ਚੰਡੀਗੜ੍ਹ, 9 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁਮਾਣ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਸ਼੍ਰੀ ਮਜੀਠਿਆ ਨੂੰ 24 ਘੰਟਿਆਂ ਦੇ ਅੰਦਰ ਅੰਦਰ ਲਿਖ਼ਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅੱਗੇ ਮਾਣਹਾਣੀ ਦਾ ਕੇਸ ਭੁਗਤਣ ਲਈ ਕਿਹਾ ਹੈ।
ਸੂਚਨਾਵਾਂ ਮੁਤਾਬਕ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠਿਆ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਓਕਾਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਓਐਸਡੀ ਰਾਜਵੀਰ ਸਿੰਘ ਬਾਰੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸਨੂੰ ਹੁਣ ਓਐਸਡੀ ਰਾਜਵੀਰ ਸਿੰਘ ਨੇ ਗੈਰ ਕਾਨੂੰਨੀ ਤੇ ਅਸੱਭਿਕ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸਦੇ ਨਾਲ ਉਸਦੇ ਅਕਸ ਨੂੰ ਢਾਹ ਲੱਗੀ ਹੈ। ਗੌਰਤਲਬ ਹੈ ਕਿ ਇੰਨ੍ਹਾਂ ਟਿੱਪਣੀਆਂ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਹਵਾਲੇ ਦਾ ਪੈਸਾ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ।