ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ 11ਵੀਂ ਮੀਟਿੰਗ ਦੀ ਕੀਤੀ ਪ੍ਰਧਾਨਗੀ, ਵਿੱਤ ਵਿਭਾਗ ਨੂੰ ਮੰਗ ਅਨੁਸਾਰ ਲੋੜੀਂਦੇ ਫੰਡਾਂ ਦੀ ਸਮੇਂ ਸਿਰ ਮੁਹੱਈਆ ਕਰਨ ਲਈ ਕਿਹਾ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰੀਆਂ ਲਈ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਸਬੰਧੀ ਸੂਬੇ ਦੇ ਮਿਸ਼ਨ ਦੀ ਨਿਸ਼ਾਨਦੇਹੀ ਕਰਦਿਆਂ ਅੱਜ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਸਾਰੇ ਸ਼ਨਾਖਤ ਕੀਤੇ ਐਕਸੀਡੈਂਟ ਬਲੈਕ ਸਪੌਟਾਂ (ਜਿਹੜੀਆਂ ਥਾਵਾਂ ਉਤੇ ਜ਼ਿਆਦਾ ਹਾਦਸੇ ਵਾਪਰਦੇ ਹਨ) ਨੂੰ ਤਰਜੀਹੀ ਤੌਰ `ਤੇ ਠੀਕ ਕਰਨ ਦੀ ਹਦਾਇਤ ਕੀਤੀ।ਪੰਜਾਬ ਭਵਨ ਵਿਖੇ ਮੰਗਲਵਾਰ ਦੁਪਹਿਰੇ ਹੋਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਦੀ 11ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਾ ਵੜਿੰਗ ਨੇ ਵਿੱਤ ਵਿਭਾਗ ਨੂੰ ਰਾਜ ਮਾਰਗਾਂ ਦੇ ਬਲੈਕ ਸਪਾਟਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਵਿੱਚ ਲੱਗੇ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੀ ਮੰਗ `ਤੇ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੇ ਹਾਈਵੇਅ, ਮਿਊਂਸੀਪਲ ਅਤੇ ਹੋਰ ਲਿੰਕ ਸੜਕਾਂ `ਤੇ ਪੈਂਦੇ 71 ਬਲੈਕ ਸਪੌਟਸ ਨੂੰ ਠੀਕ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜਦੋਂ ਕਿ ਬਾਕੀ ਬਚੇ 56 ਬਲੈਕ ਸਪੌਟਸ `ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।ਟਰੈਫਿਕ ਇਨਫੋਰਸਮੈਂਟ ਆਟੋਮੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਵਿੱਚ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਸੜਕ ਸੁਰੱਖਿਆ ਪ੍ਰਣਾਲੀਆਂ ਨੂੰ ਸਥਾਪਤ ਕਰਨ ਵਿੱਚ ਸਹਾਇਤਾ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਵੱਲੋਂ ਟਰਾਂਜੈਕਸ਼ਨਲ ਸਲਾਹਕਾਰ ਅਤੇ ਇਕ ਹੋਰ ਸਲਾਹਕਾਰ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ।ਰਾਜਾ ਵੜਿੰਗ ਨੇ ਕਿਹਾ ਕਿ ਸੜਕ ਸੁਰੱਖਿਆ ਉਪਕਰਨਾਂ ਦੀ ਖ਼ਰੀਦ ਅਤੇ ਸੜਕ ਸੁਰੱਖਿਆ ਪ੍ਰਣਾਲੀਆਂ ਦੀ ਸਥਾਪਨਾ ਮੇਰੀ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕਾਂ `ਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਸੀਂ ਇਸ ਮੰਤਵ ਦੀ ਪੂਰਤੀ ਲਈ ਯਤਨਸ਼ੀਲ ਹਾਂ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਬਕਾਇਆ ਸੁਧਾਰ ਕਾਰਜਾਂ ਲਈ ਫੰਡ ਅਲਾਟਮੈਂਟ ਲਈ ਜਲਦ ਤੋਂ ਜਲਦ ਸੋਧਿਆ ਪ੍ਰਸਤਾਵ ਪੇਸ਼ ਕਰਨ ਲਈ ਵੀ ਕਿਹਾ।ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ `ਤੇ ਚਿੰਤਾ ਜ਼ਾਹਰ ਕਰਦਿਆਂ ਰਾਜਾ ਵੜਿੰਗ ਨੇ ਏ.ਡੀ.ਜੀ.ਪੀ. ਟਰੈਫਿਕ ਨੂੰ ਤੂੜੀ, ਲੱਕੜ ਅਤੇ ਰਾਡਾਂ ਨਾਲ ਟਰਾਲੀਆਂ ਨੂੰ ਓਵਰਲੋਡ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਉਹ ਜਨਤਕ ਹਿੱਤਾਂ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਉਦਯੋਗਿਕ ਆਗੂਆਂ ਦੀ ਮਦਦ ਲੈਣ ਲਈ ਵੀ ਕਿਹਾ। ਉਨ੍ਹਾਂ ਵਿਭਾਗ ਨੂੰ ਟਰਾਂਸਪੋਰਟ ਵਾਹਨਾਂ `ਤੇ ਰਿਫਲੈਕਟਰ ਲਾਉਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਵੀ ਕਿਹਾ।ਮੰਤਰੀ ਨੇ ਵਿਭਾਗ ਨੂੰ ਸੂਬੇ ਭਰ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਟਰੈਫਿਕ ਸਿੰਗਨਲ ਲਗਾਉਣ ਦੇ ਨਿਰਦੇਸ਼ ਦਿੱਤੇ।ਸੜਕ ਸੁਰੱਖਿਆ ਵਿਵਹਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਕ ਨਿਰੰਤਰ ਮੀਡੀਆ ਮੁਹਿੰਮ ਦੀ ਲੋੜ `ਤੇ ਜ਼ੋਰ ਦਿੰਦਿਆਂ ਰਾਜਾ ਵੜਿੰਗ ਨੇ ਪੀ.ਐਸ.ਆਰ.ਐਸ.ਸੀ. ਨੂੰ ਪੰਜਾਬ ਦੀਆਂ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਦੇ ਉਦੇਸ਼ ਵੱਲ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਆਡੀਓ, ਵੀਡੀਓ ਅਤੇ ਸੋਸ਼ਲ ਮੀਡੀਆ ਸਮੱਗਰੀ ਤਿਆਰ ਕਰਨ ਲਈ ਲੋਕ ਸੰਪਰਕ ਵਿਭਾਗ ਨਾਲ ਤਾਲਮੇਲ ਕਰਨ ਲਈ ਕਿਹਾ।ਟਰਾਂਸਪੋਰਟ ਮੰਤਰੀ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਕੌਮੀ ਸੜਕ ਸੁਰੱਖਿਆ ਮਹੀਨੇ 2022 ਲਈ ਈਵੈਂਟ ਕੈਲੰਡਰ ਨੂੰ ਅੰਤਿਮ ਰੂਪ ਦੇ ਕੇ ਤੁਰੰਤ ਲਾਗੂ ਕਰਨ ਲਈ ਕਿਹਾ। ਉਨ੍ਹਾਂ ਵਿਭਾਗ ਨੂੰ ਨਾਗਰਿਕਾਂ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਦੀ ਇਕ ਵਿਸਤ੍ਰਿਤ ਸੂਚੀ ਤਿਆਰ ਕਰਨ ਵਾਸਤੇ ਲੋਕ ਸੰਪਰਕ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਵੀ ਕਿਹਾ।ਇਸ ਤੋਂ ਪਹਿਲਾਂ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਪੀਐਸਆਰਐਸਸੀ ਆਰ. ਵੈਂਕਟਰਤਨਮ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਟਰਾਂਸਪੋਰਟ ਵਿਭਾਗ ਦੇ ਸਰਵੇਖਣ ਵਿੱਚ 2019 ਵਿੱਚ 12 ਜ਼ਿਲ੍ਹਿਆਂ ਵਿੱਚ ਕੁੱਲ 391 ਬਲੈਕ ਸਪੌਟਸ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 264 ਰਾਜ ਵਿੱਚੋਂ ਲੰਘਦੇ ਰਾਸ਼ਟਰੀ ਰਾਜਮਾਰਗਾਂ `ਤੇ ਸਨ। ਇਨ੍ਹਾਂ 264 ਵਿੱਚੋਂ 218 ਬਲੈਕ ਸਪੌਟਸ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਬਾਕੀ 49 `ਤੇ ਕੰਮ ਚੱਲ ਰਿਹਾ ਹੈ। ਦੂਜੇ ਪੜਾਅ ਵਿੱਚ ਬਾਕੀ ਰਹਿੰਦੇ 11 ਜ਼ਿਲ੍ਹਿਆਂ ਵਿੱਚ 406 ਤੋਂ ਵੱਧ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਲਈ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਜਲਦੀ ਹੀ ਇਨ੍ਹਾਂ ਨੂੰ ਦਰੁਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਬਲੈਕ ਸਪੌਟ ਸੜਕ ਉਤੇ ਤਕਰੀਬਨ 500 ਮੀਟਰ ਲੰਬਾ ਇੱਕ ਅਜਿਹਾ ਹਿੱਸਾ ਹੁੰਦਾ ਹੈ, ਜਿਸ `ਤੇ ਜਾਂ ਤਾਂ ਪਿਛਲੇ ਤਿੰਨ ਸਾਲਾਂ ਦੌਰਾਨ ਮੌਤਾਂ ਅਤੇ ਗੰਭੀਰ ਸੱਟਾਂ ਸਮੇਤ ਪੰਜ ਸੜਕ ਦੁਰਘਟਨਾਵਾਂ ਹੋਈਆਂ ਹਨ ਜਾਂ 10 ਮੌਤਾਂ ਹੋਈਆਂ ਹਨ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਆਰ ਵੈਂਕਟਰਤਨਮ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸਿਵਾ ਪ੍ਰਸਾਦ, ਏਡੀਜੀਪੀ ਟਰੈਫਿਕ ਐਸਐਸ ਸ੍ਰੀਵਾਸਤਵ, ਐਸਟੀਸੀ ਅਮਰਬੀਰ ਸਿੰਘ ਸਿੱਧੂ, ਡਾਇਰੈਕਟਰ ਖਜ਼ਾਨਾ ਅਤੇ ਲੇਖਾ ਮੁਹੰਮਦ ਤਇਅਬ, ਐਸਪੀ ਟਰੈਫਿਕ ਮਨਮੀਤ ਸਿੰਘ, ਟਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ ਤੋਂ ਇਲਾਵਾ ਤਕਨੀਕੀ ਡਾਇਰੈਕਟਰ ਐਨ.ਆਈ.ਸੀ. ਤਰਮਿੰਦਰ ਸਿੰਘ, ਚੀਫ ਇੰਜਨੀਅਰ ਪੀ.ਡਬਲਿਊ.ਡੀ. ਟੀ.ਆਰ. ਕਟਨੋਰੀਆ, ਮੈਂਬਰ ਪੀ.ਐਸ.ਆਰ.ਐਸ.ਸੀ. ਰਾਹੁਲ ਵਰਮਾ ਅਤੇ ਸਾਈਟ ਇੰਜਨੀਅਰ ਐਨ.ਐਚ.ਏ.ਆਈ. ਮਨਿੰਦਰ ਪਾਲ ਸਿੰਘ ਮੌਜੂਦ ਸਨ।
ਕੀਮਤੀ ਜਾਨਾਂ ਬਚਾਉਣ ਲਈ ਐਕਸੀਡੈਂਟ ਬਲੈਕ ਸਪੌਟਸ ਨੂੰ ਤਰਜੀਹੀ ਤੌਰ `ਤੇ ਠੀਕ ਕਰੋ; ਰਾਜਾ ਵੜਿੰਗ ਵੱਲੋਂ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਹਦਾਇਤ
‘ਆਪ’ ਦੀ ਅਗਵਾਈ ਵਾਲੇ ਬਾਹਰੀ ਲੋਕ ਖੁਦ ਨੂੰ ਜਨਤਾ ਦੀ ਆਵਾਜ਼ ਵਜੋਂ ਪੇਸ਼ ਕਰਨ ਲਈ ਕਾਹਲੇ: ਚੰਨੀ
• ਕਿਹਾ, ਦਿੱਲੀ ਦੇ ਆਗੂ ਬਸਤੀਵਾਦੀਆਂ ਵਾਂਗ ਵਿਵਹਾਰ ਕਰ ਰਹੇ
• ਸੁਖਬੀਰ ਬਾਦਲ ਅਤੇ ਮਜੀਠੀਆ ਨੇ ਪਾਰਟੀ ਦੀ 100 ਸਾਲ ਪੁਰਾਣੀ ਵਿਰਾਸਤ ਨੂੰ ਕਲੰਕਿਤ ਕੀਤਾ
• ਕਾਂਗਰਸ ਵਿਚ ਰਜਵਾੜਾਸ਼ਾਹੀ ਦਾ ਅੰਤ
ਸੁਖਜਿੰਦਰ ਮਾਨ
ਸੰਗਰੂਰ, 14 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਦੀ ਸਿਆਸਤ ਵਿੱਚ ਬਾਹਰੀ ਲੋਕਾਂ ਨੂੰ ਖੜ੍ਹਾ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੀ ਸਖ਼ਤ ਆਲੋਚਨਾ ਕੀਤੀ, ਜਿਨ੍ਹਾਂ ਨੂੰ ਪੰਜਾਬ ਅਤੇ ਇਸ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਪਰ ਉਹ ਆਪਣੇ ਆਪ ਨੂੰ ਸੂਬੇ ਦੇ ਲੋਕਾਂ ਦੀ ਆਵਾਜ਼ ਵਜੋਂ ਪੇਸ਼ ਕਰਨ ਲਈ ਕਾਫ਼ੀ ਉਤਾਵਲੇ ਹਨ।’ਆਪ’ ਦੀ ਦਿੱਲੀ ਲੀਡਰਸ਼ਿਪ ‘ਤੇ ਬਸਤੀਵਾਦੀ ਸ਼ਕਤੀ ਵਾਂਗ ਵਿਵਹਾਰ ਕਰਨ ਲਈ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੋਸਟਰਾਂ ਅਤੇ ਫਲੈਕਸਾਂ ‘ਤੇ ਵੀ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਵਰਤ ਰਹੇ ਹਨ, ਜਿਸ ਤੋਂ ਉਹਨਾਂ ਦੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਨਾਪਾਕ ਮਨਸੂਬੇ ਸਪੱਸ਼ਟ ਹੋ ਜਾਂਦੇ ਹਨ।
ਭਗਵੰਤ ਮਾਨ ਨੂੰ ਅਸਿੱਧੇ ਤੌਰ ‘ਤੇ ਨਿਸ਼ਾਨੇ ਉੱਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੁਟਕਲੇ ਸੁਣਾਉਣਾ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਨਾਲੋਂ ਬਿਲਕੁਲ ਵੱਖਰੀ ਚੀਜ਼ ਹੈ ਅਤੇ ਵਿਕਾਸ ਸਿਰਫ਼ ਬਾਹਰਲੇ ਲੋਕਾਂ ਨਾਲ ਆਟੋ-ਰਿਕਸ਼ਾ ਵਿੱਚ ਮੌਜਾਂ ਮਾਣ ਕੇ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਅੱਜ ਇੱਥੇ ਪਿੰਡ ਦੇਹ ਕਲਾਂ ਅਤੇ ਘਾਬਦਾਂ ਵਿਖੇ ਸ੍ਰੀ ਸੀਮਿੰਟ ਲਿਮਟਿਡ ਸੰਗਰੂਰ ਪ੍ਰਾਜੈਕਟ ਅਤੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖਣ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਰੀਬ ਲੋਕਾਂ ਨੂੰ ਆਟਾ ਦਾਲ ਵਰਗੇ ਉਪਾਵਾਂ ਨਾਲ ਲੁਭਾਉਣ ਲਈ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਗਰੀਬਾਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਦੇ ਮੌਕੇ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਹੈ।ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਚੰਨੀ ਨੇ ਕਿਹਾ ਕਿ ਅਕਾਲੀ ਦਲ ਵਰਗੀ 100 ਸਾਲ ਪੁਰਾਣੀ ਪਾਰਟੀ ਨੂੰ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ, ਬੇਅਦਬੀਆਂ ਅਤੇ ਭ੍ਰਿਸ਼ਟ ਕਾਰਵਾਈਆਂ ਨਾਲ ਕਲੰਕਿਤ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ, “ਅਕਾਲੀ ਦਲ ਉਦੋਂ ਤੱਕ ਪੈਰਾਂ ਸਿਰ ਨਹੀਂ ਹੋ ਸਕਦਾ ਜਦੋਂ ਤੱਕ ਸੁਖਬੀਰ ਅਤੇ ਮਜੀਠੀਆ ਪਾਰਟੀ ਦਾ ਹਿੱਸਾ ਹਨ।” ਉਹਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਖਾਤਿਰ ਜਨਤਕ ਸਰੋਤਾਂ ਦੀ ਦੁਰਵਰਤੋਂ ਕੀਤੀ ਹੈ।ਮੁੱਖ ਮੰਤਰੀ ਨੇ ਕਾਂਗਰਸ ਦੇ ਮੌਜੂਦਾ ਸਮੇਂ ਨੂੰ ‘ਯੁੱਗ ਪਰਿਵਰਤਨ’ ਦਾ ਸਮਾਂ ਦੱਸਿਆ ਜਦੋਂ ਅਸਲ ਵਿੱਚ ਸੱਤਾ ਆਮ ਲੋਕਾਂ ਦੇ ਹੱਥਾਂ ਵਿੱਚ ਆ ਗਈ ਹੈ ਅਤੇ ਇਸ ਤਰ੍ਹਾਂ ਰਜਵਾੜਾਸ਼ਾਹੀ ਦੇ ਦੌਰ ਦਾ ਅੰਤ ਹੋ ਗਿਆ ਹੈ।
ਪਰਗਟ ਸਿੰਘ ਵੱਲੋਂ ਪਰਵਾਸੀ ਭਾਰਤੀ ਮਾਮਲਿਆਂ ਵਿਭਾਗ ਬਾਰੇ ਭਵਿੱਖੀ ਦਸਤਾਵੇਜ਼ ਜਾਰੀ
ਐਨ.ਆਰ.ਆਈਜ਼ ਲਈ ਏਕੀਕ੍ਰਿਤ ਵੈਬ ਪੋਰਟਲ, ਵੱਖਰਾ ਵਿੱਤ ਤੇ ਵਪਾਰਕ ਵਿੰਗ ਸਥਾਪਤ ਹੋਵੇਗਾ
ਪਰਵਾਸੀ ਪੰਜਾਬੀਆਂ ਨੂੰ ਜਾਇਦਾਦ, ਵਿੱਤੀ ਮਾਮਲਿਆਂ ਸਣੇ ਹੋਰ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਉਲੀਕਿਆ ਖਾਕਾ
*ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ *
*ਨੌਜਵਾਨਾਂ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਮਰ ਕੋਰਸ ਸ਼ੁਰੂ ਕੀਤੇ ਜਾਣਗੇ *
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਜਾਇਦਾਦ ਅਤੇ ਵਿੱਤੀ ਮਾਮਲਿਆਂ ਵਿੱਚ ਆਉਂਦੀਆਂ ਔਕੜਾਂ ਸਮੇਤ ਹੋਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਭਵਿੱਖੀ ਦਸਤਾਵੇਜ਼ ਤਿਆਰ ਕੀਤਾ ਗਿਆ। ਇਹ ਖੁਲਾਸਾ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਇਸ ਮੌਕੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸੀ.ਏ. ਅਸ਼ਵਨੀ ਕੁਮਾਰ ਤੇ ਗੁਰਪਾਲ ਸਿੰਘ ਹਾਜ਼ਰ ਸਨ।ਸ. ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜਾਇਦਾਦਾਂ ਆਦਿ ਨੂੰ ਸੁਰੱਖਿਅਤ ਯਕੀਨੀ ਬਣਾਉਣਾ ਅਤੇ ਸੂਬਾ ਸਰਕਾਰ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਵਿੱਚ ਰਹਿੰਦੇ ਹੋਏ ਘਰ ਵਾਂਗ ਹੀ ਮਹਿਸੂਸ ਕਰਵਾਉਣਾ ਬਣਦਾ ਹੈ।ਇਸੇ ਲਈ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਨਾਲ ਵੱਖਰੇ ਵਿੰਗ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿੱਚ ਪਰਵਾਸੀ ਪੰਜਾਬੀਆਂ ਦੇ ਸਾਰੇ ਵਪਾਰਕ ਅਤੇ ਵਿੱਤ ਸੰਬੰਧੀ ਮੁੱਦਿਆਂ ਨੂੰ ਸਿੰਗਲ ਵਿੰਡੋ ਰਾਹੀਂ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪਰਵਾਸੀਆਂ ਦੇ ਮਾਲ ਵਿਭਾਗ ਨਾਲ ਜਾਇਦਾਦਾਂ ਦੇ ਕੰਮ ਵਿੱਚ ਸਿੰਗਲ ਵਿੰਡੋ ਸਹੂਲਤ ਪ੍ਰਦਾਨ ਕਰਕੇ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨ ਵਿੱਚ ਮੱਦਦ ਕੀਤੀ ਜਾਵੇਗੀ।ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਰਵਾਸੀ ਪੰਜਾਬੀਆਂ ਲਈ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇ। ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਅਤੇ ਫੀਡਬੈਕ ਵਿਧੀ ਸਥਾਪਤ ਕੀਤੀ ਜਾਵੇਗੀ। ਪਰਵਾਸੀ ਭਾਰਤੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕੋ ਛੱਤ ਹੇਠ ਲਿਆਇਆ ਜਾਵੇਗਾ। ਪਰਵਾਸੀਆਂ ਨੂੰ ਸੂਬੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਵੈੱਬਸਾਈਟ ਅਤੇ ਐਪ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਚੈਨਲ ਸਥਾਪਤ ਕੀਤੇ ਜਾਣਗੇ।ਇਸ ਆਨ ਲਾਈਨ ਪੋਰਟਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਪੂਰੀ ਤਰ੍ਹਾਂ ਫਾਲੋ-ਅੱਪ ਕਰਦਾ ਹੈ।ਸ. ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ, ਪੰਜਾਬੀ ਭਾਸ਼ਾ ਆਦਿ ਬਾਰੇ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਜਾਣਕਾਰੀ ਦੇਣ ਲਈ ਥੋੜੇਂ ਸਮੇਂ ਦੇ ਕੋਰਸ ਕਰਵਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਥੋੜ੍ਹੇਂ ਸਮੇਂ ਦੇ ਸਮਰ ਸਕੂਲ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਰਾਸਤ ਦੇ ਨੇੜੇ ਲਿਆਇਆ ਜਾ ਸਕੇ।ਇਸ ਤੋਂ ਇਲਾਵਾ ਸੂਬੇ ਨਾਲ ਜੋੜਨ ਅਤੇ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ‘ਹੋਮ ਸਟੇਅ’ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ।ਨੌਜਵਾਨ ਪੀੜ੍ਹੀ ਨੂੰ ਸੈਰ-ਸਪਾਟੇ ਵਜੋਂ ਭਾਰਤ ਅਤੇ ਖਾਸ ਤੌਰ ‘ਤੇ ਘੱਟੋ-ਘੱਟ ਪੰਜਾਬ ਦਾ ਦੌਰਾ ਕਰਨ ਲਈ ਸਹੂਲਤ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਸਕੂਲ ਅਤੇ ਯੂਨੀਵਰਸਿਟੀ ਪੱਧਰ ‘ਤੇ ਨੌਜਵਾਨਾਂ ਵਿਚਾਰੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਢੇ ਜਾਣਗੇ। ਮੈਡੀਕਲ ਸੈਰ ਸਪਾਟਾ ਨੂੰ ਦੇਖਦਿਆਂ ਐਪ ਰਾਹੀਂ ਪਰਵਾਸੀਆਂ ਨੂੰ ਬਿਹਤਰ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਦੀ ਜਾਣਕਾਰੀ ਮੁਹੱਈਆ ਵੀ ਕਰਵਾਈ ਜਾਵੇਗੀ।ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਦੇ ਵਿਕਾਸ ਵਿੱਚ ਪਰਵਾਸੀ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਪੰਜਾਬੀਆਂ ਨੇ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਮਣਾ ਖੱਟਿਆ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਕਰੀਬ ਤੀਜੀ ਪੀੜ੍ਹੀ ਵਿਸ਼ਵ ਭਰ ਵਿੱਚ ਰਹਿ ਰਹੀ ਹੈ। ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਨੌਜਵਾਨ ਪੀੜ੍ਹੀ-ਦਰ-ਪੀੜ੍ਹੀ ਆਪਣੀ ਜੜ੍ਹਾਂ ਤੋਂ ਵੱਖ ਹੋ ਰਹੇ ਹਨ। ਜ਼ਿਆਦਾਤਰ ਪਰਵਾਸੀ ਭਾਰਤ ਵਿੱਚ ਆਪਣੀਆਂ ਜਾਇਦਾਦਾਂ ਸਿਰਫ਼ ਇਸ ਕਾਰਨ ਵੇਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਵਿੱਚ ਨਹੀਂ ਆਉਣਾ ਚਾਹੁੰਦੀ ਅਤੇ ਉਹ ਆਪਣੇ ਮਾਪਿਆਂ ਦੀਆਂ ਜਾਇਦਾਦਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ।ਜ਼ਮੀਨਾਂ ਦੀ ਵਿਕਰੀ ਨਾ ਸਿਰਫ਼ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ ਤੋਂ ਖੋਹ ਲਵੇਗੀ ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਢਾਂਚੇ ‘ਤੇ ਵੀ ਮਾੜਾ ਅਸਰ ਪਾਵੇਗੀ। ਇਹ ਸਾਡੇ ਲਈ ਸੋਚਣ ਵਾਲੀ ਗੱਲ ਹੈ।ਇਨ੍ਹਾਂ ਕਾਰਨਾਂ ਦੀ ਪੜਚੋਲ ਅਤੇ ਇਸ ਦੇ ਹੱਲ ਲਈ ਉਨ੍ਹਾਂ ਸਬੰਧਤ ਧਿਰਾਂ ਨਾਲ ਵਿਚਾਰਾਂ ਕਰਕੇ ਇਹ ਭਵਿੱਖੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।
ਤ੍ਰਿਪਤ ਬਾਜਵਾ ਨੇ ਨਵੇਂ ਚੁਣੇ ਗਏ 14 ਮੱਛੀ ਪਾਲਣ ਅਫਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ
ਸੇਮ ਪ੍ਰਭਾਵਿਤ ਇਲਾਕਿਆਂ ਵਿੱਚ ਝੀਂਗਾ ਮੱਛੀ ਨੂੰ ਉਤਸ਼ਾਹਤ ਕਰਨ ਉੱਤੇ ਦਿੱਤਾ ਜਾ ਰਿਹੈ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਅੱਜ ਇੱਥੇ ਨਵੇਂ ਚੁਣੇ ਗਏ 14 ਮੱਛੀ ਪਾਲਣ ਅਫਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ।ਇਸ ਮੌਕੇ ਉਨ੍ਹਾਂ ਨੇ ਨਵੇਂ ਮੱਛੀ ਪਾਲਣ ਅਫਸਰਾਂ ਨੂੰ ਤਨਦੇਹੀ ਤੇ ਮਿਹਨਤ ਨਾਲ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੋਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਮੰਤਰੀ ਨੇ ਇਸ ਮੌਕੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਮੱਛੀ ਪਾਲਣ ਵਿਭਾਗ ਕਿਸਾਨਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਿਤ ਇਲਾਕਿਆ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਾਫੀ ਉੱਧਮ ਕੀਤਾ ਜਾ ਰਿਹਾ ਹੈ। ਇਨ੍ਹਾਂ ਇਲਾਕਿਆ ਵਿੱਚ ਝੀਂਗਾ ਪਾਲਣ ਨੂੰ ਖਾਸ ਤੌਰ ਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਕਿਸਾਨ 1 ਏਕੜ ਰਕਬੇ ਵਿੱਚੋਂ 3 ਲੱਖ ਰਪੁਏ ਦੀ ਸੁੱਧ ਆਮਦਨੀ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸਾਲ 850 ਏਕੜ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ ਹੈ। ਆਉਣ ਵਾਲੇ 5 ਸਾਲਾਂ ਦੌਰਾਨ ਝੀਂਗਾ ਪਾਲਣ ਨੂੰ 5000 ਏਕੜ ਰਕਬੇ ਵਿੱਚ ਪ੍ਰਫੁੱਲਿਤ ਕੀਤਾ ਜਾਵੇਗਾ। ਝੀਂਗਾ ਪਾਲਣ ਦੇ ਵਿਕਾਸ ਲਈ ਸਰਕਾਰ ਵੱਲੋਂ ਪਿੰਡ ਈਨਾਖੇੜਾ, ਬਲਾਕ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਟ੍ਰੇਨਿੰਗ-ਕਮ-ਡੈਮੋਸਟ੍ਰੇਸ਼ਨ ਯੂਨਿਟ ਸਥਾਪਿਤ ਕਰਵਾਇਆ ਗਿਆ ਹੈ। ਇਸ ਸੈਂਟਰ ਵਿਖੇ ਝੀਂਗਾ ਕਿਸਾਨਾਂ ਨੂੰ ਮੁਫਤ ਟ੍ਰੇਨਿੰਗ ਅਤੇ ਮਿੱਟੀ-ਪਾਣੀ ਜਾਂਚ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।ਸ. ਬਾਜਵਾ ਨੇ ਦੱਸਿਆ ਕਿ ਵਧੀਆ ਕਿਸਮ ਦਾ ਮੱਛੀ ਪੂੰਗ ਰਿਆਇਤੀ ਦਰਾ ਤੇ ਕਿਸਾਨਾਂ ਨੂੰ ਪ੍ਰਦਾਨ ਕਰਨ ਲਈ ਇੱਕ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਅਲੀਸ਼ੇਰ ਖੁਰਦ, ਜਿਲ੍ਹਾ ਮਾਨਸਾ ਵਿਖੇ ਸਥਾਪਿਤ ਕੀਤਾ ਗਿਆ ਹੈ । ਇਸੇ ਤਰਜ ਤੇ ਇੱਕ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਕਿੱਲਿਆ ਵਾਲੀ, ਜਿਲ੍ਹਾ ਫਾਜਿਲਕਾ ਵਿਖੇ ਸਥਾਪਿਤ ਕਰਵਾਇਆ ਜਾ ਰਿਹਾ ਹੈ, ਇਹ ਮੱਛੀ ਪੂੰਗ ਫਾਰਮ ਆਉਣ ਵਾਲੇ ਸਾਲ 2022 ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪੀ.ਐੱਮ.ਐੱਮ.ਐੱਸ.ਵਾਈ ਸਕੀਮ ਅਧੀਨ 45.82 ਕਰੋੜ ਰੁਪਏ ਅਲੱਗ-ਅਲੱਗ ਪ੍ਰੋਜੈਕਟ ਮੱਛੀ ਪਾਲਣ ਸੈਕਟਰ ਅਧੀਨ ਸਥਾਪਿਤ ਕਰਵਾਏ ਜਾ ਰਹੇ ਹਨ। ਜਿਸ ਨਾਲ ਰਾਜ ਵਿੱਚ ਮੱਛੀ ਪਾਲਣ ਨੂੰ ਬਹੁਤ ਹੁੰਗਾਰਾ ਮਿਲੇਗਾ। ਮੱਛੀ ਦੀ ਵਧੀਆ ਮੰਡੀਕਰਣ ਲਈ 1 ਹੋਰ ਨਵੀਂ ਥੋਕ-ਕਮ-ਰਿਟੇਲ ਮੱਛੀ ਮਾਰਕਿਟ ਪਟਿਆਲਾ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। ਮੱਛੀ ਕਿਸਾਨਾਂ ਨੂੰ ਮਿੱਟੀ ਪਰਖ ਸਹੂਲਤ ਪ੍ਰਦਾਨ ਕਰਵਾਉਣ ਲਈ 6 ਅਤਿ ਆਧੁਨਿਕ ਲੈਬਾਂ ਸਥਾਪਿਤ ਕਰਵਾਈਆ ਗਈਆ ਹਨ।ਉਨ੍ਹਾਂ ਅੱਗੇ ਦੱਸਿਆ ਕਿ ਰੋਜ਼ਗਾਰ ਦੇ ਸਾਧਨ ਉਤਪੰਨ ਕਰਨ ਵਾਸਤੇ ਪੰਜਾਬ ਵਿੱਚ ਪਹਿਲੀ ਵਾਰ ਮੱਛੀ ਦੀ ਢੋਆ-ਢਵਾਈ ਵਾਸਤੇ ਟ੍ਰਾਂਸਪੋਰਟ ਵਹੀਕਲ ਜਿਵੇਂ ਕਿ ਸਾਇਕਲ, ਮੋਟਰ-ਸਾਇਕਲ,ਆਟੋ ਰਿਕਸ਼ਾ, ਇੰਨਸੁਲੇਟਡ ਤੇ ਰੀਫਰ ਗੱਡੀਆਂ ਸਬਸਿਡੀ ਤੇ ਨੋਜਵਾਨਾਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੱਛੀ ਪਾਲਣ ਦੀਆਂ ਉਨੱਤ ਤਕਨੀਕਾਂ ਜਿਵੇਕਿ ਰੀ-ਸਰਕੁਲੈਟਰੀ ਐਕੁਆਕਲਚਰ ਸਿਸਟਮ (ਆਰ.ਏ.ਐਸ.) ਅਤੇ ਬਾਇਓ ਫਲਾਕ ਟੈਕਨਾਲੋਜੀ ਨੂੰ ਪੰਜਾਬ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਤਕਨੀਕਾਂ ਦੀ ਮੱਦਦ ਨਾਲ ਬਹੁਤ ਘੱਟ ਰਕਬੇ ਵਿੱਚ ਮੱਛੀ ਉਤਪਾਦਨ ਕੀਤਾ ਜਾ ਸਕਦਾ ਹੈ। ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਵਾਸਤੇ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਅੰਬਾਲਾ ਵਿਚ ਡੋਮੇਸਟਿਕ ਏਅਰਪੋਰਟ ਦੇ ਲਈ 40 ਕਰੋੜ ਰੁਪਏ ਮੰਜੂਰ – ਗ੍ਰਹਿ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਅੰਬਾਲਾ ਵਿਚ ਡੋਮੇਸਟਿਕ ਏਅਰਪੋਰਟ ਨਿਰਮਾਣ ਦੇ ਲਈ 40 ਕਰੋੜ ਰੁਪਏ ਦੀ ਮੰਜੂਰੀ ਮਿਲ ਗਈ ਹੈ। ਇਸ ਰਕਮ ਨਾਲ ਅੰਬਾਲਾ ਏਅਰਫੋਰਸ ਸਟੇਸ਼ਨ ਦੇ ਠੀਕ ਨਾਲ ਨਵਾਂ ਟਰਮੀਨਲ ਬਣਾਇਆ ਜਾਵੇਗਾ, ਜਿੱਥੋਂ ਹਵਾਈ ਜਹਾਜ ਦੇ ਲਹੀ ਯਾਤਰੀਆਂ ਨੂੰ ਟੈਕਸੀ-ਵੇ ‘ਤੇ ਲੈ ਜਾਇਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਕੇਂਦਰ ਦੇ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਇਹ ਰਕਮ ਮੰਜੂਰ ਕਰ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿਚ ਜਲਦੀ ਹੀ ਡੋਮੇਸਟਿਕ ਏਅਰਪੋਰਟ ਟਰਮੀਨਲ ਮੰਤਰਾਲੇ ਨਿਰਮਾਣ ਦੇ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤਰੀ ਕਨੈਕਟੀਵਿਟੀ ਯੋਜਨਾ ਦੇ ਤਹਿਤ ਉੜਾਨ ਯੋਜਨਾ ਨੂੰ ਲਾਂਚ ਕੀਤਾ ਗਿਆ ਸੀ। ਅੰਬਾਲਾ ਵਿਚ ਉੜਾਨ ਯੋਜਨਾ ਦਾ ਲਾਭ ਮਿਲ ਸਕੇ ਇਸ ਨੂੰ ਲੈ ਕੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ ਸਨ। ਇਸ ਯੋਜਲਾ ਵਿਚ ਅੰਬਾਲਾ ਨੂੰ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਇੱਥੇ ਏਅਰ ਕਨੈਕਟੀਵਿਟੀ ਪ੍ਰਦਾਨ ਕੀਤੀ ਜਾ ਸਕੇ। ਹੁਣ 40 ਕਰੋੜ ਰੁਪਏ ਦੀ ਰਕਮ ਮੰਜੂਰ ਹੋਣ ‘ਤੇ ਡੋਮੇਸਟਿਕ ਏਅਰਪੋਰਟ ਦਾ ਸਪਨਾ ਸਾਕਾਰ ਹੁੰਦਾ ਜਾ ਰਿਹਾ ਹੈ।ਅੰਬਾਲਾ ਏਅਰਫੋਰਸ ਸਟੇਸ਼ਨ ਦੇ ਆਲੇ-ਦੁਆਲੇ ਪਹਿਲੇ ਏਅਰਪੋਰਟ ਟਰਮੀਨਲ ਬਨਣਾ ਸੀ। ਇਸ ਦੇ ਲਈ ਪ੍ਰਸਾਸ਼ਨ ਨੇ ਪਹਿਲਾਂ ਏਅਰਫੋਰਸ ਸਟੇਸ਼ਨ ਦੇ ਨਾਲ ਲਗਦੇ ਪਿੰਡ ਧਨਕੌਰ, ਧਲਕੋਟ, ਗਰਨਾਲਾ ਤੇ ਬਰਨਾਲਾ ਵਿਚ ਜਮੀਨ ਦੇਖੀ ਸੀ। ਪਰ ਕਿਤੇ ਵੀ ਉਪਯੁਕਤ ਜਮੀਨ ਨਹੀਂ ਮਿਲ ਪਾ ਰਹੀ ਸੀ। ਗ੍ਰਹਿ ਮੰਤਰੀ ਸ੍ਰੀ ਵਿਜ ਨੇ ਵਿਸ਼ੇਸ਼ ਯਤਨਾਂ ਨਾਲ ਬਾਅਦ ਵਿਚ ਏਅਰਫੋਰਸ ਸਟੇਸ਼ਨ ਰੋਡ ‘ਤੇ ਮਿਲਟਰੀ ਡੇਅਰੀ ਫਾਰਮ ਦੇ ਕੋਲ ਸੇਨਾ ਦੀ ਜਮੀਨ ਦਾ ਚੋਣ ਡੋਮੇਸਟਿਕ ਏਅਰਪੋਰਟ ਦੇ ਲਈ ਕੀਤਾ ਗਿਆ। ਇਹ ਜਮੀਨ ਰੱਖਿਆ ਮੰਤਰਾਲੇ ਦੇ ਅਧੀਨ ਸੀ ਅਤੇ ਇਸ ਜਮੀਨ ‘ਤੇ ਏਅਰਪੋਰਟ ਟਰਮੀਨਲ ਬਨਾਉਣ ਦੇ ਲਈ ਗ੍ਰਹਿ ਮੰਤਰੀ ਸ੍ਰੀ ਵਿਜ ਨੇ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਇਸ ਦੀ ਮੰਜੂਰੀ ਦਿਵਾਈ ਜਿਸ ਦੇ ਬਾਅਦ ਕਾਰਵਾਈ ਤੇਜ ਹੋ ਸਕੀ।
ਪੰਜਾਬ ਨੂੰ ਰਿਮੋਰਟ ਨਾਲ ਚੱਲਣ ਵਾਲੀਆਂ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਵਾਲੀ ਸਰਕਾਰ ਦੀ ਜ਼ਰੂਰਤ ਨਹੀਂ : ਪ੍ਰਕਾਸ਼ ਸਿੰਘ ਬਾਦਲ
ਅਕਾਲੀ ਦਲ ਵੱਲੋਂ ਰਾਜਾਂ ਲਈ ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਨਾਲ ਅਸਲ ਸੰਘੀ ਢਾਂਚੇ ਦੀ ਸਥਾਪਨਾ ਦਾ ਸੱਦਾ
ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲ ਬੀਮਾ ਸਕੀਮ ਸ਼ੁਰੂ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਮੋਗਾ, 14 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇਸ਼ ਵਿਚ ਰਾਜਾਂ ਨੁੰ ਵਧੇਰੇ ਸਭਿਆਚਾਰਕ, ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਦੇ ਕੇ ਅਸਲ ਸੰਘੀ ਢਾਂਚਾ ਸਥਾਪਿਤ ਕੀਤੇ ਜਾਣ ਦਾ ਸੱਦਾ ਦਿੱਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਲਈ 50 ਹਜ਼ਾਰ ਰੁਪਏ ਦੀ ਫਸਲ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।ਅੱਜ ਮੋਗਾ ਵਿਚ ਹੋਈ ਰੈਲੀ ਵਿਚ ਆਪਣੇ ਜੀਵਨ ਦੇ ਸਭ ਤੋਂ ਵੱਡੇ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਦਿਆਂ ਘਾਗ ਸਿਆਸਤਦਾਨ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ 1996 ਵਾਲਾ ਇਤਿਹਾਸ ਦੁਹਰਾਏਗਾ ਜਦੋਂ ਉਸ ਵੇਲੇ ਗਠਜੋੜ ਨੇ ਸਾਂਝੇ ਯਤਨਾਂ ਨਾਲ ਸੂਬੇ ਵਿਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ।ਇਥੇ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਰੱਖੀ ਰੈਲੀ ਵਿਚ ਜੁੜੇ ਮਨੁੱਖਤਾ ਦੇ ਸਮੁੰਦਰ ਵਿਚ ਪਾਰਟੀ ਨੇ ਪੰਜਾਬੀਆਂ ਨੂੰ ਪਾਰਦਰਸ਼ੀ, ਜਵਾਬਦੇਹ ਤੇ ਸਭ ਨੂੰ ਨਾਲ ਲੈ ਕੇ ਸਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਚੋਣ ਸਪਸ਼ਟ ਤੇ ਸੌਖੀ ਹੈ। ਇਕ ਪਾਸੇ ਪੰਜਾਬੀਆਂ ਦੀ, ਪੰਜਬੀਆਂ ਲਈ ਤੇ ਪੰਜਾਬੀਆਂ ਵੱਲੋਂ ਸਰਕਾਰ ਹੋਵੇਗੀ ਤੇ ਦੂਜੇ ਪਾਸੇ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਹੋਣਗੀਆਂ ਜੋ ਰਿਮੋਰਟ ਕੰਟਰੋਲ ਨਾਲ ਚਲਾਈਆਂ ਜਾਂਦੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਾਂਗਰਸ ਸਮਾਜ ਦੇ ਗਰੀਬ ਤੇ ਐਸ ਸੀ ਵਰਗਾਂ ਨੂੰ ਪਹਿਲਾਂ ਇਹ ਦੱਸ ਕੇ ਜ਼ਲੀਲ ਕਰਦੀ ਰਹੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਪਹਿਲੀ ਪਸੰਦ ਨਹੀਂ। ਹੁਣ ਉਹ ਉਹਨਾਂ ਦੀ ਕਾਰਗੁਜ਼ਾਰੀ ਲਈ ਪਿੱਠ ਨਾ ਥਾਪੜ ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਨਾਲ ਐਲਾਲ ਕੇ ਜ਼ਲੀਲ ਕਰ ਰਹੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੇ ਇਕ ਹੰਢੇ ਹੋਏ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਾਈਚਾਰੇ ਨੁੰ ਇਹ ਕਹਿ ਕੇ ਜ਼ਲੀਲ ਕੀਤਾ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ ਪਰ ਬਾਅਦ ਵਿਚ ਮੀਡੀਆ ਨੁੰ ਇਹ ਰਿਪੋਰਟਾਂ ਲੀਕ ਕਰ ਦਿੱਤੀਆਂ ਗਈਆਂ ਕਿ ਉਹਨਾਂ ਦੇ ਭਾਈਚਾਰੇ ਵਿਚੋਂ ਕਾਂਗਰਸ ਕਿਸੇ ਨੁੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਫਿਰਕੂ ਖੇਡਾਂ ਕਾਂਗਰਸ ਲਈ ਕੋਈ ਨਵੀਂਆਂ ਨਹੀਂ ਪਰ ਇਹ ਬਹੁਤ ਹੀ ਮੰਦਭਾਗੀਆਂ ਤੇ ਫਿਰਕੂ ਸਦਭਾਵਨਾ ਲਈ ਖਤਰਨਾਕ ਹਨ। ਸਰਦਾਰ ਬਾਦਲ ਨੇ ਸਿੱਖ ਸੰਗਤ ਨੂੰ ਕੇਂਦਰ ਅਤੇ ਹੋਰ ਗੈਰ ਸਿੱਖ ਤਾਕਤਾਂ ਵੱਲੋਂ ਖਾਲਸਾ ਪੰਥ ਤੋਂ ਸੇਵਾ ਸੰਭਾਲ ਦਾ ਪਵਿੱਤਰ ਹੱਕ ਖੋਹਣ ਦੇ ਯਤਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨੁੰਨੀ ਤੌਰ ’ਤੇ ਕੌਮ ਦੇ ਚੁਣੇ ਗਏ ਪ੍ਰਤੀਨਿਧਾਂ ਵੱਲੋਂ ਪਵਿੱਤਰ ਗੁਰਧਾਮਾਂ ਦੀ ਜੋ ਸੇਵਾ ਸੰਭਾਲ ਖਾਲਸਾ ਪੰਥ ਕਰਦਾ ਹੈ, ਉਸਨੁੰ ਖੋਹਣ ਦੇ ਯਤਨ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਤੇ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਘਾਗ ਸਿਆਸਤਦਾਨ ਨੇ ਭਾਰਤ ਸਰਕਾਰ ਨੁੰ ਬੀਤੇ ਸਮੇਂ ਦੇ ਖਤਰਨਾਕ ਜ਼ੋਖ਼ਮ ਨੁੰ ਦੁਹਰਾਉਣ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਪੰਜਾਬ ਅਤੇ ਬਾਹਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋਵੇ। ਇਸ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਬੋਲ ਸੋ ਨਿਹਾਲ ਦੇ ਜੈਕਾਰਿਆਂ ਦੇ ਵਿਚ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰੇਗੀ। ਉਹਨਾਂ ਕਿਹਾ ਕਿ ਅਗਲੀ ਸਰਕਾਰ ਰੇਤ ਤੇ ਸ਼ਰਾਬ ਦੇ ਵਪਾਰ ’ਤੇ ਏਕਾਧਿਕਾਰ ਨੁੰ ਖ਼ਤਮ ਕਰੇਗੀ ਅਤੇ ਇਕ ਇਕ ਰੇਤ ਖੱਡ ਦਾ ਠੇਕਾ ਤੇ ਇਕ ਇਕ ਸ਼ਰਾਬ ਦਾ ਠੇਕਾ ਇਕ ਇਕ ਵਿਅਕਤੀ ਨੂੰ ਦਿੱਤਾ ਜਾਵੇਗਾ । ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ।ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਿਸੇ ਨੁੰ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੈਂ ਪੰਜਾਬ ਨੁੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਸੰਘਵਾਦ ਦੀ ਆਵਾਜ਼ ਬੁਲੰਦ ਕਰਲ ਵਾਲੀ ਪਹਿਲੀ ਪਾਰਟੀ ਹੈ। ਉਹਨਾਂ ਕਿਹਾ ਕਿ ਹੁਣ ਸਾਰੀਆਂ ਖੇਤੀ ਪਾਰਟੀਆਂ ਵੀ ਸੰਘੀ ਹੱਕਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਰਾਜਾਂ ਦੇ ਸੰਘੀ ਹੱਕ ਸੁਰੱਖਿਅਤ ਹੁੰਦੇ ਤਾਂ ਫਿਰ 3 ਖੇਤੀ ਕਾਨੂੰਨਾਂ ਵਰਗੇ ਕਾਲੇ ਕਾਨੂੰਨ ਬਿਨਾਂ ਰਾਜਾਂ ਦੀ ਮਰਜ਼ੀ ਬਗੈਰ ਲਾਗੂ ਹੀ ਨਾ ਹੁੰਦੇ। ਉਹਨਾਂ ਕਿਹਾ ਕਿ ਅਸੀੀ ਦੇਸ਼ ਵਿਚ ਸ਼ੰਘੀ ਸਰੂਪ ਮਜ਼ਬੂਤ ਕਰਨ ਪ੍ਰਤੀ ਵਚਨਬੱਧ ਹਾਂ। ਇਸ ਮੌਕੇ ਪਾਰਟੀ ਦੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੌਮੀ ਪੱਧਰ ’ਤੇ ਸੰਘੀ ਢਾਂਚਾ ਮਜ਼ਬੂਤ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਲਈ ਮਤਾ ਪੇਸ਼ ਕੀਤਾ ਜਿਸਨੁੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ। ਮੋਗਾ ਕਾਨਫਰੰਸ ਦੌਰਾਨ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਯਤਨਾਂ ਦੀ ਨਿਖੇਧੀ ਕਰਦਾ ਮਤਾ ਵੀ ਪਾਸ ਕੀਤਾ ਗਿਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੁੰ ਚੇਤਾਵਨੀ ਦਿੱਤੀ ਗਈ ਕਿ ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਮਤਾ ਜੋ ਡਾ. ਦਲਜੀਤ ਸਿੰਘ ਚੀਮਾ ਨੇ ਪੜ੍ਹ ਕੇ ਸੁਣਵਾਇਆ ਵਿਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਤਬਾਦਲਿਆਂ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਲਈ ਅਸਤੀਫਾ ਵੀ ਮੰਗਿਆ ਗਿਆ। ਇਹ ਵੀ ਮੰਗ ਕੀਤੀ ਗਈ ਕਿ ਗ੍ਰਹਿ ਮੰਤਰੀ ਦੇ ਖਿਲਾਫ ਐਸ ਐਸ ਪੀਜ਼ ਦੀਆਂ ਬਦਲੀਆਂ ਕਰਨ ਲਈ ਰਿਸ਼ਵਤ ਲੈਣ ਦੇ ਉਹਨਾਂ ਦੇ ਹੀ ਕੈਬਨਿਟ ਦੇ ਸਾਥੀ ਵੱਲੋਂ ਲਗਾਏ ਦੋਸ਼ਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਮਿਸ਼ਰਾ ਨੇ ਇਸ ਮੌਕੇ ਕਿਹਾ ਕਿ ਗਠਜੋੜ 100 ਤੋਂ ਵੱਧ ਸੀਟਾਂ ਜਿੱਤ ਕੇ ਆਉਂਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਕਿਹਾ ਕਿ ਗਠਜੋੜ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਤਾਕਤਵਰ ਬਣਾਉਣ ਲਈ ਕੰਮ ਕਰੇਗਾ। ਬਸਪਾ ਦੇ ਪੰਜਾਬ ਦੇ ਇੰਚਾਰਜ ਰਣਧੀਰ ਬੈਨੀਵਾਲ ਅਤੇ ਸੁਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਹਿੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜ੍ਹੀਆ ਅਤੇ ਜਗਮੀਤ ਬਰਾੜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਤੇ ਐਮ ਪੀ ਨਰੇਸ਼ ਗੁਜਰਾਲ ਵੀ ਹਾਜ਼ਰ ਸਨ।
ਵਿਧਾਇਕ ਪ੍ਰੀਤਮ ਕੋਟਭਾਈ ਨੇ ਇਤਿਹਾਸਕ ਸੜਕ ਦਾ ਨੀਂਹ ਪੱਥਰ ਰੱਖਿਆ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਅਪਣੇ ਹਲਕੇ ਵਿਚ ਨਥਾਣਾ ਤੋਂ ਕਲਿਆਣ ਤੱਕ ਵਾਇਆ ਨਾਥਪੁਰਾ ਤੱਕ ਪੈਂਦੀ ਇਤਿਹਾਸਕ ਰਾਸਤੇ ਦਾ ਨੀਂਹ ਪੱਥਰ ਰੱਖਿਆ। ਮੁਗਲ ਕਾਲ ’ਚ ਬਣੀ ਇਸ ਸੜਕ ਦੀ ਦੀ ਹਾਲਾਤ ਕਾਫ਼ੀ ਖ਼ਸਤਾ ਸੀ। ਇਸ ਸੜਕ ਨੂੰ ਗੁਰੁੂ ਨਾਨਕ ਦੇਵ ਮਾਰਗ ਦਾ ਨਾਂ ਵੀ ਦਿੱਤਾ ਹੋਇਆ ਹੈ। ਵਿਧਾਇਕ ਕੋਟਭਾਈ ਨੇ ਦਸਿਆ ਕਿ ਕਰੀਬ 11 ਕਿਲੋਮੀਟਰ ਲੰਮੀ ਇਸ ਸੜਕ ਉਪਰ ਸਵਾ ਤਿੰਨ ਕਰੋੜ ਆਵੇਗਾ ਤੇ ਇਸ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸੀ ਆਗੂ ਹਾਜ਼ਰ ਸਨ।
ਐਸ ਡੀ ਐਮ ਦਾ ਰੀਡਰ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਸੁਖਜਿੰਦਰ ਮਾਨ
ਮਾਨਸਾ, 13 ਦਸੰਬਰ:ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸਬ ਡਿਵੀਜ਼ਨ ਬੁਢਲਾਡਾ ਵਿਖੇ ਐਸ.ਡੀ.ਐਮ ਦਫਤਰ ਦੇ ਰੀਡਰ ਰਣਜੀਤ ਸਿੰਘ ਨੂੰ 20, 000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐਸ.ਐਸ.ਪੀ ਦੇਸ ਰਾਜ ਨੇ ਦਸਿਆ ਕਿ ਰਣਜੀਤ ਸਿੰਘ ਵਿਰੁਧ ਗੁਰਜੀਤ ਸਿੰਘ ਵਾਸੀ ਪਿੰਡ ਟਾਹਲੀਆਂ ਤਹਿਸੀਲ ਬੁਢਲਾਡਾ ਨੇ ਸ਼ਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦਸਿਆ ਸੀ ਕਿ ਦੁਕਾਨ ਦੀ ਜਗ੍ਹਾ ਦਾ ਮੁਆਵਜਾ ਦਿਵਾਉਣ ਬਦਲੇ ਉਕਤ ਰੀਡਰ ਨੇ ਇਹ ਰਿਸ਼ਵਤ ਦੀ ਮੰਗ ਉਕਤ ਮੁਲਾਜਮ ਵਲੋਂ ਕੀਤੀ ਜਾ ਰਹੀ ਸੀ। ਜਿਸਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20, 000 ਰੁਪਏ ਲੈਂਦੇ ਹੋਏ ਗਿ੍ਰਫਤਾਰ ਕਰ ਲਿਆ। ਐਸਐਸਪੀ ਮੁਤਾਬਕ ਕਥਿਤ ਦੋਸ਼ੀ ਵਿਰੁਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਚ ਕੇਸ ਦਰਜ਼ ਕਰ ਲਿਆ ਗਿਆ ਹੈ।
ਸਾਬਕਾ ਅਕਾਲੀ ਵਿਧਾਇਕ ਦਾ ਪੁੱਤਰ ਕਾਂਗਰਸ ਪਾਰਟੀ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਦੇ ਸਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਆਈਏਟੀ ਹਰਦਿਆਲ ਸਿੰਘ ਰਾਜਲਾ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਰਾਜਲਾ ਦਾ ਪਾਰਟੀ ‘ਚ ਸਵਾਗਤ ਕੀਤਾ ਅਤੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਨਾਲ ਪਾਰਟੀ ਹੇਠਲੇ ਪੱਧਰ ‘ਤੇ ਹੋਰ ਮਜਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਪਾਰਟੀ ਦਾ ਦਰਜਾ ਵੀ ਹੋਰ ਮਜ਼ਬੂਤ ਹੋਵੇਗਾ।
ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਦੇ 28 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਭੇਜੀ ਸੂਚੀ ਨੂੰ ਮੰਨਜੂਰੀ ਦਿੰਦਿਆਂ 28 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਨਵੇਂ ਲਗਾਏ ਪ੍ਰਧਾਨਾਂ ਦੇ ਨਾ ਲ ਕਾਰਜ਼ਕਾਰੀ ਪ੍ਰਧਾਨ ਵੀ ਲਗਾਏ ਗਏ ਹਨ, ਜਿਸ ਉਪਰ ਸਿੱਧੂ ਵਿਸ਼ੇਸ ਜੋਰ ਦੇ ਰਹੇ ਸਨ। ਜਾਰੀ ਸੂਚੀ ਤਹਿਤ ਤਿੰਨ-ਚਾਰ ਪ੍ਰਧਾਨਾਂ ਨੂੰ ਛੱਡ ਪੁਰਾਣੇ ਸਾਰੇ ਪ੍ਰਧਾਨ ਬਦਲ ਦਿੱਤੇ ਗਏ ਹਨ। ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਮੁਕਤਸਰ ਦੇ ਹਰਚਰਨ ਸਿੰਘ ਸੋਥਾ ਤੇ ਸ਼੍ਰੀ ਅੰਮਿ੍ਰਤਸਰ ਸਾਹਿਬ ’ਚ ਪੁਰਾਣੇ ਪ੍ਰਧਾਨਾਂ ਨੂੰ ਮੁੜ ਜਿੰਮੇਵਾਰੀ ਦਿੱਤੀ ਗਈ ਹੈ।











