Sunday, May 17, 2026
Home Blog Page 433

ਤਿਉਹਾਰੀ ਸੀਜ਼ਨ ਮੌਕੇ ਸੁਰੱਖਿਆ ਦੇ ਪੱਕੇ ਪ੍ਰਬੰਧ:ਐਸ.ਐਸ.ਪੀ ਡਾ. ਅਖਿਲ ਚੌਧਰੀ

0

Muktsar News:ਤਿਉਹਾਰ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਡਾ. ਅਖਿਲ ਚੌਧਰੀ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ।ਜਿੱਥੇ ਉਨਾਂ ਵੱਲੋਂ ਖੁਦ ਰਾਤ ਸਮੇਂ ਰਾਮ ਲੀਲਾ ਗਰਾਊਂਡ ਅਤੇ ਸ਼ਹਿਰ ਦੇ ਵੱਖ-ਵੱਖ ਨਾਕਿਆਂ ਤੇ ਚੈਕਿੰਗ ਕੀਤੀ ਗਈ ਅਤੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਧ ਸੁਰੱਖਿਆ ਪ੍ਰਬੰਧਾਂ ਲਈ 500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ਅਤੇ ਭੀੜ ਵਾਲੇ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ Jalandhar Rural Police ਵੱਲੋਂ ਮੁਕਾਬਲੇ ਤੋਂ ਬਾਅਦ ਨਾਮੀ ਬਦਮਾਸ਼ ਕਾਬੂ, ਹੋਇਆ ਜਖ਼ਮੀ

ਸ਼ਹਿਰ ਦੇ ਮੁੱਖ ਚੌਰਾਹਿਆਂ, ਅੰਦਰੂਨੀ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ ਚਾਰੇ ਸਬ ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਵੱਖ-ਵੱਖ ਨਾਕੇ ਲਗਾਏ ਗਏ ਹਨ ਹਰ ਨਾਕੇ ਤੇ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੀ.ਸੀ.ਆਰ ਮੋਟਰਸਾਈਕਲ ਅਤੇ ਗਸ਼ਤ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਤੇ ਨਿਗਹਾ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ ਬਠਿੰਡਾ ਪੱਟੀ ਦੇ ਨਾਮੀ ਅਕਾਲੀ ਆਗੂ ਦੀ ਪਤਨੀ ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼, ਜਾਣੋਂ ਮਾਮਲਾ

👉ਨਾਈਟ ਡੋਮੀਨੇਸ਼ਨ ਹੋਵੇਗਾ ਹੋਰ ਮਜ਼ਬੂਤ
ਐਸ.ਐਸ.ਪੀ ਨੇ ਕਿਹਾ ਕਿ ਰਾਤ ਦੇ ਸਮੇਂ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਰਾਤ ਸਮੇਂ ਸੁਰੱਖਿਆ ਦੇ ਪੱਖੋਂ ਬੱਸ ਅੱਡੇ ਦੇ ਨਜ਼ਦੀਕ ਲੰਬੇ ਸਮੇਂ ਤੋਂ ਲਿਵਾਰਸ ਅਵਸਥਾ ਵਿੱਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ‘ਵਾਹਨ ਐਪ’ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫਾਈ ਕੀਤਾ ਤੇ ਉਹਨਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੇਰੀਫਾਈ ਕੀਤਾ ਗਿਆ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿੱਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ਵਿੱਚ ਲੋੜੀਂਦਾ ਤਾਂ ਨਹੀਂ ਹੈ। ਇਸ ਤੋਂ ਇਲਾਵਾ ਰਾਤ ਸਮੇਂ ਵੱਖ-ਵੱਖ ਪੁਲਿਸ ਟੀਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਜਾ ਰਹੇ ਹਨ ਮੁੱਖ ਰੂਟਾਂ, ਕਾਲੋਨੀਆਂ, ਬਜ਼ਾਰਾਂ, ਜਿੱਥੇ ਆਵਾਜਾਈ ਵਧੇਰੇ ਆਉਣ-ਜਾਣ ਰਹਿੰਦੀ ਹੈ – ਉਥੇ ਨਾਕੇ ਲਗਾ ਕੇ ਹਰ ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਪੱਟੀ ਦੇ ਨਾਮੀ ਅਕਾਲੀ ਆਗੂ ਦੀ ਪਤਨੀ ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼, ਜਾਣੋਂ ਮਾਮਲਾ

0

Mansa News: ਬਠਿੰਡਾ ਲੋਕ ਸਭਾ ਹਲਕੇ ਦੇ ਨਾਮੀ ਅਕਾਲੀ ਆਗੂ ਮੰਨੇ ਜਾਂਦੇ ਨਿਰਵੈਰ ਸਿੰਘ ਬੁਰਜ ਹਰੀ ਦੀ ਪਤਨੀ ਵਿਰੁਧ ਮਾਨਸਾ ਸਿਟੀ ਪੁਲਿਸ ਨੇ ਦਸਤਾਵੇਜ਼ ਨਾਲ ਛੇੜਛਾੜ ਦੇ ਦੋਸ਼ਾਂ ਅਧੀਨ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਚੋਣ ਰਜਿਸਟ੍ਰੇਸ਼ਨ ਅਫਸਰ ਵੱਲੋਂ ਪੜ੍ਹਤਾਲ ਕੀਤੀ ਗਈ ਸੀ ਤੇ ਪੜ੍ਹਤਾਲ ਤੋਂ ਬਾਅਦ ਥਾਣਾ ਸਿਟੀ 2 ਮਾਨਸਾ ਦੀ ਪੁਲੀਸ ਨੂੰ ਸੁਖਬੀਰ ਕੌਰ ਦੇ ਵਿਰੁਧ ਕਾਰਵਾਈ ਲਈ ਹੁਕਮ ਦਿੱਤੇ ਗਏ ਸਨ। ਹਾਲਾਂਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਆਪਣੀ ਪਤਨੀ ਵਿਰੁਧ ਹੋਈ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਤ ਦਸਿਆ ਹੈ।

ਇਹ ਵੀ ਪੜ੍ਹੋ Jalandhar Rural Police ਵੱਲੋਂ ਮੁਕਾਬਲੇ ਤੋਂ ਬਾਅਦ ਨਾਮੀ ਬਦਮਾਸ਼ ਕਾਬੂ, ਹੋਇਆ ਜਖ਼ਮੀ

ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਕੌਰ, ਜੋਕਿ ਵਿਦੇਸ਼ ਵਿਚ ਰਹਿੰਦੀ ਹੈ, ਵਿਰੁਧ ਇਹ ਦੋਸ਼ ਲਗਾਏ ਗਏ ਸਨ ਕਿ ਉਸਨੇ ਆਪਣੇ ਆਧਾਰ ਕਾਰਡ ਵਿਚ ਬਿਨ੍ਹਾਂ ਸਰਕਾਰੀ ਮੰਨਜੂਰੀ ਛੇੜਛਾੜ ਕਰਕੇ ਉਸਦੇ ਆਧਾਰ ‘ਤੇ ਪਿੰਡ ਵਿਚ ਜਾਅਲੀ ਵੋਟ ਬਣਾਈ ਹੈ।ਇਸ ਸਿਕਾਇਤ ਦੀ ਪੜ੍ਹਤਾਲ ਜਾਰੀ ਰਹੀ ਤੇ ਹੁਣ ਇਹ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਨਿਰਵੈਰ ਸਿੰਘ ਬੁਰਜ ਹਰੀ ਬਾਦਲ ਪ੍ਰਵਾਰ ਦੇ ਕਾਫ਼ੀ ਨਜਦੀਕੀ ਮੰਨਿਆ ਜਾਂਦਾ ਹੈ ਤੇ ਉਹ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Jalandhar Rural Police ਵੱਲੋਂ ਮੁਕਾਬਲੇ ਤੋਂ ਬਾਅਦ ਨਾਮੀ ਬਦਮਾਸ਼ ਕਾਬੂ, ਹੋਇਆ ਜਖ਼ਮੀ

0

Jalandhar News: Jalandhar Rural Police ਵੱਲੋਂ ਸ਼ੁੱਕਰਵਾਰ ਦੀ ਦੇਰ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਲੁੱਟਖੋਹ ਦੇ ਇੱਕ ਨਾਮੀ ਬਦਮਾਸ਼ ਨੂੰ ਕਾਬੂ ਕਰਨ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਜ਼ੋਰਾ ਸਿੰਘ ਨਾਮਕ ਬਦਮਾਸ਼ ਪੁਲਿਸ ਦੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ, ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦਸਿਆ ਕਿ ਜਖ਼ਮੀ ਜ਼ੋਰਾ ਸਿੰਘ ਵਿਰੁਧ ਪਹਿਲਾਂ ਵੀ ਕਈ ਪਰਚੇ ਦਰਜ਼ ਹਨ ਅਤੇ ਇਸਦੇ ਗਰੁੱਪ ਵੱਲੋਂ ਹੀ ਲੰਘੀ 23 ਸਤੰਬਰ 2025 ਦੀ ਰਾਤ ਨੂੰ ਜਾਮਨਗਰ-ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈਸਵੇਅ ਦੇ ਠੇਕੇਦਾਰ ਦੇ ਮੁਲਾਜਮਾਂ ਨੂੰ ਹਥਿਆਰਾਂ ਦੀ ਨੌਕ ‘ਤੇ ਲੁੱਟਿਆ ਗਿਆ ਸੀ। ਇਸ ਘਟਨਾ ਦੌਰਾਨ ਮੁਲਜਮਾਂ ਨੇ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਨੂੰ ਵਿਰੋਧ ਕਰਨ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਤੇ ਹਜ਼ਾਰਾਂ ਰੁਪਏ ਦੀ ਨਗਦੀ ਖੋਹ ਲਈ ਸੀ। ਜਿਸਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਗੈਂਗ ਦੇ ਇੱਕ ਮੁੱਖ ਮੁਲਜਮ ਜ਼ੋਰਾ ਸਿੰਘ ਦੇ ਸ਼ਾਹਕੋਟ ਇਲਾਕੇ ਵਿਚ ਹੋਣ ਬਾਰੇ ਪਤਾ ਚੱਲਿਆ ਸੀ।

ਇਹ ਵੀ ਪੜ੍ਹੋ ਦਰਦਨਾਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਹੋਈ ਮੌ+ਤ

ਜਿਸਦੇ ਚੱਲਦੇ ਡੀਐਸਪੀ ਸ਼ਾਹਕੋਟ ਓਕਾਂਰ ਸਿੰਘ ਬਰਾੜ ਤੇ ਐਸਐਸਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਪਿੱਛਾ ਕੀਤਾ ਗਿਆ ਪ੍ਰੰਤੂ ਪਿੰਡ ਜਾਫ਼ਰਪੁਰ ਕੋਲ ਮੁਲਜਮ ਨੇ ਸਾਹਮਣੇ ਆਉਣ ‘ਤੇ ਪੁਲਿਸ ਪਾਰਟੀ ਉੱਪਰ ਗੋਲੀ ਚਲਾ ਦਿੱਤੀ ਤੇ ਜਵਾਬੀ ਗੋਲੀਬਾਰੀ ਵਿਚ ਉਸਦੀ ਲੱਤ ‘ਤੇ ਗੋਲੀ ਲੱਗੀ। ਜਿਸਨੂੰ ਬਾਅਦ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਜਮ ਜ਼ੋਰਾ ਸਿੰਘ ਪਿੰਡ ਪਿਪਲੀ ਥਾਣਾ ਲੋਹੀਆਂ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਐਸਐਸਪੀ ਨੇ ਅੱਗੇ ਦਸਿਆ ਕਿ ਮੁਲਜਮ ਜ਼ੋਰਾ ਸਿੰਘ ਵਿਰੁੱਧ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਐਨਡੀਪੀਐਸ ਐਕਟ, ਕਤਲ ਦੀ ਕੋਸ਼ਿਸ਼, ਚੋਰੀ, ਨਕਲੀ ਕਰੰਸੀ ਅਤੇ ਅਸਲਾ ਐਕਟ ਸ਼ਾਮਲ ਹਨ।


👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹਾਂ ਦੇ ਮੁੱਦੇ ’ਤੇ ਸਿਆਸਤ ਖੇਡਣ ਤੋਂ ਬਾਜ਼ ਨਾ ਆਈਆਂ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਵੱਲੋਂ ਸਖਤ ਆਲੋਚਨਾ

0

Chandigarh News:ਹੜ੍ਹਾਂ ਦੇ ਮੁੱਦੇ ਦੇ ਸਿਆਸੀਕਰਨ ਲਈ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਸੰਕਟ ਦੀ ਘੜੀ ਵਿੱਚ ਸੂਬੇ ਨਾਲ ਦਗਾ ਕਮਾਉਣ ਵਾਲੇ ਸੰਵੇਦਨਹੀਣ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੜ੍ਹਾਂ ’ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਹੜ੍ਹਾਂ ਦੇ ਸੰਕਟ ਵਾਲੇ ਸਮੇਂ ਇਕਜੁਟਤਾ ਪ੍ਰਗਟਾਉਣ ਦੀ ਬਜਾਏ ਸੂਬੇ ਦੇ ਇਹ ਅਖੌਤੀ ਤਜਰਬੇਕਾਰ ਸਿਆਸਤਦਾਨ ਸਰਕਾਰ ਵਿਰੁੱਧ ਜ਼ਹਿਰ ਉਗਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਸਿਰਫ਼ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ ਜੋ ਕਿ ਗੈਰ-ਵਾਜਬ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬੇ ਦੇ ਲੋਕ ਹੜ੍ਹਾਂ ਵਿੱਚ ਰਾਹਤ ਅਤੇ ਮੁੜ ਵਸੇਬੇ ਲਈ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਸਨ ਤਾਂ ਉਸ ਵੇਲੇ ਇਹ ਸਿਆਸਤਦਾਨ ਮੀਡੀਆ ਦੀ ਸੁਰਖੀਆਂ ਬਟੋਰਨ ਲਈ ਤਰਲੋਮੱਛੀ ਹੋ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਸੈਸ਼ਨ ਹੜ੍ਹਾਂ ਤੋਂ ਬਾਅਦ ਸੂਬੇ ਦੇ ਮੁੜ ਵਸੇਬੇ ‘ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ ਆਗੂਆਂ ਦੀ ਸੌੜੀ ਮਾਨਸਿਕਤਾ ਕਾਰਨ ਇਹ ਆਲੋਚਨਾ ਤੱਕ ਸਿਮਟ ਗਿਆ। ਉਨ੍ਹਾਂ ਕਿਹਾ ਕਿ ਪੰਜਾਬ, ਭਾਗਾਂ ਵਾਲੀ ਧਰਤੀ ਹੈ ਅਤੇ ਇੱਥੇ ਸਭ ਕੁਝ ਗੁਆ ਲੈਣ ਤੋਂ ਬਾਅਦ ਮੁੜ ਉਭਰਨ ਦੀ ਪ੍ਰਵਿਰਤੀ ਹੈ ਪਰ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਜਿਹੇ ਸਿਆਸਦਾਨਾਂ ਨੇ ਹਮੇਸ਼ਾ ਇਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਵੀ ਪੰਜਾਬੀਆਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਅੱਗੇ ਝੁਕਦੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਦੀ ਬਹਾਦਰੀ ਤੋਂ ਜਾਣੂੰ ਕਰਵਾਉਣ ਲਈ ਸਾਰਾਗੜ੍ਹੀ ਦੀ ਲੜਾਈ, ਲੌਂਗੇਵਾਲਾ ਦੀ ਲੜਾਈ ਅਤੇ ਹੋਰ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੱਤਾ।

ਇਹ ਵੀ ਪੜ੍ਹੋ  ਮਾਨ ਸਰਕਾਰ ਦੀ ਵੱਡੀ ਪ੍ਰਾਪਤੀ! ਇਨਫੋਸਿਸ ਕਰੇਗੀ 300 ਕਰੋੜ ਦਾ ਨਿਵੇਸ਼, 2,500 ਪੰਜਾਬੀਆਂ ਨੂੰ ਮਿਲੇਗਾ ਰੁਜ਼ਗਾਰ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ਨੂੰ ਕੋਈ ਸਮੱਸਿਆ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਪੰਜਾਬ ਨੇ ਢਾਲ ਬਣ ਕੇ ਦੇਸ਼ ਨੂੰ ਬਚਾਇਆ ਹੈ, ਭਾਵੇਂ ਉਹ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣਾ ਹੋਵੇ, ਆਪਣੀਆਂ ਸਰਹੱਦਾਂ ਦੀ ਰਾਖੀ ਕਰਨਾ ਹੋਵੇ ਜਾਂ ਕੌਮੀ ਆਜ਼ਾਦੀ ਸੰਘਰਸ਼ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਉਤੇ ਕੋਈ ਸੰਕਟ ਆਉਂਦਾ ਹੈ ਤਾਂ ਕੇਂਦਰ ਸਰਕਾਰ ਸਾਡੀਆਂ ਸਮੱਸਿਆਵਾਂ ਪ੍ਰਤੀ ਬੇਗਾਨਗੀ ਵਾਲਾ ਰਵੱਈਆ ਅਪਨਾਉਂਦੀ ਹੈ ਅਤੇ ਸੰਕਟ ਵਿੱਚ ਪੰਜਾਬ ਨੂੰ ਆਪਣੇ ਰਹਿਮੋ-ਕਰਮ ਉਤੇ ਛੱਡ ਦਿੰਦੀ ਹੈ। ਭਗਵੰਤ ਸਿੰਘ ਮਾਨ ਨੇ ਇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੀਨਾਨਗਰ ਹਮਲੇ ਤੋਂ ਬਾਅਦ ਪੰਜਾਬ ਨੂੰ ਭਾਰਤੀ ਫੌਜ ਦੀ ਕੀਮਤ ਅਦਾ ਕਰਨ ਲਈ ਕਿਹਾ ਗਿਆ ਸੀ, ਜੋ ਸਰਹੱਦ ਪਾਰ ਤੋਂ ਹੋਏ ਅੱਤਵਾਦੀ ਹਮਲੇ ਨੂੰ ਬੇਅਸਰ ਕਰਨ ਲਈ ਪੰਜਾਬ ਆਈ ਸੀ।ਇਸ ਗੰਭੀਰ ਸੰਕਟ ਦੀ ਘੜੀ ਵਿੱਚ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਮੁੜ ਪੈਰਾਂ ਉਤੇ ਖੜ੍ਹਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪੰਜਾਬ ਦੀ ਖਾਤਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਤੋਂ ਵੀ ਝਿਜਕਣਗੇ ਨਹੀਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਤੋਂ ਨਹੀਂ ਡਰਦੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਤਿਹਾਸ ਉਨ੍ਹਾਂ ਸਾਰਿਆਂ ਨੂੰ ਯਾਦ ਰੱਖੇਗਾ ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਸੂਬੇ ਦੀ ਭਲਾਈ ਲਈ ਕੰਮ ਕੀਤਾ ਅਤੇ ਜਿਨ੍ਹਾਂ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ।ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਤੇ ਆਪਣੇ ਮਤਭੇਦ ਭੁਲਾ ਕੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਆਪਣੇ ਰਸੂਖ਼ ਦੀ ਵਰਤੋਂ ਕਰਕੇ ਸੂਬੇ ਦੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਇਹੀ ਪੰਜਾਬ ਦੀ ਅਸਲ ਸੇਵਾ ਹੈ।

ਇਹ ਵੀ ਪੜ੍ਹੋ ਪੰਜਾਬ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਨਿਗੁਣੀ ਹੜ੍ਹ ਰਾਹਤ ਰਾਸ਼ੀ ਦੀ ਵਿੱਤ ਮੰਤਰੀ ਚੀਮਾ ਵੱਲੋਂ ਕਰੜੀ ਨਿਖੇਧੀ

ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਅਤੇ ਸਾਰੇ ਸਮਾਜ ਸੇਵੀ ਲੋਕਾਂ ਦੇ ਸਮਰਥਨ ਨਾਲ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਮੁੜ ਉਭਰੇਗਾ।ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਦੂਸ਼ਣਬਾਜ਼ੀ ਦੀ ਖੇਡ ਬੰਦ ਕਰਨ ਲਈ ਕਿਹਾ ਕਿਉਂਕਿ ਹੜ੍ਹ ਵਿਰੋਧੀਆਂ ਦੇ ਕਹਿਣ ਅਨੁਸਾਰ ਮਨੁੱਖ ਦੁਆਰਾ ਰਚੀ ਨਹੀਂ ਬਲਕਿ ਇੱਕ ਕੁਦਰਤੀ ਆਫ਼ਤ ਸੀ । ਉਨ੍ਹਾਂ ਵਿਰੋਧੀ ਧਿਰ ਨੂੰ ਇਹ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ ਕਿ ਕੀ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹੋਰ ਰਾਜਾਂ ਵਿੱਚ ਆਏ ਹੜ੍ਹ ਵੀ ਉਨ੍ਹਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਯੋਜਨਾਬੱਧ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਗੰਭੀਰ ਸੰਕਟ ਦੀ ਘੜੀ, ਜਦੋਂ ਸੂਬਾ ਆਪਣੀ ਸਭ ਤੋਂ ਵੱਡੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਦੌਰਾਨ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਭਗਵੰਤ ਸਿੰਘ ਮਾਨ ਨੇ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ 2,300 ਤੋਂ ਵੱਧ ਪਿੰਡ ਡੁੱਬ ਗਏ ਹਨ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਪੰਜ ਲੱਖ ਏਕੜ ਜ਼ਮੀਨ ਵਿੱਚ ਫਸਲਾਂ ਤਬਾਹ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਇਸ ਤਬਾਹੀ ਵਿੱਚ 56 ਜਾਨਾਂ ਚਲੀਆਂ ਗਈਆਂ ਅਤੇ ਲਗਭਗ ਸੱਤ ਲੱਖ ਲੋਕ ਬੇਘਰ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ 3,200 ਸਰਕਾਰੀ ਸਕੂਲ ਨੁਕਸਾਨੇ ਗਏ, 19 ਕਾਲਜ ਮਲਬੇ ਵਿੱਚ ਬਦਲ ਗਏ, 1,400 ਕਲੀਨਿਕ ਅਤੇ ਹਸਪਤਾਲ ਖੰਡਰ ਬਣ ਗਏ, 8,500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਅਤੇ 2,500 ਪੁਲ ਢਹਿ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਕੁੱਲ ਨੁਕਸਾਨ ਲਗਭਗ 13,800 ਕਰੋੜ ਰੁਪਏ ਹੈ, ਹਾਲਾਂਕਿ ਅਸਲ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਾਲਿਆਂ ਦੀ ਸਫ਼ਾਈ ਅਤੇ ਗਾਰ ਕੱਢਣ ਦਾ ਕੰਮ ਵਧੇਰੇ ਕੁਸ਼ਲ ਢੰਗ ਨਾਲ ਕੀਤਾ ਹੈ।

ਇਹ ਵੀ ਪੜ੍ਹੋ  ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ ਉਤੇ ਸਾਧਿਆ ਨਿਸ਼ਾਨਾ

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ 2066 ਕਿਲੋਮੀਟਰ ਨਾਲਿਆਂ ਦੀ ਸਫਾਈ ਕੀਤੀ ਗਈ ਸੀ ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਤਿੰਨ ਸਾਲਾਂ ਵਿੱਚ 3825 ਕਿਲੋਮੀਟਰ ਨਾਲਿਆਂ ਦੀ ਸਫਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਭਾਖੜਾ ਅਤੇ ਪੌਂਗ ਡੈਮ ਵਿੱਚੋਂ ਗਾਰ ਕੱਢਣ ਦੀ ਜ਼ੋਰਦਾਰ ਮੰਗ ਕਰ ਰਹੇ ਹਨ ਪਰ ਬਦਕਿਸਮਤੀ ਨਾਲ ਪਿਛਲੇ 70 ਸਾਲਾਂ ਤੋਂ ਅਜਿਹਾ ਨਹੀਂ ਹੋਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਾਲ ਘੱਗਰ ਦਰਿਆ ਵਿੱਚੋਂ ਗਾਰ ਕੱਢਣ ਕਾਰਨ ਜ਼ਿਆਦਾ ਪਾਣੀ ਹੋਣ ਦੇ ਬਾਵਜੂਦ ਵੀ ਦਰਿਆ ਵਿੱਚ ਹੜ੍ਹ ਦੀ ਕੋਈ ਰਿਪੋਰਟ ਨਹੀਂ ਆਈ।ਆਈ.ਐਮ.ਡੀ. ਵੱਲੋਂ ਕੀਤੀਆਂ ਭਵਿੱਖਬਾਣੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਏਜੰਸੀ ਵੱਲੋਂ ਕੀਤੀਆਂ ਗਈਆਂ ਸਾਰੀਆਂ ਭਵਿੱਖਬਾਣੀਆਂ ਗਲਤ ਅਤੇ ਸੱਚਾਈ ਤੋਂ ਕਿਤੇ ਦੂਰ ਸਨ। ਇੱਕ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਦਿਨ ਇਸ ਏਜੰਸੀ ਵੱਲੋਂ ਕੀਤੀ ਗਈ ਭਵਿੱਖਬਾਣੀ ਨਾਲੋਂ 1961 ਫੀਸਦ ਵੱਧ ਮੀਂਹ ਦਰਜ ਕੀਤਾ ਗਿਆ, ਜੋ ਇਸ ਏਜੰਸੀ ਦੀ ਭਰੋਸੇਯੋਗਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਦਾ ਕੋਈ ਪਸੰਦੀਦਾ ਅਧਿਕਾਰੀ ਜੋ ਇਸ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹੈ, ਇਸ ਦਫ਼ਤਰ ਦਾ ਚਾਰਜ ਸਾਂਭ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਆਫ਼ਤ ਬਹੁਤ ਵੱਡੀ ਸੀ ਕਿਉਂਕਿ ਪੌਂਗ ਡੈਮ ਵਿੱਚ 1988 ਨਾਲੋਂ 60.4 ਫੀਸਦ ਵੱਧ ਪਾਣੀ ਆਇਆ, ਜਦੋਂ ਕਿ 1988 ਵਿੱਚ ਆਏ ਹੜ੍ਹਾਂ ਦੌਰਾਨ ਭਾਖੜਾ ਡੈਮ ਵਿੱਚ 2.65 ਫੀਸਦ ਵੱਧ ਪਾਣੀ ਆਇਆ ਸੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਵਿੱਚ 2023 ਵਿੱਚ ਆਏ ਪਾਣੀ ਨਾਲੋਂ 65.3 ਫੀਸਦ ਵੱਧ ਪਾਣੀ ਆਇਆ, ਜੋ ਕਿ ਕਲਪਨਾ ਤੋਂ ਪਰ੍ਹੇ ਹੈ। ਰਾਜ ਆਫ਼ਤ ਰਾਹਤ ਫੰਡ, ਜਿਸ ਨੂੰ ਪਹਿਲਾਂ ਆਫ਼ਤ ਰਾਹਤ ਫੰਡ ਵਜੋਂ ਜਾਣਿਆ ਜਾਂਦਾ ਸੀ, ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ, ਜਿਸ ਵਿੱਚੋਂ 12 ਸਾਲ ਅਕਾਲੀ-ਭਾਜਪਾ ਸੱਤਾ ਵਿੱਚ ਸੀ ਅਤੇ 10 ਸਾਲ ਕਾਂਗਰਸ, ਸੂਬੇ ਨੂੰ 6190 ਕਰੋੜ ਰੁਪਏ ਫੰਡ ਵਜੋਂ ਪ੍ਰਾਪਤ ਹੋਏ ਸਨ।

ਇਹ ਵੀ ਪੜ੍ਹੋ  ਬਰਿੰਦਰ ਗੋਇਲ ਵੱਲੋਂ ਸਦਨ ‘ਚ 20 ਹਜ਼ਾਰ ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ਅਤੇ ਕੇਂਦਰ ਦੇ ਲਾਪ੍ਰਵਾਹੀ ਤੇ ਮਤਰੇਈ ਮਾਂ ਵਾਲੇ ਰਵੱਈਏ ਦੀ ਨਿੰਦਾ ਦਾ ਮਤਾ ਪੇਸ਼

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਐਸ.ਡੀ.ਆਰ.ਐਫ. ਵਿੱਚ 12,000 ਕਰੋੜ ਰੁਪਏ ਹੋਣ ਦਾ ਤੱਥ ਉਨ੍ਹਾਂ ਸਾਰੇ ਆਗੂਆਂ ਦੀ ਕਲਪਨਾ ਹੈ ਜੋ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸਰਕਾਰ ਦੀ ਆਲੋਚਨਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਸੋਚਦੇ। ਉਨ੍ਹਾਂ ਕਿਹਾ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਇਸੇ ਆਧਾਰ ‘ਤੇ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਪਣੀ ਫੇਰੀ ਦੌਰਾਨ ਸੂਬੇ ਨੂੰ ਸਿਰਫ਼ 1600 ਕਰੋੜ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਐਲਾਨਿਆ ਫੰਡ ਸੂਬੇ ਲਈ ਮਹਿਜ਼ ਇੱਕ ਖਾਨਾਪੂਰਤੀ ਤੋਂ ਸਿਵਾਏ ਹੋਰ ਕੁਝ ਨਹੀਂ ਹਨ ਕਿਉਂਕਿ ਪੰਜਾਬ ਦੇ 2305 ਪਿੰਡ ਹੜ੍ਹਾਂ ਕਾਰਨ ਤਬਾਹ ਹੋ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਪੈਕੇਜ ਨਾਲ ਹਰ ਹੜ੍ਹ ਪ੍ਰਭਾਵਿਤ ਪਿੰਡ ਨੂੰ ਸਿਰਫ਼ 80 ਲੱਖ ਰੁਪਏ ਆਉਣਗੇ ਜੋ ਕਿ ਬਹੁਤ ਘੱਟ ਰਾਸ਼ੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਦੌਰੇ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਅਸਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਦੀ ਬਜਾਏ ਭਾਜਪਾ ਦੇ ਉਸ ਕਾਂਗਰਸ ਵਿੰਗ ਨਾਲ ਹੀ ਮੁਲਾਕਾਤ ਕੀਤੀ, ਜਿਸ ਨੂੰ ਉਨ੍ਹਾਂ ਨੇ ਆਪਣੀ ਪਸੰਦ ਨਾਲ ਚੁਣਿਆ ਸੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਅਤੇ ਉਹ ਵਿਦੇਸ਼ਾਂ ਦੇ ਦੌਰੇ ਕਰਨ ਵਿੱਚ ਰੁੱਝੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦਾ ਘੋਰ ਅਪਮਾਨ ਅਤੇ ਉਨ੍ਹਾਂ ਪ੍ਰਤੀ ਅਸੰਵੇਦਨਸ਼ੀਲਤਾ ਵਾਲਾ ਵਤੀਰਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਵਿਦੇਸ਼ੀ ਦੌਰਿਆਂ ਅਤੇ ਵਿਦੇਸ਼ ਨੀਤੀ ਦਾ ਕੋਈ ਨਤੀਜਾ ਨਹੀਂ ਨਿਕਲਿਆ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੇ ਕਹਿਰ ਤੋਂ ਸੂਬੇ ਦੇ ਲੋਕਾਂ ਨੂੰ ਬਚਾ ਕੇ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਉਨ੍ਹਾਂ ਨੌਜਵਾਨਾਂ, ਫੌਜ ਅਤੇ ਹੋਰ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੁਦ ਨੂੰ ਖ਼ਤਰੇ ਵਿੱਚ ਪਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ। ਭਗਵੰਤ ਸਿੰਘ ਮਾਨ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਵੀ ਬਹੁਤ ਸਾਰੇ ਲੋਕ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਭਾਲਦੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਆਗੂ ਲੋਕਾਂ ਦੀ ਸੇਵਾ ਅਤੇ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਸਨ, ਉਦੋਂ ਵਿਰੋਧੀ ਧਿਰ ਦੇ ਕੁਝ ਮੁੱਖ ਆਗੂਆਂ ‘ਜੌਂਗੇ’ ਵਿੱਚ ਬੈਠ ਕੇ ਫੋਟੋ ਸੈਸ਼ਨ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੜ੍ਹਾਂ ਕਾਰਨ ਦੁੱਖ ਝੱਲ ਰਹੇ ਸਨ ਪਰ ਵਿਰੋਧੀ ਧਿਰ ਦੇ ਆਗੂਆਂ ਨੇ ਮਗਰਮੱਛ ਦੇ ਹੰਝੂ ਵਹਾ ਰਹੇ ਸਨ ਅਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਨ੍ਹਾਂ ਦੀ ਆਲੋਚਨਾ ਕਰ ਰਹੇ ਸਨ।

ਇਹ ਵੀ ਪੜ੍ਹੋ  ਕਾਨੂੰਨ ਵਿਵਸਥਾ ਦੇ ਹਾਲਾਤ ਉਤੇ ਤਿੱਖੀ ਨਜ਼ਰ ਰੱਖੋ: ਮੁੱਖ ਮੰਤਰੀ ਦੀ ਸੀ.ਪੀਜ਼ ਤੇ ਐਸ.ਐਸ.ਪੀਜ਼ ਨੂੰ ਹਦਾਇਤ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਦੌਰਾਨ ਕੇਂਦਰੀ ਮੰਤਰੀ ਵੀ ਫੋਟੋ ਸੈਸ਼ਨ ਲਈ ਹੀ ਪੰਜਾਬ ਆਏ ਸਨ, ਜਿਸਦੇ ਨਤੀਜਾ ਵਜੋਂ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੀ ਨਿਗੁਣੀ ਰਾਹਤ ਦਾ ਐਲਾਨ ਕਰਕੇ ਸੂਬੇ ਦੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੇ ਕਹਿਰ ਤੋਂ ਸੂਬੇ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਹੜ੍ਹ ਕੰਟਰੋਲ ਮੀਟਿੰਗ 4 ਅਪ੍ਰੈਲ ਨੂੰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਇਹ ਮੀਟਿੰਗਾਂ ਜੁਲਾਈ ਦੇ ਮਹੀਨਿਆਂ ਵਿੱਚ ਜਾਂ ਉਸ ਤੋਂ ਵੀ ਬਾਅਦ ਵੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ 2017 ਵਿੱਚ 12 ਜੂਨ ਨੂੰ, 2018 ਵਿੱਚ 1 ਜੁਲਾਈ ਨੂੰ ਅਤੇ 2019 ਵਿੱਚ 19 ਜੁਲਾਈ ਨੂੰ ਹੋਈਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਰਾਹਤ ਅਤੇ ਮੁੜ ਵਸੇਬੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰੰਗਲਾ ਪੰਜਾਬ ਫੰਡ ਸ਼ੁਰੂ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਫੰਡ ਵਿੱਚ ਪਾਏ ਗਏ ਇੱਕ-ਇੱਕ ਪੈਸੇ ਦੀ ਵਰਤੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਪੂਰੀ ਸੂਝ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦੀਆਂ ਕੁਝ ਸੀਮਾਵਾਂ ਨੂੰ ਵੇਖਦਿਆਂ ਇਹ ਨਵਾਂ ਫੰਡ ਸ਼ੁਰੂ ਕੀਤਾ ਗਿਆ ਹੈ ਅਤੇ ਸੀ.ਐਸ.ਆਰ. ਰਾਹੀਂ ਦਿੱਤੇ ਗਏ ਫੰਡ ਇਸ ਵਿੱਚ ਨਹੀਂ ਪਾਏ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 20 ਲੱਖ ਤੋਂ ਵੱਧ ਦਾ ਯੋਗਦਾਨ ਨਹੀਂ ਪਾ ਸਕਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਨਵਾਂ ਫੰਡ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਪਹਿਲਾਂ ਹੀ ਸਮਾਜ ਦੇ ਹਰ ਵਰਗ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ  ਵਿਸ਼ਵ ਸੈਰ-ਸਪਾਟਾ ਦਿਵਸ: ਪੰਜਾਬ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਸੂਬੇ ਦੇ ਵੰਨ-ਸੁਵੰਨੇ ਸੱਭਿਆਚਾਰ, ਵਿਰਾਸਤ ਅਤੇ ਪ੍ਰਾਹੁਣਚਾਰੀ ਨੂੰ ਮਾਨਣ ਦਾ ਸੱਦਾ ਦਿੱਤਾ – ਸੌਂਦ

ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ ਹੁਣ ਸ਼ੇਖੀ ਮਾਰ ਰਿਹਾ ਹੈ ਕਿ ਦਰਿਆਵਾਂ ਦੁਆਲੇ ਕੰਕਰੀਟ ਦੀਆਂ ਕੰਧਾਂ ਬਣਾਈਆਂ ਜਾਣਗੀਆਂ ਪਰ ਲੋਕ ਸੱਚਾਈ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਲੰਬੇ ਕੁਸ਼ਾਸਨ ਦੌਰਾਨ ਗਲੀਆਂ ਵੀ ਨਹੀਂ ਬਣਾਈਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਗਲਤ ਤਰੀਕਿਆਂ ਨਾਲ ਕਮਾਏ ਪੈਸੇ ਲੋਕਾਂ ਵਿੱਚ ਵੰਡ ਰਿਹਾ ਹੈ ਅਤੇ ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਇੱਕੋ ਫੰਡਾਂ ਨੂੰ ਘੁੰਮਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਵਿਆਪਕ ਵਿਕਾਸ ਹੋਇਆ ਪਰ ਕੀ ਉਨ੍ਹਾਂ ਨੇ ਕੋਟਕਪੂਰਾ, ਬਹਿਬਲ ਕਲਾਂ ਅਤੇ ਹੋਰ ਥਾਵਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਕਸੂਰਾਂ ਨੂੰ ਮਾਰਿਆ ਗਿਆ, ‘ਤੇ ਵਾਪਰੀਆਂ ਘਟਨਾਵਾਂ ਅਣਗੌਲਿਆ ਕਰ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦਰਦਨਾਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਹੋਈ ਮੌ+ਤ

0

Gidderbaha News: ਸ਼ੁਕਰਵਾਰ ਨੂੰ ਬਠਿੰਡਾ ਬਾਈਪਾਸ ਨਜ਼ਦੀਕ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਦੋ ਨੌਜਵਾਨ ਵਿਦਿਆਰਥਣਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿ੍ਤਕ ਲੜਕੀਆਂ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਜਾ ਰਹੀਆਂ ਸਨ, ਕਿ ਉਨਾਂ ਦੀ ਟੱਕਰ ਤੇਲ ਟੈਂਕਰ ਵਾਲੀ ਗੱਡੀ ਦੇ ਨਾਲ ਹੋ ਗਈ।

ਇਹ ਵੀ ਪੜ੍ਹੋ  ਦਰਦਨਾਕ ਘਟਨਾ; ਰਾਜਪੁਰਾ ‘ਚ ਘਰ ਨੂੰ ਅੱ+ਗ ਲੱਗਣ ਕਾਰਨ ਪਤੀ-ਪਤਨੀ ਤੇ ਮਾਸੂਮ ਬੱਚੇ ਸਹਿਤ ਚਾਰ ਦੀ ਮੌ+ਤ

ਜਿਸ ਕਾਰਨ ਦੋਨਾਂ ਦੀ ਹੀ ਮੌਤ ਹੋ ਗਈ। ਮਿਰਤਕ ਲੜਕੀਆਂ ਦੀ ਪਹਿਚਾਣ ਰਾਜਵੀਰ ਕੌਰ ਵਾਸੀ ਰੂਹੜਿਆਂਵਾਲੀ ਅਤੇ ਰੇਨੂ ਵਾਸੀ ਪਿੰਡ ਥਾਂਦੇਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਇਹ ਦੋਂਨੇਂ ਲੜਕੀਆਂ ਨਰਸਿੰਗ ਦੀਆਂ ਵਿਦਿਆਰਥਣਾਂ ਸਨ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਦੀ ਮੰਗ

👉ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
New Delhi News:ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਨੂੰ ਮੁੜ ਉਸਾਰਨ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਦਾਸੀਆਂ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ 1511 ਈਸਵੀ ਵਿੱਚ ਇਰਾਕ ਦੇ ਸ਼ਹਿਰ ਬਗਦਾਦ ਗਏ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਅਮਰੀਕਾ-ਇਰਾਕ ਜੰਗ ਦੌਰਾਨ ਵੀ ਇਸ ਇਤਿਹਾਸਕ ਅਸਥਾਨ ਨੂੰ ਨੁਕਸਾਨ ਪਹੁੰਚਿਆ ਸੀ।ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦੁਨੀਆਂ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ। ਉਹਨਾਂ ਦੀ ਸ਼ਰਧਾ ਹੈ ਕਿ ਗੁਰੂ ਸਾਹਿਬ ਦੇ ਇਸ ਅਸਥਾਨ ਨੂੰ ਮੁੜ ਉਸਾਰਿਆ ਜਾਵੇ।

ਇਹ ਵੀ ਪੜ੍ਹੋ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ! ਇਨਫੋਸਿਸ ਕਰੇਗੀ 300 ਕਰੋੜ ਦਾ ਨਿਵੇਸ਼, 2,500 ਪੰਜਾਬੀਆਂ ਨੂੰ ਮਿਲੇਗਾ ਰੁਜ਼ਗਾਰ

ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਰ-ਰਸੂਖ ਦਾ ਇਸਤੇਮਾਲ ਕਰਦੇ ਹੋਏ ਇਰਾਕ ਦੇ ਸੁਪਰੀਮ ਲੀਡਰ ਸੱਯਦ ਅਲੀ ਹੁਸੈਨੀ ਖਮੇਨੀ ਨਾਲ ਰਾਬਤਾ ਕਾਇਮ ਕਰਨ ਅਤੇ ਸਿੱਖ ਜਗਤ ਦੇ ਇਸ ਪਵਿੱਤਰ ਅਸਥਾਨ ਦੀ ਮੁੜ ਉਸਾਰੀ ਮੁੜ ਯਕੀਨੀ ਬਣਾਉਣ।ਜ਼ਿਕਰਯੋਗ ਹੈ ਕਿ 23 ਜਨਵਰੀ 1990 ਨੂੰ ਇਰਾਕ ਦੇ ਉਸ ਵੇਲੇ ਦੇ ਰਾਸ਼ਟਰਪਤੀ ਸੁਦਾਮ ਹੁਸੈਨ ਨੇ ਸਿੱਖ ਧਰਮ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਗੁਰੂ ਘਰ ਨੂੰ ਮੁੜ ਉਸਾਰਨ ਦੀ ਇਜ਼ਾਜ਼ਤ ਦੇ ਦਿੱਤੀ ਸੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਰਾਕ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਅਤੇ ਇਹ ਮੰਗ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਢਹਿ ਚੁੱਕੇ ਇਤਿਹਾਸਿਕ ਅਸਥਾਨ ਨੂੰ ਮੁੜ ਉਸਾਰਿਆ ਜਾਵੇ।

ਇਹ ਵੀ ਪੜ੍ਹੋ  Punjab Police ਦੇ ਘੈਂਟ ਅਫਸਰ ਦੀ ਪੰਜਾਬ ਵਾਪਸੀ, ਵੱਡੀ ਜ਼ਿੰਮੇਵਾਰੀ ਮਿਲਣ ਦੀ ਚਰਚਾ

ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਸ ਸੰਸਾਰ ਨੂੰ ਆਪਸੀ ਭਾਈਚਾਰੇ ਦਾ ਜੋ ਸੁਨੇਹਾ ਦਿੱਤਾ ਹੈ ਉਸਤੇ ਚੱਲਦਿਆ ਹੀ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਲਿਆਂਦੀ ਜਾ ਸਕਦੀ ਹੈ।ਇਰਾਕ ਵਿੱਚ ਵਸਦੇ ਸਿੱਖ ਨੌਜਵਾਨ ਸੁਖਪਾਲ ਸਿੰਘ ਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਰਾਕ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਅਸਥਾਨ ਹੁਣ ਪਹਿਲੇ ਵਾਲੇ ਸਰੂਪ ਵਿੱਚ ਨਹੀ ਰਿਹਾ। ਉਹਨਾਂ ਕਿਹਾ ਕਿ ਇਰਾਕ ਵਿੱਚ ਸਿੱਖ ਭਾਈਚਾਰੇ ਨੂੰ ਆਪਣੀ ਧਾਰਮਿਕ ਅਜ਼ਾਦੀ ਮਨਾਉਣ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਲੰਬੇ ਸਮੇਂ ਇਰਾਕ ਦੇ ਸਿੱਖ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਲਈ ਦੁਨੀਆਂ ਭਰ ਵਿੱਚ ਵਸਦੇ ਸਿੱਖ ਧਾਰਮਿਕ ਆਗੂਆਂ ਨੂੰ ਅਪੀਲ ਕਰਦੇ ਆ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਰਿੰਦਰ ਗੋਇਲ ਵੱਲੋਂ ਸਦਨ ‘ਚ 20 ਹਜ਼ਾਰ ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ਅਤੇ ਕੇਂਦਰ ਦੇ ਲਾਪ੍ਰਵਾਹੀ ਤੇ ਮਤਰੇਈ ਮਾਂ ਵਾਲੇ ਰਵੱਈਏ ਦੀ ਨਿੰਦਾ ਦਾ ਮਤਾ ਪੇਸ਼

0

Chandigarh News:ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮਤਾ ਪੇਸ਼ ਕਰਦਿਆਂ ਸੂਬੇ ਭਰ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ, ਕਿਸਾਨਾਂ ਅਤੇ ਬੁਨਿਆਦੀ ਢਾਂਚੇ ਦੀ ਬਹਾਲੀ ਲਈ ਕੇਂਦਰ ਤੋਂ 20,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ।ਸਦਨ ਵਿੱਚ “ਪੰਜਾਬ ਦਾ ਪੁਨਰਵਾਸ” ਮਤੇ ‘ਤੇ ਵਿਸਤਾਰਪੂਰਵਕ ਵੇਰਵੇ ਸਾਂਝੇ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੇ ਉਦਾਸੀਨ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਰਾਹਤ ਪੈਕੇਜ ਨੂੰ ਖਾਨਾਪੂਰਤੀ ਵਾਲਾ, ਅਸਲ ਸਹਾਇਤਾ ਦੀ ਬਜਾਏ ਮਹਿਜ਼ ਮਾਮੂਲੀ ਖ਼ਰਚਿਆਂ ਦੀ ਪੂਰਤੀ ਵਾਲਾ ਅਤੇ ਇੱਕ ਦਿਖਾਵਾ ਮਾਤਰ ਕਰਾਰ ਦਿੱਤਾ।ਕੈਬਨਿਟ ਮੰਤਰੀ ਨੇ ਦੇਸ਼ ਵਾਸੀਆਂ ਨੂੰ ਚੇਤੇ ਕਰਵਾਇਆ ਕਿ ਕਿਵੇਂ ਪੰਜਾਬ ਹਮੇਸ਼ਾ ਦੇਸ਼ ਦੀ ਸੇਵਾ ਵਿੱਚ ਡਟਿਆ ਰਿਹਾ, ਭਾਰਤ ਦੇ ਅੰਨ ਭੰਡਾਰ ਵਜੋਂ ਦੇਸ਼ ਨੂੰ ਭੋਜਨ ਦਿੰਦਾ ਆ ਰਿਹਾ ਹੈ ਅਤੇ ਕਿਵੇਂ ਜੰਗਾਂ ਦੌਰਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਰਿਹਾ ਅਤੇ ਕੌਮੀ ਸੰਕਟਾਂ ਦੌਰਾਨ ਬੇਮਿਸਾਲ ਕੁਰਬਾਨੀਆਂ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੇਂਦਰ ਨੇ ਉਸ ਵੇਲੇ ਪੰਜਾਬ ਨੂੰ ਅੱਖੋਂ-ਪਰੋਖੇ ਕੀਤਾ ਜਦੋਂ ਇਹ ਸੂਬਾ ਆਪਣੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ।ਸ੍ਰੀ ਗੋਇਲ ਨੇ ਕਿਹਾ ਕਿ ਇਸ ਸਾਲ ਆਏ ਹੜ੍ਹਾਂ ਨੇ 1988 ਨਾਲੋਂ ਵੀ ਵੱਧ ਤਬਾਹੀ ਮਚਾਈ ਹੈ, ਜਿਸ ਦੀ ਮਾਰ ਹੇਠ 2300 ਤੋਂ ਵੱਧ ਪਿੰਡ ਆਏ, ਲਗਭਗ 20 ਲੱਖ ਲੋਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ, 5 ਲੱਖ ਏਕੜ ਤੋਂ ਵੱਧ ਰਕਬੇ ‘ਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ, 7 ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ, 3200 ਤੋਂ ਵੱਧ ਸਕੂਲ, 19 ਕਾਲਜ, 1400 ਹਸਪਤਾਲ/ਕਲੀਨਿਕ, ਲਗਭਗ 8500 ਕਿਲੋਮੀਟਰ ਸੜਕਾਂ ਅਤੇ 2500 ਪੁਲ/ਪੁਲੀਆਂ ਜਾਂ ਤਾਂ ਨੁਕਸਾਨੇ ਗਏ ਜਾਂ ਵਹਿ ਗਏ।

ਇਹ ਵੀ ਪੜ੍ਹੋ  ਪੰਜਾਬ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਨਿਗੁਣੀ ਹੜ੍ਹ ਰਾਹਤ ਰਾਸ਼ੀ ਦੀ ਵਿੱਤ ਮੰਤਰੀ ਚੀਮਾ ਵੱਲੋਂ ਕਰੜੀ ਨਿਖੇਧੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੁਆਰਾ ਕੀਤੇ ਗਏ ਸਰਵੇਖਣਾਂ ਵਿੱਚ ਸ਼ੁਰੂਆਤੀ ਨੁਕਸਾਨ ਲਗਭਗ 13,900 ਕਰੋੜ ਰੁਪਏ ਹੋਣ ਦਾ ਅਨੁਮਾਨ ਲਾਇਆ ਗਿਆ ਸੀ, ਜਿਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੇਂਦਰ ਨੇ ਇਸ ਹਕੀਕਤ ਤੋਂ ਮੂੰਹ ਫੇਰਦਿਆਂ ਖਾਨਾਪੂਰਤੀ ਲਈ ਮਹਿਜ਼ 1600 ਕਰੋੜ ਰੁਪਏ ਦਾ ਐਲਾਨ ਕੀਤਾ, ਜੋ ਵਿਸ਼ੇਸ਼ ਗ੍ਰਾਂਟ ਨਹੀਂ ਸਗੋਂ ਸਿਰਫ਼ ਰੂਟੀਨ ਦੇ ਆਮ ਖ਼ਰਚਿਆਂ ਲਈ ਸਨ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਵਿੱਚੋਂ ਵੀ ਪੰਜਾਬ ਪੱਲੇ ਹਾਲੇ ਕੁਝ ਨਹੀਂ ਪਿਆ।ਜਲ ਸਰੋਤ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਨੇ 20,000 ਕਰੋੜ ਰੁਪਏ ਦੀ ਰਾਹਤ ਦੀ ਮੰਗ ਕੀਤੀ ਸੀ ਪਰ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਐਲਾਨ ਸੂਬੇ ਦੀਆਂ ਲੋੜਾਂ ਨੂੰ ਪੂਰਾ ਕਰਨਾ ਤਾਂ ਦੂਰ ਇਸ ਦੇ ਨੇੜੇ-ਤੇੜੇ ਵੀ ਨਹੀਂ। ਉਨ੍ਹਾਂ ਨੇ ਇਸ ਕਦਮ ਨੂੰ ਮਹਿਜ਼ ਇੱਕ ਦਿਖਾਵਾ ਕਰਾਰ ਦਿੰਦਿਆਂ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਵਿੱਚ ਕੇਂਦਰ ਦੀ ਸਿਰੇ ਤੋਂ ਨਾਕਾਮ ਕੋਸ਼ਿਸ਼ ਦੱਸਿਆ।ਸ੍ਰੀ ਗੋਇਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ, ਦਿਖਾਵਿਆਂ ਦੀ ਬਜਾਏ ਕੇਂਦਰ ਤੋਂ ਕਿਸੇ ਠੋਸ ਕਾਰਵਾਈ ਦੀ ਉਮੀਦ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਲ ਪਾਣੀ ਦਾ ਵਹਾਅ 1988 ਵਿੱਚ 11 ਲੱਖ ਕਿਊਸਿਕ ਦੇ ਮੁਕਾਬਲੇ 14.11 ਲੱਖ ਕਿਊਸਿਕ ‘ਤੇ ਪਹੁੰਚ ਗਿਆ ਸੀ, ਜੋ 1988 ਤੋਂ ਲਗਭਗ 20 ਫੀਸਦ ਵੱਧ ਹੈ। ਇਸ ਵਿੱਚ ਲਗਭਗ 10 ਲੱਖ ਕਿਊਸਿਕ ਪਾਣੀ ਸਿਰਫ਼ ਖੱਡਾਂ, ਨਾਲਿਆਂ ਅਤੇ ਚੋਆਂ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਇਆ।

ਇਹ ਵੀ ਪੜ੍ਹੋ  ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ ਉਤੇ ਸਾਧਿਆ ਨਿਸ਼ਾਨਾ

ਉਨ੍ਹਾਂ ਕਿਹਾ ਕਿ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ) ਦੇ ਗ਼ਲਤ ਅਨੁਮਾਨਾਂ ਨਾਲ ਸਥਿਤੀ ਹੋਰ ਵਿਗੜ ਗਈ। ਉਨ੍ਹਾਂ ਦੱਸਿਆ ਕਿ 24 ਅਗਸਤ ਨੂੰ ਆਈ.ਐਮ.ਡੀ ਨੇ 21 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਪਰ ਅਸਲ ਵਿੱਚ 163 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ 25 ਅਗਸਤ ਨੂੰ 18 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਵਿਰੁੱਧ 147 ਮਿਲੀਮੀਟਰ ਮੀਂਹ ਪਿਆ, ਜੋ 717 ਫ਼ੀਸਦੀ ਵੱਧ ਬਣਦਾ ਹੈ। ਉਨ੍ਹਾਂ ਕਿਹਾ ਕਿ 26 ਅਗਸਤ ਨੂੰ 13 ਮਿਲੀਮੀਟਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਉਲਟ 90.5 ਮਿਲੀਮੀਟਰ (596 ਫ਼ੀਸਦੀ ਵੱਧ) ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਬੱਜਰ ਗ਼ਲਤੀਆਂ ਨੇ ਕੇਂਦਰੀ ਏਜੰਸੀ ਦੀ ਘੋਰ ਲਾਪ੍ਰਵਾਹੀ ਨੂੰ ਉਜਾਗਰ ਕੀਤਾ ਹੈ।ਕੈਬਨਿਟ ਮੰਤਰੀ ਨੇ ਆਫ਼ਤ ਨੂੰ ਹੋਰ ਵਧਾਉਣ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅੰਤਰ-ਰਾਜੀ ਮੀਟਿੰਗਾਂ ਬੁਲਾਉਣ ਦੇ ਸਖ਼ਤ ਪ੍ਰੋਟੋਕੋਲ ਕਾਰਨ ਪਾਣੀ ਛੱਡਣ ਦੇ ਫੈਸਲਿਆਂ ਵਿੱਚ ਦੇਰੀ ਕੀਤੀ ਗਈ। ਪੰਜਾਬ ਨੇ ਭਾਖੜਾ ਦੇ 1660 ਫੁੱਟ ਦੇ ਪੱਧਰ ਨੂੰ ਛੂਹਣ ‘ਤੇ ਪਾਣੀ ਛੱਡਣ ਦੀ ਬੇਨਤੀ ਕੀਤੀ ਪਰ ਬੋਰਡ ਨੇ ਉਦੋਂ ਤੱਕ ਪਾਣੀ ਛੱਡਣ ਤੋਂ ਇਨਕਾਰ ਕੀਤਾ ਜਦੋਂ ਤੱਕ ਪਾਣੀ ਦਾ ਪੱਧਰ 1665 ਫੁੱਟ ਤੱਕ ਨਹੀਂ ਪਹੁੰਚ ਜਾਂਦਾ, ਜਿਸ ਕਰਕੇ ਲੋਕਾਂ ਦੀ ਜਾਨ-ਮਾਲ ਨੂੰ ਇੰਨਾ ਵੱਡਾ ਖ਼ਤਰਾ ਦਰਪੇਸ਼ ਹੋਇਆ।ਡੀਸਿਲਟਿੰਗ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਜਲ ਵਿਭਾਗ ਨਾਲ ਸਲਾਹ ਕੀਤੇ ਬਿਨਾਂ ਬਿਆਸ ਦਰਿਆ ਨੂੰ 2017 ਵਿੱਚ ਰਾਮਸਰ ਸਾਈਟ ਐਲਾਨੇ ਜਾਣ ਤੋਂ ਬਾਅਦ ਗਾਰ ਕੱਢਣ ਅਤੇ ਖੁਦਾਈ ਦੇ ਬੁਨਿਆਦੀ ਕਾਰਜਾਂ ‘ਤੇ ਵੀ ਰੋਕ ਲੱਗ ਗਈ ਹੈ ਜਿਸ ਨਾਲ ਭਾਰੀ ਮਾਤਰਾ ਵਿੱਚ ਗਾਰ ਜਮ੍ਹਾਂ ਹੋ ਗਈ ਹੈ।

ਇਹ ਵੀ ਪੜ੍ਹੋ  ਮਾਨ ਸਰਕਾਰ ਦੀ ਵੱਡੀ ਪ੍ਰਾਪਤੀ! ਇਨਫੋਸਿਸ ਕਰੇਗੀ 300 ਕਰੋੜ ਦਾ ਨਿਵੇਸ਼, 2,500 ਪੰਜਾਬੀਆਂ ਨੂੰ ਮਿਲੇਗਾ ਰੁਜ਼ਗਾਰ

ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਤੇਜ਼ੀ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ, ਜਿਸ ਤਹਿਤ ਦਰਿਆਵਾਂ ਦੇ ਬੰਨ੍ਹਾਂ ਨੂੰ ਪਹਿਲਾਂ ਹੀ ਮਜ਼ਬੂਤ ਕਰਨਾ, ਪਾੜਾਂ ਨੂੰ ਸਮੇਂ ਸਿਰ ਭਰਨਾ ਅਤੇ ਜੰਗੀ ਪੱਧਰ ‘ਤੇ ਹੜ੍ਹ ਸੁਰੱਖਿਆ ਕਾਰਜ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰਾਵੀ, ਬਿਆਸ ਅਤੇ ਸਤਲੁਜ ਦੇ ਧੁੱਸੀ ਬੰਨ੍ਹ ਮਜ਼ਬੂਤੀ ਨਾਲ ਖੜ੍ਹੇ ਰਹੇ ਜਦੋਂ ਕਿ ਘੱਗਰ ਦਰਿਆ ‘ਤੇ ਵਿਆਪਕ ਚੈਨਲਾਈਜ਼ੇਸ਼ਨ ਪ੍ਰਬੰਧਾਂ ਨੇ ਪੰਜ ਦਹਾਕਿਆਂ ਵਿੱਚ ਪਹਿਲੀ ਵਾਰ ਪਾੜਾਂ ਨੂੰ ਰੋਕਿਆ, ਜਿਸ ਨਾਲ ਇਕੱਲੇ ਘੱਗਰ ਤੋਂ ਹੋਣ ਵਾਲੇ 400 ਕਰੋੜ ਰੁਪਏ ਦੇ ਸੰਭਾਵੀ ਨੁਕਸਾਨ ਤੋਂ ਬਚਾਅ ਹੋ ਸਕਿਆ। ਉਨ੍ਹਾਂ ਕਿਹਾ ਕਿ ਖਨੌਰੀ ਵਿਖੇ ਲਗਾਤਾਰ ਨੌਂ ਦਿਨਾਂ ਤੱਕ ਪਾਣੀ 750.7 ਫੁੱਟ ‘ਤੇ ਰਿਹਾ ਅਤੇ ਫਿਰ ਵੀ ਕੋਈ ਪਾੜ ਨਹੀਂ ਪਿਆ, ਜੋ ਮਾਨ ਸਰਕਾਰ ਦੇ ਕੀਤੇ ਕੰਮਾਂ ਦੀ ਗਵਾਹੀ ਭਰਦਾ ਹੈ।ਜਲ ਸਰੋਤ ਮੰਤਰੀ ਨੇ ਸੰਕਟ ਵਿੱਚ ਪੰਜਾਬ ਨਾਲ ਖੜ੍ਹਨ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ, ਵਿਧਾਇਕ, ਪਾਰਟੀ ਵਰਕਰਾਂ ਤੋਂ ਇਲਾਵਾ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਨ ਵਾਲੇ ਸਮਾਜਕ ਸੰਗਠਨ ਅਤੇ ਸੰਤ-ਮਹਾਂਪੁਰਸ਼ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੰਜਾਬ 25-26 ਅਗਸਤ ਨੂੰ ਹੜ੍ਹਾਂ ਨਾਲ ਜੂਝ ਰਿਹਾ ਸੀ ਤਾਂ ਉਸ ਪਿੱਛੋਂ ਦੌਰਾ ਕਰਨ ਆਏ ਕੇਂਦਰੀ ਮੰਤਰੀਆਂ ਨੇ ਸੂਬੇ ਦੇ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਦੀ ਬਜਾਏ ਲੂਣ ਭੁੱਕਣ ਦਾ ਕੰਮ ਕੀਤਾ ਅਤੇ ਕੁਝ ਨੇ ਤਾਂ ਇਸ ਆਫ਼ਤ ਨੂੰ ਮਨੁੱਖੀ ਸਾਜਿਸ਼ ਦੱਸਣ ਤੋਂ ਵੀ ਗੁਰੇਜ਼ ਨਹੀਂ ਕੀਤਾ।

ਇਹ ਵੀ ਪੜ੍ਹੋ  ਕਾਨੂੰਨ ਵਿਵਸਥਾ ਦੇ ਹਾਲਾਤ ਉਤੇ ਤਿੱਖੀ ਨਜ਼ਰ ਰੱਖੋ: ਮੁੱਖ ਮੰਤਰੀ ਦੀ ਸੀ.ਪੀਜ਼ ਤੇ ਐਸ.ਐਸ.ਪੀਜ਼ ਨੂੰ ਹਦਾਇਤ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਭਗ ਦੋ ਹਫ਼ਤਿਆਂ ਦੀ ਚੁੱਪੀ ਤੋਂ ਬਾਅਦ 9 ਸਤੰਬਰ ਨੂੰ ਪੰਜਾਬ ਆ ਕੇ 13,900 ਕਰੋੜ ਰੁਪਏ ਦੇ ਨੁਕਸਾਨ ਦੇ ਮੁਲਾਂਕਣ ਅਤੇ 20,000 ਕਰੋੜ ਰੁਪਏ ਦੀ ਮੰਗ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕੀਤਾ ਜਦੋਂ ਕਿ ਪੰਜਾਬ ਫੇਰੀ ਤੋਂ ਕੁਝ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨੇ ਇੱਕ ਛੋਟੇ ਸੂਬੇ ਨੂੰ ਤੋਹਫ਼ੇ ਵਜੋਂ ਲਗਭਗ 7,000 ਕਰੋੜ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਖੇਤੀਬਾੜੀ, ਜੰਗਾਂ ਅਤੇ ਅਤਿਵਾਦ ਵਿੱਚ ਪੰਜਾਬ ਦੀਆਂ ਬੇਮਿਸਾਲ ਕੁਰਬਾਨੀਆਂ ਦੇ ਬਾਵਜੂਦ, ਸੂਬੇ ਨੂੰ ਉਸ ਦੇ ਜਾਇਜ਼ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ।ਸ੍ਰੀ ਗੋਇਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਪ੍ਰਤੀ ਸੱਚੀ ਹਮਦਰਦੀ ਦਿਖਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ 20,000 ਕਰੋੜ ਰੁਪਏ ਦੀ ਮੰਗ ਨਾ ਸਿਰਫ਼ ਜਾਇਜ਼ ਹੈ, ਸਗੋਂ ਲੋਕਾਂ ਦੀਆਂ ਰੋਜ਼ੀ-ਰੋਟੀ ਅਤੇ ਖੇਤੀ ਖੇਤਰ ਨੂੰ ਮੁੜ ਪੈਰਾਂ ਸਿਰ ਕਰਨ ਦੇ ਨਾਲ-ਨਾਲ ਸੜਕਾਂ, ਸਕੂਲਾਂ ਅਤੇ ਸਿਹਤ ਸੰਸਥਾਵਾਂ ਦੀ ਮੁੜ ਉਸਾਰੀ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕੁਝ ਵੀ ਘੱਟ, ਦੇਸ਼ ਦੇ ਵਿਕਾਸ ਵਿੱਚ ਅਹਿਮ ਪਾਉਣ ਵਾਲੇ ਪੰਜਾਬ ਨਾਲ ਵਿਸ਼ਵਾਸਘਾਤ ਹੋਵੇਗਾ।ਸਦਨ ਵਿੱਚ “ਪੰਜਾਬ ਦਾ ਪੁਨਰਵਾਸ” ਮਤੇ ‘ਤੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਇੰਦਰਜੀਤ ਕੌਰ ਮਾਨ, ਡਾ. ਅਮਨਦੀਪ ਕੌਰ ਅਰੋੜਾ, ਨਰਿੰਦਰਪਾਲ ਸਿੰਘ ਸਵਨਾ, ਜਗਦੀਪ ਕੰਬੋਜ ਗੋਲਡੀ, ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਾ. ਚਰਨਜੀਤ ਸਿੰਘ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਨਿਗੁਣੀ ਹੜ੍ਹ ਰਾਹਤ ਰਾਸ਼ੀ ਦੀ ਵਿੱਤ ਮੰਤਰੀ ਚੀਮਾ ਵੱਲੋਂ ਕਰੜੀ ਨਿਖੇਧੀ

0

Chandigarh News:ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਫਲੋਰ ਦੀ ਵਰਤੋਂ ਕਰਦਿਆਂ ਜੁਲਾਈ ਅਤੇ ਅਗਸਤ ਵਿੱਚ ਸੂਬੇ ਭਰ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨਾਲ ਨਜਿੱਠਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ, ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਦੇਰੀ ਨਾਲ ਕੀਤੇ ਦੌਰੇ, ਮਾਮੂਲੀ ਵਿੱਤੀ ਸਹਾਇਤਾ ਅਤੇ ਪਠਾਨਕੋਟ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਵਿੱਚ ਅਸਫਲ ਰਹਿਣ ਲਈ ਸਵਾਲ ਕੀਤਾ। ਵਿੱਤ ਮੰਤਰੀ ਨੇ ਇਸ ਮੌਕੇ ਕਾਂਗਰਸ ਪਾਰਟੀ ‘ਤੇ ਵੀ ਮੌਕਾਪ੍ਰਸਤ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਉਂਦਿਆ ਕਿਹਾ ਕਿ ਇਸ ਸੰਕਟ ਦੌਰਾਨ ਸੂਬੇ ਦਾ ਸਾਥ ਦੇਣ ਦੀ ਬਜਾਏ, ਪੰਜਾਬ ਕਾਂਗਰਸ ਲੀਡਰਸ਼ਿਪ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤ ਰਹੀ ਹੈ।’ਪੰਜਾਬ ਦੇ ਮੁੜ ਵਸੇਬੇ’ ਦੇ ਮਤੇ ਦੇ ਹੱਕ ਵਿੱਚ ਬੋਲਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਗਸਤ ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ ਸ਼ੁਰੂ ਹੋਈ ਤਬਾਹੀ ਦੀ ਇੱਕ ਗੰਭੀਰ ਤਸਵੀਰ ਪੇਸ਼ ਕੀਤੀ, ਅਤੇ ਅਗਸਤ ਦੇ ਅੰਤ ਤੱਕ ਸੂਬੇ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਜਿਕਰ ਕੀਤਾ। ਇਹ ਜ਼ਿਕਰ ਕਰਦੇ ਹੋਏ ਕਿ ਰਾਜ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਆਪਣੇ ਸਾਰੇ ਉਪਲਬਧ ਸਰੋਤ ਜੁਟਾਏ, ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅਣਥੱਕ ਮਿਹਨਤ ਕੀਤੀ, ਵਿੱਤ ਮੰਤਰੀ ਚੀਮਾ ਨੇ ਸਵਾਲ ਕੀਤਾ ਕਿ ਕੀ ਕੇਂਦਰ ਨੇ ਸੰਘੀ ਢਾਂਚੇ ਦੇ ਅੰਦਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ  ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ ਉਤੇ ਸਾਧਿਆ ਨਿਸ਼ਾਨਾ

ਹੜ੍ਹ ਸ਼ੁਰੂ ਹੋਣ ਤੋਂ ਲਗਭਗ ਇੱਕ ਮਹੀਨੇ ਬਾਅਦ ਹੋਈ ਪ੍ਰਧਾਨ ਮੰਤਰੀ ਦੀ ਫੇਰੀ ਵਿੱਚ ਮਹੱਤਵਪੂਰਨ ਦੇਰੀ ਨੂੰ ਉਜਾਗਰ ਕਰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਇਸ ਦੀ ਤੁਲਨਾ ਅਫਗਾਨਿਸਤਾਨ ਨੂੰ ਰਾਹਤ ਪਹੁੰਚਾਉਣ ਵਿੱਚ ਤੇਜ਼ ਪ੍ਰਤੀਕਿਰਿਆ ਨਾਲ ਕੀਤੀ, ਅਤੇ ਇਸ ਪਹੁੰਚ ਵਿੱਚ ਅਸਮਾਨਤਾ ‘ਤੇ ਸਵਾਲ ਉਠਾਏ। ਵਿੱਤ ਮੰਤਰੀ ਚੀਮਾ ਨੇ ਚੀਮਾ ਨੇ ਕੇਂਦਰ ਸਰਕਾਰ ਦੇ ਲੋੜੀਂਦੇ ਕਾਰਵਾਈ ਕਰਨ ਵਿੱਚ ਆਯੋਗ ਰਹਿਣ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਏ ਦੇ ਮਾਮੂਲੀ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚੋਂ ਵੀ ਅੱਜ ਤੱਕ ਪੰਜਾਬ ਦੇ ਖਜਾਨੇ ਵਿੱਚ ਇੱਕ ਵੀ ਰੁਪਿਆ ਨਹੀਂ ਪਹੁੰਚਿਆ।ਆਫ਼ਤ ਕਾਰਨ ਸੂਬੇ ਅੰਦਰ ਮਨੁੱਖੀ ਜੀਵਨ ਨੂੰ ਪਹੁੰਚੀ ਡੂੰਘੀ ਸੱਟ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ 26 ਅਗਸਤ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਇੱਕ ਪਰਿਵਾਰ ਬਹੁਤ ਦੁਖਦਾਈ ਤੌਰ ‘ਤੇ ਪ੍ਰਭਾਵਿਤ ਹੋਇਆ ਸੀ। ਹੜ੍ਹ ਨੇ 15 ਸਾਲਾ ਦੀ ਮੀਨੂੰ ਦੀ ਜਾਨ ਲੈ ਲਈ ਅਤੇ ਉਸ ਦੇ ਛੋਟੇ ਭੈਣ-ਭਰਾ, 9 ਸਾਲਾ ਲਾਡੀ ਅਤੇ 6 ਸਾਲਾ ਲੱਛੂ ਲਾਪਤਾ ਹੋ ਗਏ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ, ਬਾਗ, ਨੇ ਨਾ ਸਿਰਫ਼ ਆਪਣੇ ਤਿੰਨ ਬੱਚਿਆਂ ਨੂੰ ਗੁਆਇਆ, ਸਗੋਂ ਆਪਣੇ ਪਸ਼ੂਆਂ ਨੂੰ ਵੀ ਖੋਹਣ ਦਾ ਵੱਡਾ ਦੁਖਾਂਤ ਝੱਲਿਆ। ਉਨ੍ਹਾਂ ਹੜ੍ਹ ਕਾਰਨ ਜਾਨਾ ਗਵਾਉਣ ਵਾਲੇ ਜ਼ਿਲ੍ਹੇ ਦੇ 7 ਸਾਲਾ ਸਾਹਿਲ ਅਤੇ 12 ਸਾਲਾ ਕੇਸ਼ਵ ਕੁਮਾਰ ਦਾ ਵੀ ਜਿਕਰ ਕੀਤਾ।ਪ੍ਰਧਾਨ ਮੰਤਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ‘ਤੇ ਤਿੱਖਾ ਹਮਲਾ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਉਸ ਪਰਿਵਾਰ ਨੂੰ ਦਿਲਾਸਾ ਦੇਣ ਵਿੱਚ ਵੀ ਅਸਫਲ ਰਹੇ ਜਿਸਨੇ ਆਪਣੇ ਤਿੰਨ ਮੈਂਬਰਾਂ ਨੂੰ ਹੜ੍ਹਾਂ ਵਿੱਚ ਗੁਆ ਦਿੱਤਾ, ਅਤੇ ਉਨ੍ਹਾਂ ਆਪਣੇ ਦੌਰੇ ਨੂੰ ਸਿਰਫ਼ ਫੋਟੋ ਖਿਚਵਾਉਣ ਤੱਕ ਸੀਮਤ ਕਰ ਦਿੱਤਾ।”ਵਿੱਤ ਮੰਤਰੀ ਨੇ ਸਦਨ ਨੂੰ ਯਾਦ ਦਿਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਗਸਤ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬਕਾਇਆ ਫੰਡਾਂ ਵਿੱਚ 60,000 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ  ਮਾਨ ਸਰਕਾਰ ਦੀ ਵੱਡੀ ਪ੍ਰਾਪਤੀ! ਇਨਫੋਸਿਸ ਕਰੇਗੀ 300 ਕਰੋੜ ਦਾ ਨਿਵੇਸ਼, 2,500 ਪੰਜਾਬੀਆਂ ਨੂੰ ਮਿਲੇਗਾ ਰੁਜ਼ਗਾਰ

ਉਨ੍ਹਾਂ ਨੇ ਇੱਕ ਚਿੰਤਾਜਨਕ ਅਸਮਾਨਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਦੁਆਰਾ ਚੁਣੇ ਹੋਏ ਮੁੱਖ ਮੰਤਰੀ ਲਈ ਪਹੁੰਚਯੋਗ ਨਹੀਂ ਹਨ ਪਰ ਨਿਯੁਕਤ ਵਿਅਕਤੀਆਂ ਨੂੰ ਆਸਾਨੀ ਨਾਲ ਮਿਲਦੇ ਹਨ। ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚੋਂ ਭਾਜਪਾ ਵਿਧਾਇਕਾਂ ਦੀ ਗੈਰਹਾਜ਼ਰੀ ‘ਤੇ ਵੀ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਜੇਕਰ ਸਦਨ ਵਿੱਚ ਹੁੰਦੇ ਤਾਂ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਵਰਤੋਂ ਬਾਰੇ ਸਪੱਸ਼ਟਤਾ ਪ੍ਰਦਾਨ ਕਰ ਸਕਦੇ ਸਨ, ਜਿਸ ਵਿੱਚੋਂ ਇੱਕ ਵੀ ਪੈਸਾ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਹੁਣ ਤੱਕ ਨਹੀਂ ਪਹੁੰਚਿਆ ਹੈ। ਉਨ੍ਹਾਂ ਕਿਹਾ, “ਅੱਜ, ਭਾਜਪਾ ਦਾ ਚਿਹਰਾ ਦੇਸ਼ ਭਰ ਵਿੱਚ ਬੇਨਕਾਬ ਹੋ ਗਿਆ ਹੈ,”।ਵਿੱਤ ਮੰਤਰੀ ਨੇ ਅਫਵਾਹਾਂ ਫੈਲਾਉਣ ਲਈ ਵਿਰੋਧੀ ਧਿਰ ਨੂੰ ਵੀ ਝਾੜ ਪਾਈ ਅਤੇ ਸਪੱਸ਼ਟ ਕੀਤਾ ਕਿ ਸੂਬੇ ਨੂੰ ਪ੍ਰਾਪਤ ਹੋਏ 240 ਕਰੋੜ ਰੁਪਏ ਵਿੱਤੀ ਸਾਲ 2025-26 ਲਈ ਆਫ਼ਤ ਪ੍ਰਬੰਧਨ ਬਜਟ ਦੇ ਤਹਿਤ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਬਕਾਇਆ 481 ਕਰੋੜ ਰੁਪਏ ਦਾ ਹਿੱਸਾ ਹਨ। ਆਫ਼ਤ ਪ੍ਰਬੰਧਨ ਫੰਡ ਬਾਰੇ ਤੱਥਾਂ ਨੂੰ ਸਪੱਸ਼ਟ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਲਈ ਅਲਾਟ ਕੀਤੇ ਗਏ ਫੰਡ ਹਰ ਸਾਲ ਪ੍ਰਾਪਤ ਹੁੰਦੇ ਹਨ, ਅਤੇ ਜੇਕਰ ਇਹ ਫੰਡ ਅਣਵਰਤੇ ਰਹਿੰਦੇ ਹਨ, ਤਾਂ ਇਨ੍ਹਾਂ ‘ਤੇ 8.15% ਵਿਆਜ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਐਕਟ 2010 ਵਿੱਚ ਲਾਗੂ ਕੀਤਾ ਗਿਆ ਸੀ।2017 ਅਤੇ 2022 ਦੇ ਵਿਚਕਾਰ, ਕੇਂਦਰ ਸਰਕਾਰ ਨੇ ਪੰਜਾਬ ਵਿੱਚ ਆਫ਼ਤ ਪ੍ਰਬੰਧਨ ਲਈ 2,061 ਕਰੋੜ ਰੁਪਏ ਅਲਾਟ ਕੀਤੇ ਸਨ, ਜਿਸ ਵਿੱਚੋਂ ਕਾਂਗਰਸ ਸਰਕਾਰ ਨੇ 1,678 ਕਰੋੜ ਰੁਪਏ ਵਰਤੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ, ਤਿੰਨ ਸਾਲਾਂ ਵਿੱਚ 1,582 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਸ ਵਿੱਚੋਂ 649 ਕਰੋੜ ਰੁਪਏ ਖਰਚ ਕੀਤੇ ਗਏ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਕਸਬਿਆਂ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਸਫਾਈ, ਮੁਰੰਮਤ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ

ਵਿੱਤ ਮੰਤਰੀ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਫੰਡਾਂ ‘ਤੇ ਕਾਂਗਰਸ ਪਾਰਟੀ ਦੀ ਬਿਆਨਬਾਜ਼ੀ ਪੰਜਾਬ ਦੇ ਹਿੱਤਾਂ ਦੇ ਉਲਟ ਹੈ। ਉਨ੍ਹਾਂ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦਿਆਂ ਤੰਜ ਕੱਸਿਆ ਕਿ ਉਨ੍ਹਾਂ ਦੇ ਵਿਦਿਅਕ ਪਿਛੋਕੜ ਦੁਆਰਾ ਉਨ੍ਹਾਂ ਨੂੰ ਬਿਹਤਰ ਆਰਥਿਕ ਸਮਝ ਨਾਲ ਲੈਸ ਕਰਨਾ ਚਾਹੀਦਾ ਸੀ। ਵਿੱਤ ਮੰਤਰੀ ਚੀਮਾ ਨੇ ਸ਼ੇਰ ਸਿੰਘ ਦੀ ਬਰਖਾਸਤਗੀ ਦੀ ਮੰਗ ਕਰਨ ‘ਤੇ ਕਾਂਗਰਸ ਪਾਰਟੀ ਦੇ ਰੁਖ ‘ਤੇ ਵੀ ਸਵਾਲ ਉਠਾਇਆ, ਅਤੇ ਪੁੱਛਿਆ ਕਿ ਕੀ ਇਹ ਦਲਿਤਾਂ ਵਿਰੁੱਧ ਪੱਖਪਾਤ ਨੂੰ ਦਰਸਾਉਂਦਾ ਹੈ।ਵਿੱਤ ਮੰਤਰੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਪੰਜਾਬ ਨਾਲ ਆਪਣਾ “ਮਤਰੇਈ ਮਾਂ ਵਾਲਾ” ਸਲੂਕ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਹਤ ਫੰਡਾਂ ਨੂੰ ਤੁਰੰਤ ਜਾਰੀ ਕਰਨਾ ਇੱਕ ਬੁਨਿਆਦੀ ਲੋੜ ਹੈ ਅਤੇ ਲੱਖਾਂ ਪੰਜਾਬੀਆਂ ਲਈ ਇੱਕ ਜਾਇਜ਼ ਹੱਕ ਹੈ। ਉਨ੍ਹਾਂ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਵਿੱਚ ਸੂਬੇ ਦੇ ਮਹੱਤਵਪੂਰਨ ਯੋਗਦਾਨ ਅਤੇ 1962, 1965, 1971 ਦੀਆਂ ਜੰਗਾਂ ਅਤੇ ਮਈ ਵਿੱਚ ਹਾਲ ਹੀ ਵਿੱਚ ਹੋਈ ਜੰਗ ਦੌਰਾਨ ਅਤੇ ਸੂਬੇ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਪਣੇ ਨਿੱਜੀ ਤਜਰਬੇ ਨੂੰ ਸਾਂਝਾ ਕਰਦਿਆਂ ਵਿੱਤ ਮੰਤਰੀ ਨੇ ਆਪਣੇ ਸਵਰਗੀ ਪਿਤਾ, ਮੇਹਰ ਸਿੰਘ ਨੂੰ ਯਾਦ ਕੀਤਾ, ਜੋ ਕਿ ਇੱਕ ਭਾਰਤੀ ਫੌਜ ਦੇ ਸਿਪਾਹੀ ਸਨ ਅਤੇ ਜਿਨ੍ਹਾਂ ਨੇ 1962 ਅਤੇ 1971 ਦੀਆਂ ਜੰਗਾਂ ਬਹਾਦਰੀ ਨਾਲ ਲੜੀਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਨਤਕ ਜਥੇਬੰਦੀਆਂ ਦਾ ਕਾਫ਼ਲਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਹੋਇਆ ਰਵਾਨਾ

0

👉ਖੇਤਾਂ ਚੋ ਰੇਤ ਕੱਢਣ ਲਈ ਡੀਜ਼ਲ ‘ਤੇ ਟੈਕਸ ਮੁਆਫ਼ ਕਰੇ ਸਰਕਾਰ – ਝੰਡਾ ਸਿੰਘ ਜੇਠੂਕੇ
Bathinda News:ਅੱਜ਼ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਬੁਲਾਏ ਵਿਸ਼ੇਸ਼ ਇਜਲਾਸ ਮੌਕੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆ, ਸਾਬਕਾ ਸੈਨਿਕਾਂ ਤੇ ਵਿਦਿਆਰਥੀ ਜਥੇਬੰਦੀਆਂ ਦਾ ਸਾਂਝਾ ਕਾਫ਼ਲਾ ਅੱਠ ਹਜ਼ਾਰ ਤੋਂ ਵਧੇਰੇ ਕਣਕ ਦੀਆਂ ਬੋਰੀਆਂ ਲੈ ਕੇ ਬਠਿੰਡਾ ਤੋਂ ਹੜ੍ਹ ਪ੍ਰਭਾਵਿਤ ਫਾਜ਼ਿਲਕਾ ਦੇ ਖੇਤਰ ਵੱਲ ਰਵਾਨਾ ਹੋਇਆ। ਸਥਾਨਕ ਰੋਜ਼ ਗਾਰਡਨ ਲਾਗੇ ਵਿਸ਼ਾਲ ਮੈਦਾਨ ‘ਚ ਵੱਡੀ ਗਿਣਤੀ ਟਰਾਲੀਆਂ ‘ਚ ਲੱਦੀ ਕਣਕ ਦੀ ਇਸ ਵੱਡੀ ਖੇਪ ਨੂੰ ਰਵਾਨਾ ਕਰਨ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਹਰਿੰਦਰ ਬਿੰਦੂ, ਬੀਕੇਯੂ ਉਗਰਾਹਾਂ ਹਰਿਆਣਾ ਦੇ ਆਗੂ ਨਿਰਭੈ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂ ਜਸਵਿੰਦਰ ਸਿੰਘ, ਪਲਸ ਮੰਚ ਦੇ ਆਗੂ ਜਗਸੀਰ ਜੀਦਾ, ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਗੁਰਵਿੰਦਰ ਸਿੰਘ ਤੇ ਸਾਬਕਾ ਸੈਨਿਕਾਂ ਦੇ ਆਗੂ ਰਘਵੀਰ ਸਿੰਘ ਸੁਖਲੱਧੀ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਕਿਸਾਨ ਔਰਤਾਂ ਦੀ ਮੌਜੂਦਗੀ ‘ਚ ਇਸ ਕਾਫ਼ਲੇ ਨੂੰ ਕਾਵਾਂ ਵਾਲਾ ਪੱਤਣ (ਫਾਜ਼ਿਲਕਾ) ਵੱਲ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ  ਦਰਦਨਾਕ ਘਟਨਾ; ਰਾਜਪੁਰਾ ‘ਚ ਘਰ ਨੂੰ ਅੱ+ਗ ਲੱਗਣ ਕਾਰਨ ਪਤੀ-ਪਤਨੀ ਤੇ ਮਾਸੂਮ ਬੱਚੇ ਸਹਿਤ ਚਾਰ ਦੀ ਮੌ+ਤ

ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਬਦਇੰਤਜਾਮੀ ਕਾਰਨ ਆਏ ਭਿਆਨਕ ਹੜ੍ਹਾਂ ਨੇ ਜਿਥੇ ਪੰਜਾਬ ਭਰ ਵਿੱਚ 50 ਲੋਕਾਂ ਦੀਆਂ ਕੀਮਤਾਂ ਜਾਨਾਂ ਖੋਹ ਲਈਆਂ, ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਵੱਡੀ ਪੱਧਰ ਤੇ ਪਸ਼ੂ ਧਨ ਚਲਾ ਗਿਆ ਅਤੇ 5 ਲੱਖ ਏਕੜ ਤੋਂ ਜ਼ਿਆਦਾ ਫਸਲਾਂ ਤਬਾਹ ਕਰ ਦਿੱਤੀਆਂ ਉੱਥੇ ਕਿਰਤੀ ਕਮਾਊ ਲੋਕਾਂ ਵੱਲੋਂ ਜਾਤਾਂ, ਧਰਮਾਂ ਤੇ ਇਲਾਕਾਈ ਵੰਡੀਆਂ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ ‘ਤੇ ਮਾਰਿਆ ਗਿਆ ਹੰਭਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਆਖਿਆ ਕਿ ਜਨਤਕ ਜਥੇਬੰਦੀਆਂ ਵੱਲੋਂ ਇਕੱਤਰ ਕੀਤੀ ਸਮੱਗਰੀ ਤਹਿਤ ਕਣਕ,ਤੂੜੀ,ਚਾਰਾ ਤੇ ਬਿਸਤਰੇ ਆਦਿ ਲੋੜਾਂ ਦੀ ਪੂਰਤੀ ਲਈ ਜ਼ੋਰਦਾਰ ਯਤਨ ਜੁਟਾਏ ਜਾ ਰਹੇ ਹਨ। ਜਿਸਦੀ ਪਹਿਲੀ ਕਿਸ਼ਤ ‘ਚ ਅੱਠ ਹਜ਼ਾਰ ਤੋਂ ਵੱਧ ਕਣਕ ਦੇ ਗੱਟੇ ਕਾਵਾਂ ਵਾਲਾ ਪੱਤਣ (ਫਾਜ਼ਿਲਕਾ) ਤੇ ਆਸ ਪਾਸ ਦੇ ਕਰੀਬ 54 ਪਿੰਡਾਂ ਤੇ ਢਾਣੀਆਂ ਦੇ ਲੋੜਵੰਦਾਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਦਾ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਘਰ ਘਰ ਜਾ ਸਰਵੇਖਣ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇਸ ਰਾਸ਼ਨ ਦੀ ਸਪਲਾਈ ਖੇਤ ਮਜ਼ਦੂਰਾਂ, ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਤੇ ਹੋਰਨਾਂ ਗਰੀਬ ਹਿੱਸਿਆਂ ‘ਚ ਪਹਿਲ ਦੇ ਆਧਾਰ ਕੀਤੀ ਜਾਵੇਗੀ। ਕਿਸਾਨ ਆਗੂ ਨੇ ਆਖਿਆ ਕਿ ਸਭ ਤੋਂ ਵੱਡਾ ਕਾਰਜ ਹੜ੍ਹਾਂ ਕਾਰਨ ਖੇਤਾਂ ‘ਚ ਭਰੀ ਰੇਤ ਨੂੰ ਕੱਢ ਕੇ ਖੇਤਾਂ ਨੂੰ ਕਣਕ ਦੀ ਬਿਜਾਈ ਦੇ ਯੋਗ ਬਣਾਉਣ ਦਾ ਹੈ,ਜਿਸਦੇ ਲਈ ਬੀਕੇਯੂ (ਏਕਤਾ-ਉਗਰਾਹਾਂ) ਵੱਲੋਂ ਪੰਜ ਹਜ਼ਾਰ ਟਰੈਕਟਰ ਭੇਜੇ ਜਾਣਗੇ।

ਇਹ ਵੀ ਪੜ੍ਹੋ  ਸੋਨਾਲੀਕਾ ਗਰੁੱਪ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4.5 ਕਰੋੜ ਦੀ ਮਦਦ

ਉਹਨਾਂ ਮੰਗ ਕੀਤੀ ਕਿ ਰੇਤ ਕੱਢਣ ਲਈ ਟਰੈਕਟਰਾਂ ‘ਚ ਖ਼ਪਤ ਹੋਣ ਵਾਲੇ ਲੱਖਾਂ ਲੀਟਰ ਡੀਜ਼ਲ ਉਤੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਵਸੂਲੇ ਜਾਂਦੇ ਟੈਕਸ ਨੂੰ ਮੁਆਫ ਕੀਤਾ ਜਾਵੇ ਜੋ ਕਿ ਪ੍ਰਤੀ ਲੀਟਰ 54 ਰੁਪਏ ਦੇ ਕਰੀਬ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਗਰੀਬ ਲੋਕਾਂ ਦੇ ਢਹੇ ਘਰਾਂ,ਤਬਾਹ ਹੋਈਆਂ ਫਸਲਾਂ, ਟੁੱਟੀਆਂ ਕੰਮ ਦਿਹਾੜੀਆਂ ਦਾ ਢੁੱਕਵਾਂ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਹੜ੍ਹਾਂ ਦੀ ਰੋਕਥਾਮ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਜਨਤਕ ਜਥੇਬੰਦੀਆਂ ਦੇ ਸਮੂਹ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰਾਂ ਕੋਲੋਂ ਪੀੜਤਾਂ ਦੇ ਮੁੜ ਵਸੇਬੇ ਦੇ ਪੁਖਤਾ ਪ੍ਰਬੰਧ ਕਰਾਉਣ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਵੀ ਜਲਦੀ ਹੀ ਐਲਾਨ ਕੀਤਾ ਜਾਵੇਗਾ। ਅਧਿਆਪਕ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਲੋਕਾਂ ਦੇ ਖਾਣ ਲਈ ਪੰਜ ਲੱਖ ਰੁਪਏ ਦੀ ਕਣਕ,ਪੰਜ ਲੱਖ ਰੁਪਏ ਡੀਜ਼ਲ ਲਈ ਅਤੇ 8 ਲੱਖ ਰੁਪਏ ਦੀ ਵਿਦਿਆਰਥੀਆਂ ਲਈ ਕਿਤਾਬਾਂ ਕਾਪੀਆਂ ਤੇ ਸਟੇਸ਼ਨਰੀ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ, ਜਸਵੀਰ ਸਿੰਘ ਸੇਮਾਂ, ਜਗਦੇਵ ਸਿੰਘ ਜੋਗੇਵਾਲਾ ਤੇ ਜਗਸੀਰ ਸਿੰਘ ਝੁੰਬਾ ਆਦਿ ਆਗੂ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ ਉਤੇ ਸਾਧਿਆ ਨਿਸ਼ਾਨਾ

0

Chandigarh News:ਸੂਬੇ ਵਿੱਚ ਹਾਲ ਹੀ ‘ਚ ਆਏ ਭਿਆਨਕ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਮਾਂ ਸਿਆਸੀ ਬਿਆਨਬਾਜ਼ੀ ਦਾ ਨਹੀਂ ਬਲਕਿ ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਨੂੰ ਰੋਕਣ ਅਤੇ ਹੜ੍ਹ ਪ੍ਰਭਾਵਿਤ ਸੂਬੇ ਦੇ ਮੁੜ ਵਸੇਬੇ ਲਈ ਭਵਿੱਖੀ ਰਣਨੀਤੀਆਂ ਤਿਆਰ ਕਰਨ ਦਾ ਹੈ। ਉਨ੍ਹਾਂ ਨੇ ਬੀ.ਬੀ.ਐਮ.ਬੀ. ਦੇ ਕੰਮਕਾਜ ਅਤੇ ਇਸ ਕੁਦਰਤੀ ਆਫ਼ਤ ‘ਤੇ ਵਿਰੋਧੀ ਧਿਰ ਵੱਲੋਂ ਬੇਬੁਨਿਆਦ ਬਿਆਨਬਾਜ਼ੀ ਕਰਕੇ ਕੀਤੀ ਜਾ ਰਹੀ ਰਾਜਨੀਤੀ ‘ਤੇ ਵੀ ਗੰਭੀਰ ਸਵਾਲ ਉਠਾਏ।ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰ ਨੂੰ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹੜ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਉਜਾਗਰ ਕੀਤਾ, ਜਿਸ ਵਿੱਚ 59 ਮਨੁੱਖੀ ਜਾਨਾਂ ਚਲੀਆਂ ਗਈਆਂ, ਘਰ ਤਬਾਹ ਹੋ ਗਏ, ਹਜ਼ਾਰਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਿਆ ਅਤੇ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਗੰਭੀਰ ਝਟਕਾ ਲੱਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਹੜ੍ਹਾਂ ਕਾਰਨ ਹੋਇਆ ਨੁਕਸਾਨ ਇਸ ਤੋਂ ਵੀ ਵਿਆਪਕ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੱਪ ਲੜਨ, ਸੰਪਰਕ ਟੁੱਟਣ ਕਾਰਨ ਆਈਸੋਲੇਸ਼ਨ ਵਰਗੇ ਹੋਰਨਾਂ ਕਾਰਨਾਂ ਕਰਕੇ ਕਈ ਜਾਨਾਂ ਗਈਆਂ। ਸਿੱਖਿਆ ਮੰਤਰੀ ਨੇ ਜਨਤਕ ਬੁਨਿਆਦੀ ਢਾਂਚੇ ਨੂੰ ਹੋਏ ਗੰਭੀਰ ਨੁਕਸਾਨ ਵੱਲ ਵੀ ਧਿਆਨ ਖਿੱਚਿਆ, ਜਿਸ ਵਿੱਚ 3,200 ਤੋਂ ਵੱਧ ਸਕੂਲ ਪ੍ਰਭਾਵਿਤ ਹੋਏ ਅਤੇ 1,300 ਤੋਂ ਵੱਧ ਕਲਾਸਰੂਮ ਵਰਤੋਂ ਯੋਗ ਨਹੀਂ ਰਹੇ।

ਇਹ ਵੀ ਪੜ੍ਹੋ  ਮਾਨ ਸਰਕਾਰ ਦੀ ਵੱਡੀ ਪ੍ਰਾਪਤੀ! ਇਨਫੋਸਿਸ ਕਰੇਗੀ 300 ਕਰੋੜ ਦਾ ਨਿਵੇਸ਼, 2,500 ਪੰਜਾਬੀਆਂ ਨੂੰ ਮਿਲੇਗਾ ਰੁਜ਼ਗਾਰ

ਉਨ੍ਹਾਂ ਕਿਹਾ, “ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਫਸਲਾਂ ‘ਤੇ ਨਿਰਭਰ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸੂਬੇ ਦੀਆਂ ਜਿਹੜੀਆਂ ਔਰਤਾਂ ਕਿਸੇ ਨੂੰ ਵੀ ਗੰਦੀਆਂ ਜੁੱਤੀਆਂ ਪਾ ਕੇ ਆਪਣੇ ਘਰਾਂ ਵਿੱਚ ਨਹੀਂ ਵੜਨ ਦਿੰਦੀਆਂ ਸਨ, ਉਨ੍ਹਾਂ ਦੇ ਵਿਹੜੇ ਹੁਣ ਚਿੱਕੜ ਤੇ ਗਾਰ ਨਾਲ ਭਰੇ ਹੋਏ ਹਨ।” ਸ. ਹਰਜੋਤ ਸਿੰਘ ਬੈਂਸ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ‘ਤੇ ਨਿਸ਼ਾਨਾ ਵਿੰਨਦਿਆਂ ਬੋਰਡ ਦੇ ਚੇਅਰਮੈਨ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦਾ ਹਵਾਲਾ ਦਿੱਤਾ। ਸ. ਬੈਂਸ ਨੇ ਕੇਂਦਰੀ ਜਲ ਕਮਿਸ਼ਨ ਦੀ 24 ਅਪ੍ਰੈਲ ਦੀ ਰਿਪੋਰਟ ਤੋਂ ਤਕਨੀਕੀ ਡੇਟਾ ਪੇਸ਼ ਕੀਤਾ, ਜਿਸ ਵਿੱਚ ਪੰਜਾਬ ਦੇ ਮੁੱਖ ਜਲ ਭੰਡਾਰਾਂ ਵਿੱਚ 44.85 ਫੀਸਦ ਪਾਣੀ, ਜੋ ਆਮ ਨਾਲੋਂ ਕਾਫ਼ੀ ਘੱਟ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਜਲ ਭੰਡਾਰਾਂ ਵਿੱਚ 40.60 ਫੀਸਦ ਪਾਣੀ ਭੰਡਾਰਨ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1555 ਫੁੱਟ ਸੀ, ਪਾਣੀ ਦੀ ਗੰਭੀਰ ਘਾਟ ਦੇ ਬਾਵਜੂਦ ਬੀ.ਬੀ.ਐਮ.ਬੀ. ਨੇ ਪੰਜਾਬ ਦੇ ਹਿੱਸੇ ਦੇ ਪਾਣੀ ਨੂੰ ਹਰਿਆਣਾ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਪਾਵਰ ਹਾਊਸ ਦੇ ਰੁਕਣ ਦਾ ਖ਼ਤਰਾ ਪੈਦਾ ਹੋ ਗਿਆ ਸੀ।
ਗੋਬਿੰਦ ਸਾਗਰ ਜਲ ਭੰਡਾਰ ਬਾਰੇ ਗੰਭੀਰ ਸਵਾਲ ਚੁੱਕਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਹੈਰਾਨੀ ਵਾਲੀ ਗੱਲ ਹੈ ਕਿ ਬੀ.ਬੀ.ਐਮ.ਬੀ. ਭਾਖੜਾ ਡੈਮ, ਜਿਸ ਦੀ ਮਿਆਦ 100 ਸਾਲ ਸੀ, ਦੇ ਜਲ ਭੰਡਾਰ ਵਿੱਚ ਗਾਰ ਦੀ ਮਾਤਰਾ ਬਾਰੇ ਵੀ ਜਾਣਕਾਰੀ ਨਹੀਂ ਦੇ ਸਕਿਆ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਕਸਬਿਆਂ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਸਫਾਈ, ਮੁਰੰਮਤ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ

ਹੁਣ ਇਸ ਦੀ ਕਿੰਨੀ ਮਿਆਦ ਬਾਕੀ ਹੈ – 10 ਸਾਲ, 15 ਸਾਲ, ਜਾਂ ਇਸ ਤੋਂ ਘੱਟ?” ਉਨ੍ਹਾਂ ਨੇ ਜਲ ਭੰਡਾਰ ਦੀ ਸਮਰੱਥਾ, ਤਲਛਟ ਦੇ ਪੱਧਰ ਅਤੇ ਢਾਂਚਾਗਤ ਸਮਰੱਥਾ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਇਸ ਅਤਿਅੰਤ ਅਹਿਮ ਤੇ ਸੰਵੇਦਨਸ਼ੀਲ ਡੈਮ ਦਾ ਵਿਆਪਕ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ।ਸਿੱਖਿਆ ਮੰਤਰੀ ਨੇ ਅਚਾਨਕ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਡੈਮਾਂ ਦੇ ਕੈਚਮੈਂਟ ਖੇਤਰਾਂ ਵਿੱਚ ਚੈੱਕ ਡੈਮ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ. ਨੇ ਰਿਪੋਰਟਾਂ ਵਿੱਚ ਪਹਿਲਾਂ ਵੀ ਇਸ ਉਪਾਅ ਬਾਰੇ ਸਿਫਾਰਸ਼ ਕੀਤੀ ਗਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਬੰਧੀ ਕਦੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ, “ਸਾਨੂੰ ਜਲਵਾਯੂ ਪਰਿਵਰਤਨ ਅਤੇ ਬੁਨਿਆਦੀ ਢਾਂਚੇ ਦੀ ਤਿਆਰੀ ਬਾਰੇ ਚਰਚਾ ਕਰਨੀ ਚਾਹੀਦੀ ਹੈ। ਸਾਡੇ ਡੈਮਾਂ ਅਤੇ ਕੈਚਮੈਂਟ ਖੇਤਰਾਂ ਦਾ ਮੁਲਾਂਕਣ ਕਰਨਾ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਦੁਖਾਂਤ ਨੂੰ ਰੋਕਣ ਲਈ ਸਰਗਰਮ ਉਪਾਅ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ।”ਸ. ਬੈਂਸ ਨੇ ਕਿਹਾ ,“10 ਦਿਨ ਹੋ ਗਏ ਹਨ, ਪਰ ਸਾਡੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ, ਜੋ ਹੋਰਨਾਂ ਸੂਬਿਆਂ ਵਿੱਚ ਰੋਡ ਸ਼ੋਅ ਕੱਢਣ ਵਿੱਚ ਮਸਰੂਫ਼ ਹਨ, ਵੱਲੋਂ ਮੁਲਾਕਾਤ ਲਈ ਸਮਾਂ ਦੇਣ ਲਈ ਇੱਕ ਵੀ ਸੁਨੇਹਾ ਨਹੀਂ ਆਇਆ। ਸਿੱਖਿਆ ਮੰਤਰੀ ਨੇ ਕਿਹਾ,”ਇਹ ਕੇਂਦਰ ਲਈ ਪੰਜਾਬ ਦੇ ਦਰਦ ਨੂੰ ਹਮਦਰਦੀ ਨਾਲ ਸਮਝਣ ਦਾ ਵਕਤ ਹੈ।”

ਇਹ ਵੀ ਪੜ੍ਹੋ  ਕਾਨੂੰਨ ਵਿਵਸਥਾ ਦੇ ਹਾਲਾਤ ਉਤੇ ਤਿੱਖੀ ਨਜ਼ਰ ਰੱਖੋ: ਮੁੱਖ ਮੰਤਰੀ ਦੀ ਸੀ.ਪੀਜ਼ ਤੇ ਐਸ.ਐਸ.ਪੀਜ਼ ਨੂੰ ਹਦਾਇਤ

ਉਨ੍ਹਾਂ ਕੇਂਦਰ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਫੌਰੀ ਸਹਾਇਤਾ ਪ੍ਰਦਾਨ ਕਰਨ ਅਤੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਲਈ ਦੋ-ਪੱਖੀ ਪਹੁੰਚ ਅਪਣਾਉਣ ਲਈ ਅਪੀਲ ਕੀਤੀ।ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀ, ਹਰਦੀਪ ਸਿੰਘ ਮੁੰਡੀਆਂ ਪ੍ਰਤੀ ਪ੍ਰਧਾਨ ਮੰਤਰੀ ਦੇ ਵਿਹਾਰ `ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਸ੍ਰੀ ਮੁੰਡੀਆਂ ਹੜ੍ਹ ਪ੍ਰਭਾਵਿਤ ਪੰਜਾਬ ਵਾਸਤੇ ਮਦਦ ਲਈ ਬੇਨਤੀ ਕਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਕਿ “ਤੁਸੀਂ ਹਿੰਦੀ ਨਹੀਂ ਸਮਝਦੇ?” ਕੀ ਪ੍ਰਧਾਨ ਮੰਤਰੀ ਤਾਮਿਲਨਾਡੂ ਵਿੱਚ ਵੀ ਕਿਸੇ ਨੂੰ ਇਹ ਕਹਿਣ ਦੀ ਹਿੰਮਤ ਰੱਖਦੇ ਹਨ ਕਿ “ਤੁਸੀਂ ਹਿੰਦੀ ਨਹੀਂ ਜਾਣਦੇ?”ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਵਰ੍ਹਿਆਂ ਤੋਂ ਜ਼ਖ਼ਮਾਂ ਦੀ ਟੀਸ ਝੱਲਦਾ ਆ ਰਿਹਾ ਹੈ ਅਤੇ ਅੱਜ ਫਿਰ ਇਹ ਜ਼ਖ਼ਮ ਰਿਸ ਰਹੇ ਹਨ। ਅੱਜ ਇਸ ਔਖੀ ਘੜੀ ਵਿੱਚ, ਅਣਗਿਣਤ ਵਿਅਕਤੀ ਇੱਕ ਦੂਜੇ ਦਾ ਸਾਥ ਦੇਣ ਲਈ ਇਕੱਠੇ ਹੋਏ ਹਨ। ਉਨ੍ਹਾਂ ਨੇ ਵਲੰਟੀਅਰਾਂ, ਅਧਿਕਾਰੀਆਂ ਅਤੇ ਨਾਗਰਿਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਦ੍ਰਿੜਤਾ ਨਾਲ ਪੰਜਾਬ ਦੇ ਨਾਲ ਖੜ੍ਹੇ ਰਹੇ ਅਤੇ ਬੰਨ੍ਹਾਂ ਵਿੱਚ ਪਏ ਪਾੜਾਂ ਨੂੰ ਪੂਰਿਆ ਤੇ ਕਈ ਬੰਨ੍ਹਾਂ ਨੂੰ ਟੁੱਟਣ ਨਹੀਂ ਦਿੱਤਾ ਅਤੇ ਹੁਣ ਅਸੀਂ ਪੰਜਾਬ ਨੂੰ ਮੁੜ-ਪੈਰਾਂ ਉੱਤੇ ਖੜ੍ਹਾ ਕਰਨ ਲਈ ਅਰਦਾਸ ਕਰਦੇ ਹਾਂ। ਸਾਡਾ ਸੂਬਾ ਹਲੀਮੀ ਅਤੇ ਸੇਵਾ ਭਾਵਨਾ ਦੀਆਂ ਕਦਰਾਂ-ਕੀਮਤਾਂ `ਤੇ ਜਿਉਂਦਾ ਹੈ ਅਤੇ ਜੋ ਲੋਕ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ ਉਹ ਹਮੇਸ਼ਾ ਸਾਡੇ ਰਾਹ-ਦਸੇਰੇ ਬਣੇ ਰਹਿਣਗੇ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1906383