬਾਲ ਕੋਚ ਬਠਿੰਡਾ ਮਨਜਿੰਦਰ ਸਿੰਘ, ਅਥਲੈਟਿਕਸ ਕੋਚ ਬਠਿੰਡਾ ਸੁਖਜੀਤ ਕੌਰ, ਹਰਨੇਕ ਸਿੰਘ, ਹਾਕੀ ਕੋਚ ਬਠਿੰਡਾ ਗੁਰਨੀਤ ਸਿੰਘ, ਬਾਸਕਟਬਾਲ ਕੋਚ ਬਲਜੀਤ ਸਿੰਘ ਅਤੇ ਬਾਕਸਿੰਗ ਕੋਚ ਸੰਦੀਪ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਨਵੇਂ ਯੁੱਗ ਵਿੱਚ ਵਧ ਰਹੀਆਂ ਗਊਸ਼ਾਲਾਵਾਂ ਆਤਮ ਨਿਰਭਰਤਾ ਵੱਲ : ਸਚਿਨ ਸ਼ਰਮਾ

0

ਸੁਖਜਿੰਦਰ ਮਾਨ
ਬਠਿੰਡਾ, 16 ਜੂਨ: ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ਼੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਗਊ ਵੰਸ਼ ਦੀ ਸੇਵਾ, ਸੰਭਾਲ ਅਤੇ ਰੱਖ-ਰਖਾਵ ਕੀਤਾ ਜਾਂਦਾ ਹੈ। ਇਸ ਆਧੁਨਿਕ ਯੁੱਗ ਵਿੱਚ ਗਊਸ਼ਾਲਾਵਾਂ ਆਤਮ ਨਿਰਭਰਤਾ ਵੱਲ ਵੱਧ ਰਹੀਆਂ ਹਨ, ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇੱਕ ਚੰਗੀ ਸੋਚ ਦਾ ਵਧੀਆ ਨਤੀਜਾ ਮਿਲਣਾ ਸੰਭਾਵਕ ਹੈ।
ਸ਼੍ਰੀ ਸਚਿਨ ਸ਼ਰਮਾ ਨੇ ਬਠਿੰਡਾ ਦੌਰੇ ਦੌਰਾਨ ਦੱਸਿਆ ਕਿ ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਕੀਤੀ ਸੀ। ਉਸਨੂੰ ਇੱਥੋਂ ਦੀ ਕਮੇਟੀ ਵਿਸ਼ੇਸ਼ ਤੌਰ ਤੇ ਸ਼੍ਰੀ ਸਾਧੂ ਰਾਮ ਕੁਸਲਾ ਦੇ ਯਤਨਾਂ ਸਦਕਾ ਦਿਨ ਪ੍ਰਤੀ ਦਿਨ ਤਰੱਕੀ ਵੱਲ ਵੱਧ ਰਹੀ ਹੈ। ਇੱਥੇ ਗਊਵੰਸ਼ ਦੀ ਸੇਵਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਤੰਦਰੁਸਤ ਰੱਖ ਕੇ ਇਨ੍ਹਾਂ ਦਾ ਪੌਸ਼ਟਿਕ ਦੁੱਧ ਸ਼੍ਰੀ ਰਾਧਿਕਾ ਨਾਮ ਤੋਂ ਅੱਧਾ ਕਿਲੋ ਦੀ ਪੈਕਿੰਗ ਵਿੱਚ ਵੱਡੇ-ਵੱਡੇ ਚਿਲਰਾਂ ਦੇ ਮਾਧਿਅਮ ਨਾਲ ਸਾਫ਼-ਸੁਥਰਾ ਪੈਕ ਕਰਕੇ ਘਰਾਂ ਤੱਕ ਸਪਲਾਈ ਕੀਤਾ ਜਾਂਦਾ ਹੈ। ਇਹ ਉਪਰਾਲਾ ਹੀ ਇਸ ਗਊਸ਼ਾਲਾ ਨੂੰ ਆਤਮ ਨਿਰਭਰ ਬਣਾਉਂਦਾ ਹੈ, ਜੋ ਵੀ ਰਕਮ ਇਸ ਕੰਮ ਤੋਂ ਇਕੱਠੀ ਹੁੰਦੀ ਹੈ, ਉਸਨੂੰ ਗਊ ਵੰਸ਼ ਦੀ ਸੇਵਾ ਸੰਭਾਲ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪੰਜਾਬ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਵੀ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਯਤਨ ਕਰਨ। ਉਸ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਉਨ੍ਹਾਂ ਦੀ ਮਦਦ ਕਰੇਗਾ। ਸਾਡੀਆਂ ਗਊਸ਼ਾਲਾਵਾਂ ਵਧੀਆ ਹੋਣਗੀਆਂ ਤਾਂ ਉੱਥੇ ਰਹਿਣ ਵਾਲੇ ਗਊ ਵੰਸ਼ ਵੀ ਸਿਹਤਮੰਦ ਹੋਣਗੇ ਅਤੇ ਉਨ੍ਹਾਂ ਤੋਂ ਆਜੀਵਿਕਾ ਵਧੇਗੀ।
ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ਼੍ਰੀ ਸਚਿਨ ਸ਼ਰਮਾ ਨੇ ਅੱਗੇ ਦੱਸਿਆ ਕਿ ਗਊ ਦੇ ਦੁੱਧ ਦੇ ਕੰਮ ਦੇ ਨਾਲ-ਨਾਲ ਅਸੀਂ ਗਊ ਮੂਤਰ ਤੋਂ ਵਿਭਿੰਨ ਦਵਾਈਆਂ ਵੀ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਲੋਕ ਬਣਾਵਟੀ ਰਸਾਇਣਿਕ ਤਰੀਕਿਆਂ ਤੋਂ ਬਣੀਆਂ ਦਵਾਈਆਂ ਅਤੇ ਭੋਜਨ ਨੂੰ ਛੱਡ ਰਹੇ ਹਨ, ਗੋਬਰ ਤੋਂ ਆਰਗੈਨਿਕ ਖਾਦ ਬਣਾ ਰਹੇ ਹਨ, ਜੋ ਕਿ ਬਾਗਬਾਨੀ ਅਤੇ ਕਿਸਾਨੀ ਵਿੱਚ ਬਹੁਤ ਜ਼ਰੂਰੀ ਹੈ। ਗਊ ਮੂਤਰ ਤੋਂ ਫਿਨਾਇਲ ਵੀ ਬਣਾ ਰਹੇ ਹਨ। ਗੋਬਰ ਤੋਂ ਹਵਨ ਸਮੱਗਰੀ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਕਈ ਕੰਮ ਹਨ, ਜਿਸ ਵਿੱਚ ਆਪਾਂ ਗਊਸ਼ਾਲਾਵਾਂ ਦੀ ਆਜੀਵਿਕਾ ਵਧਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਵੱਲ ਜ਼ਰੂਰ ਧਿਆਨ ਦੇਣਗੇ ਅਤੇ ਜਲਦ ਇਸਨੂੰ ਅਪਣਾਉਗੇ।

ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਨਵੇਂ ਐਸ.ਐਸ.ਪੀ ਨੇ ਸੰਭਾਲਿਆ ਅਹੁੱਦਾ

0

ਸਮਾਜ ਵਿਚ ਫੈਲੀ ਭਿ੍ਰਸਟਾਚਾਰ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਜਨਤਾ ਦੇਵੇ ਸਹਿਯੋਗ: ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼
ਸੁਖਜਿੰਦਰ ਮਾਨ
ਬਠਿੰਡਾ, 15 ਜੂਨ: ਬੀਤੇ ਕੱਲ ਪੰਜਾਬ ਸਰਕਾਰ ਵਲੋਂ ਵਿਜੀਲੈਂਸ ਵਿਭਾਗ ਵਿਚ ਕੀਤੇ ਵੱਡੇ ਫ਼ੇਰਬਦਲ ਦੌਰਾਨ ਬਠਿੰਡਾ ਰੇਂਜ ਦੇ ਨਵੇਂ ਐਸ.ਐਸ.ਪੀ ਵਜੋਂ ਤੈਨਾਤ ਕੀਤੇ ਗਏ ਸੀਨੀਅਰ ਆਈ.ਪੀ.ਐਸ ਅਧਿਕਾਰੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਅੱਜ ਸਥਾਨਕ ਵਿਜੀਲੈਂਸ ਦਫ਼ਤਰ ਵਿਖੇ ਅਪਣਾ ਅਹੁੱਦਾ ਸੰਭਾਲ ਲਿਆ। ਇਸ ਦੌਰਾਨ ਉਨ੍ਹਾਂ ਰੇਂਜ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਅਪਣਾ ਕੰਮ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਕਰਨ ਦੀ ਹਿਦਾਇਤ ਕੀਤੀ ਗਈ। ਇਸ ਦੌਰਾਨ ਨਵੇਂ ਐਸ.ਐਸ.ਪੀ ਨੇ ਸਮਾਜ ਵਿਚ ਫੈਲੀ ਭਿ੍ਰਸਟਾਚਾਰ ਰੂਪੀ ਬੁਰਾਈ ਨੂੰ ਖ਼ਤਮ ਕਰਨ ਲਈ ਜਨਤਾ ਤੋਂ ਸਹਿਯੋਗ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵਿਅਕਤੀ ਤੋਂ ਕੰਮ ਬਦਲੇ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ ਜਾਵੇ। ਇਸਤੋਂ ਇਲਾਵਾ ਇਸ ਸਬੰਧ ਵਿਚ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਭਿ੍ਰਸ਼ਟਾਚਾਰ ਵਿਰੋਧੀ ਹੈਲਪ ਲਾਈਨ ਦੇ ਵਟਸਅੇਪ ਨੰਬਰ ਉਪਰ ਵੀ ਸਿਕਾਇਤ ਭੇਜੀ ਜਾ ਸਕਦੀ ਹੈ।

ਹਰਿਆਣਾ ਵਿਚ 20 ਸਾਲ ਤੋਂ ਜਮੀਨ ‘ਤੇ ਕਾਬਿਜ ਲੋਕਾਂ ਨੂੰ ਮਿਲਣਗੇ ਮਾਲਿਕਾਨਾ ਹੱਕ

0

ਬਹੁਤ ਗਰੀਬ ਦਾ ਉਥਾਨ ਕਰਨਾ ਰਾਜ ਸਰਕਾਰ ਦਾ ਮੁੱਖ ਟੀਚਾ – ਮੁੱਖ ਮੰਤਰੀ
ਜਦੋਂ ਤਕ ਗਰੀਬ ਪਰਿਵਾਰਾਂ ਦੀ ਆਮਦਨ 2 ਲੱਖ ਰੁਪਏ ਸਾਲਾਨਾ ਨਹੀਂ ਹੋ ਜਾਂਦੀ, ਉਦੋਂ ਤਕ ਸਾਡੇ ਉਥਾਨ ਦੀ ਗੱਡੀ ਨਹੀਂ ਰੁਕੇਗੀ – ਮਨੋਹਰ ਲਾਲ
ਮੁੱਖ ਮੰਤਰੀ ਨੇ ਚੰਡੀਗੜ੍ਹ ਰਿਹਾਇਸ਼ ਸੰਤ ਕਬੀਰ ਕੁਟੀਰ ‘ਤੇ ਲਗਿਆ ਜਨਤਾ ਦਰਬਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੂਨ: ਸੱਭ ਤੋਂ ਗਰੀਬ ਦਾ ਉਥਾਨ ਕਰਨਾ ਸਾਡਾ ਟੀਚਾ ਹੈ। ਇਹ ਗਲ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾ ਦੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਲਗਾਏ ਗਏ ਜਨਤਾ ਦਰਬਾਰ ਵਿਚ ਪੂਰੇ ਸੂਬੇ ਤੋਂ ਆਏ ਨਾਗਰਿਕਾਂ ਨੂੰ ਭਰੋਸਾ ਦਿੰਦੇ ਹੋਏ ਕਹੀ। ਜਨਤਾ ਦਰਬਾਰ ਵਿਚ ਘੁਮੰਤੂ ਜਾਤੀ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਸਮਸਿਆਵਾਂ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਸਥਾਈ ਨਿਵਾਸ ਪ੍ਰਦਾਨ ਕੀਤੇ ਜਾਣ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ 31 ਮਾਰਚ 2000 ਤਕ ਜਿਸ ਜਮੀਨ ‘ਤੇ ਘੁਮੰਤੂ ਜਾਤੀ ਦੇ ਲੋਕਾਂ ਨੂੰ ਰਹਿੰਦੇ ਹੋਏ 20 ਸਾਲ ਹੋ ਚੁੱਕੇ ਹਨ ਅਤੇ ਉਨ੍ਹਾ ਦੇ ਕੋਲ ਕਿਸੇ ਵੀ ਤਰ੍ਹਾ ਦਾ ਕੋਈ ਪ੍ਰਮਾਣ ਮੌਜੂਦ ਹੈ, ਤਾਂ ਉਨ੍ਹਾਂ ਨੂੰ 200 ਗਜ ਤਕ ਦੀ ਜਮੀਨ ਜਿਸ ‘ਤੇ ਉਹ ਕਾਬਿਜ ਹਨ, ਉਨ੍ਹਾਂ ਤੋਂ ਕੁੱਝ ਭੁਗਤਾਨ ਲੈ ਕੇ ਉਹ ਜਮੀਨ ਉਨ੍ਹਾ ਦੇ ਨਾਂਅ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਪਰਿਵਾਰ ਪਹਿਚਾਣ ਪੱਤਰ ਰਾਹੀਂ ਚੋਣ ਕੀਤੇ ਘੁਮੰਤੂ ਜਾਤੀ ਦੇ ਲੋਕਾਂ, ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਨੂੰ ਹਾਊਸਿੰਗ ਫਾਰ ਆਲ ਵਿਭਾਗ ਰਾਹੀਂ ਵੀ ਘਰ ਦਿੱਤੇ ਜਾਣਗੇ।

ਰਾਜ ਸਰਕਾਰ ਕਰ ਰਹੀ ਹੈ ਗਰੀਬ ਦੀ ਭਲਾਈ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਬਹੁਤ ਗਰੀਬ ਪਰਿਵਾਰਾਂ ਦਾ ਉਥਾਨ ਕਰ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣਾ ਰਾਜ ਸਰਕਾਰ ਦਾ ਮੁੱਖ ਉਦੇਸ਼ ਹੈ। ਰਾਜ ਸਰਕਾਰ ਨੇ ਮਹਤੱਵਕਾਂਸ਼ੀ ਪਹਿਲ ਪਰਿਵਾਰ ਪਹਿਚਾਣ ਪੱਤਰ ਰਾਹੀਂ ਸੂਬੇ ਦੇ ਸੱਭ ਤੋਂ ਗਰੀਬ ਪਰਿਵਾਰ ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਦੇ ਆਰਥਕ ਉਥਾਨ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ 70 ਸਾਲ ਵਿਚ ਪਿਛਲੀ ਸਰਕਾਰਾਂ ਨੇ ਕਦੀ ਵੀ ਗਰੀਬਾਂ ਦੀ ਭਲਾਈ ਦੇ ਬਾਰੇ ਵਿਚ ਉਹ ਕੰਮ ਨਹੀਂ ਕੀਤੇ ਜੋ ਅੱਜ ਅਸੀਂ ਕਰ ਰਹੇ ਹਨ। ਚਾਹੇ ਗਰੀਬਾਂ ਨੂੰ ਰਿਹਾਇਸ਼ ਪ੍ਰਦਾਨ ਕਰਨਾ ਹੋਵੇ, ਰਾਸ਼ਨ ਉਪਨਬਧ ਕਰਵਾਉਣਾ ਹੋਵੇ ਜਾਂ ਹੋਰ ਕੋਈ ਵੀ ਸਹੂਲਤ ਦੇਣੀ ਹੋਵ, ਅਸੀਂ ਸਹੀ ਢੰਗ ਨਾਲ ਪਾਰਦਰਸ਼ਿਤਾ ਦੇ ਨਾਲ ਸੱਭ ਨੂੰ ਲਾਭ ਦੇ ਰਹੇ ਹਨ। ਇਸ ਦੇ ਲਈ ਪਰਿਵਾਰ ਪਹਿਚਾਣ ਪੱਤਰ ਰਾਜ ਸਰਕਾਰ ਦੀ ਇਕ ਬਹੁਤ ਹੀ ਮਹਤੱਵਕਾਂਸ਼ੀ ਪਹਿਲ ਹੈ, ਜਿਸ ਦੇ ਰਾਹੀਂ ਸੂਬੇ ਦੇ ਸੱਭ ਤੋਂ ਗਰੀਬ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ, ਦੀ ਭਲਾਈ ਕੀਤਾ ਜਾ ਰਿਹਾ ਹੈ। ਇਸੀ ਲੜੀ ਵਿਚ ਸੂਬੇ ਦੇ ਸਾਰੇ ਵਿਅਕਤੀਆਂ, ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਕਵਰ ਕੀਤਾ ਜਾਵੇਗਾ।

ਅਗਨੀਵੀਰਾਂ ਨੂੰ ਹਰਿਆਣਾ ਵਿਚ ਸਰਕਾਰੀ ਨੌਕਰੀ ਅਤੇ ਹੋਰ ਕੰਮਾਂ ਵਿਚ ਦਿੱਤੀ ਜਾਵੇਗੀ ਸਿਨਓਰਿਟੀ – ਮੁੱਖ ਮੰਤਰੀ

0

ਅਗਨੀਪੱਥ ਯੋਜਨਾ ਨਾਲ ਨੌਜੁਆਨਾ ਲਈ ਵੱਧਣਗੇ ਰੁਜਗਾਰ ਦੇ ਮੌਕਾ
ਦੇਸ਼ ਦੀ ਸੇਨਾ ਵਿਚ ਸੱਭ ਤੋਂ ਵੱਧ ਗਿਣਤੀ ਹਰਿਆਣਾ ਦੇ ਨੌਜੁਆਨਾ ਦੀ – ਮਨੋਹਰ ਲਾਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਗਨੀਪੱਥ ਯੋਜਨਾ ਦੇ ਲਈ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦਾ ਜਤਾਇਆ ਧੰਨਵਾਦ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਗਨੀਪੱਥ ਯੋਜਨਾ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਗਨੀਪੱਥ ਯੋਜਨਾ ਨਾਲ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੱਧਣਗੇ, ਇਸ ਤੋਂ ਹਰਿਆਣਾ ਦੇ ਨੌਜੁਆਨਾਂ ਨੂੰ ਕਾਫੀ ਫਾਇਦਾ ਹੋਵੇਗਾ। ਸੂਬੇ ਦਾ ਨੋਜੁਆਨ ਦੇਸ਼ ਸੇਵਾ ਕਰਨ ਦਾ ਜਜਬਾ ਰੱਖਦਾ ਹੈ। ਦੇਸ਼ ਦੀ ਸੇਨਾ ਵਿਚ ਸੱਭ ਤੋਂ ਵੱਧ ਗਿਣਤੀ ਸਾਡੇ ਨੌਜੁਆਨਾਂ ਦੀ ਹੈ। ਨਵੀਂ ਭਰਤੀ ਯੋਜਨਾ ਨਾਲ ਉਨ੍ਹਾਂ ਨੁੰ ਨਾ ਸਿਰਫ ਦੇਸ਼ ਸੇਵਾ ਦਾ ਮੌਕਾ ਮਿਲੇਗਾ, ਸਗੋ ਨੌਕਰੀ ਵੀ ਮਿਲ ਸਕੇਗੀ। ਊਹ ਨਵੇਂ ਭਾਰਤ ਦੇ ਨਿਰਮਾਣ ਵਿਚ ਵੱਧ ਉਪਯੋਗੀ ਬਨਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ 46,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਲਈ ਭਰਤੀ ਰੈਲੀਆਂ ਅਗਲੇ 90 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸੇਵਾ ਨੂੰ ਪੂਰਾ ਕਰਨ ਵਾਲੇ ਨੌਜੁਆਨਾਂ ਨੂੰ ਹਰਿਆਣਾ ਸਰਕਾਰ ਨੌਕਰੀ ਅਤੇ ਹੋਰ ਕੰਮਾਂ ਵਿਚ ਸਿਨਓਰਿਟੀ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਯਕੀਨੀ ਤੌਰ ‘ਤੇ ਅਗਨੀਪੱਥ ਯੋਜਨਾ ਪ੍ਰਧਾਨ ਮੰਤਰੀ ਦੀ ਸੋਚ ਦੇ ਅਨੁਰੂਪ ਨਵੇਂ ਭਾਰਤ ਦੇ ਨਿਰਮਾਣ ਤੇ ਨੌਜੁਆਨਾਂ ਦੇ ਮਜਬੂਤੀਕਰਣ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਗਨੀਪੱਥ ਯੋਜਨਾ ਨਾਲ ਤਿੰਨਾਂ ਸੈਨਾਵਾਂ ਦੀ ਮਾਨਵ ਸੰਸਾਧਨ ਨੀਤੀ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਹ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਇਕ ਪ੍ਰਮੁੱਖ ਰੱਖਿਆ ਨੀਤੀ ਸੁਧਾਰ ਹੈ। ਅਗਨੀਪੱਥ ਯੋਜਨਾ ਦੇਸ਼ ਦੀ ਸੁਰੱਖਿਆ ਨੂੰ ਮਜਬੂਤ ਅਤੇ ਸਾਡੇ ਨੌਜੁਆਨਾਂ ਨੂੰ ਸੈਨਾ ਦੀ ਸੇਵਾ ਦਾ ਮੌਕਾ ਪ੍ਰਦਾਨ ਕਰੇਗੀ। ਅਗਨੀਪੱਥ ਯੋਜਨਾ ਭਾਰਤੀ ਸੈਨਾ ਦੇ ਇਤਿਹਾਸ ਵਿਚ ਇਕ ਸੁਨਹਿਰੀ ਅਧਿਆਏ ਸ੍ਰਿਜਨ ਕਰੇਗੀ।
ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਅਗਨੀਵੀਰ ਸਬੰਧਿਤ ਸੇਵਾ ਐਕਟਾਂ ਦੇ ਤਹਿਤ ਚਾਰ ਸਾਲ ਦੇ ਲਈ ਨਾਮਜਦ ਕੀਤੇ ਜਾਣਗੇ। ਤਿੰਨਾਂ ਸੇਨਾਵਾਂ ਵਿਚ ਲਾਗੂ ਜੋਖਿਮ ਅਤੇ ਕੁਸ਼ਕਲ ਭਰਤੀ ਦੇ ਨਾਲ ਉਨ੍ਹਾਂ ਨੂੰ ਖਿੱਚਣ ਵਾਲਾ ਮਹੀਲਾ ਪੈਕੇਜ ਮਿਲੇਗਾ। ਇਸ ਤੋਂ ਇਲਾਵਾ, ਅਗਨੀਵੀਰਾਂ ਨੂੰ ਭਾਰਤੀ ਆਰਮਡ ਫੋਰਸਿਸ ਵਿਚ ਉਨ੍ਹਾਂ ਦੀ ਕੰਮ ਸਮੇਂ ਦੇ ਲਈ 48 ਲੱਖ ਰੁਪਏ ਦਾ ਗੈਰ-ਅੰਸ਼ਦਾਈ ਜੀਵਨ ਬੀਮਾ ਕਵਰ ਵੀ ਪ੍ਰਦਾਨ ਕੀਤਾ ਜਾਵੇਗਾ। ਚਾਰ ਸਾਲ ਦੀ ਸੇਵਾ ਪੂਰੀ ਹੋਣ ‘ਤੇ ਅਗਲੀਵੀਰਾਂ ਨੂੰ ਆਰਮਡ ਫੋਰਸਾਂ ਵਿਚ ਸਥਾਈ ਨਾਮਜਦਗੀ ਲਈ ਬਿਨੈ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਹਰੇਕ ਵਿਸ਼ੇਸ਼ ਬੈਂਚ ਦੇ 25% ਅਗਨੀਵੀਰਾਂ ਨੂੰ ਆਰਮਡ ਫੋਰਸਾਂ ਦੇ ਨਿਯਮਤ ਕੈਡਰ ਵਿਚ ਨਾਮਜਦ ਕੀਤਾ ਜਾਵੇਗਾ। ਚਾਰ ਸਾਲ ਦੀ ਕੰਮ ਸਮੇਂ ਪੂਰੇ ਹੋਣ ‘ਤੇ ਅਗਨੀਵੀਰਾਂ ਨੂੰ ਇਕਮੁਸ਼ਤ ਸੇਵਾ ਨਿਧੀ ਪੈਕੇਜ ਦਾ ਭੁਗਤਾਨ ਵੀ ਕੀਤਾ ਜਾਵੇਗਾ।

ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸੱਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ

0

ਬ੍ਰਹਮ ਵੀਰ ਤੇ ਬ੍ਰਹਮ ਗਿਆਨੀਆਂ ਦਾ ਪਾਰਟੀ ਵਿਚ ਸਵਾਗਤ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜਨੀਤੀ ਦੇ ਅੰਦਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਹਰ ਨੇਤਾ ਦੇ ਨਾਲ ਉਸ ਦੇ ਸਮਰਥਕ ਜੁੜੇ ਹੁੰਦੇ ਹਨ ਜੋ ਉਸੀ ਦੇ ਨਾਲ ਦੂਜੀ ਪਾਰਟੀ ਵਿਚ ਵੀ ਚਲੇ ਜਾਂਦੇ ਹਨ। ਪਰ ਭਾਰਤੀ ਜਨਤਾ ਪਾਰਟੀ ਵਿਚ ਸੱਭ ਤੋਂ ਪਹਿਲਾਂ ਦੇਸ਼, ਬਾਅਦ ਵਿਚ ਪਾਰਟੀ ਅਤੇ ਉਸ ਦੇ ਬਾਅਦ ਵਿਅਕਤੀ ਨੂੰ ਮੰਨਿਆ ਜਾਂਦਾ ਹੈ। ਇਸੀ ਦੇ ਚਲਦੇ ਸਾਲ 2014 ਦੇ ਬਾਅਦ ਜਦੋ ਤੋਂ ਸ੍ਰੀ ਨਰੇਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਇਸੀ ਵਿਚਾਰਧਾਰਾ ਦੇ ਚਲਦੇ ਪਾਰਟੀ ਅੱਜ ਨਾ ਸਿਰਫ ਦੇਸ਼ ਵਿਚ ਸਗੋ ਵਿਸ਼ਵ ਦੀ ਸੱਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ ਬਣੀ ਹੈ। ਮੁੱਖ ਮੰਤਰੀ ਅੱਜ ਇੱਥੇ ਉਨ੍ਹਾ ਦੇ ਸਰਕਾਰੀ ਨਿਵਾਸ ਸੰਤ ਕਬੀਰ ਕੁਟੀਰ ‘ਤੇ ਸ੍ਰੀ ਕਾਰਤੀਕੇਯ ਸ਼ਰਮਾ ਨੂੰ ਰਾਜਭਸਾ ਵਿਚ ਭੇਜਣ ਲਈ ਧੰਨਵਾਦ ਪ੍ਰਗਟਾਉਣ ਆਏ ਅਖਿਲ ਭਾਰਤੀ ਬ੍ਰਹਮਣ ਸਭਾ ਹਰਿਆਣਾਂ ਦੀ ਕਾਰਜਕਾਰਿਣੀ ਮੈਂਬਰਾਂ ਦੇ ਇਕ ਵਫਦ ਨੂੰ ਸੰਬੋਧਿਤ ਕਰ ਰਹੇ ਹਨ।
ਇਸ ਮੌਕੇ ‘ਤੇ ਅਖਿਲ ਭਾਰਤੀ ਬ੍ਰਾਹਮਣ ਸਭਾ ਹਰਿਆਣਾ ਦੇ ਚੇਅਰਮੈਨ ਤੇ ਕਾਂਗਰਸ ਦੇ ਸਾਬਕਾ ਬੁਲਾਰੇ ਤੇ ਵਿਧੀ ਸੈਲ ਦੇ ਪ੍ਰਭਾਰੀ ਰਹੇ ਸ੍ਰੀ ਰਾਕੇਸ਼ ਸ਼ਰਮਾ ਤੇ ਹੋਰ ਮੈਂਬਰ ਨੂੰ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦਾ ਪਟਕਾ ਪਹਿਨਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਵਿਅਕਤੀ ਦੇ ਲਈ ਜਾਤੀ ਦਾ ਭਾਵ ਵੀ ਜਰੂਰੀ ਹੁੰਦਾ ਹੈ ਅਤੇ ਤੁਸੀ ਲੋਕ ਤਾਂ ਬ੍ਰਹਮਵੀਰ ਤੇ ਬ੍ਰਹਮ ਗਿਆਨੀ ਹੈ, ਭਗਵਾਨ ਬ੍ਰਹਮਾ ਦੇ ਰਸਤੇ ‘ਤੇ ਚਲਣ ਵਾਲੇ ਹਨ, ਜਿਨ੍ਹਾਂ ਨੂੰ ਗਿਆਨ ਦੇ ਨਾਲ-ਨਾਲ ਰਾਜਨੀਤੀ ਦੀ ਚੰਗੀ ਸਮਝ ਵੀ ਹੁੰਦੀ ਹੈ। ਅੱਜ ਇੱਥੇ ਬ੍ਰਾਹਮਣ ਸਮਾਜ ਦੇ ਮੌਜੂਦ ਲੋਕਾਂ ਵਿਚ ਹਰ ਉਮਰ ਵਰਗ ਦੇ ਲੋਕ ਹਨ ਜੋ ਆਪਣੀ-ਆਪਣੀ ਸਮਰੱਥਾ ਦੇ ਅਨੁਸਾਰ ਅੱਗੇ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਣਗੇ।
ਭਾਰਤੀ ਜਨਤਾ ਪਾਰਟੀ ਵਿਚ ਤੁਸੀਂ ਲੋਕ ਮਾਣ ਨਾਲ ਜੁੜੇ ਹੋ। ਪਾਰਟੀ ਦਾ ਸਿਦਾਂਤ ਹੈ ਕਿ ਪਾਰਟੀ ਦੇ ਨੇਤਾ ਵਿਚਾਰ ਕਰ ਪਾਰਟੀ ਵਿਚ ਨਵੇਂ ਤੇ ਪੁਰਾਣੇ ਮੈਂਬਰਾਂ ਦੇ ਨਾਲ ਭੇਦਭਾਵ ਨਹੀਂ ਕਰਦੇ ਅਤੇ ਨਾ ਹੀ ਸਮਝਦੇ। ਪਹਿਲਾਂ ਨਵੇਂ ਮੈਂਬਰਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਸਮਝਨਾ ਹੈ ਅਤੇ ਹੁਣ ਭਾਰਤੀ ਜਨਤਾ ਪਾਰਟੀ ਉਸਦੇ ਅੰਦਰ ਵਿਚਾਰਧਾਰਾ ਵਜੋ ਸ਼ਾਮਿਲ ਹੋ ਜਾਂਦੀ ਹੈ ਤਾਂ ਪਾਰਟੀ ਦੀ ਵਿਚਾਰਧਾਰਾ ਦੇ ਅਨੁਸਾਰ ਉਨ੍ਹਾਂ ਨੂੰ ਰਾਸ਼ਟਰੀ ਧਰਮ ਨਿਭਾਉਣਾ ਹੁੰਦਾ ਹੈ। ਇਸ ਮੌਕੇ ‘ਤੇ ਸਭਾ ਵੱਲੋਂ ਸ੍ਰੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਵਿਚ ਪਿਛਲੇ ਸੱਤ ਸਾਲ ਤੋਂ ਹੋ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਹ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਵਿਤ ਹਨ। ਉਨ੍ਹਾ ਨੇ ਕਿਹਾ ਕਿ ਪੰਚਕੂਲਾ ਦੇ ਵਿਧਾਇਕ ਸ੍ਰੀ ਗਿਆਨ ਚੰਦ ਗੁਪਤਾ ਨੇ ਵੀ ਪੰਚਕੂਲਾ ਦੇ ਵਿਕਾਸ ਵਿਚ ਚਾਰ ਚੰਨ੍ਹ ਲਗਾਏ ਹਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਛਤੀਸ ਬਿਰਾਦਰੀ ਦੇ ਨੇਤਾ ਹਨ ਅਤੇ ਜੇਕਰ ਅਸੀਂ ਬ੍ਰਾਹਮਣ ਸਮਾਜ ਦੀ ਗਲ ਕਰਨ ਤਾਂ ਮੁੱਖ ਮੰਤਰੀ ਨੇ ਪਿਛਲੇ ਵਿਧਾਨਸਭਾ ਚੋਣ ਵਿਚ ਸਾਡੀ ਸਮਾਜ ਦੇ ਸੱਤ ਲੋਕਾਂ ਨੂੰ ਟਿਕਟ ਦਿੱਤਾ ਸੀ ਜਿਨ੍ਹਾਂ ਵਿੱਚੋਂ ਤਿੰਨ ਵਿਧਾਇਕ ਬਣੇ ਅਤੇ ਉਨ੍ਹਾਂ ਵਿੱਚੋਂ ਇਕ ਕੈਬੀਨੇਟ ਮੰਤਰੀ ਵੀ ਹੈ। ਜੇਕਰ ਲੋਕ ਸਭਾ ਦੀ ਗਲ ਕਰਨ ਤਾਂ 10 ਸੀਟਾਂ ਵਿੱਚੋਂ ਦੋ ਸੀਟਾਂ ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਅਤੇ ਦੋਵਾਂ ਹੀ ਲੋਕ ਸਭਾ ਸਾਂਸਦ ਹਨ ਅਤੇ ਹੁਣ ਸਮਾਜ ਦੇ ਇਕ ਹੋਰ ਯੁਵਾ ਸ੍ਰੀ ਕਾਰਤੀਕੇਯ ਸ਼ਰਮਾ ਨੂੰ ਅਪਰ ਹਾਊਸ ਵਿਚ ਭੇਜਿਆ ਗਿਆ ਹੈ। ਇਸ ਲਈ ਅਸੀਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਬ੍ਰਾਹਮਣ ਸਮਾਜ ਵੱਲੋਂ ਵਿਸ਼ੇਸ਼ ਧੰਨਵਾਦ ਪ੍ਰਗਟਾਉਂਦੇ ਹਨ। ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵ ਦਿਆਲ ਤੇ ਗਜੇਂਦਰ ਫੋਗਾਟ, ਪੰਚਕੂਲਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਜੈ ਸ਼ਰਮਾ, ਪਾਰਟੀ ਬੁਲਾਰਾ ਸ੍ਰੀ ਪ੍ਰਵੀਣ ਅੱਤਰੇ, ਸ੍ਰੀ ਤਰੁਣ ਭੰਡਾਰੀ ਤੋਂ ਇਲਾਵਾ ਬ੍ਰਾਹਮਣ ਸਭਾ ਦੇ ਹੋਰ ਮਾਣਯੋਵ ਵਿਅਕਤੀ ਮੌਜੂਦ ਸਨ।

ਕਟਾਰ ਸਿੰਘ ਵਾਲਾ ਵਿਖੇ ਚੱਲ ਰਿਹਾ ਨਜਾਇਜ਼ ਨਸ਼ਾ ਪੁਨਰਵਾਸ ਕੇਂਦਰ ਸੀਲ

0

ਸੁਖਜਿੰਦਰ ਮਾਨ
ਬਠਿੰਡਾ, 15 ਜੂਨ : ਜਿਲ੍ਹਾ ਪੱਧਰੀ ਕਮੇਟੀ ਵੱਲੋਂ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਨਜਦੀਕੀ ਪਿੰਡ ਕਟਾਰ ਸਿੰਘ ਵਾਲਾ ਵਿਖੇ ਚੱਲ ਰਿਹਾ ਨਾਜਾਇਜ ਨਸਾ ਪੁਨਰਵਾਸ ਕੇਂਦਰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਗੁੰਮਨਾਮ ਸਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਐਸ.ਡੀ.ਐਮ. ਇਨਾਇਤ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨ ਸਿੰਗਲਾ, ਡਾ ਅਰੁਣ ਸਿੰਗਲਾ, ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ਼ ਰੂਪ ਸਿੰਘ ਮਾਨ, ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਲੈ ਕੇ ਜਿਲ਼ਾ ਪੱਧਰੀ ਕਮੇਟੀ ਵਲੋਂ ਉਕਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਇਸ ਨਜਾਇਜ਼ ਨਸ਼ਾ ਪੁਨਰਵਾਸ ਕੇਂਦਰ ਵਿੱਚ 41 ਦੇ ਕਰੀਬ ਲੋਕ ਹਾਜ਼ਰ ਸਨ, ਜਿੰਨ੍ਹਾਂ ਵਿਚੋਂ 33 ਮਰੀਜ਼ ਨਸ਼ਾ ਛੱਡਣ ਲਈ ਦਾਖ਼ਲ ਕੀਤੇ ਹੋਏ ਸਨ ਜਦੋਂਕਿ 8 ਇਸ ਕੇਂਦਰ ਦੇ ਸਟਾਫ਼ ਦੇ ਮੁਲਾਜਮ ਹਨ। ਇਹ ਕੇਂਦਰ ਬਿਨ੍ਹਾਂ ਕਿਸੇ ਲਾਇਸੈਂਸ ਦੇ 3 ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸਬੰਧਤ ਖਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਸਾ ਛੁਡਾਊ ਕੇਂਦਰ ਵਿੱਚ ਦਾਖਲ ਲੋਕਾਂ ਨੂੰ ਇੱਥੋਂ ਸਰਕਾਰੀ ਪੁਨਰਵਾਸ ਕੇਂਦਰ ਵਿੱਚ ਲਿਜਾਣ ਲਈ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਫੈਸਲਾ

0

ਮਾਲ ਵਿਭਾਗ ਵੱਲੋਂ ਗ਼ੈਰ-ਕਾਨੂੰਨੀ/ਅਣਅਧਿਕਾਰਤ ਕਾਲੋਨੀਆਂ ਵਿੱਚ ਪਲਾਟਾਂ ਦੀ ਰਜਿਸਟ੍ਰੇਸ਼ਨ ਸਬੰਧੀ ਹਦਾਇਤਾਂ ਜਾਰੀ
• ਹੁਣ ਨਾਗਰਿਕ ਆਨਲਾਈਨ ਪੋਰਟਲ ਰਾਹੀਂ ਜਾਇਦਾਦ ਦੇ ਕਬਜ਼ੇ ਸਬੰਧੀ ਸੇਵਾਵਾਂ ਲੈ ਸਕਣਗੇ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੂਨ:ਪਲਾਟਾਂ ਦੀ ਰਜਿਸਟ੍ਰੇਸ਼ਨ ਨੂੰ ਸੁਚਾਰੂ ਬਣਾਉਣ ਅਤੇ ਜਾਇਦਾਦ ਨਾਲ ਸਬੰਧਤ ਧੋਖਾਧੜੀ ਤੋਂ ਲੋਕਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ/ਅਣਅਧਿਕਾਰਤ ਕਾਲੋਨੀਆਂ ਵਿੱਚ ਪਲਾਟਾਂ ਦੀ ਰਜਿਸਟ੍ਰੇਸ਼ਨ ਸਬੰਧੀ ਸਬ-ਰਜਿਸਟਰਾਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਉਹ ਖੇਤਰ ਦੇ ਵੇਰਵਿਆਂ, ਖਸਰਾ ਨੰਬਰਾਂ ਅਤੇ ਪ੍ਰਵਾਨਿਤ ਲੇਅ-ਆਊਟ ਯੋਜਨਾ ਦੇ ਨਾਲ-ਨਾਲ ਲਾਇਸੰਸਸ਼ੁਦਾ/ਅਧਿਕਾਰਤ ਕਾਲੋਨੀਆਂ/ਸਕੀਮਾਂ ਦੀਆਂ ਸੂਚੀਆਂ ਪ੍ਰਕਾਸ਼ਿਤ ਕਰਨ ਤਾਂ ਜੋ ਅਜਿਹਾ ਖੇਤਰ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕੇ ਜਿੱਥੇ ਸੇਲ ਡੀਡ ਜਾਂ ਅਧਿਕਾਰਾਂ ਦੇ ਤਬਾਦਲੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਐਨ.ਓ.ਸੀ. ਦੀ ਲੋੜ ਨਹੀਂ ਹੈ। ਇਹ ਸੂਚੀਆਂ ਸਾਰੇ ਸਬ ਰਜਿਸਟਰਾਰਾਂ ਕੋਲ ਉਪਲਬਧ ਹੋਣਗੀਆਂ ਅਤੇ ਉਹ ਮਾਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਲੋਨੀਆਂ ਦੀ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਸੇਲ ਡੀਡਜ਼ ਨੂੰ ਰਜਿਸਟਰ ਕਰਨਗੇ।
ਇਹ ਫੈਸਲਾ ਮੁੱਖ ਮੰਤਰੀ ਵੱਲੋਂ ਆਨਲਾਈਨ ਪੋਰਟਲ “https://grcs.punjab.gov.in” ਦੀ ਸ਼ੁਰੂਆਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਸ ਵਿੱਚ ਨਾਗਰਿਕ ਪਲਾਟਾਂ ਦੇ ਕਬਜ਼ੇ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਹ ਵਿਲੱਖਣ ਆਨਲਾਈਨ ਪੋਰਟਲ ਜਾਇਦਾਦ ਦੇ ਕਬਜ਼ੇ ਸਬੰਧੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਾਲ-ਨਾਲ ਸੁਚੱਜੇ ਢੰਗ ਨਾਲ ਜਾਇਦਾਦ ਦੇ ਕਬਜ਼ੇ ਸਬੰਧੀ ਸੇਵਾਵਾਂ ਪ੍ਰਦਾਨ ਕਰੇਗਾ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕੋਈ ਸਪੱਸ਼ਟ ਹਦਾਇਤਾਂ ਨਹੀਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸ਼ਹਿਰਾਂ ਦੇ ਬਾਹਰਵਾਰ ਇਹ ਨਾਜਾਇਜ਼ ਕਾਲੋਨੀਆਂ ਹੋਂਦ ਵਿੱਚ ਆਈਆਂ। ਜਾਣਕਾਰੀ ਅਨੁਸਾਰ ਪਿਛਲੇ 5 ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਕਲੋਨੀਆਂ ਦੀ ਉਸਾਰੀ ਹੋਈ ਹੈ। ਪੰਜਾਬ ਦੇ ਨਾਗਰਿਕਾਂ ਨੂੰ ਇਨ੍ਹਾਂ ਗ਼ੈਰ-ਕਾਨੂੰਨੀ/ਅਣ-ਅਧਿਕਾਰਤ ਕਾਲੋਨੀਆਂ ਵਿੱਚ ਜਾਇਦਾਦਾਂ ਦਾ ਕਬਜ਼ਾ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿੱਥੇ ਜਾਂ ਤਾਂ ਸਬੰਧਤ ਡਿਵੈਲਪਰਾਂ/ਕਾਲੋਨਾਈਜ਼ਰਾਂ/ਅਥਾਰਟੀਜ਼ ਵੱਲੋਂ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਚੁੱਕੇ ਸਨ ਜਾਂ ਡੀਡਜ਼ ਰਜਿਸਟਰਡ ਹੋ ਗਈਆਂ ਸਨ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਜਾਇਦਾਦ ਦਾ ਕਬਜ਼ਾ ਨਹੀਂ ਲੈ ਪਾ ਰਹੇ ਸਨ।
ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਗ਼ੈਰ-ਕਾਨੂੰਨੀ ਕਾਲੋਨੀਆਂ ਨਾ ਸਿਰਫ ਸੂਬੇ ਦੇ ਬੇਢੰਗੇ ਸ਼ਹਿਰੀਕਰਨ ਦਾ ਕਾਰਨ ਬਣ ਰਹੀਆਂ ਹਨ, ਸਗੋਂ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਵੀ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਖ਼ਰੀਦ ਕਰਨ ਲਈ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਵਿੱਚ ਕਬਜ਼ਾ ਤੱਕ ਨਹੀਂ ਮਿਲਦਾ ਕਿਉਂਕਿ ਕਾਲੋਨਾਈਜ਼ਰ ਇਨ੍ਹਾਂ ਕਾਲੋਨੀਆਂ ਵਿੱਚ ‘ਰਸਤੇ’ ਵੀ ਵੇਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੋਨੀਆਂ ਵਿੱਚ ਜਲ ਸਪਲਾਈ, ਸੀਵਰੇਜ, ਬਿਜਲੀ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ।
ਮੰਤਰੀ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਇਹ ਦੋ ਵੱਡੇ ਫੈਸਲੇ ਲਏ ਗਏ ਹਨ।ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੋਰਟਲ ‘ਤੇ ਪ੍ਰਾਪਤ ਅਰਜ਼ੀਆਂ ਦੀ ਪੜਚੋਲ ਕਰਨ ਅਤੇ ਲੋੜ ਅਨੁਸਾਰ ਅਰਜ਼ੀਆਂ’ ਤੇ ਕਾਰਵਾਈ ਲਈ ਇੱਕ ਸਮਰਪਿਤ ਸੈੱਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਅਰਜ਼ੀ ਦੀ ਸਥਿਤੀ ਪੋਰਟਲ ‘ਤੇ ਅਪਡੇਟ ਕੀਤੀ ਜਾਵੇਗੀ ਅਤੇ ਸਬੰਧਤ ਵਿਅਕਤੀ ਸਥਿਤੀ ਜਾਣਨ ਲਈ ਪੋਰਟਲ ‘ਤੇ ਆਪਣੀ ਅਰਜ਼ੀ ਨੂੰ ਟਰੈਕ ਵੀ ਕਰ ਸਕਦਾ ਹੈ।