ਕਾਂਗਰਸ ਤੇ ਅਕਾਲੀ ਦਲ ਅੱਜ ਜਾਰੀ ਕਰ ਸਕਦੇ ਹਨ ਉਮੀਦਵਾਰਾਂ ਦੀ ਪਹਿਲੀ ਲਿਸਟ

0
37

ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਵਿਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਸੂਬੇ ਵਿਚ ਸਿਆਸੀ ਸਰਗਰਮੀਆਂ ਲਗਾਤਾਰ ਤੇਜ ਹੁੰਦੀਆਂ ਜਾ ਰਹੀਆਂ ਹਨ। ਹਾਲਾਂਕਿ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਦੋ ਕਿਸ਼ਤਾਂ ਵਿਚ 9 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਪਹਿਲਕਦਮੀ ਕੀਤੀ ਹੈ ਅਤੇ ਇਸੇ ਤਰ੍ਹਾਂ ਕੇਂਦਰ ਵਿਚ ਪਿਛਲੇ ਦਸ ਸਾਲਾਂ ਤੋਂ ਸੱਤਾ ਦਾ ਸੁੱਖ ਭੋਗ ਰਹੀ ਭਾਜਪਾ ਵੱਲੋਂ ਵੀ ਅਪਣੇ ਕੁੱਝ ਉਮੀਦਵਾਰ ਐਲਾਨ ਦਿੱਤੇ ਗਏ ਹਨ। ਪ੍ਰੰਤੂ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਤੇ ਅਕਾਲੀ ਦਲ ਇਸ ਮਾਮਲੇ ਵਿਚ ਹਾਲੇ ਤੱਕ ਪਿਛੜੀ ਹੋਈ ਹੈ। ਹਾਲਾਂਕਿ ਸਿਆਸੀ ਗਲਿਾਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਉਕਤ ਦੋਨੋਂ ਧਿਰਾਂ ਅੱਜ ਦੇਰ ਸ਼ਾਮ ਜਾਂ ਭਲਕ ਐਤਵਾਰ ਨੂੰ ਅਪੋ-ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀਆਂ ਹਨ। ਮਿਲੀ ਸੂਚਨਾ ਮੁਤਾਬਕ ਬੀਤੇ ਕੱਲ ਦਿੱਲੀ ਦੇ ਵਿਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ, ਜਿਸਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਇੰਚਾਰਜ਼ ਦੇਵੇਂਦਰ ਯਾਦਵ ਵੀ ਮੌਜੂਦ ਰਹੇ ਹਨ।

ਵਿਸਾਖ਼ੀ ਦੀਆਂ ਰੌਣਕਾਂ ਸ਼ੁਰੂ, ਵੱਡੀ ਗਿਣਤੀ ’ਚ ਸਰਧਾਲੂ ਗੁਰੂ ਘਰਾਂ ’ਚ ਹੋ ਰਹੇ ਹਨ ਨਤਮਸਤਕ

ਹੁਣ ਇਸ ਸਕਰੀਨਿੰਗ ਕਮੇਟੀ ਦੇ ਫੈਸਲੇ ਉਪਰ ਕਾਂਗਰਸ ਦੀ ਚੋਣ ਕਮੇਟੀ ਵੱਲੋਂ ਮੋਹਰ ਲਗਾਈ ਜਾ ਸਕਦੀ ਹੈ, ਜਿਸਦੀ ਅੱਜ ਮੀਟਿੰਗ ਹੋ ਰਹੀ ਹੈ। ਕਾਂਗਰਸ ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਪਹਿਲੀ ਲਿਸਟ ਵਿਚ ਅੱਧੀ ਦਰਜ਼ਨ ਦੇ ਕਰੀਬ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿੰਨ੍ਹਾਂ ਦੇ ਵਿਚ ਬਠਿੰਡਾ ਤੋਂ ਅੰਮ੍ਰਿਤਾ ਵੜਿੰਗ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਟਿਆਲਾ ਤੋਂ ਡਾ ਧਰਮਵੀਰ ਗਾਂਧੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਸੰਗਰੂਰ ਤੋਂ ਵੀ ਸੁਖਪਾਲ ਖ਼ਹਿਰਾ ਜਾਂ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਂ ਸ਼ਾਮਲ ਹੋ ਸਕਦੇ ਹਨ। ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਚਰਚਾ ਹੈ ਕਿ ਪਹਿਲੀ ਸੂਚੀ ਵਿਚ ਅੱਧੀ ਦਰਜ਼ਨ ਉਮੀਦਵਾਰਾਂ ਦੇ ਨਾਂ ਸ਼ਾਮਲ ਹੋ ਸਕਦੇ ਹਨ। ਜਿੰਨ੍ਹਾਂ ਦੇ ਵਿਚ ਬਠਿੰਡਾ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ, ਪਟਿਆਲਾ ਤੋਂ ਐਨ.ਕੇ.ਸ਼ਰਮਾ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਬਕਾ ਮੰਤਰੀ ਅਨਿਲ ਜੋਸੀ ਅਤੇ ਹੁਸ਼ਿਆਰਪੁਰ ਤੋਂ ਸਾਬਕਾ ਜ਼ਿਲ੍ਹਾ ਸਹਿਤ ਅਧਿਕਾਰੀ ਡਾ ਲਖਵੀਰ ਸਿੰਘ ਆਦਿ ਦੇ ਨਾਵਾਂ ਦੀ ਪ੍ਰਮੁੱਖ ਤੌਰ ’ਤੇ ਚਰਚਾ ਹੈ।

LEAVE A REPLY

Please enter your comment!
Please enter your name here