ਚੰਡੀਗੜ੍ਹ, 12 ਸਤੰਬਰ : ਪਿਛਲੇ ਦਿਨੀ ਚੰਡੀਗੜ੍ਹ ਸ਼ਹਿਰ ਦੇ ਸੈਕਟਰ 10 ਦੇ ਇੱਕ ਘਰ ਵਿੱਚ ਹੋਏ ਬਲਾਸਟ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਮੁੱਖ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦ ਵੱਲੋਂ ਇੱਕ ਟਵੀਟ ਕਰਕੇ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਰੋਹਨ ਮਸੀਹ ਵਾਸੀ ਪਿੰਡ ਪਾਸੀਆ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਬਾਕੀ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਮਾਮਲਾ ਹੱਲ ਕਰ ਲਿਆ ਗਿਆ ਹੈ | ਕਥਿਤ ਦੋਸ਼ੀ ਦੇ ਕਬਜ਼ੇ ਵਿੱਚੋਂ ਇੱਕ 9 ਐਮ.ਐਮ. ਗਲਾਕ ਪਿਸਤੌਲ ਸਮੇਤ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੁਢਲੀ ਜਾਂਚ ਵਿੱਚ ਰੋਹਨ ਨੇ 11.09.2024 ਨੂੰ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ।
ਦੱਸਣਾ ਬਣਦਾ ਹੈ ਕਿ 11 ਸਤੰਬਰ ਨੂੰ ਵਾਪਰੀ ਉਕਤ ਘਟਨਾ ਦੇ ਵਿੱਚ ਇੱਕ ਆਟੋ ‘ਤੇ ਸਵਾਰ ਹੋ ਕੇ ਆਏ ਦੋ ਮੁਲਜ਼ਮਾਂ ਦੇ ਵੱਲੋਂ ਸੈਕਟਰ 10 ਦੇ ਮਕਾਨ ਨੰਬਰ 575 ਦੇ ਵਿੱਚ ਇੱਕ ਹੈਡ ਗੁਰਨੇਡ ਨੁਮਾ ਚੀਜ਼ ਸੁੱਟੀ ਸੀ ਜਿਸ ਦੇ ਨਾਲ ਹੋਏ ਬਲਾਸਟ ਕਾਰਨ ਘਰ ਦੀਆਂ ਖਿੜਕੀਆਂ ਤੱਕ ਟੁੱਟ ਗਈਆਂ ਸਨ। ਇਸ ਮਾਮਲੇ ਦੀ ਜਿੰਮੇਵਾਰੀ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਹੈਪੀ ਪਸ਼ੀਆ ਨਾਂ ਦੇ ਇੱਕ ਵਿਦੇਸ਼ ਬੈਠੇ ਨੌਜਵਾਨ ਨੇ ਲਈ ਸੀ, ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇੱਕ ਗੈਂਗ ਚਲਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।