ਕਾਂਗਰਸ ਦੇ ਗੁੰਡਾ ਰਾਜ ਦਾ ਹੋਇਆ ਅੰਤ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਅੱਜ ਆਪਣੀ ਚੋਣ ਮੁਹਿੰਮ ਭਖਾਉਂਦਿਆਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਇਸ ਮੌਕੇ ਕੀਤੀਆਂ ਪਰਿਵਾਰਕ ਮਿਲਣੀਆਂ ਦੌਰਾਨ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਕੰਮਾਂ ਤੇ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਹੋਈਆਂ ਧੱਕੇਸ਼ਾਹੀਆਂ ਦਾ ਹਵਾਲਾ ਦਿੰਦਿਆਂ ਅਕਾਲੀ-ਬਸਪਾ ਗੱਠਜੋੜ ਦਾ ਸਥਾਣ ਦੇ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਜਾਬਤਾ ਲੱਗਣ ਕਾਰਨਸ਼ਹਿਰ ਵਿਚ ਕਾਂਗਰਸ ਦੇ ਗੁੰਡਾ ਰਾਜ਼ ਦਾ ਅੰਤ ਹੋ ਗਿਆ ਹੈ। ਇਸ ਮੌਕੇ ਕਈ ਪਰਿਵਾਰ ਕਾਂਗਰਸ ਅਤੇ ਆਪ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਲ ਹੋਏ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਜੀ ਆਇਆਂ ਕਿਹਾ ਅਤੇ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਸਿੰਗਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਕਹਿਰ ਵਧਣਾ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਉਨ੍ਹਾਂ ਦੀ ਟੀਮ ਵੱਲੋਂ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰਕ ਮੁਲਾਕਾਤਾਂ ਰਾਹੀਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਤੰਦਰੁਸਤੀ ਦੀ ਅਰਦਾਸ ਤਹਿਤ ਚੋਣਾਂ ਹੋ ਸਕਣ।
ਅਕਾਲੀ ਦਲ ’ਚ ਕਈ ਆਗੂ ਹੋਏ ਸ਼ਾਮਲ
ਹਰਪਾਲ ਚੀਮਾ ਦੀ ਮੌਜੂਦਗੀ ‘ਚ ਕਈਂ ਉੱਘੀਆਂ ਸ਼ਖਸੀਅਤਾਂ ‘ਆਪ’ ‘ਚ ਹੋਈਆਂ ਸ਼ਾਮਲ
– ‘ਆਪ’ ਜਲਦ ਹੀ ਸੀਐਮ ਚਿਹਰੇ ਦਾ ਐਲਾਨ ਕਰੇਗੀ: ਹਰਪਾਲ ਸਿੰਘ ਚੀਮਾ
– 14 ਫਰਵਰੀ ਨੂੰ ਪੰਜਾਬ ਦੇ ਲੋਕ ਕਾਂਗਰਸ ਦੇ ਹਰ ਝੂਠ ਦਾ ਮੂੰਹ ਤੋੜਵਾਂ ਜਵਾਬ ਦੇਣਗੇ : ਹਰਪਾਲ ਚੀਮਾ
– ਕਿਹਾ, ‘ਆਪ’ ਚੋਣ ਕਮਿਸ਼ਨ ਦੇ ਹਰ ਨਿਰਦੇਸ਼ ਦੀ ਪਾਲਣਾ ਕਰੇਗੀ, ਲੋਕਾਂ ਦੀ ਸਿਹਤ ‘ਆਪ’ ਦੀ ਪਹਿਲੀ ਤਰਜੀਹ
ਸੁਖਜਿੰਦਰ ਮਾਨ
ਮੋਹਾਲੀ, 10 ਜਨਵਰੀ: ਆਮ ਆਦਮੀ ਪਾਰਟੀ (ਆਪ) ਨੂੰ ਸੋਮਵਾਰ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਕਈ ਪ੍ਰਮੁੱਖ ਸ਼ਖਸੀਅਤਾਂ ਆਪਣੇ ਸੈਂਕੜੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਈਆਂ। ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਮੁਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ, ਰਾਜਪੁਰਾ ਤੋਂ ‘ਆਪ’ ਉਮੀਦਵਾਰ ਨੀਨਾ ਮਿੱਤਲ ਅਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਕੀਤਾ ਗਿਆ। ਉਨ੍ਹਾਂ ਦਾ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਤਰਫ਼ ਤੋਂ ਪਾਰਟੀ ਵਿੱਚ ਸਵਾਗਤ ਕੀਤਾ ।ਅੱਜ ਸੋਮਵਾਰ ਨੂੰ ਪਟਿਆਲਾ ਤੋਂ ਦਵਿੰਦਰ ਪਾਲ ਸਿੰਘ ਵਾਲੀਆ (ਸੇਵਾਮੁਕਤ ਏ.ਡੀ.ਸੀ.), ਅਮਲੋਹ ਤੋਂ ਹਰਪ੍ਰੀਤ ਸਿੰਘ (ਹਲਕਾ ਪ੍ਰਧਾਨ- ਵਾਈ.ਏ.ਡੀ), ਵਾਈ.ਐਸ. ਮੱਤਾ (ਸੇਵਾਮੁਕਤ ਜੱਜ), ਸ੍ਰੀ ਮੁਕਤਸਰ ਸਾਹਿਬ ਤੋਂ ਐਡਵੋਕੇਟ ਹਰਦੀਪ ਸਿੰਘ ਬਾਂਗਲ (ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ), ਲੁਧਿਆਣਾ ਤੋਂ ਗੁਰਦੀਪ ਸਿੰਘ (ਜ਼ਿਲ੍ਹਾ ਜਨਰਲ ਸਕੱਤਰ-ਐਸਏਡੀ ), ਬਠਿੰਡਾ ਦਿਹਾਤੀ ਤੋਂ ਬਲਜਿੰਦਰ ਸਿੰਘ ਬੱਬੀ (ਜ਼ਿਲ੍ਹਾ ਜਨਰਲ ਸਕੱਤਰ ਯੂਥ ਕਾਂਗਰਸ) ਅਤੇ ਮੁਹਾਲੀ ਤੋਂ ਸੋਹਣ ਸਿੰਘ ਬਾਵਾ (ਸਾਬਕਾ ਜ਼ਿਲ੍ਹਾ ਬਸਪਾ ਪ੍ਰਧਾਨ), ਫਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਲਕਾਰ ਸਿੰਘ (ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ), ਅਸ਼ੋਕ ਕੁਮਾਰ (ਜ਼ਿਲ੍ਹਾ ਪ੍ਰਧਾਨ ਲੋਕ ਸਵਰਾਜ ਪਾਰਟੀ), ਸਵਰਨ ਸਿੰਘ ਸੁਹਾਘੜੀ (ਜਨਰਲ ਸਕੱਤਰ ਜ਼ਿਲ੍ਹਾ ਕਿਸਾਨ ਸੈੱਲ), ਨੰਬਰਦਾਰ ਹਰਬੰਸ ਸਿੰਘ, ਵਿਸਾਖੀ ਰਾਮ ਨਬੀਪੁਰ, ਸਤਨਾਮ ਸਿੰਘ ਨਬੀਪੁਰ, ਐਡਵੋਕੇਟ ਗੁਰਦੀਪ ਬਿੰਬਰਾ (ਸਾਬਕਾ ਸੰਯੁਕਤ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ), ਐਡਵੋਕੇਟ ਸੰਦੀਪ ਬਰਾੜ ਅਤੇ ਐਡਵੋਕੇਟ ਸਤਵਿੰਦਰ ਮਾਨ (ਸਾਬਕਾ ਪ੍ਰਧਾਨ ਕੇ.ਜੀ.ਐਸ.ਯੂ ਚੰਡੀਗੜ੍ਹ) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੇ ਹੀ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ਵੱਲੋਂ ਟੈਕਸ ਦੇਣ ਵਾਲਿਆਂ ਦੀ ਮਿਹਨਤ ਦੀ ਕਰੋੜਾਂ ਦੀ ਕਮਾਈ ਝੂਠੇ ਇਸ਼ਤਿਹਾਰਾਂ ’ਤੇ ਬਰਬਾਦ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ 14 ਫ਼ਰਵਰੀ ਨੂੰ ਕਾਂਗਰਸ ਦੇ ਹਰ ਝੂਠ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਕਿਉਂਕਿ ਇਨ੍ਹਾਂ (ਅਕਾਲੀ-ਭਾਜਪਾ) ਨੇ ਆਪਣੇ ਸਿਆਸੀ ਏਜੰਡੇ ਲਈ ਪੰਜਾਬ ਦੇ ਵੋਟਰਾਂ ਨੂੰ ਵੰਡਣ ਲਈ ਆਪਣੇ ਪਿਛਲੇ ਰਾਜ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਦਾ ਇਸਤੇਮਾਲ ਕੀਤਾ ਹੈ। ਸਾਲ 1986 ਵਿੱਚ ਨਕੋਦਰ ਅਤੇ 2015 ਵਿੱਚ ਬਰਾਗੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਇਸ ਦੀਆਂ ਉਦਾਹਰਣਾਂ ਹਨ।
ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ‘ਡਬਲ ਡੀਲ’ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਚੀਮਾ ਨੇ ਕਿਹਾ ਕਿ ਕੁਝ ਲੋਕ ਰਾਜਨੀਤੀ ਵਿੱਚ ਨਿੱਜੀ ਅਤੇ ਸੁਆਰਥੀ ਏਜੰਡੇ ਰੱਖਦੇ ਹਨ ਅਤੇ ਜਦੋਂ ਉਨ੍ਹਾਂ ਦੇ ਮਨਸੂਬੇ ਫੇਲ੍ਹ ਹੋ ਜਾਂਦੇ ਹਨ ਤਾਂ ਉਹ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ‘ਆਪ’ ਨੇ 80 ਫੀਸਦੀ ਟਿਕਟਾਂ ਆਪਣੇ ਕੋਰ ਵਾਲੰਟੀਅਰਾਂ ਨੂੰ ਦਿੱਤੀਆਂ ਹਨ ਅਤੇ ਅਜਿਹਾ ਕਰਨ ਵਾਲੀ ਕੇਵਲ ‘ਆਪ’ ਪਾਰਟੀ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਪੁਲਿਸ ਦੇ ਤਬਾਦਲਿਆਂ ਦੀਆਂ ਖ਼ਬਰਾਂ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਚੀਮਾ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ‘ਆਪ’ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ ਅਤੇ ਇਸ ਵਿਚ ਸ਼ਾਮਲ ਸਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ।ਹਰਪਾਲ ਚੀਮਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਅਤੇ ਕੋਵਿਡ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ ਕਿਉਂਕਿ ਲੋਕਾਂ ਦੀ ਸਿਹਤ ‘ਆਪ’ ਲਈ ਸਭ ਤੋਂ ਵੱਡੀ ਤਰਜੀਹ ਹੈ।
ਡਰੱਗ ਕੇਸ- ਬਾਦਲਾਂ ਅਤੇ ਚੰਨੀ ਦੀ ਮਿਲੀਭੁਗਤ ਦਾ ਨਤੀਜਾ ਹੈ ਮਜੀਠੀਆ ਨੂੰ ਜ਼ਮਾਨਤ ਮਿਲਣਾ: ਭਗਵੰਤ ਮਾਨ
– ਕਿਹਾ, ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ
– ਐਫ਼.ਆਈ.ਆਰ ਦਰਜ ਹੋਈ ਨੂੰ 20- 22 ਦਿਨ ਹੋਣ ਦੇ ਬਾਵਜੂਦ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਨਹੀਂ ਕੀਤਾ ਗ੍ਰਿਫ਼ਤਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜਨਵਰੀ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਕਾਂਗਰਸ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਬਚਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ। ਮਾਨ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਉਚ ਪੱਧਰੀ ਕਮੇਟੀ ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਜਾਂਚ ਰਿਪੋਰਟ ਵਿੱਚ ਅਕਾਲੀ ਆਗੂ ਦਾ ਨਾਂਅ ਬੋਲਦਾ ਸੀ, ਪਰ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਕੀਤੀ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕਰਨ ਦੇ ਨਾਲ- ਨਾਲ ਲਿਫ਼ਾਫੇ ’ਚ ਬੰਦ ਪਈ ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤਾਂ ਜੋ ਨਸ਼ੇ ਦਾ ਵੱਡੇ ਤਸਕਰ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾ ਨੇੜੇ ਆਉਂਦੀਆਂ ਦੇਖ ਭਾਂਵੇਂ ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ। ਇਸ ਲਈ ਅਦਾਲਤ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਡੋਬਣ ਲਈ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ। ਮਾਨ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਕੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਇਸ ਨੂੰ ਏਦਾਂ ਪੇਸ਼ ਕਰ ਰਹੇ ਸਨ, ਜਿਵੇਂ ਸੂਬੇ ਵਿੱਚੋਂ ਸਾਰੇ ਡਰੱਗ ਮਾਫੀਆ ਨੂੰ ਜੜੋਂ ਪੁੱਟ ਦਿੱਤਾ ਗਿਆ ਹੋਵੇ ਅਤੇ ਨਸ਼ੇ ਦੇ ਸਾਰੇ ਵੱਡੇ- ਛੋਟੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੋਵੇ, ਪਰ ਹੁਣ ਸਿੱਧ ਹੋ ਗਿਆ ਹੈ ਕਿ ਨਾ ਤਾਂ ਡਰੱਗ ਦਾ ਕਾਲ਼ਾ ਕਾਰੋਬਾਰ ਘਟਿਆ ਜਾਂ ਰੁਕਿਆ ਹੈ ਅਤੇ ਨਾ ਹੀ ਕਿਸੇ ਵੱਡੀ ਮੱਛੀ ਨੂੰ ਹੱਥ ਪਾਇਆ ਗਿਆ ਹੈ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਕਾਂਗਰਸ ਪਾਰਟੀ ਵੱਲੋਂ ਬਾਦਲ- ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’ ਦਾ ਹਿੱਸਾ ਹੈ। ਇਸੇ ਕਰਕੇ ਪੰਜਾਬ ਪੁਲੀਸ ਨੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਨਾ ਤਾਂ ਮਜੀਠੀਆ ਪਤਾਲ ਵਿੱਚ ਜਾ ਕੇ ਲੁਕਿਆ ਸੀ ਅਤੇ ਨਾ ਹੀ ਪੰਜਾਬ ’ਚੋਂ ਦੂਰ ਚਲਾ ਗਿਆ ਸੀ, ਸਹੀ ਗੱਲ ਇਹ ਹੈ ਕਿ ਚੰਨੀ ਸਰਕਾਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ ਅਤੇ 2022 ਦੀਆਂ ਚੋਣਾ ਲਈ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।
ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਜਨਤਾ ਦੀ ਕਚਿਹਰੀ ਵਿੱਚ ਸਾਰੇ ਕਾਂਗਰਸੀਆਂ ਨੂੰ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਉਸੇ ਤਰ੍ਹਾਂ ਹਿਸਾਬ ਦੇਣਾ ਪਵੇਗਾ, ਜਿਵੇਂ ਬਾਦਲ ਐਂਡ ਪਾਰਟੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ 10 ਸਾਲਾਂ ਮਾਫੀਆ ਰਾਜ ਬਾਰੇ ਪੁੱਛਿਆ ਜਾ ਰਿਹਾ ਹੈ।
ਬੀ.ਐਫ.ਜੀ.ਆਈ. ਦੇ 5 ਵਿਦਿਆਰਥੀ ਨੌਕਰੀ ਲਈ ਚੁਣੇ ਗਏ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਕਰੋਨਾ ਕਾਲ ਤੋਂ ਬਾਅਦ ਨੌਕਰੀ ਦੇ ਬਾਜ਼ਾਰ ਅਤੇ ਸਿੱਖਿਆ ਦੇ ਬਦਲਦੇ ਸਰੂਪ ਦੁਆਰਾ ਪੈਦਾ ਚੁਨੌਤੀਆਂ ਅਤੇ ਭਿੰਨਤਾਵਾਂ ਦੇ ਬਾਵਜੂਦ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਹਾਲ ਹੀ ਵਿੱਚ ਵੱਖ-ਵੱਖ ਨਾਮਵਰ ਕੰਪਨੀਆਂ ਜਿਵੇਂ ਲਰਨਿੰਗ ਰੂਟਸ ਪ੍ਰਾ. ਲਿਮ., ਅਕੈਡਮੀਆ ਗੁਰੂ ਡਾਟ ਕਾਮ ਅਤੇ ਮੋਹਰੀ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ‘ਮੇਹਰਸਾਫ਼ਟ ਟੈਕਨਾਲੋਜੀਜ਼ ਪ੍ਰਾ. ਲਿਮ.’ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ 5 ਵਿਦਿਆਰਥੀ ਨੌਕਰੀ ਲਈ ਚੁਣੇ ਗਏ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਨਿੱਜੀ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਕਾਰਪੋਰੇਟ ਜਗਤ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸਿੱਖਿਆ ਸੇਵਾ ਖੇਤਰ ਦੀ ਮੋਹਰੀ ਕੰਪਨੀ ਲਰਨਿੰਗ ਰੂਟਸ ਪ੍ਰਾ. ਲਿਮ ਦੇ ਅਧਿਕਾਰੀਆਂ ਨੇ ਬਾਬਾ ਫ਼ਰੀਦ ਕਾਲਜ ਦੇ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੀ ਵਿਦਿਆਰਥਣ ਦਿਵਿਆ ਨੂੰ 5.34 ਲੱਖ ਦੇ ਸਾਲਾਨਾ ਪੈਕੇਜ ‘ਤੇ ਸੇਲਜ਼ ਐਸੋਸੀਏਟ ਵਜੋਂ ਨੌਕਰੀ ਲਈ ਚੁਣਿਆ ਹੈ। ਇਸੇ ਤਰ੍ਹਾਂ ਅਕੈਡਮੀਆ ਗੁਰੂ ਡਾਟ ਕਾਮ ਕੰਪਨੀ ਦੇ ਅਧਿਕਾਰੀਆਂ ਨੇ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੇ ਅਰੀਵ ਅਰੋੜਾ ਨੂੰ ਬਿਜ਼ਨਸ ਡਿਵੈਲਪਮੈਂਟ ਐਗਜ਼ੈਕਟਿਵ ਅਤੇ ਰੰਜੁਲ ਗਰੋਵਰ ਨੂੰ ਸ਼ਾਨਦਾਰ ਪੈਕੇਜ ‘ਤੇ ਮਾਰਕੀਟ ਐਗਜ਼ੈਕਟਿਵ ਵਜੋਂ ਨੌਕਰੀ ਲਈ ਚੁਣਿਆ ਹੈ ਜਦੋਂ ਕਿ ‘ਮੇਹਰਸਾਫ਼ਟ ਟੈਕਨਾਲੋਜੀਜ਼ ਪ੍ਰਾ. ਲਿਮ. ਦੇ ਅਧਿਕਾਰੀਆਂ ਵੱਲੋਂ ਬੀ.ਸੀ.ਏ. ਪੰਜਵਾਂ ਸਮੈਸਟਰ (ਬੈਚ 2019-22) ਦੇ ਵਿਦਿਆਰਥੀ ਆਕਾਸ਼ ਪਾਲਸਨ ਅਤੇ ਤਰਨ ਕੁਮਾਰ ਨੂੰ ਜੂਨੀਅਰ ਸਾਫ਼ਟਵੇਅਰ ਡਿਵੈਲਪਰ ਦੇ ਤੌਰ ‘ਤੇ ਨੌਕਰੀ ਲਈ ਚੁਣ ਲਿਆ ਗਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਦੀ ਇਸ ਅਹਿਮ ਪ੍ਰਾਪਤੀ ‘ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਇੰਡਸਟਰੀ ਅਤੇ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ, ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗ ਦਾਨ ਦੀ ਪ੍ਰਸੰਸਾ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ।
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਕਾਂਗਰਸ ਵਿਚ ਸ਼ਾਮਲ
ਮੋਗਾ ਹਲਕੇ ਤੋਂ ਟਿਕਟ ਨੂੰ ਲੈ ਕੇ ਮੱਚਿਆ ਘਮਾਸਾਨ
ਸਿਟਿੰਗ ਵਿਧਾਇਕ ਹਰਜੌਤ ਕਮਲ ਨੇ ਪਾਰਟੀ ਤੋਂ ਮੰਗਿਆ ਇਨਸਾਫ਼
ਸੁਖਜਿੰਦਰ ਮਾਨ
ਮੋਗਾ, 10 ਜਨਵਰੀ : ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਚਰਚਾਵਾਂ ਨੂੰ ਸੱਚ ਕਰਦਿਆਂ ਅੱਜ ਉਘੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ‘ਚ ਸਾਮਲ ਹੋ ਗਈ ਹੈ। ਇਸ ਮੌਕੇ ਵਿਸੇਸ ਤੌਰ ’ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਹੋਏ ਸਨ। ਸੂਚਨਾ ਮੁਤਾਬਕ ਪਾਰਟੀ ਵਲੋਂ ਉਨ੍ਹਾਂ ਨੂੰ ਮੋਗਾ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਜਿਸਦੇ ਚੱਲਦੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਿੰਟਿਗ ਵਿਧਾਇਕ ਹਰਜੋਤ ਕਮਲ ਦੇ ਖੇਮੇ ਵਿਚ ਹਲਚਲ ਮਚ ਗਈ ਹੈ। ਪਤਾ ਲੱਗਿਆ ਹੈ ਕਿ ਵਿਧਾਇਕ ਨੇ ਵੀ ਅਪਣੇ ਸਮਰਥਕਾਂ ਨੂੰ ਇਕੱਠਾ ਕਰਕੇ ਅਗਲੇ ਐਕਸ਼ਨ ਦੀ ਤਿਆਰੀ ਵਿੱਢ ਦਿੱਤੀ ਹੈ। ਉਨ੍ਹਾਂ ਅਪਣੇ ਘਰ ਕਾਂਗਰਸੀ ਕੌਂਸਲਰਾਂ ਅਤੇ ਸਰਪੰਚਾਂ ਨੂੰ ਇਕੱਠਾ ਕਰਕੇ ਇੱਕ ਤਰ੍ਹਾਂ ਨਾਲ ਕਾਂਗਰਸ ਹਾਈਕਮਾਂਡ ਨੂੰ ਇਸ਼ਾਰਾ ਕਰ ਦਿੱਤਾ ਹੈ ਕਿ ਜੇਕਰ ਉਸਨੂੰ ਟਿਕਟ ਨਾ ਮਿਲੀ ਤਾਂ ਉਹ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਵਿਧਾਇਕ ਵਿਰੋਧੀ ਖੇਮੇ ’ਚ ਮਾਲਵਿਕਾ ਸੂਦ ਨੂੰ ਕਾਂਗਰਸ ਵਿਚ ਸਾਮਲ ਕਰਨ ’ਤੇ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਪੁਲਿਸ ਨੇ ਆਈ.ਐਸ.ਵਾਈ.ਐਫ. ਦੀ ਹਮਾਇਤ ਵਾਲੇ ਅੱਤਵਾਦੀ ਗਿਰੋਹ ਦਾ ਕੀਤਾ ਪਰਦਾਫਾਸ਼
ਪਠਾਨਕੋਟ ਆਰਮੀ ਕੈਂਪ ’ਤੇ ਹੋਏ ਗਰਨੇਡ ਹਮਲੇ ਦੀ ਗੁੱਥੀ ਸੁਲਝਾਈ
ਪੁਲਿਸ ਵਲੋਂ 6 ਹੱਥਗੋਲੇ, ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ 6 ਵਿਅਕਤੀ ਗਿ੍ਰਫਤਾਰ
ਇਨਾਂ ਅੱਤਵਾਦੀ ਹਮਲਿਆਂ ਪਿੱਛੇ ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਗ੍ਰੀਸ ਅਧਾਰਤ ਸੁਖਪ੍ਰੀਤ ਉਰਫ ਸੁੱਖ ਦਾ ਹੱਥ: ਡੀਜੀਪੀ ਪੰਜਾਬ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜਨਵਰੀ :ਪੰਜਾਬ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਗਰੁੱਪ ਵੱਲੋਂ ਹਮਾਇਤ ਪ੍ਰਾਪਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 6 ਕਾਰਕੁਨਾਂ ਨੂੰ ਗਿ੍ਰਫਤਾਰ ਕਰਕੇ, ਪਠਾਨਕੋਟ ਆਰਮੀ ਕੈਂਪ ‘ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।ਇਸ ਸਬੰਧੀ ਇੱਥੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ ਭਾਵਰਾ ਨੇ ਦੱਸਿਆ ਕਿ ਐਸ.ਬੀ.ਐਸ. ਨਗਰ ਪੁਲਿਸ ਨੇ ਉਨਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (.30 ਬੋਰ) ਦੇ ਨਾਲ-ਨਾਲ ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਅਮਨਦੀਪ ਉਰਫ ਮੰਤਰੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਗੁਰਵਿੰਦਰ ਸਿੰਘ ਉਰਫ ਗਿੰਦੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਪਰਮਿੰਦਰ ਕੁਮਾਰ ਉਰਫ ਰੋਹਿਤ ਉਰਫ ਰੋਹਤਾ, ਗੁਰਦਾਸਪੁਰ ਦੇ ਪਿੰਡ ਗੁੰਨੂਪੁਰ ਦੇ ਰਜਿੰਦਰ ਸਿੰਘ ਉਰਫ ਮੱਲੀ ਉਰਫ ਨਿੱਕੂ, ਗੁਰਦਾਸਪੁਰ ਦੇ ਪਿੰਡ ਗੋਤਪੋਕਰ ਦੇ ਹਰਪ੍ਰੀਤ ਸਿੰਘ ਉਰਫ ਢੋਲਕੀ ਅਤੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਮਨ ਕੁਮਾਰ ਵਜੋਂ ਹੋਈ ਹੈ। ।ਇਸ ਸਬੰਧੀ ਪ੍ਰਾਪਤਕ ਜਾਣਕਾਰੀ ਮੁਤਾਬਕ, ਦੋ ਮਾਮਲਿਆਂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਪਠਾਨਕੋਟ ਵਿਖੇ ਹੈਂਡ ਗ੍ਰਨੇਡ ਸੁੱਟੇ ਸਨ- ਪਹਿਲਾ ਹਮਲਾ 11 ਨਵੰਬਰ, 2021 ਨੂੰ ਰਾਤ 9:30 ਵਜੇ ਚੱਕੀ ਪੁੱਲ ਨੇੜੇ, ਜਦੋਂ ਕਿ ਦੂਜਾ ਗ੍ਰਨੇਡ ਹਮਲਾ ਫੌਜ ਦੇ 21 ਉਪ ਖੇਤਰ ਤਿ੍ਰਵੇਣੀ ਦੁਆਰ ਦੇ ਬਾਹਰ ਪਠਾਨਕੋਟ ਵਿਖੇ 21 ਨਵੰਬਰ, 2021 ਨੂੰ ਰਾਤ 9 ਵਜੇ ਦੇ ਕਰੀਬ ਹੋਇਆ। । ਇਸ ਸਬੰਧੀ ਪੁਲਿਸ ਸਟੇਸ਼ਨ ਪਠਾਨਕੋਟ ਡਿਵੀਜਨ 2 ਅਤੇ ਡਿਵੀਜਨ 1 ਵਿੱਚ ਕ੍ਰਮਵਾਰ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਉਹ ਆਈ.ਐਸ.ਵਾਈ.ਐਫ (ਰੋਡੇ) ਦੇ ਸਵੈ-ਘੋਸ਼ਿਤ ਮੁਖੀ ਲਖਬੀਰ ਸਿੰਘ ਰੋਡੇ ਅਤੇ ਉਸ ਦੇ ਨਜਦੀਕੀ ਸਾਥੀਆਂ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ ਸੁੱਖ ਦੇ ਸਿੱਧੇ ਸੰਪਰਕ ਵਿੱਚ ਸਨ। ਉਨਾਂ ਕਿਹਾ “ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ, ਹਥਿਆਰ ਅਤੇ ਗੋਲਾ ਬਾਰੂਦ ਦੀ ਸਾਰੀ ਖੇਪ ਲਖਬੀਰ ਰੋਡੇ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਇੱਧਰ ਲਿਆਂਦੀ ਗਈ ਸੀ ਅਤੇ ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਨੂੰ ਪਹਿਲਾਂ ਤੋਂ ਮਿੱਥੇ ਗਏ ਟੀਚੇ ,ਜਿਸ ਵਿੱਚ ਮੁੱਖ ਤੌਰ ‘ਤੇ ਪੁਲਿਸ ਅਤੇ ਰੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਆਦਿ ਸ਼ਾਮਲ ਹਨ, ‘ਤੇ ਹੋਰ ਹਮਲੇ ਕਰਨ ਲਈ ਕੰਮ ਸੌਂਪਿਆ ਗਿਆ ਸੀ।“ ਉਨਾਂ ਕਿਹਾ ਕਿ ਮੁਲਜਮਾਂ ਨੇ ਪਠਾਨਕੋਟ ਵਿੱਚ ਦੋ ਵਾਰ ਹੱਥਗੋਲੇ ਸੁੱਟਣ ਦੀ ਗੱਲ ਵੀ ਕਬੂਲੀ ਹੈ।ਐਸ.ਬੀ.ਐਸ ਨਗਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਐਸਬੀਐਸ ਨਗਰ ਪੁਲਿਸ ਨੇ ਯੂਏ(ਪੀ) ਐਕਟ ਦੀ ਧਾਰਾ 16,17,18 ਅਤੇ 20, ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਮਿਤੀ 07-01-2022 ਨੂੰ ਥਾਣਾ ਸਿਟੀ ਨਵਾਂਸਹਿਰ ਵਿਖੇ ਐਫ.ਆਈ.ਆਰ ਦਰਜ ਕੀਤੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਲਖਬੀਰ ਰੋਡੇ ਦੀ ਭੂਮਿਕਾ 16 ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਇਲਾਵਾ ਅਗਸਤ 2021 ਵਿੱਚ ਜਲੰਧਰ ਤੋਂ ਉਸਦੇ ਰਿਸ਼ਤੇਦਾਰ ਗੁਰਮੁਖ ਸਿੰਘ ਰੋਡੇ ਤੋਂ ਟਿਫਿਨ ਆਈ.ਈ.ਡੀ., ਆਰ.ਡੀ.ਐਕਸ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਵਿੱਚ ਵੀ ਪਾਈ ਗਈ ਸੀ। ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ, ਜੋ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ 10 ਫਰਵਰੀ, 2020 ਨੂੰ ਧਾਰੀਵਾਲ ਵਿਖੇ ਹਨੀ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਵੀ ਸ਼ਾਮਲ ਹੋਣ ਕਰਕੇ , ਇਸ ਸਮੇਂ ਤਿਹਾੜ ਜੇਲ, ਦਿੱਲੀ ਵਿੱਚ ਬੰਦ ਹੈ । ਉਸਨੂੰ ਦਸੰਬਰ, 2020 ਵਿੱਚ ਦੁਬਈ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਭਿਖਾਰੀਵਾਲ ਨੇ ਇਹਨਾਂ ਜੁਰਮਾਂ ਨੂੰ ਅੰਜਾਮ ਦੇਣ ਲਈ ਪੈਦਲ ਸਿਪਾਹੀ, ਹਥਿਆਰ ਅਤੇ ਗੋਲਾ ਬਾਰੂਦ, ਲੌਜਿਸਟਿਕਸ, ਫੰਡ ਆਦਿ ਪ੍ਰਦਾਨ ਕੀਤੇ ਸਨ।
ਸਾਬਕਾ ਮੰਤਰੀ ਬਿਕਰਮ ਮਜੀਠਿਆ ਨੂੰ ਮਿਲੀ ਜਮਾਨਤ
ਜਾਂਚ ’ਚ ਹੋਣਾ ਪਏਗਾ ਸ਼ਾਮਲ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜਨਵਰੀ : ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਅੰਤਿਮ ਜਮਾਨਤ ਦੇ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਸ: ਮਜੀਠਿਆ ਨੂੰ ਪੁਲਿਸ ਵਲੋਂ ਪੁਛਗਿਛ ਲਈ ਬੁੱਧਵਾਰ ਨੂੰ ਹਾਜ਼ਰ ਹੋਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਹਨ। ਉਜ ਅਦਾਲਤ ਨੇ ਪੁਲਿਸ ਨੂੰ ਇਹ ਵੀ ਹਿਦਾਇਤ ਦਿੱਤੀ ਹੈ ਕਿ ਉਹ ਪੁੱਛਗਿੱਛ ਦੌਰਾਨ ਮਜੀਠੀਆ ਨੂੰ ਗਿ੍ਰਫਤਾਰ ਨਾ ਕਰੇ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਮਜੀਠਿਆ ਨੇ ਅਪਣੇ ਵਕੀਲਾਂ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਕੋਰਟ ਮੋਹਾਲੀ ਵਿਚ ਅਗਾਓ ਜਮਾਨਤ ਦੀ ਅਰਜੀ ਲਗਾਈ ਸੀ ਪੰ੍ਰਤੂ ਉਹ ਰੱਦ ਹੋ ਗਈ ਸੀ। ਜਿਸਤੋਂ ਬਾਅਦ ਉਨ੍ਹਾਂ ਹਾਈਕੋਰਟ ਦਾ ਰੁੱਖ ਕੀਤਾ ਸੀ। ਹਾਈਕੋਰਟ ਨੇ 5 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ। ਜਿਸ ‘ਚ ਉਨ੍ਹਾਂ ਨੂੰ ਮਜੀਠੀਆ ਦੀ ਪਟੀਸਨ ‘ਤੇ ਨੋਟਿਸ ਭੇਜ ਕੇ 8 ਜਨਵਰੀ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ। ਇਸ ਦੌਰਾਨ ਅੱਜ ਜਮਾਨਤ ਦੀ ਅਰਜੀ ਨੂੰ ਲੈ ਕੇ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਹੋਏ ਸੀਨੀਅਰ ਵਕੀਲ ਪੀ ਚਿਦੰਬਰਮ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਮੁਕੁਲ ਰੋਹਤਗੀ ਵਿਚਕਾਰ ਕਾਫ਼ੀ ਤਿੱਖੀ ਬਹਿਸ ਹੋਈ।
6 ਮਹੀਨਿਆਂ ਬਾਅਦ ਮੁੜ ਬਠਿੰਡਾ ’ਚ ਵਧਿਆ ਕਰੋਨਾ ਦਾ ਕਹਿਰ
ਡੀਸੀ ਦੇ ਭਰਾ ਸਹਿਤ ਮੁੜ ਇੱਕ ਦਿਨ ’ਚ 203 ਕੇਸ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ :ਪਿਛਲੇ ਕੁੱਝ ਦਿਨਾਂ ਤੋਂ ਰਫ਼ਤਾਰ ਫ਼ੜਦੀ ਜਾ ਰਹੀ ਕਰੋਨਾ ਮਹਾਂਮਾਰੀ ਕਾਰਨ ਮੁੜ ਕੇਸਾਂ ਦੀ ਗਿਣਤੀ ਇਕਦਮ ਵਧ ਗਈ ਹੈ। ਬੀਤੇ ਕੱਲ ਜ਼ਿਲ੍ਹੇ ’ਚ 164 ਮਰੀਜ਼ ਮਿਲਣ ਤੋਂ ਬਾਅਦ ਅੱਜ ਇੰਨ੍ਹਾਂ ਦੀ ਗਿਣਤੀ ਵਧਕੇ 203 ਹੋ ਗਈ ਹੈ। ਅੱਜ ਨਵੇਂ ਮਿਲੇ ਮਰੀਜਾਂ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਭਰਾ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫ਼ੌਜੀ ਛਾਉਣੀ, ਆਈ.ਜੀ. ਤੇ ਵੱਖ ਵੱਖ ਥਾਣਿਆਂ ਦੇ ਮੁਲਾਜਮਾਂ ਤੋਂ ਇਲਾਵਾ ਰਾਮਾ ਮੰਡੀ ਸਥਿਤ ਰਿਫ਼ਾਈਨਰੀ ਅਤੇ ਆਮ ਸ਼ਹਿਰੀ ਇਸਦੀ ਚਪੇਟ ਵਿਚ ਆ ਰਹੇ ਹਨ। ਉਧਰ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕਰੋਨਾ ਟੈਸਟਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਕਾਰਨ ਆਮ ਲੋਕ ਸ਼ੱਕ ਪੈਣ ’ਤੇ ਨਾ ਸਿਰਫ਼ ਟੈਸਟ ਕਰਵਾਉਣ ਲਈ ਆ ਰਹੇ ਹਨ, ਬਲਕਿ ਜਿੰਨ੍ਹਾਂ ਦੇ ਕਰੋਨਾ ਟੀਕਾ ਨਹੀਂ ਲੱਗਿਆ, ਉਹ ਟੀਕਾਕਰਨ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਸੂਚਨਾ ਮੁਤਾਬਕ ਕਰੋਨਾ ਦੇ ਵਧਦੇ ਕੇਸਾਂ ਕਾਰਨ ਹੁਣ ਕਰੋਨਾ ਸੈਂਪਲਾਂ ਦੀਆਂ ਰੀਪੋਰਟਾਂ ਵੀ ਲੇਟ ਹੋਣ ਲੱਗੀਆਂ ਹਨ। ਲੈਬਾਂ ’ਤੇ ਵਧਦੇ ਦਬਾਅ ਕਾਰਨ ਸਿਹਤ ਵਿਭਾਗ ਵਲੋਂ ਹੋਰ ਇੰਤਜਾਮ ਕੀਤੇ ਜਾ ਰਹੇ ਹਨ।ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੀ ਤੇਜ਼ੀ ਲਹਿਰ ਪਿਛਲੀਆਂ ਦੋ ਲਹਿਰਾਂ ਦੇ ਮੁਕਾਬਲੇ ਕਾਫ਼ੀ ਤੇਜੀ ਨਾਲ ਫ਼ੈਲ ਰਹੀ ਹੈ। ਮਾਹਰਾਂ ਨੇ ਦਸਿਆ ਕਿ ਪਹਿਲਾਂ ਦੋਨਾਂ ਲਹਿਰਾਂ ਵਿਚ ਕਰੋਨਾਂ ਦੇ ਇੰਨ੍ਹੇਂ ਕੇਸਾਂ ਦੇ ਵਧਣ ਵਿਚ ਕਾਫ਼ੀ ਸਮਾਂ ਲੱਗਿਆ ਸੀ ਪ੍ਰੰਤੂ ਹੁਣ ਇੱਕ ਤਿਹਾਈ ਕੇਸ ਪਾਜ਼ੀਟਿਵ ਆਉਣ ਲੱਗੇ ਹਨ। ਉਧਰ ਹੁਣ ਜ਼ਿਲ੍ਹੈ ਵਿਚ 800 ਦੇ ਕਰੀਬ ਕਰੋਨਾ ਪਾਜ਼ੀਟਿਵ ਦੇ ਗਤੀਸ਼ੀਲ ਕੇਸ ਹੋ ਗਏ ਹਨ। ਹਾਲਾਂਕਿ ਅੱਜ ਕਰੋਨਾ ਕਾਰਨ ਮੌਤ ਹੋਣ ਤੋਂ ਬਚਾਅ ਰਿਹਾ ਪ੍ਰੰਤੂ ਬੀਤੇ ਕੱਲ ਇਸਦੇ ਕਾਰਨ ਦੋ ਮੌਤਾਂ ਹੋ ਗਈਆਂ ਸਨ। ਉਜ ਰਾਹਤ ਦੀ ਗੱਲ ਇਹ ਵੀ ਹੈ ਕਿ ਜਿਆਦਾਤਰ ਕਰੋਨਾ ਮਰੀਜ਼ ਹਾਲੇ ਤਕ ਘਰਾਂ ਵਿਚ ਹੀ ਏਕਾਂਤਵਸ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਜਰੂਰਤ ਨਹੀਂ ਪੈ ਰਹੀ ਹੈ।
ਅਕਾਲੀ ਤੇ ਆਪ ਦੇ ਉਮੀਦਵਾਰਾਂ ਨੇ ਬਠਿੰਡਾ ’ਚ ਸੰਭਾਲੇ ਮੋਰਚੇ
ਦੋਨਾਂ ਧਿਰਾਂ ’ਚ ਵੱਡੀ ਬਗਾਵਤ ਤੋਂ ਬਚਾਅ ਪਰ ਅੰਦਰਖ਼ਾਤੇ ਰੋਸ਼ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਹਰ ਵਾਰ ਦੀ ਤਰ੍ਹਾਂ ਉਮੀਦਵਾਰ ਐਲਾਨਣ ਵਿਚ ਪਹਿਲਕਦਮੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਦੂਜੀ ਅਜਿਹੀ ਪਾਰਟੀ ਹੈ, ਜਿਸਨੇ ਸੂਬੇ ਦੀ ਦੂਜੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੈ ਦੇ ਸਮੂਹ ਵਿਧਾਨ ਸਭਾ ਹਲਕਿਆਂ ਤੋਂ ਅਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਜਦੋਂਕਿ ਕਾਂਗਰਸ ਤੇ ਭਾਜਪਾ ਗਠਜੋੜ ਹਾਲੇ ਤੱਕ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕਰ ਸਕਿਆ ਹੈ। ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚ ਬੇਸੱਕ ਦੋਨਾਂ ਧਿਰਾਂ ਵਲੋਂ ਉਤਾਰੇ ਉਮੀਦਵਾਰਾਂ ਨੂੰ ਲੈ ਕੇ ਸਭ ਕੁੱਝ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਅੰਦਰਖ਼ਾਤੇ ਟਿਕਟਾਂ ਦੇ ਚਾਹਵਾਨਾਂ ਵਿਚ ਨਰਾਜ਼ਗੀ ਜਰੂਰ ਪਾਈ ਜਾ ਰਹੀ ਹੈ। ਜੇਕਰ ਬਠਿੰਡਾ ਸ਼ਹਿਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ’ਤੇ ਮੁੜ ਤੀਜ਼ੀ ਵਾਰ ਦਾਅ ਖੇਡਿਆ ਹੈ। ਇਸ ਹਲਕੇ ਤੋਂ ਟਿਕਟ ਲੈਣ ਲਈ ਕਾਂਗਰਸ ਵਿਚੋਂ ਅਕਾਲੀ ਦਲ ’ਚ ਆਏ ਬਬਲੀ ਢਿੱਲੋਂ ਤੇ ਸਾਬਕਾ ਭਾਜਪਾ ਆਗੂ ਮੋਹਿਤ ਗੁਪਤਾ ਵੀ ਵੱਡੇ ਦਾਅਵੇਦਾਰ ਸਨ। ਇਸੇ ਤਰ੍ਹਾਂ ਆਪ ਦੀ ਟਿਕਟ ਜਗਰੂਪ ਗਿੱਲ ਦੇ ਖ਼ਾਤੇ ਵਿਚ ਗਈ ਹੈ। ਇਸ ਪਾਰਟੀ ਦੇ ਵੀ ਟਿਕਟ ਦੇ ਅੱਧੀ ਦਰਜ਼ਨ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਨਵਦੀਪ ਸਿੰਘ ਜੀਦਾ, ਅੰਮਿ੍ਰਤ ਲਾਲ ਅਗਰਵਾਲ, ਨੀਲ ਗਰਗ, ਮਨਦੀਪ ਕੌਰ ਰਾਮਗੜ੍ਹੀਆ ਆਦਿ ਸ਼ਾਮਲ ਹਨ। ਉਧਰ ਫ਼ੂਲ ਹਲਕੇ ’ਚ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਦਿੱਤੀ ਹੈ। ਉਹ ਇਸ ਵਾਰ ਦੋ ਟਿਕਟਾਂ ਦੀ ਮੰਗ ਕਰ ਰਹੇ ਸਨ ਪ੍ਰੰਤੂ ਅਕਾਲੀ ਹਾਈਕਮਾਂਡ ਨੇ ਉਨਾਂ ਨੂੰ ਇੱਕ ਟਿਕਟ ਦੇ ਕੇ ਉਨ੍ਹਾਂ ਦੀ ਸਿਆਸੀ ਹਸਤੀ ਨੂੰ ਛੋਟਾ ਕਰ ਦਿੱਤਾ ਹੈ। ਮਲੂਕਾ ਦੇ ਨੇੜਲਿਆਂ ਮੁਤਾਬਕ ਬੇਸ਼ੱਕ ਉਨ੍ਹਾਂ ਦਾ ਆਗੂ ਵਕਤੀ ਤੌਰ ‘ਤੇ ਚੁੱਪ ਹੋ ਗਿਆ ਹੈ ਪ੍ਰੰਤੂੁ ਲੰਮੇ ਸਮੇਂ ਤੱਕ ‘ਦਿਲ’ ’ਤੇ ਲੱਗੀਆਂ ਚੋਟਾਂ ਨੂੰ ਯਾਦ ਰੱਖਣ ਵਾਲੇ ਇਸ ਸਾਬਕਾ ਮੰਤਰੀ ਦੀ ਬਾਦਲ ਪ੍ਰਵਾਰ ਨਾਲ ਦਹਾਕਿਆਂ ਤੋਂ ਨੇੜਤਾ ਵਿਚ ਫਰਕ ਪਿਆ ਜਰੂਰ ਦਿਖ਼ਾਈ ਦਿੰਦਾ ਹੈ। ਦੁੂਜੇ ਪਾਸੇ ਇਸ ਹਲਕੇ ਤੋਂ ਆਪ ਨੇ ਉਘੇ ਗਾਇਕ ਬਲਕਾਰ ਸਿੱਧੂ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਇਸ ਹਲਕੇ ਤੋਂ ਪਿਛਲੀਆਂ ਚੋਣਾਂ ਲੜਣ ਵਾਲੇ ਮਨਜੀਤ ਸਿੰਘ ਬਿੱਟੀ ਤੇ ਬੈਂਸਾਂ ਦੀ ਪਾਰਟੀ ਵਿਚੋਂ ਆਏ ਜਤਿੰਦਰ ਭੱਲਾ ਵੀ ਦਾਅਵੇਦਾਰ ਬਣੇ ਹੋਏ ਸਨ। ਇਹ ਦੋਨੋਂ ਆਗੂ ਹਾਲੇ ਉਪਰ ਸ਼ਾਂਤ ਹਨ ਪ੍ਰੰਤੂ ਚੋਣਾਂ ਦੇ ਦਿਨ ਤੱਕ ਇੰਨ੍ਹਾਂ ਦੀਆਂ ਗਤੀਵਿਧੀਆਂ ਆਪ ਉਮੀਦਵਾਰ ਦੇ ਦਿਲ ਦੀਆਂ ਧੜਕਣਾਂ ਜਰੂਰ ਵਧਾਈ ਰੱਖਣਗੀਆਂ। ਤਲਵੰਡੀ ਸਾਬੋ ਹਲਕੇ ਵਿਚ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਮੁੜ ਉਮੀਦਵਾਰ ਬਣੇ ਹਨ ਪ੍ਰੰਤੂ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਆਪ ਦੇ ਕਈ ਆਗੂ ਉਨ੍ਹਾਂ ਤੋਂ ਦੂਰੀ ਬਣਾਈ ਖੜੇ ਹਨ। ਉਜ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਇਸ ਹਲਕੇ ਤੋਂ ਪੰਜ ਅੰਕਾਂ ਦਾ ਅੰਕੜਾ ਹਾਸਲ ਕਰਨ ਤੋਂ ਵੀ ਅਸਫ਼ਲ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਨੇ ਇੱਥੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਉਮੀਦਵਾਰ ਬਣਾਇਆ ਹੈ। ਸਿੱਧੂ ਕਾਂਗਰਸ ਵਿਚ ਜਾਣ ਤੋਂ ਬਾਅਦ ਮੁੜ ਅਕਾਲੀ ਦਲ ਵਿਚ ਆਏ ਹਨ। ਬੇਸ਼ੱਕ ਉਨ੍ਹਾਂ ਨੂੰ ਕੱਦਾਵਾਰ ਲੀਡਰ ਮੰਨਿਆ ਜਾਂਦਾ ਹੈ ਪ੍ਰੰਤੂ ਸੀਨੀਅਰ ਆਗੂ ਅਮਰਜੀਤ ਸਿੰਘ ਖ਼ਾਨਾ ਦਾ ਖੇਮਾ ਹਾਲੇ ਤੱਕ ਵੀ ਉਨ੍ਹਾਂ ਨਾਲ ਜੁੜ ਨਹੀਂ ਸਕਿਆ ਹੈ। ਯੂਥ ਆਗੂ ਰਵੀਪ੍ਰੀਤ ਸਿੰਘ ਸਿੱਧੂ ਵੀ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦਾ ਨੁਕਸਾਨ ਜਰੂਰ ਅਕਾਲੀ ਉਮੀਦਵਾਰ ਨੂੰ ਹੋ ਸਕਦਾ ਹੈ। ਹਲਕਾ ਭੁੱਚੋਂ ਮੰਡੀ ਵਿਚ ਅਕਾਲੀ ਦਲ ਨੇ ਮੁੜ ਬਾਹਰਲਾ ਉਮੀਦਵਾਰ ਲਿਆਉਣ ਦਾ ਤਜਰਬਾ ਕੀਤਾ ਹੈ। ਪਿਛਲੀ ਵਾਰ ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਬਣਾਇਆ ਸੀ ਜਦੋਂਕਿ ਉਸਤੋਂ ਪਹਿਲਾਂ ਮੌਜੂਦਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ’ਤੇ ਦਾਅ ਖੇਡਿਆ ਸੀ ਪ੍ਰੰਤੂ ਦੋਨੋਂ ਵਾਰ ਹੀ ਮੂੰਹ ਦੀ ਖ਼ਾਣੀ ਪਈ। ਇਸ ਵਾਰ ਵੀ ਬਠਿੰਡਾ ਦਿਹਾਤੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਦਰਸਨ ਸਿੰਘ ਕੋਟਫੱਤਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਕਈ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਟਿਕਟ ਨਾ ਮਿਲਣ ਕਾਰਨ ਮਾਯੂਸੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਆਪ ਵਲੋਂ ਉਨ੍ਹਾਂ ਦੇ ਮੁਕਾਬਲੇ ਪਿਛਲੇ ਉਮੀਦਵਾਰ ਜਗਸੀਰ ਸਿੰਘ ’ਤੇ ਮੁੜ ਵਿਸਵਾਸ ਜਤਾਇਆ ਹੈ। ਬੇਸ਼ੱਕ ਪਿਛਲੀਆਂ ਚੋਣਾਂ ਸਮੇਂ ਆਪ ਦੇ ਹੱਕ ਵਿਚ ਚੱਲੀ ਹਨੇਰੀ ਕਾਰਨ ਉਕਤ ਉਮੀਦਵਾਰ ਜਿੱਤਦੇ ਜਿੱਤਦੇ ਹਾਰੇ ਸਨ ਪ੍ਰੰਤੂ ਇਸ ਵਾਰ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ। ਨਾ ਹੀ ਆਪ ਦੇ ਹੱਕ ਵਿਚ ਹਨੇਰੀ ਚੱਲਦੀ ਦਿਖ਼ਾਈ ਦੇ ਰਹੀ ਹੈ ਤੇ ਨਾ ਹੀ ਸਮੂਹ ਆਪ ਆਗੂ ਇਕਜੁਟ ਹੁੰਦੇ ਦਿਸ ਰਹੇ ਹਨ। ਇਸ ਹਲਕੇ ਤੋਂ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਵੀ ਮਜਬੂਤ ਉਮੀਦਵਾਰ ਮੰਨੇ ਜਾਂਦੇ ਸਨ, ਜਿਹੜੇ ਟਿਕਟ ਨਾ ਮਿਲਣ ਕਾਰਨ ਅੰਦਰੋ-ਅੰਦਰ ਨਿਰਾਸ ਦਿਖਾਈ ਦੇ ਰਹੇ ਹਨ। ਉਧਰ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਨੇ ਸਾਬਕਾ ਅਕਾਲੀ ਆਗੂ ਅਮਿਤ ਰਤਨ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਜੇਤੂ ਰਹੀ ਰੁਪਿੰਦਰ ਕੌਰ ਰੂਬੀ ਵਲੋਂ ਪਾਰਟੀ ਛੱਡਣ ਤੋਂ ਬਾਅਦ ਕਈ ਆਗੂ ਟਿਕਟ ਲਈ ਮੈਦਾਨ ਵਿਚ ਨਿੱਤਰੇ ਹੋਏ ਸਨ, ਜਿੰਨ੍ਹਾਂ ਦਾ ਰਵੱਈਆ ਆਉਣ ਵਾਲੇ ਸਮੇਂ ਵਿਚ ਮਹੱਤਵਪੂਰਨ ਰਹੇਗਾ। ਅਕਾਲੀ ਦਲ ਨੇ ਇਸ ਹਲਕੇ ਤੋਂ ਵੀ ਬਾਹਰਲੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ‘ਪੈਰਾਸੂਟ’ ਰਾਹੀਂ ਲਿਆਂਦਾ ਹੈ। ਜੇਕਰ ਮੋੜ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾਇਆ ਹੈ, ਜਿਸਦਾ ਮਲੂਕਾ ਧੜੇ ਵਲੋਂ ਡਟਕੇ ਵਿਰੋਧ ਕੀਤਾ ਗਿਆ ਸੀ। ਹਾਲਾਂਕਿ ਹੁਣ ਸਾਰਾ ਕੁੱਝ ਉਪਰੋਂ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਮਲੂਕਾ ਧੜੇ ਦੀਆਂ ਗਤੀਵਿਧੀਆਂ ਅਕਾਲੀ ਉਮੀਦਵਾਰ ਦੀ ਜਿੱਤ ਹਾਰ ’ਤੇ ਜਰੂਰ ਅਸਰ ਪਾਉਣਗੀਆਂ। ਇਸ ਹਲਕੇ ਤੋਂ ਆਪ ਨੇ ਸੁਖਬੀਰ ਮਾਈਸਰਖ਼ਾਨਾ ’ਤੇ ਦਾਅ ਖੇਡਿਆ ਹੈ, ਜਦੋਂਕਿ ਇਸ ਹਲਕੇ ਤੋਂ ਕਈ ਹੋਰ ਮਜਬੂਤ ਉਮੀਦਵਾਰ ਵੀ ਮੌਜੂਦ ਸਨ।
ਐਨ.ਐਚ.ਐਮ ਕਾਮਿਆਂ ਨੇ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਕੰਮਛੋੜ ਹੜਤਾਲ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਪਿਛਲੇ ਕਰੀਬ ਡੇਢ ਮਹੀਨੇ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨ ਵਾਲੇ ਰਾਸਟਰੀ ਸਿਹਤ ਮਿਸ਼ਨ ਦੇ ਕਾਮਿਆਂ ਨੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤਨਖ਼ਾਹਾਂ ਜਾਰੀ ਨਾ ਹੋਣ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹੈ। ਇੰਨ੍ਹਾਂ ਕਾਮਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਹਾਲੇ ਤੱਕ ਦਸੰਬਰ ਮਹੀਨੇ ਦੀ ਤਨਖ਼ਾਹ ਜਾਰੀ ਨਹੀਂ ਕੀਤੀ, ਜਿਸ ਕਾਰਨ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਵਾਲੇ ਐਨ.ਐਚ.ਐਮ ਕਾਮੇ ਅਪਣਾ ਚੁੱਲਾ ਜਗਦਾ ਰੱਖਣ ਤੋਂ ਬਾਅਦ ਔਖੇ ਹੋਏ ਪਏ ਹਨ। ਜਿਸਦੇ ਚੱਲਦੇ ਉਨ੍ਹਾਂ ਵਲੋਂ ਕੰਮਛੋੜ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਦਸਿਆ ਕਿ ਪਿਛਲੇ ਕਈ-ਕਈ ਸਾਲਾਂ ਤੋਂ ਸਿਹਤ ਵਿਭਾਗ ਨੂੰ ਚਲਾਉਣ ਵਾਲੇ ਐਨ.ਐਚ.ਐਮ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਵਾਅਦਾ ਕਰਕੇ ਪੱਕਾ ਨਹੀਂ ਕੀਤਾ। ਉਨ੍ਹਾਂ ਦਸਿਆ ਕਿ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਅੱਜ ਉਨ੍ਹਾਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਵਿੱਢਿਆ ਸੰਘਰਸ਼ ਅੱਜ ਸਮਾਪਤ ਕਰ ਦਿੱਤਾ ਸੀ ਪ੍ਰੰਤੂ ਸਰਕਾਰ ਨੇ ਹਾਲੇ ਤੱਕ ਦਸੰਬਰ ਮਹੀਨੇ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਅੱਗੇ ਇਕੱਠੇ ਹੋਏ ਸਰਕਾਰ ਤੇ ਵਿਭਾਗ ਵਿਰੁਧ ਨਾਅਰੇਬਾਜ਼ੀ ਵੀ ਕੀਤੀ।









