ਚੰਡੀਗੜ੍ਹ, 18 ਨਵੰਬਰ: ਪੰਜਾਬ ਦੇ ਵਿਚ 20 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਜਿਮਨੀ ਚੋਣਾਂ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਧੂੰਆਂ-ਧਾਰ ਚੋਣ ਪ੍ਰਚਾਰ ਸੋਮਵਾਰ ਸ਼ਾਮ 5 ਵਜੇਂ ਖ਼ਤਮ ਹੋ ਜਾਵੇਗਾ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤਹਿਤ ਵੋਟਾਂ ਤੋਂ ਪਹਿਲਾਂ ਹੁਣ ਜਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਕੋਈ ਬਾਹਰਲਾ ਵਿਅਕਤੀ ਵੀ ਨਹੀਂ ਰਹਿ ਸਕੇਗਾ। ਸੂਬੇ ਦੇ ਵਿਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲਾ ਅਤੇ ਬਰਨਾਲਾ ਹਲਕੇ ਵਿਚ ਤਿੰਨ ਕੌਮੀ ਪਾਰਟੀਆਂ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ। 20 ਨਵੰਬਰ ਨੂੂੰ ਇੰਨ੍ਹਾਂ ਚਾਰਾਂ ਹਲਕਿਆਂ ਦੇ ਕਰੀਬ 7 ਲੱਖ ਵੋਟਰ ਆਪਣੇ ਨਵੇਂ ਪ੍ਰਤੀਨਿਧਾਂ ਦੀ ਚੋਣ ਕਰਨਗੇ। ਚੋਣ ਕਮਿਸ਼ਨ ਵੱਲੋਂ ਵੀ ਵੋਟਿੰਗ ਤੋਂ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਜਾ ਰਹੇ ਹਨ। ਪਹਿਲੀ ਵਾਰ ਹੈ ਕਿ ਇੰਨਾਂ ਚੋਣਾਂ ਵਿਚ ਪ੍ਰਮੁੱਖ ਖੇਤਰੀ ਪਾਰਟੀ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਲੜਣ ਤੋਂ ਟਾਲਾ ਵੱਟ ਲਿਆ ਹੈ।
ਇੰਨ੍ਹਾਂ ਹਲਕਿਆਂ ਵਿਚ ਅਕਾਲੀ ਦਲ ਦੀ ਵੋਟ ਬੈਂਕ ਵੀ ਕਿਸੇ ਉਮੀਦਵਾਰ ਦੀ ਜਿੱਤ ਹਾਰ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਇੰਨਾਂ ਜਿਮਨੀ ਚੋਣਾਂ ਦੌਰਾਨ ਗਿੱਦੜਬਾਹਾ ਹਲਕਾ ਮੁੜ 29 ਸਾਲਾਂ ਬਾਅਦ ਵਿਚ ਚਰਚਾ ਵਿਚ ਹੈ। 1995 ਦੀ ਹੋਈ ਗਿੱਦੜਬਾਹਾ ਉਪ ਚੋਣ ਨੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਦਾ ਮੁੱਢ ਬੰਨਿਆ ਸੀ। ਇਸ ਵਾਰ ਵੀ ਚਰਚਾ ਹੈ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਹਲਕੇ ਤੋਂ ਮੁੜ ‘ਫ਼ਤਿਹ’ ਦਾ ਢੰਕਾ ਵਜਾਉਂਦੇ ਹਨ ਤਾਂ ਇਹ ਗੱਲ ਤੈਅ ਹੋਵੇਗੀ ਕਿ ਆਉਣ ਵਾਲੇ ਸਮੇਂ ਵਿਚ ਗਿੱਦੜਬਾਹਾ ਤੋਂ ਇੱਕ ਮੁੱਖ ਮੰਤਰੀ ਹੋਰ ਪੈਦਾ ਹੋਣ ਜਾ ਰਿਹਾ। ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦੀ ਆਪ ਉਮੀਦਵਾਰ ਡਿੰਪੀ ਢਿੱਲੋਂ ਨਾਲ ਸਖ਼ਤ ਟੱਕਰ ਹੈ ਤੇ ਭਾਜਪਾ ਵੱਲੋਂ ਉਮੀਦਵਾਰ ਮਨਪ੍ਰੀਤ ਬਾਦਲ ਮੁੜ ਇਸ ਹਲਕੇ ਵਿਚ ਆਪਣੇ ਸਿਆਸੀ ਵਕਾਰ ਨੂੰ ਮਜਬੂਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦਾ ਮੁੜ ਵਿਵਾਦਤ ਬਿਆਨ…
ਉਧਰ ਡੇਰਾ ਬਾਬਾ ਨਾਨਕ ਹਲਕੇ ਵਿਚ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਅਤੇ ਆਪ ਦੇ ਗੁਰਦੀਪ ਸਿੰਘ ਰੰਧਾਵਾਂ ਵਿਚਕਾਰ ਕਾਂਟੇ ਦੀ ਟੱਕਰ ਹੈ। ਚੱਬੇਵਾਲ ਹਲਕੇ ਵਿਚ ਆਪ ਦੇ ਉਮੀਦਵਾਰ ਡਾ ਇਸਾਂਕ ਚੱਬੇਵਾਲ ਦੀ ਪੁਜੀਸਨ ਮਜਬੂਤ ਦੱਸੀ ਜਾ ਰਹੀ ਹੈ। ਇੱਥੇ ਕਾਂਗਰਸ ਦੇ ਡਾ ਰਣਜੀਤ ਕੁਮਾਰ ਅਤੇ ਭਾਜਪਾ ਦੇ ਸੋਹਨ ਸਿੰਘ ਠੰਢਣ ਵੀ ਤਕੜੀ ਟੱਕਰ ਦੇ ਰਹੇ ਹਨ। ਆਪ ਦੀ ਸਿਆਸੀ ਰਾਜਧਾਨੀ ਮੰਨੇ ਜਾਂਦੇ ਬਰਨਾਲਾ ਹਲਕੇ ਵਿਚ ਹਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਕਾਂਗਰਸ ਦੇ ਕਾਲਾ ਢਿੱਲੋਂ ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਤਿਕੌਣੀ ਟੱਕਰ ਦੇ ਰਹੇ ਹਨ। ਜਦੋੋਂਕਿ ਅਜਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਸਮਰਥਕ ਵੀ ਕੋਈ ਵੱਡਾ ਚਮਤਕਾਰ ਹੋਣ ਦੀ ਉਮੀਦ ਰੱਖ ਰਹੇ ਹਨ। ਇਸ ਹਲਕੇ ਵਿਚ ਦੋ ਤਿਹਾਈ ਦੇ ਕਰੀਬ ਸ਼ਹਿਰੀ ਵੋਟ ਹੈ ਤੇ ਸ਼ਹਿਰੀ ਵੋਟਰਾਂ ਵਿਚ ਚੰਗੀ ਪੈਂਠ ਵਾਲਾ ਉਮੀਦਵਾਰ ਹੀ ਜੇਤੂ ਰਥ ’ਤੇ ਸਵਾਰ ਹੋ ਸਕਦਾ ਹੈ।
Share the post "ਜਿਮਨੀ ਚੋਣਾਂ: ਪੰਜਾਬ ’ਚ ਅੱਜ ਸ਼ਾਮ ਖ਼ਤਮ ਹੋ ਜਾਵੇਗਾ ਚੋਣ ਪ੍ਰਚਾਰ, ਵੋਟਾਂ 20 ਨੂੰ"