Home Blog Page 3080

ਬਠਿੰਡਾ ਚ ਪੰਜਾਬ ਹਰਿਆਣਾ ਅੰਤਰਰਾਜੀ ਸਰਹੱਦ ‘ਤੇ 24 ਲੱਖ ਦੀ ਰਾਸ਼ੀ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ ,17 ਜਨਵਰੀ: ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬੈਰੀਅਰ ਉਪਰ ਅੱਜ ਇਕ ਚੋਣ ਟੀਮ ਵੱਲੋਂ ਹਰਿਆਣਾ ਦੀ ਤਰਫੋਂ ਆ ਰਹੀ ਇੱਕ ਕਾਰ ‘ਚ ਸਵਾਰ ਚਾਰ ਵਿਅਕਤੀਆਂ ਕੋਲੋਂ ਚੌਵੀ ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਚੋਣ ਅਧਿਕਾਰੀ ਆਰ ਪੀ ਸਿੰਘ ਨੇ ਕਾਨੂੰਨੀ ਕਾਰਵਾਈ ਕਰਦਿਆਂ ਆਮਦਨ ਕਰ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਨੂੰ ਇਸ ਦੀ ਅਗਲੇਰੀ ਕਾਰਵਾਈ ਲਈ ਲਿਖਤੀ ਸਿਕਾਇਤ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਆਰਪੀ ਸਿੰਘ ਨੇ ਸਪੋਕਸਮੈਨ ਨੂੰ ਦੱਸਿਆ ਕਿ ਡੂਮਵਾਲੀ ਬੈਰੀਅਰ ‘ਤੇ ਲੱਗੇ ਹੋਏ ਨਾਕੇ ਦੌਰਾਨ ਜਦ ਕਾਰ ਦੀ ਚੈਕਿੰਗ ਕੀਤੀ ਤਾਂ ਇਹ ਰਾਸ਼ੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਚ ਸਵਾਰ ਵਿਅਕਤੀ ਇਸ ਰਾਸ਼ੀ ਬਾਰੇ ਕੋਈ ਪੁਖ਼ਤਾ ਪਰੂਫ਼ ਪੇਸ਼ ਨਹੀਂ ਕਰ ਸਕੇ ਜਿਸ ਦੇ ਚਲਦੇ ਇਸ ਰਾਸ਼ੀ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸੇ ਨਾਕੇ ਉਪਰ ਇਕ ਹੋਰ ਮਾਮਲੇ ਵਿਚ ਤਿੰਨ ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੱਸਣਾ ਬਣਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਦਸ ਹਜ਼ਾਰ ਤੋਂ ਵੱਧ ਦੀ ਨਕਦੀ ਰਾਸ਼ੀ ਆਪਣੇ ਨਾਲ ਏਧਰ ਓਧਰ ਨਹੀਂ ਲਿਆ ਸਕਦਾ ਹੈ। ਜੇਕਰ ਇਸ ਤੋਂ ਵੱਧ ਰਾਸ਼ੀ ਉਸ ਨੇ ਕਿਤੇ ਲਿਜਾਣੀ ਹੈ ਤਾਂ ਉਸਨੂੰ ਇਸਦੇ ਲਈ ਪੁਖ਼ਤਾ ਸੂਤ ਵੀ ਨਾਲ ਰੱਖਣਾ ਜ਼ਰੂਰੀ ਹੁੰਦੇ ਹਨ

ਕਿਰਤੀ ਕਿਸਾਨ ਯੂਨੀਅਨ ਵਲੋਂ ਚੋਣਾਂ ’ਚ ਕਿਸੇ ਵੀ ਪਾਰਟੀ ਦੀ ਹਿਮਾਇਤ ਨਾ ਕਰਨ ਦਾ ਐਲਾਨ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦੱਸਿਆ ਕਿ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਜਥੇਬੰਦੀ ਦੀ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਿਸਾਨੀ ਮਸਲੇ ਵਿਚਾਰੇ ਗਏ ਤੇ ਕਿਸਾਨੀ ਦੇ ਸਮੁੱਚੇ ਕਰਜਾ ਮੁਆਫੀ ਤੇ ਐੱਮਐੱਸਪੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਯੂਨੀਅਨ ਕਿਸੇ ਵੀ ਪਾਰਟੀ ਦੀ ਮੱਦਦ ਨਹੀਂ ਕਰੇਗੀ ਤੇ ਨਾ ਹੀ ਅਪਣਾ ਕੋਈ ਉਮੀਦਵਾਰ ਖੜਾ ਕਰੇਗੀ। ਜਥੇਬੰਦੀ ਨੇ ਪਾਰਟੀਆਂ ਤੋਂ ਝਾਕ ਛੱਡ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਵੀ ਦਿੱਤਾ। ਆਗੂਆਂ ਨੇ ਕਿਹਾ ਕਿ ਯੂਨੀਅਨ ਚੋਣਾਂ ਮੌਕੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਸੱਥ ਚ ਜਾਵੇਗੀ। ਮੀਟਿੰਗ ਦੌਰਾਨ ਜਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਸਕੱਤਰ ਸਵਰਨ ਸਿੰਘ, ਜ਼ਿਲ੍ਹਾ ਖਜਾਨਚੀ ਬਖਸ਼ੀਸ਼ ਸਿੰਘ ਖ਼ਾਲਸਾ ਬਣਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦਾ ਮੁਲਾਜਮ ਆਗੂਆਂ ਦਰਸ਼ਨ ਮੌੜ ਤੇ ਰਣਜੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਸੁਖਮੰਦਰ ਸਿੰਘ ਸਰਾਭਾ, ਬਾਵਾ ਸਿੰਘ, ਬਲਦੇਵ ਸਿੰਘ, ਮੀਤਾ ਸਿੰਘ, ਮਨਜੀਤ ਸਿੰਘ, ਰਘਵੀਰ ਸਿੰਘ, ਬੰਤ ਸਿੰਘ, ਗਿਆਨ ਸਿੰਘ , ਮਨਜੀਤ ਸਿੰਘ, ਬਲਤੇਜ ਸਿੰਘ, ਜਸਵੰਤ ਸਿੰਘ ਜ਼ੈਲਦਾਰ, ਜੀਤ ਸਿੰਘ, ਹੈਪੀ ਸਿੰਘ, ਬੱਬੂ ਸਿੰਘ, ਅਜਾਇਬ ਸਿੰਘ ਤੇ ਗੇਲਾ ਸਿੰਘ ਸੰਧੂ ਆਦਿ ਹਾਜ਼ਰ ਸਨ।

ਅਧਿਆਪਕ ਦੀ ਮੁਅੱਤਲੀ ਦੇ ਵਿਰੋਧ ’ਚ ਘੇਰਿਆ ਡੀ.ਈ.ਓ ਦਫਤਰ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਪਿਛਲੇ ਸਮੇਂ ਦੌਰਾਨ ਸ.ਹਾਈ ਸਕੂਲ ਸਰਦਾਰਗੜ ਦੇ ਐੱਸ ਐੱਸ ਮਾਸਟਰ ਕੁਲਦੀਪ ਸਿੰਘ ਦੀ ਬਿਨਾਂ ਕੋਈ ਪੜਤਾਲ ਕੀਤੇ ਮੁਅੱਤਲੀ ਵਿਰੁਧ ਅੱਜ ਅਧਿਆਪਕ ਜਥੇਬੰਦੀ ਡੀਟੀਐਫ਼ ਵਲੋਂ ਸਥਾਨਕ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਰੇਸਮ ਸਿੰਘ, ਸੂਬਾ ਆਗੂ ਜਸਵਿੰਦਰ ਸਿੰਘ ਤੇ ਨਵਚਰਨ ਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਇਸ ਮੁੱਦੇ ’ਤੇ ਡੀ.ਈ.ਓ ਤੇ ਉਪ ਮੁੱਖੀ ਅਧਿਆਪਕਾਂ ਦੀ ਗੱਲ ਸੁਨਣ ਦੀ ਬਿਜਾਏ ਜਾਣਬੁੱਝ ਕੇ ਦਫਤਰ ਤੋਂ ਬਾਹਰ ਚਲੇ ਗਏ ਜਿਸ ਕਰਕੇ ਅੱਜ ਜੱਥੇਬੰਦੀ ਵੱਲੋਂ ਮਜਬੂਰਨ ਜ਼ਿਲ੍ਹਾ ਸਿੱਖਿਆ ਦਫਤਰ ਦਾ ਘਿਰਾਓ ਕਰਨਾ ਪਿਆ। ਓਹਨਾ ਦੋਸ਼ ਲਗਾਇਆ ਕਿ ਸਿੱਖਿਆ ਅਧਿਕਾਰੀ ਉਕਤ ਅਧਿਆਪਕ ਦੀ ਮੁਅੱਤਲੀ ਅਤੇ ਬਦਲੀ ਦੀ ਪੜਤਾਲ ਇਥੋਂ ਵਿਤ ਮੰਤਰੀ, ਸ਼ਹਿਰ ਦੀ ਇੱਕ ਰਾਜਨੀਤਕ ਆਗੂ ਤੇ ਇੱਕ ਮੰਤਰੀ ਦੇ ਰਿਸ਼ਤੇਦਾਰ ਦੇ ਇਸ਼ਾਰਿਆਂ ’ਤੇ ਲਮਕਾ ਰਹੇ ਹਨ । ਪਰ ਜੱਥੇਬੰਦੀ ਕਿਸੇ ਵੀ ਅਧਿਆਪਕ ਨਾਲ ਧੱਕੇਸ਼ਾਹੀ ਸਹਿਣ ਨਹੀ ਕਰੇਗੀ ।

ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਕਿਸਾਨਾਂ ਨੇ ਅੱਜ ਮੁੜ ਘੇਰਿਆ ਡੀਸੀ ਦਾ ਦਫ਼ਤਰ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਨਰਮੇ ਦੀ ਫ਼ਸਲ ਦੇ ਖ਼ਰਾਬੇ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੇ ਆ ਰਹੇ ਕਿਸਾਨਾਂ ਨੇ ਅੱਜ ਮੁੜ ਪ੍ਰਸ਼ਾਸ਼ਨ ਦੇ ਰਵੱਈਏ ਤੋਂ ਤੰਗ ਆ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰ ਲਿਆ। ਡਿਪਟੀ ਕਮਿਸ਼ਨਰ ਵਲੋਂ ਕਿਸਾਨ ਆਗੂਆਂ ਦੇ ਵਫਦ ਨੂੰ ਮਿਲਣ ਤੋਂ ਟਾਲਾ ਵਟਣ ਦੀਆਂ ਕੰਨਸੋਆ ਮਿਲਣ ’ਤੇ ਵੱਡੀ ਗਿਣਤੀ ਵਿਚ ਇਕੱਠੇ ਹੋੲੈ ਕਿਸਾਨਾਂ ਨੇ ਅੱਜ ਸਕੱਤਰੇਤ ਵਿਚ ਧਾਵਾਂ ਬੋਲਦਿਆਂ ਡਿਪਟੀ ਕਮਿਸ਼ਨਰ ਦੇ ਮੁੱਖ ਦਫਤਰ ਅੱਗੇ ਧਰਨਾ ਜੜ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇਂ ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ,ਬਸੰਤ ਸਿੰਘ ਕੋਠਾਗੁਰੂ ਪਰਮਜੀਤ ਕੌਰ ਪਿੱਥੋ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਦੀ ਅਗਵਾਈ ਵਿਚ ਕਿਸਾਨਾਂ ਦਾ ਇਹ ਵਫ਼ਦ ਕਿਸਾਨੀ ਮੰਗਾਂ ਸਬੰਧੀ ਡੀ ਸੀ ਨੂੰ ਮਿਲਣ ਪਹੁੰਚਿਆ ਹੋਇਆ ਸੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਤੋਂ ਵੱਟੇ ਜਾ ਰਹੇ ਟਾਲੇ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ। ਜਿਸਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਦੀ ਹਾਮੀ ਭਰੀ। ਮੀਟਿੰਗ ਦੌਰਾਨ ਨਰਮੇ ਦਾ ਮੁਆਵਜ਼ਾ ਵੰਡਣ ’ਚ ਕੀਤੀ ਜਾ ਰਹੀ ਦੇਰੀ ਅਤੇ ਤਹਿਸੀਲਦਾਰਾਂ ਵੱਲੋਂ ਕਿਸਾਨਾਂ ਨੂੰ ਚੈਕ ਦੇਣ ’ਤੇ ਚੋਣ ਕਮਿਸ਼ਨ ਵੱਲੋਂ ਰੋਕ ਲਗਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਝੁਠਲਾਉਂਦਿਆਂ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਕੋਲ ਮਸਲਾ ਚੁੱਕਿਆ। ਸੂਚਨਾ ਮੁਤਾਬਕ ਡੀਸੀ ਨੇ ਵੀ ਇਹ ਗੱਲ ਮੰਨੀ ਕਿ ਚੋਣ ਕਮਿਸ਼ਨ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਪ੍ਰੰਤੂ ਉਹ ਖ਼ੁਦ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਕੱਲ੍ਹ ਤੋਂ ਬਾਅਦ ਮੁਆਵਜ਼ਾ ਵੰਡਣਾ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਭਲਕੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ।

ਜਸਪਾਲ ਮਾਨਖੇੜਾ ਬਣੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: 1978 ਤੋਂ ਸਰਗਰਮ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਹੋਏ ਦੋ ਸਾਲਾ ਚੋਣ ਇਜਲਾਸ ਚੋਣ ਦੌਰਾਨ ਜਸਪਾਲ ਮਾਣਖੇੜਾ ਨੂੰ ਪ੍ਰਧਾਨ ਚੁਣ ਲਿਆ ਗਿਆ। ਦਮਜੀਤ ਦਰਸ਼ਨ ਦੀ ਨਿਗਰਾਨੀ ਹੋਏ ਇਯ ਚੋਣ ਇਜਲਾਸ ਵਿਚ ਪਿਛਲੇ ਦੋ ਸਾਲਾਂ ਦੀ ਵਿੱਤ ਰਿਪੋਰਟ ਪੇਸ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਰਣਜੀਤ ਗੌਰਵ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਜਦੋਂਕਿ ਹੋਰ ਅਹੁਦੇਦਾਰਾਂ ਵਿੱਚ ਗੁਰਦੇਵ ਖੋਖਰ ਸਰਪ੍ਰਸਤ, ਜੇ ਸੀ ਪਰਿੰਦਾ ਸਲਾਹਕਾਰ, ਡਾ. ਰਵਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਆਗਾਜਬੀਰ ਸਕੱਤਰ, ਅਮਨ ਦਾਤੇਵਾਸੀਆ ਪ੍ਰਚਾਰ ਸਕੱਤਰ ਅਤੇ ਕਾ. ਜਰਨੈਲ ਭਾਈਰੂਪਾ ਵਿੱਤ ਸਕੱਤਰ ਚੁਣੇ ਗਏ।

ਕਰੋਨਾ ਮਹਾਂਮਾਰੀ: ਹਦਾਇਤਾਂ ’ਚ ਅਣਗਹਿਲੀ ਪਾਈ ਜਾਣ ’ਤੇ ਸਬੰਧਿਤ ਅਧਿਕਾਰੀ ਹੋਣਗੇ ਜ਼ਿੰਮੇਵਾਰ: ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਰੋਨਾ ਮਹਾਂਮਾਰੀ ਦੀ ਤੀਜੀ ਸੰਭਾਵੀਂ ਲਹਿਰ ਤੋਂ ਬਚਾਅ ਅਤੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਦੇਸ਼ ਦਿੱਤੇ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਵੈਕਸੀਨੇਸ਼ਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਜਿਹੜੇ ਖੇਤਰਾਂ ਵਿੱਚ ਆਮ ਲੋਕਾਂ ਦੇ ਘੱਟ ਵੈਕਸੀਨੇਸ਼ਨ ਹੋਈ ਹੈ, ਉਨ੍ਹਾਂ ਖੇਤਰਾਂ ਵਿੱਚ ਪਹਿਲ ਦੇ ਆਧਾਰ ’ਤੇ ਸਪੈਸ਼ਲ ਕੈਂਪ ਲਗਾ ਕੇ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਕਰੋਨਾ ਦੀ ਰੋਕਥਾਮ ਬਾਰੇ ਮੈਰਿਜ ਪੈਲੇਸਾਂ, ਕਲੱਬਾਂ ਅਤੇ ਜਿੰਮਾਂ ਆਦਿ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਲੰਘਣਾ ਜਾਂ ਅਣਗਹਿਲੀ ਪਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀ ਦੀ ਹੋਵੇਗੀ।

ਮਾਮਲਾ ਆਪ ਉਮੀਦਵਾਰ ਆਸੂ ਬੰਗੜ੍ਹ ਦੀ ਕਾਂਗਰਸ ’ਚ ਸਮੂਲੀਅਤ ਦਾ

0

ਆਪ ਉਮੀਦਵਾਰਾਂ ਨੇ ਕਾਂਗਰਸ ’ਤੇ ਡਰਾਉਣ ਧਮਕਾਉਣ ਦਾ ਲਗਾਇਆ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਅੱਜ ਆਮ ਆਦਮੀ ਪਾਰਟੀ ਦੇ ਫ਼ਿਰੋਜਪੁਰ ਦਿਹਾਤੀ ਹਲਕੇ ਤੋਂ ਉਮੀਦਵਾਰ ਆਸੂ ਬੰਗੜ੍ਹ ਦੇ ਪਾਰਟੀ ਦੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰਨ ਦੇ ਮਾਮਲੇ ਵਿਚ ਬਠਿੰਡਾ ਪੁੱਜੇ ਆਪ ਦੇ ਹਲਕਾ ਫਿਰੋਜਪੁਰ ਸਹਿਰੀ ਤੋਂ ਉਮੀਦਵਾਰ ਰਣਵੀਰ ਭੁੱਲਰ ਅਤੇ ਹਲਕਾ ਬੱਲੂਆਣਾ ਤੋਂ ਅਮਨਦੀਪ ਮੁਸਾਫਰ ਨੇ ਕਾਂਗਰਸ ਉਪੱਰ ਦੋਸ ਲਗਾਉਂਦੇ ਹੋਏ ਕਿਹਾ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਲੰਟੀਅਰਾਂ ਨੂੰ ਡਰਾ ਧਮਕਾ ਕੇ ਅਤੇ ਲਾਲਚ ਦੇ ਕੇ ਕਾਂਗਰਸ ਪਾਰਟੀ ਵਿੱਚ ਸਾਮਿਲ ਕਰਨ ਦੇ ਘਟੀਆ ਹੱਥੇਕੰਡੇ ਆਪਣਾਉਣ ਉੱਤੇ ਉਤਰ ਆਈ ਹੈ। ਇੱਥੇ ਸਥਾਨਕ ਆਪ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਨਾਂ ਉਮੀਦਵਾਰਾਂ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸ ਕਰਕੇ ਕਾਂਗਰਸ ਅਤੇ ਬਾਕੀ ਸਾਰੀਆਂ ਵਿਰੋਧੀ ਧਿਰਾ ਬੁਰੀ ਤਰਾਂ ਬੌਖਲਾ ਚੁੱਕੀਆਂ ਹਨ। ਜਿਸ ਕਾਰਨ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਜੋ ਕੇ ਕੰਮਾਂ ਦੀ ਰਾਜਨੀਤੀ ਕਰਨ ਵਾਲੀ ਸਰਕਾਰ ਪੰਜਾਬ ਵਿੱਚ ਲਿਆਓਣ ਲਈ ਉਤਾਵਲੇ ਹਨ।

ਹੁਣ 20 ਫਰਵਰੀ ਨੂੰ ਪੈਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ

0

25 ਤੋਂ ਨਾਮਜ਼ਦਗੀਆਂ ਹੋਣਗੀਆਂ ,ਆਖਰੀ ਮਿਤੀ 1 ਫਰਵਰੀ
ਸੋਸ਼ਲ ਮੀਡੀਆ ਆਮ ਮੀਡੀਆ ਤੋਂ ਵੱਖ ਨਹੀਂ, ਸੋਸ਼ਲ ਮੀਡੀਆ ’ਤੇ ਕੋਈ ਸਿਆਸੀ ਮੁਹਿੰਮ ਚਲਾਉਣ ਲਈ ਪ੍ਰੀ-ਸਰਟੀਫੀਕੇਸ਼ਨ ਹੈ ਜ਼ਰੂਰੀ : ਡਾ. ਕਰੁਨਾ ਰਾਜੂ
ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਪਿੱਛੋਂ 42.94 ਕਰੋੜ ਰੁਪਏ ਦੀਆਂ ਕੀਮਤ ਦੀਆਂ ਚੀਜ਼ਾਂ ਜ਼ਬਤ: ਮੁੱਖ ਚੋਣ ਅਫਸਰ
ਸੁਖਜਿੰਦਰ ਮਾਨ
ਚੰਡੀਗੜ, 17 ਜਨਵਰੀ: ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਨੂੰ ਪੁਨਰ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਹੈ, ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਅੱਜ ਆਪਣੇ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ 25 ਜਨਵਰੀ, 2022 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਲਿਖਿਆ ਹੈ, “ਕਮਿਸ਼ਨ ਨੂੰ ਰਾਜ ਸਰਕਾਰਾਂ, ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਸਥਾਵਾਂ ਵਲੋਂ ਕਈ ਪ੍ਰਤੀਬੇਨਤੀਆਂ (ਰੀਪ੍ਰੈਜ਼ਨਟੇਸ਼ਨਜ਼) ਪ੍ਰਾਪਤ ਹੋਈਆਂ ਹਨ , ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਜੋ ਕਿ 16 ਫਰਵਰੀ 2022 ਨੂੰ ਮਨਾਇਆ ਜਾ ਰਿਹਾ ਹੈ, ਦੇ ਜਸ਼ਨਾਂ ਵਿੱਚ ਭਾਗ ਲੈਣ ਲਈ ਪੰਜਾਬ ਤੋਂ ਵਾਰਾਣਸੀ ਜਾਣ ਵਾਲੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਵਾਜਾਈ ’ਤੇ ਧਿਆਨ ਦਿਵਾਉਂਦੀਆਂ ਹਨ। ਉਹਨਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਸ਼ਨਾਂ ਦੇ ਦਿਨ ਤੋਂ ਲਗਭਗ ਇੱਕ ਹਫਤਾ ਪਹਿਲਾਂ ਹੀ ਵਾਰਾਣਸੀ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਅਤੇ 14 ਫਰਵਰੀ 2022 ਨੂੰ ਚੋਣਾਂ ਰੱਖਣ ਨਾਲ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ।ਇਸ ਦੇ ਮੱਦੇਨਜ਼ਰ ਉਨ੍ਹਾਂ ਨੇ 16 ਫਰਵਰੀ 2022 ਤੋਂ ਬਾਅਦ ਹੀ ਚੋਣਾਂ ਦੀ ਮਿਤੀ ਨਿਰਧਾਰਤ ਕਰਨ ਲਈ ਬੇਨਤੀ ਕੀਤੀ ਹੈ। ਕਮਿਸ਼ਨ ਨੇ ਇਸ ਸਬੰਧ ਵਿੱਚ ਰਾਜ ਸਰਕਾਰ ਅਤੇ ਮੁੱਖ ਚੋਣ ਅਧਿਕਾਰੀ, ਪੰਜਾਬ ਤੋਂ ਵੀ ਜਾਣਕਾਰੀ ਲਈ ਹੈ।’’ਉਨ੍ਹਾਂ ਅੱਗੇ ਕਿਹਾ ਹੈ ਕਿ ਇਨ੍ਹਾਂ ਪ੍ਰਤੀਬੇਨਤੀਆਂ ਤੋਂ ਸਾਹਮਣੇ ਆਏ ਨਵੇਂ ਤੱਥਾਂ, ਸੂਬਾ ਸਰਕਾਰ ਅਤੇ ਮੁੱਖ ਚੋਣ ਅਧਿਕਾਰੀ ਦੀ ਜਾਣਕਾਰੀ, ਪਿਛਲੀ ਤਰਜੀਹ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦੀ ਨਵੀਂ ਮਿਤੀ ਨਿਰਧਾਰਤ ਦਾ ਫੈਸਲਾ ਕੀਤਾ ਹੈ।ਸੋਸ਼ਲ ਮੀਡੀਆ ਪ੍ਰਚਾਰ ਸਮੱਗਰੀ ਦੀ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਤੋਂ ਪ੍ਰੀ-ਸਰਟੀਫਿਕੇਸ਼ਨ ਦੀ ਲੋੜ ਸਬੰਧੀ ਪੁੱਛੇ ਮੀਡੀਆ ਸਵਾਲ ਦਾ ਜਵਾਬ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਸੋਸ਼ਲ ਮੀਡੀਆ ਆਮ ਮੀਡੀਆ ਤੋਂ ਵੱਖਰਾ ਨਹੀਂ ਹੈ ਅਤੇ ਕਿਸੇ ਵੀ ਸਿਆਸੀ ਮੁਹਿੰਮ ਨੂੰ ਸੋਸ਼ਲ ਮੀਡੀਆ ‘ਤੇ ਚਲਾਉਣ ਲਈ ਇਹੀ ਨਿਯਮ ਲਾਗੂ ਹੋਣਗੇ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀ ਤਾਇਨਾਤੀ ਬਾਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਤੋਂ ਸੀਏਪੀਐਫ ਦੀਆਂ 1050 ਕੰਪਨੀਆਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀ.ਏ.ਪੀ.ਐਫ. ਦੀਆਂ 50 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ।ਲਾਇਸੰਸਸ਼ੁਦਾ ਹਥਿਆਰਾਂ ਦੇ ਜਮਾਂ ਕਰਵਾਉਣ ਬਾਰੇ ਜਾਣਕਾਰੀ ਦਿੰਦਿਆਂ ਡਾ.ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 3.9 ਲੱਖ ਲਾਇਸੰਸਸ਼ੁਦਾ ਹਥਿਆਰਾਂ ਵਿੱਚੋਂ ਹੁਣ ਤੱਕ 3.3 ਲੱਖ ਤੋਂ ਵੱਧ ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ, ਜਿਨਾਂ ਦੀ ਫੀਸਦ 86.5 ਬਣਦੀ ਹੈ।ਜ਼ਬਤੀਆਂ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 16 ਜਨਵਰੀ 2022 ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵਜੋਂ 42.94 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ। ਨਿਗਰਾਨੀ ਟੀਮਾਂ ਨੇ 1.54 ਕਰੋੜ ਰੁਪਏ ਦੀ 5.44 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਅਤੇ 40.82 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 16 ਲੱਖ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।ਮੁੱਖ ਚੋਣ ਅਫਸਰ ਨੇ ਦੱਸਿਆ ਕਿ 1076 ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2250 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 979 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ 148 ਵਿਅਕਤੀਆਂ ਲਈ ਸੁਰੱਖਿਆ ਉਪਾਅ ਕੀਤੇ ਗਏ ਹਨ। ਉਨਾਂ ਦੱਸਿਆ ਕਿ ਗੈਰ ਜ਼ਮਾਨਤੀ ਵਾਰੰਟਾਂ ਦੇ 2103 ਕੇਸਾਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ 231 ਕੇਸਾਂ ‘ਤੇ ਕਾਰਵਾਈ ਅਮਲ ਅਧੀਨ ਹੈ। ਉਨਾਂ ਕਿਹਾ ਕਿ ਸੂਬੇ ਭਰ ਵਿੱਚ 4979 ਨਾਕੇ ਲਗਾਏ ਗਏ ਹਨ।

ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਕਈ ਪਰਿਵਾਰ ਹੋਏ ਪਾਰਟੀ ਵਿੱਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ,17 ਜਨਵਰੀ:-ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਦੇ ਉੱਦਮ ਸਦਕਾ ਪਿੰਡ ਬਜੋਆਣਾ ਦੇ ਮੌਜੂਦਾ ਪੰਚ ਸੁਰਿੰਦਰ ਪਾਲ ਸਿੰਘ ਗੁੱਡ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਹੋਏ ਸ਼ਾਮਿਲ ਹੋ ਗਏ ਅਤੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੂੰ ਲੱਡੂਆਂ ਨਾਲ ਤੋਲ ਕੇ ਫੰਡ ਵੀ ਦਿੱਤਾ । ਸ੍ਰ ਜਗਸੀਰ ਸਿੰਘ ਕਲਿਆਣ ਕੌਮੀ ਮੀਤ ਪ੍ਰਧਾਨ ਨੇ ਪਾਰਟੀ ਵਿੱਚ ਸ਼ਾਮਿਲ ਤੇ ਸ੍ਰ ਸੁਰਿੰਦਰਪਾਲ ਸਿੰਘ ਗੁੱਡ, ਹਰਿੰਦਰਪਾਲ ਸਿੰਘ ਹੈਰੀ ਪ੍ਰਿੰਸ, ਹਰਪਾਲ ਕੌਰ ਆਦਿ ਕਾਂਗਰਸ ਅਤੇ ਜਸਵੀਰ ਸਿੰਘ ਦਾ ਆਪ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੇ ਸਵਾਗਤ ਕੀਤਾ ਅਤੇ ਪਰਿਵਾਰਾਂ ਦਾ ਧੰਨਵਾਦ ਕਰ ਕੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਨ ਦਾ ਵਿਸ਼ਵਾਸ ਦਿਵਾਇਆ । ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ,ਜਗਸੀਰ ਸਿੰਘ ਜੱਗਾ ਕਲਿਆਣ ਅਤੇ ਗੁਰਲਾਭ ਸਿੰਘ ਢੇਲਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਜਾਬ ਦਾ ਵਿਕਾਸ ਅਤੇ ਹਰ ਵਰਗ ਦੀ ਖੁਸ਼ਹਾਲੀ ਹੈ ਜਿਸ ਕਰਕੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਅੱਗੇ ਆ ਰਹੇ ਹਨ।ਉਨ੍ਹਾਂ ਪਿੰਡ ਵਾਸੀਆਂ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਬਸਪਾ ਗੱਠਜੋੜ ਲਈ ਬੋਹੜ ਦੀ ਮੰਗ ਕਰਦਿਆਂ ਇਸ ਇਲਾਕੇ ਦਾ ਚਹੁੰਮੁਖੀ ਵਿਕਾਸ ਕਰਵਾਉਣ ਦਾ ਵਿਸ਼ਵਾਸ ਦਿਵਾਇਆ ।ਗੁਰਲਾਭ ਸਿੰਘ ਢੇਲਵਾਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਤੇਜ ਸਿੰਘ ਭੇਜੀ ਸਰਕਲ ਜਥੇਦਾਰ ਨਥਾਣਾ, ਰਵਨੀਤ ਰਵੀਂ, ਗੁਰਦੀਪ ਸਿੰਘ ਬਜੋਆਣਾ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਮੇਜਰ ਸਿੰਘ ਨੰਬਰਦਾਰ, ਬਲਵੀਰ ਸਿੰਘ, ਬਿੰਦਰ ਸਿੰਘ ਨੰਬਰਦਾਰ ਆਦਿ ਹਾਜਰ ਸਨ ।

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਕਰਕੇ ਚੋਣਾ ਅੱਗੇ ਪਾਉਣ ਦਾ ‘ਆਪ’ ਵੱਲੋਂ ਸਵਾਗਤ

0

ਸੰਗਤ ਦੀ ਆਸਥਾ ਦੇ ਸਤਿਕਾਰ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜ਼ਰੂਰੀ ਸੀ ਚੋਣਾ ਅੱਗੇ ਕੀਤੇ ਜਾਣਾ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਵੋਟਾਂ ਪਾਉਣ ਦੀ ਤਰੀਕ 20 ਫਰਵਰੀ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਵੋਟਾਂ ਪਾਉਣ ਦੀ ਤਰੀਕ 14 ਫਰਵਰੀ ਤੋਂ 20 ਫਰਵਰੀ ਕੀਤੀ ਹੈ, ਅਜਿਹਾ ਸੰਗਤ ਦੀ ਆਸਥਾ ਦੇ ਸਤਿਕਾਰ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਜਾਣਾ ਜ਼ਰੂਰੀ ਸੀ।ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਪੰਜਾਬ ਸਮੇਤ ਪੂਰੇ ਭਾਰਤ ਵਿੱਚ 16 ਫਰਵਰੀ ਨੂੰ ਮਨਾਇਆ ਜਾਣਾ ਹੈ, ਜਿਸ ਕਾਰਨ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਕਰੀਬ ਇੱਕ ਹਫ਼ਤਾ ਧਾਰਮਿਕ ਕਾਰਜਾਂ ਵਿੱਚ ਲੱਗੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚੋ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਵਾਰਾਣਸੀ (ਬਨਾਰਸ) ਜਾਂਦੇ ਹਨ। ਇਹ ਸ਼ਰਧਾਲੂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਬਨਾਰਸ ਚਲੇ ਜਾਂਦੇ ਹਨ ਅਤੇ ਆਮ ਤੌਰ ‘ਤੇ 3-4 ਦਿਨਾਂ ਬਾਅਦ ਵਾਪਸ ਆਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ 14 ਫਰਵਰੀ ਨੂੰ ਵੋਟਾਂ ਪਾਈਆਂ ਜਾਣੀਆਂ ਹਨ, ਇਸ ਕਾਰਨ ਜਾਂ ਤਾਂ ਬਹੁਤ ਸਾਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਬਨਾਰਸ ਦਰਸ਼ਨ ਕਰਨ ਤੋਂ ਵਾਂਝੀ ਰਹਿ ਜਾਵੇਗੀ ਜਾਂ ਫਿਰ ਉਹ ਆਪਣੀ ਵੋਟ ਪਾਉਣ ਦੇ ਸੰਵਿਧਾਨਕ ਹੱਕ ਦੀ ਵਰਤੋਂ ਨਹੀਂ ਕਰ ਸਕੇਗੀ। ਪੱਤਰ ਅਨੁਸਾਰ ਮਾਨ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਅੰਦਰ ਵੋਟਾਂ ਪਾਉਣ ਦੀ ਤਰੀਕ ਵਿੱਚ ਘੱਟੋ -ਘੱਟ ਇੱਕ ਹਫ਼ਤੇ ਦਾ ਵਾਧਾ ਕੀਤਾ ਜਾਵੇ, ਤਾਂ ਜੋ ਪੰਜਾਬ ਵਿੱਚੋਂ ਬਨਾਰਸ ਜਾਣ ਵਾਲੀ ਸੰਗਤ ਬਿਨ੍ਹਾਂ ਕਿਸੇ ਰੁਕਾਵਟ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਖੁਸ਼ੀਆਂ ਨਾਲ ਮਨਾਂ ਸਕੇ ਅਤੇ ਉਥੋਂ ਵਾਪਸ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਪਾਉਣ ਦੀ ਵਰਤੋਂ ਵੀ ਕਰ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਨੇ ਅਪੀਲ ਨੂੰ ਪ੍ਰਵਾਨ ਕਰਦਿਆਂ ਪੰਜਾਬ ’ਚ ਵੋਟਾਂ ਪਾਉਣ ਦੀ ਤਰੀਕ 20 ਫਰਵਰੀ ਕਰ ਦਿੱਤੀ ਹੈ, ਜਿਸ ਦਾ ਆਮ ਆਦਮੀ ਪਾਰਟੀ ਵੱਲੋਂ ਸਵਾਗਤ ਕੀਤਾ ਜਾਂਦਾ ਹੈ।