ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੋਦੀ ਸਰਕਾਰ ਵਿਰੁੱਧ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮੋਠੂ ਸਿੰਘ ਕੋਟੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਪੈਦਾਵਾਰ ਦੇ ਇਸ ਪ੍ਰਦੂਸਣ ਰਹਿਤ ਪ੍ਰਾਜੈਕਟ ਵਿੱਚ ਪੰਜਾਬ ਦੇ ਪੁਨਰਗਠਨ ਵੇਲੇ ਪੰਜਾਬ ਨੂੰ 60% ਨੁਮਾਇੰਦਗੀ ਦੇਣ ਦੇ ਦੋ ਠੋਸ ਆਧਾਰ ਸਨ, ਜਿੰਨ੍ਹਾਂ ਵਿਚ ਇੱਕ ਤਾਂ ਇਹ ਪ੍ਰਾਜੈਕਟ ਪੰਜਾਬ ਵਿੱਚ ਸਥਿਤ ਹੋਣਾ ਅਤੇ ਦੂਜਾ ਭਾਰੀ ਮੀਂਹ ਮੌਕੇ ਵਾਧੂ ਪਾਣੀ ਛੱਡਣ ਨਾਲ ਆਉਣ ਵਾਲੇ ਭਾਰੀ ਹੜ੍ਹਾਂ ਦੀ ਤਬਾਹੀ ਦੀ ਮਾਰ ਇਕੱਲੇ ਪੰਜਾਬ ਨੂੰ ਹੀ ਝੱਲਣੀ ਪੈਂਦੀ ਹੈ । ਪ੍ਰੰਤੂ ਕੇਂਦਰ ਸਰਕਾਰ ਨੇ ਤਾਨਾਸਾਹੀ ਹੁਕਮਾਂ ਰਾਹੀਂ ਇਸ ਪ੍ਰਾਜੈਕਟ ਦੇ ਹਿੱਸੇਦਾਰ ਸੂਬਿਆਂ ਤੋਂ ਬਾਹਰਲੇ ਸੂਬਿਆਂ ਦੇ ਨੁਮਾਇੰਦੇ ਵੀ ਪ੍ਰਬੰਧਕ/ ਚੇਅਰਮੈਨ ਲਗਾਉਣ ਦਾ ਫੈਸਲਾ ਲਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਬੀ ਬੀ ਐਮ ਬੀ ਦੀ ਬਣਤਰ ਦੀ ਪਹਿਲੀ ਸਥਿਤੀ ਬਹਾਲ ਕੀਤੀ ਜਾਵੇ ਅਤੇ ਇਸ ਦਾ ਕੰਟਰੋਲ ਪੰਜਾਬ ਅਤੇ ਹੋਰ ਹਿੱਸੇਦਾਰ ਸੂਬਿਆਂ ਦੇ ਹੱਥਾਂ ਵਿੱਚ ਹੀ ਰਹਿਣ ਦੀ ਗਰੰਟੀ ਕੀਤੀ ਜਾਵੇ, ਪ੍ਰਾਜੈਕਟ ਦੀ ਸੁਰੱਖਿਆ ਲਈ ਲਾਏ ਕੇਂਦਰੀ ਸੁਰੱਖਿਆ ਬਲ ਹਟਾ ਕੇ ਉੱਥੇ ਪੰਜਾਬ ਤੇ ਹਰਿਆਣਾ ਦੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਵੇ। ਇਸ ਰੋਸ਼ ਮੁਜ਼ਾਹਰੇ ਨੂੰ ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਪਿੱਥੋ , ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਕੋਟੜਾ ,ਮਾਲਣ ਕੌਰ ,ਬਲਜੀਤ ਸਿੰਘ ਪੂਹਲਾ,ਸੁਖਦੇਵ ਸਿੰਘ ਜਵੰਧਾ,ਅਮਰੀਕ ਸਿੰਘ ਸਿਵੀਆਂ , ਕੁਲਵੰਤ ਸ਼ਰਮਾ ਰਾਏ ਕੇ ਕਲਾਂ ,ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ।
ਭਾਕਿਯੂ (ਏਕਤਾ-ਉਗਰਾਹਾਂ) ਨੇ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਫੈਸਲਿਆਂ ਵਿਰੁਧ ਸ਼ਹਿਰ ’ਚ ਕੀਤਾ ਰੋਸ਼ ਮੁਜਾਹਰਾ
ਖੇਤ ਮਜਦੂਰਾਂ ਨੂੰ ਮੁਆਵਜਾ ਦੇਣ ਸਬੰਧੀ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਪੰਜਾਬ ਖੇਤ ਮਜਦੂਰ ਯੂਨੀਅਨ ਦੇ ਇੱਕ ਜਨਤਕ ਵਫਦ ਵਲੋਂ ਮਜਦੂਰਾਂ ਨੂੰ ਨਰਮੇ ਦੀ ਖਰਾਬੀ ਕਾਰਨ ਕੰਮ ਦੇ ਹੋਏ ਨੁਕਸਾਨ ਦਾ ਤੁਰੰਤ ਮਆਵਜਾ ਦੇਣ ਦੀ ਮੰਗ ਕੀਤੀ। ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਬੀਆਂ ਦੀ ਅਗਵਾਈ ਨੇ ਕਿਹਾ ਕਿ ਚੰਨੀ ਸਰਕਾਰ ਵਿਰੁੱਧ ਸੰਘਰਸ ਰਾਹੀਂ ਮਜਦੂਰਾਂ ਨੂੰ 10 ਪ੍ਰਤੀਸ਼ਤ ਮੁਆਵਜਾ ਦੇਣ ਦਾ ਫੈਸਲਾ ਹੋਇਆ ਸੀ । ਪਰ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਆਨੇ ਬਹਾਨੇ ਲਾਕੇ ਅਜੇ ਤੱਕ ਮੁਆਵਜਾ ਨਹੀਂ ਦਿੱਤਾ ਗਿਆ । ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਮਜਦੂਰਾਂ ਦੀ ਚੋਣ ਪਿੰਡ ਵਿੱਚ ਜਨਤਕ ਇਕੱਠਾਂ ਵਿੱਚ ਕੀਤੀ ਜਾਵੇ ਕਿਉਂਕਿ ਅਕਸਰ ਹੀ ਪੰਚਾਇਤਾਂ ਵਿੱਚ ਸਿਆਸੀ ਦਖਲਅੰਦਾਜੀ ਕਾਰਨ ਨਰਮੇ ਦੀ ਚੋਣੀ ਕਰਨ ਵਾਲੇ ਮਜਦੂਰਾਂ ਨੂੰ ਛੱਡਕੇ ਨਰਮਾ ਨਾ ਚੁਗਣ ਵਾਲੇ ਅਪਣੇ ਸਮਰਥਕਾਂ ਨੂੰ ਮੁਆਵਜਾ ਵੰਡ ਦਿੱਤਾ ਜਾਂਦਾ ਹੈ । ਉਨਾਂ ਕਿਹਾ ਕਿ ਜੇਕਰ ਇਸ ਵਾਰ ਮਜਦੂਰਾਂ ਨਾਲ ਬੇਇਨਸਾਫੀ ਕਰਨ ਦੀ ਕੋਸਿਸ ਕੀਤੀ ਤਾਂ ਜੱਥੇਬੰਦੀ ਵੱਲੋਂ ਸੰਘਰਸ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਵਫਦ ਵਿੱਚ ਗੁਰਨਾਮ ਸਿੰਘ ਜਿਉਦ, ਮਨਦੀਪ ਸਿੰਘ ਸਿਬੀਆਂ , ਮਾੜਾ ਸਿੰਘ ,ਜਰਨੈਲ ਸਿੰਘ ,ਸੁਰਦੂਲ ਸਿੰਘ ,ਕੁਲਦੀਪ ਸਿੰਘ ਆਦਿ ਆਗੂ ਵੀ ਸਾਮਲ ਸਨ।
ਸੰਕਲਪ ਦਿਵਸ ਵਜੋਂ ਮਨਾਇਆ ਜਾਵੇਗਾ ‘ਆਲਮੀ ਇਸਤਰੀ ਦਿਹਾੜਾ‘- ਦਰਸ਼ਨਾ ਜੋਸ਼ੀ
ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਿਲ੍ਹਾ ਕਮੇਟੀ ਵੱਲੋਂ 8 ਮਾਰਚ ਨੂੰ ‘ਕੌਮਾਂਤਰੀ ਇਸਤਰੀ ਦਿਵਸ‘, ‘ਇਸਤਰੀਆਂ ਖਿਲਾਫ਼ ਅੱਤਿਆਚਾਰ ਅਤੇ ਵਿਤਕਰਿਆਂ ਦੇ ਖਾਤਮੇ ਲਈ ਜੂਝਣ ਦੇ ਸੰਕਲਪ ਦਿਵਸ‘ ਵਜੋਂ ਮਨਾਇਆ ਜਾਵੇਗਾ। ਉਕਤ ਫੈਸਲਾ ਮੈਡਮ ਦਰਸ਼ਨਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਸਭਾ ਦੀ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਕੀਤਾ ਗਿਆ। ਇੱਥੋਂ ਜਾਰੀ ਇਕ ਬਿਆਨ ਰਾਹੀਂ ਮੈਡਮ ਜੋਸ਼ੀ ਨੇ ਦੱਸਿਆ ਕਿ 8 ਮਾਰਚ ਨੂੰ ਮਿੰਨੀ ਸਕੱਤਰੇਤ ਨੇੜਲੀ ਡਾ. ਬੀ.ਆਰ. ਅੰਬੇਦਕਰ ਪਾਰਕ ਵਿਖੇ ਵਿਸ਼ਾਲ ਰੈਲੀ ਕਰਨ ਪਿੱਛੋਂ ‘ਇਸਤਰੀ ਅਧਿਕਾਰਾਂ ਦੀ ਪ੍ਰਾਪਤੀ ਲਈ ਮਾਰਚ‘ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ ਜੇ.ਪੀ.ਐਮ.ਓ. ‘ਚ ਸ਼ਾਮਲ ਭਰਾਤਰੀ ਸੰਗਠਨਾਂ ਦੇ ਕਾਰਕੁੰਨ ਵੀ ਸ਼ਾਮਲ ਹੋਣਗੇ। ਮੀਟਿੰਗ ਵੱਲੋਂ ਮੰਗ ਕੀਤੀ ਗਈ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਛੇਤੀ ਤੋਂ ਛੇਤੀ ਸੁਰੱਖਿਅਤ ਘਰ ਵਾਪਸੀ ਦੇ ਯਤਨ ਕੀਤੇ ਜਾਣ। ਇਸ ਸਬੰਧੀ ਰਾਜ ਕਰਦੀ ਪਾਰਟੀ ਦੇ ਆਗੂਆਂ ਅਤੇ ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾ ਰਹੀ ਹੋਛੀ ਬਿਆਨਬਾਜੀ ਦੀ ਨਿਖੇਧੀ ਕੀਤੀ ਗਈ।ਬੀਬੀ ਜੋਸ਼ੀ ਨੇ ਸਭਾ ਦੀਆਂ ਸਭਨਾਂ ਇਕਾਈਆਂ ਨੂੰ ਭਾਰੀ ਗਿਣਤੀ ਵਿੱਚ 8 ਮਾਰਚ ਨੂੰ ਬਠਿੰਡਾ ਪੁੱਜਣ ਦਾ ਸੱਦਾ ਦਿੰਦਿਆਂ ਹਰ ਵਰਗ- ਉਮਰ ਦੀਆਂ ਬੀਬੀਆਂ ਨੂੰ ਉਕਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।
ਹੋਣਹਾਰ ਵਿਦਿਆਰਥੀ ਨੂੰ ਬੀ.ਐਫ.ਜੀ.ਆਈ. ਵਿੱਚ ਸੌ ਪ੍ਰਤੀਸ਼ਤ ਵਜ਼ੀਫ਼ਾ ਮਿਲੇਗਾ – ਡਾ.ਧਾਲੀਵਾਲ
3 ਅਪ੍ਰੈਲ ਨੂੰ ਆਨਲਾਈਨ ਵਿਧੀ ਰਾਹੀਂ ਹੋਵੇਗਾ ਸਕਾਲਰਸ਼ਿਪ ਯੋਗਤਾ ਟੈਸਟ-22
ਸੁਖਜਿੰਦਰ ਮਾਨ
ਬਠਿੰਡਾ, 5 ਮਾਰਚ: ਭਾਰਤ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਜਿੱਥੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਮੋਹਰੀ ਭੂਮਿਕਾ ਨਿਭਾ ਰਹੀ ਹੈ ਉੱਥੇ ਹੀ ਸਮਾਜ ਅਤੇ ਖ਼ਾਸਕਰ ਨੌਜਵਾਨ ਵਿਦਿਆਰਥੀਆਂ ਦੇ ਵਿਕਾਸ ਲਈ ਪਹਿਲਕਦਮੀ ਕਰਦਿਆਂ ਬੀ.ਐਫ.ਜੀ.ਆਈ ਨੇ ਹਮੇਸ਼ਾ ਵਿਲੱਖਣ ਉਪਰਾਲੇ ਕੀਤੇ ਹਨ। ਪਿਛਲੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਨੇ ਸਮਾਜ ਦੇ ਹਰ ਵਰਗ ਨੂੰ ਆਰਥਿਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਜਿਸ ਸਦਕਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝਦਿਆਂ ਬੀ.ਐਫ.ਜੀ.ਆਈ. ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਜਾਂ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ‘ਬੀ.ਐਫ.ਐਸ.ਐਸ.ਐਸ. ਸਕਾਲਰਸ਼ਿਪ ਯੋਗਤਾ ਟੈਸਟ-22’ ਅਤੇ ਅੰਡਰ ਗ੍ਰੈਜੂਏਟ ਕੋਰਸਾਂ ਜਿਵੇਂ ਬੀ.ਟੈੱਕ, ਬੀ.ਐਸ.ਸੀ., ਬੀ.ਕਾਮ., ਬੀ.ਏ-ਬੀ.ਐਡ. ਅਤੇ ਬੀ.ਬੀ.ਏ. ਆਦਿ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਜਾਂ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ‘ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-22’ ਕਰਵਾਇਆ ਜਾ ਰਿਹਾ ਹੈ । ਇਹ ਟੈਸਟ ਆਨਲਾਈਨ ਵਿਧੀ ਰਾਹੀਂ 3 ਅਪ੍ਰੈਲ 2022 ਨੂੰ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ।
ਪ੍ਰੈਸ ਮਿਲਣੀ ਦੌਰਾਨ ਇਸ ਟੈਸਟ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਟੈਸਟ 30 ਮਿੰਟ ਦਾ ਹੋਵੇਗਾ ਜਿਸ ਵਿੱਚ 30 ਸਵਾਲ ਹੋਣਗੇ ਅਤੇ ਇਸ ਲਈ ਕੋਈ ਵੀ ਫ਼ੀਸ ਨਹੀਂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਗਾਈਡ ਲਾਈਨਜ਼ ਨੂੰ ਧਿਆਨ ਵਿੱਚ ਰੱਖਦਿਆਂ ਇਹ ਟੈਸਟ ਆਨਲਾਈਨ ਮੋਡ ਰਾਹੀਂ ਲਿਆ ਜਾਵੇਗਾ ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ (ਸਾਰੇ ਵਿਸ਼ਿਆਂ) ਦੀਆਂ ਕਲਾਸਾਂ ਤੋਂ ਇਲਾਵਾ ਇੰਜੀਨੀਅਰਿੰਗ, ਮੈਨੇਜਮੈਂਟ, ਸਾਇੰਸ, ਕਾਮਰਸ, ਐਗਰੀਕਲਚਰ, ਹਿਊਮੈਨਟੀਜ਼ ਖੇਤਰ ਦੇ ਰੈਗੂਲਰ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਇਸ ਸਕਾਲਰਸ਼ਿਪ ਯੋਗਤਾ ਟੈਸਟ ਰਾਹੀਂ ਆਪਣੇ ਕੋਰਸ ਅਨੁਸਾਰ 100% ਤੱਕ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ ।
ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਇਸ ਟੈਸਟ ਵਿੱਚ ਘੱਟ ਤੋਂ ਘੱਟ 65% ਅੰਕ ਪ੍ਰਾਪਤ ਕਰਨ ਤੇ ਸਕਾਲਰਸ਼ਿਪ ਉਪਲਬਧ ਹੋਵੇਗੀ, ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧੇਰੇ ਸਕਾਲਰਸ਼ਿਪ ਮਿਲ ਸਕੇਗੀ ਜਿਵੇਂ ਕਿ ਇਸ ਟੈਸਟ ਵਿੱਚ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਕੋਰਸ ਦੀ ਪੂਰੇ ਕੋਰਸ ਲਈ ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ, ਭਾਵ ਕਿ ਇਹ ਵਿਦਿਆਰਥੀ ਬਿਨਾਂ ਕੋਈ ਫ਼ੀਸ ਅਦਾ ਕੀਤੇ ਪੜ੍ਹਾਈ ਕਰ ਸਕਣਗੇ। 95% -99.99% ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਪੂਰੇ ਕੋਰਸ ਦੀ 50% ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ । ਇਸ ਟੈਸਟ ਰਾਹੀਂ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਰਾਸ਼ੀ 4 ਲੱਖ ਰੁਪਏ ਤੱਕ ਹੈ।
ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਹਮੇਸ਼ਾ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ। ਬੀ.ਐਫ.ਜੀ.ਆਈ. ਨੇ ਕਰੋਨਾ ਜਿਹੇ ਔਖੇ ਸਮੇਂ ਵਿੱਚ ਵੀ ਇਸ ਅਹਿਦ ਨੂੰ ਕਾਇਮ ਰੱਖਦੇ ਹੋਏ ਵੱਖ ਵੱਖ ਖੇਤਰਾਂ ਵਿੱਚ ਅਹਿਮ ਮੱਲ੍ਹਾਂ ਮਾਰੀਆਂ ਹਨ, ਜਿਸ ਦਾ ਕਿ ਸਿੱਧਾ ਫ਼ਾਇਦਾ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਸੰਸਥਾ ਵੱਲੋਂ ਰਿਸਰਚ ਨੂੰ ਵਿਸ਼ੇਸ਼ ਤਵੱਜੋ ਦਿੰਦੇ ਹੋਏ ਵੱਧ ਤੋਂ ਵੱਧ ਰਿਸਰਚ ਮੁਖੀ ਫੈਕਲਟੀ ਰੱਖੀ ਗਈ ਹੈ ਜੋ ਕਿ ਵਿਦਿਆਰਥੀਆਂ ਵਿੱਚ ਵੀ ਰਿਸਰਚ ਸਬੰਧੀ ਵਿਸ਼ੇਸ਼ ਰੁਚੀ ਪੈਦਾ ਕਰ ਰਹੀ ਹੈ। ਇਹਨਾਂ ਯਤਨਾਂ ਸਦਕਾ ਇਹ ਸੰਸਥਾ ਪੰਜਾਬ ਦੇ ਕਾਲਜਾਂ ਵਿੱਚੋਂ ਰਿਸਰਚ ਦੇ ਖੇਤਰ ਵਿੱਚ ਮੋਹਰੀ ਰੋਲ ਨਿਭਾਅ ਰਹੀ ਹੈ। ਸੰਸਥਾ ਵੱਲੋਂ ਹੁਣ ਤੱਕ 25 ਪੇਟੈਂਟ ਫਾਈਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 5 ਗਰਾਂਟ ਹੋ ਚੁੱਕੇ ਹਨ। ਸਾਲ 2022 ਵਿੱਚ ਇਸ ਗਿਣਤੀ ਨੂੰ 100 ਤੱਕ ਲੈ ਕੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਬੀ.ਐਫ.ਜੀ.ਆਈ. ਵੱਲੋਂ 6.5 ਕਰੋੜ ਦੇ 21 ਰਿਸਰਚ ਪ੍ਰੋਜੈਕਟ ਅਪਲਾਈ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਾਲ 2021-22 ਲਈ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਡਿਪਾਰਟਮੈਂਟ ਅਣਥੱਕ ਯਤਨ ਕਰ ਰਿਹਾ ਹੈ। ਇਹਨਾਂ ਯਤਨਾਂ ਸਦਕਾ ਚਾਲੂ ਵਰ੍ਹੇ ਦੌਰਾਨ ਵਿਦਿਆਰਥੀਆਂ ਦੀ ਰਿਕਾਰਡ ਪਲੇਸਮੈਂਟ ਹੋਈ ਹੈ। ਸੰਸਥਾ ਦੇ ਵਿਦਿਆਰਥੀਆਂ ਦੀ ਚੋਣ 13 ਲੱਖ ਰੁਪਏ ਦੇ ਸਾਲਾਨਾ ਪੈਕੇਜ ਤੱਕ ਹੋਈ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ 10 ਲੱਖ ਦੇ ਸਾਲਾਨਾ ਪੈਕੇਜ ‘ਤੇ ਹੋਈ ਹੈ। ਚਾਲੂ ਸਾਲ ਦੌਰਾਨ ਵਿਦਿਆਰਥੀਆਂ ਨੂੰ ਮਿਆਰੀ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਡਿਪਾਰਟਮੈਂਟ ਵੱਲੋਂ ਅੱਗੇ ਹੋਰ ਯਤਨ ਜਾਰੀ ਹਨ। ਇਸ ਦੇ ਨਾਲ ਹੀ ਉੱਦਮਤਾ ਦੇ ਖੇਤਰ ਵਿੱਚ ਬੀ.ਐਫ.ਜੀ.ਆਈ. ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਉਪਰਾਲਿਆਂ ਸਦਕਾ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਦੀ ਬਦੌਲਤ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਟਾਰਟ ਅੱਪ ਇੰਡੀਆ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਕਾਲਰਸ਼ਿਪ ਯੋਗਤਾ ਟੈਸਟ-2022 ਹੋਣਹਾਰ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਅਤੇ ਉਹ 100 ਫ਼ੀਸਦੀ ਤੱਕ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ । ਇਸ ਟੈਸਟ ਲਈ ਫ਼ਰੀ ਰਜਿਸਟ੍ਰੇਸ਼ਨ ਸ਼ੁਰੂ ਹੈ ਜਿਸ ਦੀ ਆਖ਼ਰੀ ਮਿਤੀ 31 ਮਾਰਚ, 2022 ਹੈ। ਚਾਹਵਾਨ ਵਿਦਿਆਰਥੀ ਸੰਸਥਾ ਦੀ ਵੈੱਬਸਾਈਟ www.babafaridgroup.edu.in ‘ਤੇ ਉਪਲਬਧ ਰਜਿਸਟ੍ਰੇਸ਼ਨ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਸਥਾ ਦੇ ਹੈਲਪ ਲਾਈਨ ਨੰਬਰ 8081-100-200 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਠਿੰਡਾ ਦੇ ਬੱਸ ਅੱਡੇ ਦੇ ਪਿਛਲੇ ਪਾਸਿਓ ਮੋਟਰਸਾਈਕਲ ਚੋਰੀ, ਲਗਾਤਾਰ ਹੋ ਰਹੀਆਂ ਹਨ ਵਾਰਦਾਤਾਂ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਅੱਜ ਦੁਪਿਹਰ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਸਥਿਤ ਇੱਕ ਹੋਟਲ ਦੇ ਅੱਗੇ ਖ਼ੜੇ ਕੀਤੇ ਮੋਟਰਸਾਈਕਲ ਨੂੰ ਇੱਕ ਨੌਜਵਾਨ ਵਲੋਂ ਚੋਰੀ ਕਰਨ ਦੀ ਸੂਚਨਾ ਹੈ। ਇਸ ਸਬੰਧ ਵਿਚ ਥਾਣਾ ਕੋਤਵਾਲੀ ਪੁਲਿਸ ਨੂੰ ਸਿਕਾਇਤ ਦਿੱਤੀ ਗਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਵਾਹਨ ਚੋਰੀਆਂ ਦੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋ ਗਿਆ ਹੈ। ਉਧਰ ਅੱਜ ਚੋਰੀ ਹੋਏ ਮੋਟਰਸਾਈਕਲ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਮਨਜਿੰਦਰ ਸਿੰਘ ਨੇ ਦਸਿਆ ਕਿ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ ਮੁਤਾਬਕ ਪੈਦਲ ਮੂੰਹ ਢਕੇ ਹੋਏ ਇਕ ਨੌਜਵਾਨਠ, ਜੋ ਪੈਦਲ ਹੀ ਮੋਟਰਸਾਈਕਲ ਕੋਲ ਪੁੱਜਦਾ ਹੈ, ਕੁੱਝ ਹੀ ਮਿੰਟਾਂ ਵਿਚ ਮੋਟਰਸਾਈਕਲ (ਨੰਬਰ ਪੀਬੀ-0ਏਈ-3091)ਚੋਰੀ ਕਰਕੇ ਲੈ ਗਿਆ। ਆ ਰਿਹਾ ਇਕ ਨੌਜਵਾਨ, ਜਿਸ ਨੇ ਮੂੰਹ ਢੱਕਿਆ ਹੋਇਆ ਸੀ, ਬਾਈਕ ਚੋਰੀ ਕਰਕੇ ਕੁਝ ਹੀ ਸਕਿੰਟਾਂ ਵਿਚ ਫਰਾਰ ਹੋ ਗਿਆ। ਉਧਰ ਇੱਕ ਹੋਰ ਮਾਮਲੇ ਵਿਚ ਰੇਲਵੇ ਦੇ ਇੱਕ ਮੁਲਾਜਮ ਕੋਲੋ ਵੀ ਬੀਤੇ ਕੱਲ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਲੜਕੇ ਤ। ਲੜਕੀ ਵਲੋਂ ਉਸਦਾ ਬੈਗ ਖੋਹਣ ਦੇ ਮਾਮਲੇ ਵਿਚ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਰੇਲਵੇ ਮੁਲਾਜਮ ਰਜੀਵ ਕੁਮਾਰ ਮੁਤਾਬਕ ਲੁਟੇਰੇ ਉਸਦੀ ਰੇਲਵੇ ਦਾ ਸਰਕਾਰੀ ਵਾਕੀਟਾਕੀ ਸੈਟ ਵੀ ਖੋਹ ਕੇ ਲੈ ਗਏ। ਇਹ ਘਟਨਾ ਪ੍ਰਤਾਪ ਨਗਰ ਇਲਾਕੇ ਵਿਚ ਵਾਪਰੀ ਦੱਸੀ ਜਾ ਰਹੀ ਹੈ। ਜਦਂੋ ਉਕਤ ਮੁਲਾਜਮ ਅਪਣੀ ਡਿਊਟੀ ਖ਼ਤਮ ਕਰਕੇ ਘਰ ਵਾਪਸ ਜਾ ਰਿਹਾ ਸੀ। ਗੌਰਤਲਬ ਹੈ ਕਿ ਬੀਤੇ ਕੱਲ ਵੀ ਸਥਾਨਕ ਗੋਲ ਡਿੱਗੀ ਕੋਲੋ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ।
ਕਰਜ਼ੇ ’ਚ ਡੁੱਬੇ ਪਿਊ ਵਲੋਂ ਧੀਆਂ ਵਿਆਹੁਣ ਤੋਂ ਪਹਿਲਾਂ ਖ਼ੁਦਕਸ਼ੀ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਇੱਕ ਵਿਅਕਤੀ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਹਮੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਨੇ ਖੇਤਾਂ ਵਿਚ ਪਈ ਕੀਟਨਾਸ਼ਕ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸਦੀ ਪਹਿਚਾਣ ਜਗਦੀਪ ਸਿੰਘ ਵਾਸੀ ਗਹਿਰੀ ਬੁੱਟਰ ਦੇ ਤੌਰ ’ਤੇ ਹੋਈ ਹੈ। ਪਤਾ ਲੱਗਿਆ ਹੈ ਕਿ ਤਿੰਨ ਏਕੜ ਜਮੀਨ ਦੇ ਮਾਲਕ ਉਕਤ ਕਿਸਾਨ ਸਿਰ ਜਿੱਥੇ 6 ਲੱਖ ਦੇ ਕਰੀਬ ਕਰਜ਼ਾ ਸੀ, ਉਥੇ ਉਸਦੀਆਂ ਦੋ ਮੁਟਿਆਰ ਧੀਆਂ ਵਿਆਉਣ ਵਾਲੀਆਂ ਸਨ। ਫ਼ਿਲਹਾਲ ਥਾਣਾ ਸੰਗਤ ਦੀ ਪੁਲਿਸ ਨੇ ਪੀੜਤ ਦੇ ਪ੍ਰਵਾਰ ਦੇ ਬਿਆਨਾਂ ਉਪਰ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪ੍ਰਵਾਰ ਵਾਲਿਆਂ ਨੇ ਦਸਿਆ ਕਿ ਪਿਛਲੇ ਸਾਲ ਮਿ੍ਰਤਕ ਜਗਦੀਪ ਸਿੰਘ ਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਗਈ ਸੀ। ਇਸਤੋਂ ਇਲਾਵਾ ਉਸਦੀ ਇੱਕ ਲੱਤ ਵੀ ਕੱਟੀ ਹੋਈ ਸੀ ਤੇ ਉਸਦੇ ਤਿੰਨ ਧੀਆਂ ਸਨ, ਜਿੰਨ੍ਹਾਂ ਵਿਚੋਂ ਦੋ ਧੀਆਂ ਵਿਹਾਉਣ ਵਾਲੀਆਂ ਸਨ। ਜਦੋਂਕਿ ਕਰਜ਼ੇ ਦਾ ਬੋਝ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ।
ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜਨਾਂ ਦੀਆਂ ਸੁਣੀਆਂ ਸਮੱਸਿਆਵਾਂ
ਸੀਨੀਅਰ ਸਿਟੀਜਨ ਦੀ ਮਦਦ ਲਈ ਹੈਲਪ ਲਾਇਨ ਨੰਬਰ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਸਬੰਧੀ ਬੈਠਕ ਹੋਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੋਈ ਇਸ ਬੈਠਕ ਦੌਰਾਨ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਬਜ਼ੁਰਗਾਂ ਦੀ ਭਲਾਈ ਤੇ ਉਨ੍ਹਾਂ ਦੀਆਂ ਘਰੇਲੂ ਸਮੱਸਿਆ ਤੇ ਹੱਲ ਲਈ ਵਿਚਾਰ-ਵਟਾਂਦਰਾਂ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਅਤੇ ਸੀਨੀਅਰ ਸਿਟੀਜਨਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਿਨੀਅਰ ਸਿਟੀਜਨ ਹੈਲਪ ਲਾਇਨ ਨੰਬਰ 0172-2800000, 0172-6160100 ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ 24 ਘੰਟੇ ਬਜੁਰਗ ਆਪਣੀ ਸਮੱਸਿਆਵਾਂ ਦੱਸ ਸਕਦੇ ਹਨ, ਜਿਨ੍ਹਾਂ ਦਾ ਤਰੁੰਤ ਨਿਪਟਾਰਾ ਕੀਤਾ ਜਾਵੇਗਾ। ਬੈਠਕ ਦੌਰਾਨ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਓਲਡ ਏਜ਼ ਅਤੇ ਡੇ-ਕੇਅਰ ਸੈਂਟਰ, ਬਜ਼ੁਰਗਾਂ ਦੀ ਦੇਖਭਾਲ, ਸਿਹਤ ਅਤੇ ਮੰਨੋਰੰਜ਼ਨ ਆਦਿ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਮੌਜੂਦ ਸੀਨੀਅਰ ਸਿਟੀਜਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆ ਅਤੇ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ ਅਤੇ ਦਿੱਤੇ ਗਏ ਸੁਝਾਵਾਂ ਤੇ ਅਮਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਵਲੋਂ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।ਇਸ ਦੌਰਾਨ ਸੀਨੀਅਰ ਸਿਟੀਜਨ ਵਲੋਂ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਸ਼ਹਿਰ ਦੇ ਕਈ ਪਬਲਿਕ ਸਥਾਨਾਂ ਨੂੰ ਆਮ ਲੋਕਾਂ ਵਲੋਂ ਗੈਰ ਕਾਨੂੰਨੀ ਤੌਰ ਤੇ ਗੇਟ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਮੌਜੂਦ ਪੁਲਿਸ ਵਿਭਾਗ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਗੈਰ ਕਾਨੂੰਨੀ ਸਥਾਨਾਂ ਦੀ ਤਰੁੰਤ ਜਾਂਚ ਕਰਕੇ ਗੇਟਾਂ ਨੂੰ ਹਟਵਾਇਆ ਜਾਵੇ। ਬੈਠਕ ਦੌਰਾਨ ਐਸਡੀਐਮ ਬਠਿੰਡਾ ਸ਼੍ਰੀ ਕੰਵਰਜੀਤ ਸਿੰਘ, ਐਸਡੀਐਮ ਮੌੜ ਸ਼੍ਰੀਮਤੀ ਵੀਰਪਾਲ ਕੌਰ, ਡੀਐਸਪੀ ਸ਼੍ਰੀ ਸੰਜੀਵ ਸਿੰਗਲਾ, ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਸ਼੍ਰੀਮਤੀ ਸਤਵਿੰਦਰ ਕੌਰ, ਸ਼੍ਰੀ ਰਾਕੇਸ਼ ਨਰੂਲਾ, ਸ਼੍ਰੀ ਐਮਆਰ ਜਿੰਦਲ, ਸ਼੍ਰੀ ਐਚਐਸ ਖੁਰਮੀ, ਏਪੀ ਗਰੋਵਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਸਿਲਵਰ ਓਕਸ ਸਕੂਲ ਵਲੋਂ ਲਹਿਰਾ ਬੇਗਾ ’ਚ ਨਵੀਂ ਬ੍ਰਾਂਚ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਇਲਾਕੇ ਦੇ ਨਾਮਵਾਰ ਸਕੂਲਾਂ ਵਿਚ ਮੰਨੇ ਜਾਂਦੇ ਸਿਲਵਰ ਓਕਸ ਸਕੂਲ ਨੇ ਅਪਣਾ ਵਿਸਥਾਰ ਕਰਦਿਆਂ ਬਠਿੰਡਾ-ਬਰਨਾਲਾ ਰੋਡ ’ਤੇ ਪਿੰਡ ਲਹਿਰਾ ਬੇਗਾ ਕੋਲ ਅਪਣੀ ਨਵੀਂ ਬ੍ਰਾਂਚ ਦੀ ਸ਼ੁਰੂਆਤ ਕੀਤੀ ਹੈ। ਸਕੂਲ ਦੇ ਪਹਿਲੇ ਬੈਚ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਕੂਲ ਦੇ ਵਿਹੜੇ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਗਿਆ, ਜਿਸਦੇ ਐਤਵਾਰ ਵਾਲੇ ਦਿਨ ਭੋਗ ਪਾਏ ਜਾਣਗੇ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਸਿਲਵਰ ਓਕਸ ਸਕੂਲ ਭੁੱਚੋ ਉੱਤਮਤਾ ਦਾ ਕੇਂਦਰ ਹੋਣ ਦੇ ਨਾਤੇ, ਸਿਖਿਆਰਥੀਆਂ ਨੂੰ ਇਕ ਚੰਗਾ ਇਨਸਾਨ ਬਣਨ ਦੀ ਯਾਤਰਾ ਸੁਰੂ ਕਰਨ ਦੇ ਮਿਸਨ ਦੇ ਨਾਲ, ਰਵਾਇਤੀ ਕਦਰਾਂ-ਕੀਮਤਾਂ ਨਾਲ ਭਰਪੂਰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਦਿਖਾਉਣ ਲਈ ਤਿਆਰ ਹੈ।
ਆਪ ਨੇ ਭਾਖੜਾ ਬਿਆਸ ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਬਹਾਲ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸਨਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀ.ਬੀ.ਐਮ.ਬੀ) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦਾ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਦੇ ਹਲਕਾ ਬਠਿੰਡਾ ਸਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ, ਸੂਬਾ ਸਪੋਕਸਮੈਨ ਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਸੀਨੀਅਰ ਆਗੂ ਐਡਵੋਕੇਟ ਨਵਦੀਪ ਜੀਦਾ, ਅਨਿਲ ਠਾਕੁਰ ਆਦਿ ਦੀ ਅਗਵਾਈ ਹੇਠ ਦਿੱਤੇ ਇਸ ਮੰਗ ਪੱਤਰ ਵਿਚ ਕੇਂਦਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਮਾਰੇ ਜਾਂਦੇ ਡਾਕੇ ਦੀ ਨਿੰਦਾ ਕਰਦਿਆਂ ਇੰਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਆਪ ਆਗੂਆਂ ਮੁਤਾਬਕ 1966 ’ਚ ਬਣੇ ‘ਪੰਜਾਬ ਪੁਨਰਗਠਨ ਐਕਟ’ ਦੌਰਾਨ ਹੀ ਬੀ.ਬੀ.ਐਮ.ਬੀ ਦੀ ਸਥਾਪਨਾ ਹੋਈ ਸੀ, ਜਿਸ ’ਚ ਚੇਅਰਮੈਨ ਅਤੇ ਦੋ ਮੈਂਬਰ ਲਏ ਜਾਣ ਦੀ ਵਿਵਸਥਾ ਕੀਤੀ ਗਈ ਸੀ। 1967 ਤੋਂ ਹੀ ਇਹ ਵੱਡੇ ਸੂਬੇ ਅਤੇ ਹਿੱਸੇਦਾਰ ਹੋਣ ਦੇ ਨਾਤੇ ਪੰਜਾਬ ਅਤੇ ਹਰਿਆਣਾ ਤੋਂ ਹੀ ਲਏ ਜਾਂਦੇ ਰਹੇ ਹਨ। ਇਨ੍ਹਾਂ ਵਿਚੋਂ ਵੱਡੇ ਅਤੇ ਵੱਧ ਹਿੱਸੇ ਪੰਜਾਬ ਨੂੰ ਪਹਿਲੇ ਨੰਬਰ ’ਤੇ ਰੱਖਿਆ ਜਾਂਦਾ ਸੀ ਤੇ ਖਰਚਾ ਵੀ ਵਧੇਰੇ ਪੰਜਾਬ ਹੀ ਕਰਦਾ ਰਿਹਾ ਹੈ। ਪਰ ਹੁਣ ਬੀ.ਬੀ.ਐਮ.ਬੀ ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਜਾ ਰਹੀ ਹੈ।
ਕਿਸਾਨ ਯੂਨੀਅਨ ਸਿੱਧੂਪੁਰ ਨੇ ਫ਼ੂਕਿਆ ਕੇਂਦਰ ਸਰਕਾਰ ਦਾ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਕੇਂਦਰ ਸਰਕਾਰ ਵਲੋਂ ਲਗਾਤਾਰ ਸੂਬਾ ਵਿਰੋਧੀ ਲਏ ਜਾ ਰਹੇ ਫੈਸਲਿਆਂ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਸਥਾਨਕ ਅੰਬੇਦਕਰ ਚੌਕ ਵਿਚ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀ ਰਾਸਟਰਪਤੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੇਸਮ ਸਿੰਘ ਯਾਤਰੀ ਤੇ ਬਲਦੇਵ ਸਿੰਘ ਸੰਦੋਹਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬੀਅਤ ਅਤੇ ਦੇਸ਼ ਦੀ ਕਿਸਾਨੀ ਉੱਪਰ ਆਏ ਦਿਨ ਨਿੱਤ ਨਵੇਂ ਹਮਲੇ ਕਰਨ ਅਤੇ ਆਪਣੀਆਂ ਕੋਝੀਆਂ ਚਾਲਾਂ ਚੱਲਣ ਤੋਂ ਬਾਜ ਨਹੀ ਆ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਹਰਿਆਣਾ ਨੂੰ ਬਾਹਰ ਕੱਢਣ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਰਾਜਾਂ ਦੇ ਹੱਕਾਂ ਉੱਪਰ ਮਾਰੇ ਗਏ ਇਸ ਡਾਕੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਅੱਜ ਕੇਂਦਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਇਸ ਮੌਕੇ ਆਗੂਆਂ ਨੇ ਰਾਸਟਰਪਤੀ ਕੋਲੋ ਮੰਗ ਕੀਤੀ ਕਿ ਉਹ ਸੰਵਿਧਾਨ ਦੀ ਰਾਖੀ ਕਰਦਿਆਂ ਪੰਜਾਬ ਅਤੇ ਹਰਿਆਣਾ ਦੀ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਬਣਦੀ ਨੁਮਾਇੰਦਗੀ ਤੁਰੰਤ ਬਹਾਲ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਐੱਮ.ਐੱਸ.ਪੀ. ‘ਤੇ ਗਾਰੰਟੀ ਕਾਨੂੰਨ ਬਣਾਉਣਾ, ਕਿਸਾਨਾਂ ਉੱਪਰ ਦਰਜ ਮੁਕੱਦਮੇ ਖਤਮ ਕਰਨਾ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦੇਣਾ,ਲਖੀਮਪੁਰ ਖੀਰੀ ਦੇ ਦੋਸ਼ੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨਾ ਅਤੇ ਅਸ਼ੀਸ਼ ਮਿਸ਼ਰਾ ਟੈਨੀ ਦੀ ਜਮਾਨਤ ਰੱਦ ਕਰਕੇ ਸਖਤ ਸਜਾ ਦੇਣਾ ਆਦਿ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰਵਾਉਣ ਲਈ ਕੇਂਦਰ ਸਰਕਾਰ ਉੱਪਰ ਦਬਾਅ ਬਣਾਉਣ। ਇਸ ਮੌਕੇ ਆਗੂ ਰਣਜੀਤ ਸਿੰਘ, ਮੁਖਤਿਆਰ ਸਿੰਘ, ਅਰਜਨ ਸਿੰਘ ਫੂਲ ,ਅੰਗਰੇਜ ਸਿੰਘ ਕਲਿਆਣ, ਜਵਾਹਰ ਸਿੰਘ ਕਲਿਆਣ, ਭੋਲਾ ਸਿੰਘ ਕੋਟੜਾ, ਜਸਵੰਤ ਸਿੰਘ , ਕੁਲਵੰਤ ਸਿੰਘ, ਬਲਵਿੰਦਰ ਸਿੰਘ ਜੋਧਪੁਰ ਆਦਿ ਆਗੂ ਸਾਮਲ ਸਨ।









