ਚੰਡੀਗੜ੍ਹ, 23 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਬਜਟ 2024 ਪੰਜਾਬ ਪ੍ਰਤੀ ਵਿਤਕਰੇ ਭਰਪੂਰ ਹੈ ਅਤੇ ਇਹ ਸੂਬੇ ਦੀਆਂ ਮੰਗਾਂ ਵਿਚੋਂ ਇਕ ਵੀ ਮੰਨਣ ਵਿਚ ਫੇਲ੍ਹ ਸਾਬਤ ਹੋਇਆ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਫਸਲੀ ਵਿਭਿੰਨਤਾ ਜਾਂ ਸੂਬੇ ਦੇ ਕਿਸਾਨਾਂ ਲਈ ਕਰਜ਼ਾ ਮੁਆਫੀ ਵਾਸਤੇ ਕੋਈ ਰਾਸ਼ੀ ਨਹੀਂ ਰੱਖੀ ਗਈ। ਹਾਲਾਂਕਿ ਅਸਲੀਅਤ ਇਹ ਹੈ ਕਿ ਜ਼ਮੀਨ ਹੇਠਲਾ ਪਾਣੀ ਰਿਕਾਰਡ ਪੱਧਰ ’ਤੇ ਨੀਵਾਂ ਚਲਾ ਗਿਆ ਹੈ ਅਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਝੋਨੇ ਤੋਂ ਦੂਰ ਕਰਨ ਵਾਸਤੇ ਵਿੱਤੀ ਲਾਭ ਦੇਣੇ ਪੈਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦੇਣ ਵਿਚ ਵੀ ਨਾਕਾਮ ਸਾਬਤ ਹੋਈ ਹੈ ਅਤੇ ਸਾਰੀਆਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਵਾਸਤੇ ਵੀ ਕੋਈ ਰਾਸ਼ੀ ਨਹੀਂ ਰੱਖੀ ਗਈ।
ਬਾਜਵਾ ਨੇ ਬਜਟ ’ਚ ਪੰਜਾਬ ਅਤੇ ਖੇਤੀ ਸੈਕਟਰ ਦੀ ਅਣਦੇਖੀ ਕਰਨ ਲਈ ਮੋਦੀ ਸਰਕਾਰ ਦੀ ਕੀਤੀ ਆਲੋਚਨਾ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਦਯੋਗਿਕ ਖੇਤਰ ਵਾਸਤੇ ਵੀ ਕੁਝ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਵਾਸਤੇ ਕੋਈ ਰਿਆਇਤ ਨਹੀਂ ਦਿੱਤੀ ਗਈ ਜਦੋਂ ਕਿ ਅਸਲੀਅਤ ਇਹ ਹੈ ਕਿ ਗੁਆਂਢੀ ਪਹਾੜੀ ਰਾਜਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਕਾਰਣ ਪੰਜਾਬ ਦਾ ਉਦਯੋਗ ਇਥੋਂ ਉਥੇ ਹਿਜ਼ਰਤ ਕਰ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਗਠਜੋੜ ਦੇ ਸਮਝੌਤੇ ਕੌਮੀ ਹਿੱਤਾਂ ’ਤੇ ਭਾਰੂ ਪੈ ਗਏ ਹਨ। ਜਿਸ ਤਰੀਕੇ ਸਹਿਯੋਗੀਆਂ ਵਾਸਤੇ ਫੰਡ ਦਿੱਤੇ ਗਏ ਹਨ, ਸਰਕਾਰ ਨੇ ਕਈ ਰਾਜਾਂ ਨੂੰ ਫੰਡਾਂ ਤੋਂ ਵਿਹੂਣਾ ਕਰ ਦਿੱਤਾ ਹੈ। ਇਸਦੀ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਸਰਹੱਦੀ ਰਾਜ ਹੋਣ ਕਾਰਣ ਪੰਜਾਬ ਨੂੰ ਇਸ ਤਰੀਕੇ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ।