ਤਰਨਤਾਰਨ, 7 ਨਵੰਬਰ: ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੀਤੀ ਦੇਰ ਸ਼ਾਮ ਤਰਨਤਾਰਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੇ ਨਿੱਜੀ ਸਹਾਇਕ (ਪੀਏ) ਨੂੰ 20 ਹਜਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਇਸ ਮੌਕੇ ਵਿਜੀਲੈਂਸ ਵੱਲੋਂ ਪੀਏ ਦੇ ਇੱਕ ਹੋਰ ਸਾਥੀ ਦਰਜ਼ਾ ਚਾਰ ਕਰਮਚਾਰੀ ਨੂੰ ਵੀ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਪੀਏ ਹਰਮਨਜੀਤ ਸਿੰਘ ਅਤੇ ਦਰਜਾ ਚਾਰ ਕਰਮਚਾਰੀ ਜਗਰੂਪ ਸਿੰਘ ਦੇ ਤੌਰ ’ਤੇ ਹੋਈ ਹੈ।
ਇੰਨਾਂ ਵਿਰੁੱਧ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਤਰਨ ਤਰਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਇਹਨਾਂ ਉੱਪਰ ਇਲਜ਼ਾਮ ਸਨ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਲੋਕ ਸਭਾ ਚੋਣਾਂ ਵਿੱਚ ਨਿੱਜੀ ਪਾਰਟੀਆਂ ਵੱਲੋਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ’ਤੇ ਲਗਾਏ ਗਏ ਕੈਮਰਿਆਂ ਦੇ ਬਿੱਲ ਪਾਸ ਕਰਨ ਬਦਲੇ 40,000 ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਦੇ ਵਿੱਚੋਂ 20 ਹਜ਼ਾਰ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਅਤੇ ਹੁਣ ਦੂਜੀ ਕਿਸ਼ਤ ਵਜੋਂ 20,000 ਲੈਂਦੇ ਹੋਏ ਵਿਜੀਲੈਂਸ ਨੇ ਇਹਨਾਂ ਨੂੰ ਦਬੋਚ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।