ਜਲੰਧਰ, 20 ਅਪ੍ਰੈਲ: ਦੁਆਬੇ ਦੀ ਸਿਆਸਤ ’ਚ ਦਹਾਕਿਆਂ ਤੋਂ ਵੱਡਾ ਪ੍ਰਭਾਵ ਰੱਖਣ ਵਾਲੇ ਮਰਹੂਮ ਸੰਤੋਖ਼ ਸਿੰਘ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਦੇ ਸ਼ਨੀਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਤੰਜ਼ ਕਸਿਆ ਹੈ। ਇੱਥੇ ਇੱਕ ਸਮਾਗਮ ਦੌਰਾਨ ਇਸ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਚੰਨੀ ਨੇ ਕਿਹਾ ਕਿ ‘‘ ਚੌਧਰੀ ਸਾਹਿਬ ਰਾਹੁਲ ਗਾਂਧੀ ਦੀ ਵਿਕਾਸ ਯਾਤਰਾ ’ਚ ਨਹੀਂ ਮਰੇ ਸਨ, ਬਲਕਿ ਉਨ੍ਹਾਂ ਦੀ ਸੋਚ ਅੱਜ ਵੀ ਜਿੰਦਾ ਸੀ, ਜਿਸਨੂੰ ਉ੍ਹਨਾਂ ਦੀ ਪਤਨੀ ਕਰਮਜੀਤ ਕੌਰ ਤੇ ਪੁੱਤਰ ਵਿਕਰਮ ਚੌਧਰੀ ਨੇ ਹੁਣ ਮਾਰ ਦਿੱਤਾ ਹੈ। ’’ ਉਨ੍ਹਾਂ ਕਿਹਾ ਕਿ ਚੌਧਰੀ ਪ੍ਰਵਾਰ ਦੇ ਕਾਂਗਰਸ ਪਾਰਟੀ ਨੂੰ ਛੱਡਣ ਨਾਲ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ, ਬਲਕਿ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਚੌਧਰੀ ਸਾਹਿਬ ਦੀ ਸੋਚ ਨੂੰ ਮਾਰ ਦਿੱਤਾ ਹੈ ਤੇ ਮੈਨੂੰ ਇਸਦਾ ਬਹੁਤ ਦੁੱਖ ਹੈ।
ਚੰਨੀ ਨੇ ਕਿਹਾ ਕਿ ‘‘ਇੰਨ੍ਹਾਂ ਦੇ ਜਾਣ ਨਾਲ ਵੋਟਾਂ ਵਧਣਗੀਆਂ ਜਾਂ ਘਟਣਗੀਆਂ ਇਸਦਾ ਕੋਈ ਫ਼ਰਕ ਨਹੀਂ ਕਿਉਂਕਿ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋਲਦਾ ਪ੍ਰੰਤੂ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਕਿ ਇੱਕ ਪਰਿਵਾਰ ਜਿਸਨੇ 100 ਸਾਲ ਕਾਂਗਰਸ ਪਾਰਟੀ ਅਤੇ ਲੋਕਾਂ ਦੀ ਸੇਵਾ ਕੀਤੀ, ਉਸਨੇ ਇਹ ਕਦਮ ਚੁੱਕਿਆ। ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਵਿਕਰਮ ਚੌਧਰੀ ’ਤੇ ਤਿੱਖੇ ਸਿਆਸੀ ਨਿਸ਼ਾਨੇ ਵਿੰਨਦਿਆਂ ਕਿਹਾ ਕਿ ‘‘ ਚੌਧਰੀ ਪ੍ਰਵਾਰ ’ਚ ਇੱਕ ਅਜਿਹਾ ਪੁੱਤ ਜੰਮਿਆ, ਜਿਸਨੇ ਦੁਰਯੋਜਨ ਦੀ ਤਰ੍ਹਾਂ ਮਹਾਂਭਾਰਤ ਕਰਾ ਕੇ ਪਰਿਵਾਰ ਦਾ ਨਾਸ਼ ਕਰ ਦਿੱਤਾ। ’’ ਉ੍ਹਨਾਂ ਕਿਹਾ ਕਿ ਇਸ ਪ੍ਰਵਾਰ ਨੇ ਕਾਂਗਰਸ ਨੂੰ ਛੱਡ ਕੇ ਆਪਣਾ ਨੁਕਸਾਨ ਕਰ ਲਿਆ ਕਿਉਂਕਿ ਹੁਣ ਉਨ੍ਹਾਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਦਲ-ਬਦਲੂ ਸਿਆਸਤ ਨੂੰ ਪੰਜਾਬੀਅਤ ’ਤੇ ਕਲੰਕ ਕਰਾਰ ਦਿੰਦਿਆਂ ਚੰਨੀ ਨੇ ਕਿਹਾ ਕਿ ਇੱਹੋ-ਜਿਹੇ ਲੋਕ ਸਮਾਜ ਦੇ ਨੂੰ ਗੰਧਲਾ ਕਰ ਰਹੇ ਹਨ, ਜਿਹੜੇ ਕਿਸੇ ਲਾਲਚ ਵੱਸ ਜਾਂ ਡਰਦੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੇ ਹਨ ਪ੍ਰੰਤੂ ਇੰਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਗਾਉਣਾ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਸਬਰ ਰੱਖਣਾ ਬਹੁਤ ਜਰੂਰੀ ਹੈ। ਕਾਂਗਰਸ ਪਾਰਟੀ ਨੇ ਚੌਧਰੀ ਪ੍ਰਵਾਰ ਦੇ ਇੱਕ ਮੈਂਬਰ ਨੂੰ ਐਮਐਲਏ ਬਣਾਇਆ ਤੇ ਹੁਣ ਇੱਕ 80 ਸਾਲਾਂ ਬਜ਼ੁਰਗ ਔਰਤ ਨੂੰ ਐਮ.ਪੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।
Share the post "ਚੌਧਰੀ ਪ੍ਰਵਾਰ ’ਤੇ ਚੰਨੀ ਦਾ ਵੱਡਾ ਤੰਜ਼, ਕਿਹਾ ਚੌਧਰੀ ਸਾਹਿਬ ਕਾਂਗਰਸ ਦੀ ਯਾਤਰਾ ’ਚ ਨਹੀਂ ਹੁਣ ਮਰੇ ਹਨ"