15 Views
ਰਾਜਾ ਵੜਿੰਗ, ਭੱਠਲ ਤੇ ਖਹਿਰਾ ਸਹਿਤ ਵੱਡੇ ਆਗੂ ਪੁੱਜੇ ਸਨ ਗੋਲਡੀ ਨੂੰ ਮਨਾਉਣ
ਸੰਗਰੂਰ, 17 ਅਪ੍ਰੈਲ: ਆਗਾਮੀ ਇੱਕ ਜੂਨ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਦੇ ਐਲਾਨ ਸਬੰਧੀ ਜਾਰੀ ਕੀਤੀ ਪਹਿਲੀ ਲਿਸਟ ਤੋਂ ਬਾਅਦ ਪਾਰਟੀ ਵਿੱਚ ਉੱਠੀਆਂ ਬਾਗੀ ਸੁਰਾਂ ਦੇ ਦੌਰਾਨ ਅੱਜ ਹਲਕਾ ਸੰਗਰੂਰ ਦੇ ਵਿੱਚ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਇਥੋਂ ਟਿਕਟ ਦੇ ਪ੍ਰਮੁੱਖ ਦਾਵੇਦਾਰ ਦਲਵੀਰ ਸਿੰਘ ਗੋਲਡੀ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮਦਦ ਕਰਨ ਦਾ ਐਲਾਨ ਕਰ ਦਿੱਤਾ।
ਪਿਛਲੇ ਦਿਨੀ ਗੋਲਡੀ ਵੱਲੋਂ ਸੋਸ਼ਲ ਮੀਡੀਆ ‘ਤੇ ਟਿਕਟ ਨਾ ਮਿਲਣ ਕਾਰਨ ਜਤਾਈ ਨਰਾਜ਼ਗੀ ਦੇ ਚੱਲਦੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਕੈਪਟਨ ਸੰਦੀਪ ਸੰਧੂ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਸਹਿਤ ਕਾਂਗਰਸ ਦੇ ਵੱਡੇ ਆਗੂ ਦਲਬੀਰ ਗੋਲਡੀ ਦੇ ਘਰ ਪੁੱਜੇ ਹੋਏ ਸਨ। ਸੂਚਨਾ ਮੁਤਾਬਕ ਇਹਨਾਂ ਸਾਰੇ ਆਗੂਆਂ ਦੇ ਵੱਲੋਂ ਨੌਜਵਾਨ ਕਾਂਗਰਸੀ ਆਗੂ ਦਲਵੀਰ ਗੋਲਡੀ ਅਤੇ ਉਹਨਾਂ ਦੀ ਧਰਮ ਪਤਨੀ ਸਿਮਰਤ ਕੌਰ ਨਾਲ ਲੰਮੀ ਗੱਲਬਾਤ ਕੀਤੀ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਆਮ ਆਦਮੀ ਪਾਰਟੀ ਉਸਦੇ ਘਰ ਵਿੱਚ ਘੇਰਨ ਸਬੰਧੀ ਬਣਾਈ ਰਣਨੀਤੀ ਬਾਰੇ ਚਰਚਾ ਕੀਤੀ।
ਜਿਸ ਤੋਂ ਬਾਅਦ ਆਪਣੀ ਨਰਾਜ਼ਗੀ ਦੂਰ ਕਰਦਿਆਂ ਦਲਵੀਰ ਗੋਲਡੀ ਨੇ ਵੀ ਪਾਰਟੀ ਵੱਲੋਂ ਲਏ ਫੈਸਲੇ ਦੇ ਹੱਕ ਵਿੱਚ ਖੜਣ ਦਾ ਐਲਾਨ ਕਰ ਦਿੱਤਾ। ਉਹਨਾਂ ਪਾਰਟੀ ਛੱਡਣ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਉਹ ਕਦੇ ਵੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਗੇ ਤੇ ਪਾਰਟੀ ਦੇ ਹਰ ਫੈਸਲੇ ਨਾਲ ਡਟੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਗੋਲਡੀ ਦੇ ਹਮਾਇਤੀ ਵੀ ਪੁੱਜੇ ਹੋਏ ਸਨ। ਆਪਣੇ ਭਾਸ਼ਨ ਵਿੱਚ ਦਲਵੀਰ ਗੋਲਡੀ ਨੇ ਐਲਾਨ ਕੀਤਾ ਕਿ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ।
ਉਹਨਾਂ ਮੰਨਿਆ ਕਿ ਟਿਕਟ ਨਾ ਮਿਲਣ ਕਾਰਨ ਮਨ ਨੂੰ ਠੇਸ ਜਰੂਰ ਪੁੱਜੀ ਹੈ ਪਰ ਉਹ ਪਾਰਟੀ ਉਮੀਦਵਾਰ ਦੀ ਜਿੱਤ ਲਈ ਆਪਣੇ ਸਮਰਥਕਾਂ ਸਹਿਤ ਦਿਨ ਰਾਤ ਇੱਕ ਕਰ ਦੇਣਗੇ। ਦੱਸਣਾ ਬਣਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਦਲਬੀਰ ਗੋਲਡੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਇਸ ਫੈਸਲੇ ਤੇ ਦੁੱਖ ਜਤਾਇਆ ਸੀ ਅਤੇ ਨਾਲ ਹੀ ਕਿਹਾ ਸੀ ਕਿ ਕਿ ਜਦ ਪਾਰਟੀ ਔਖਾ ਸਮਾਂ ਸੀ ਤਾਂ ਮੂਹਰੇ ਹੋ ਕੇ ਲੜਾਈ ਲੜਦੇ ਰਹੇ ਪਰੰਤੂ ਹੁਣ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਗੋਲਡੀ ਦੇ ਸਿਆਸੀ ਪਾਲਾ ਬਦਲਣ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਸਨ। ਕਾਂਗਰਸ ਪਾਰਟੀ ਨੇ ਵੀ ਮੌਕੇ ਦੀ ਨਜਾਕਤ ਦੇਖਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਤੁਰੰਤ ਗੋਲਡੀ ਅਤੇ ਉਸਦੇ ਸਮਰਥਕਾਂ ਨੂੰ ਸ਼ਾਂਤ ਕਰਨ ਦੇ ਲਈ ਯਤਨ ਵਿੱਢ ਦਿੱਤੇ ਸਨ, ਜਿਸਦੇ ਨਤੀਜੇ ਅੱਜ ਚੰਗੇ ਸਾਹਮਣੇ ਆਏ ਹਨ।