ਪਹਿਲਾਂ ਦਿਆਲਪੁਰਾ ਥਾਣੇ ਦੇ ਮਾਲਖਾਨੇ ’ਚ ਜਮ੍ਹਾਂ ਦਰਜ਼ਨਾਂ ਹਥਿਆਰ ਵੇਚਣ ਦੇ ਦੋਸ਼ਾਂ ਹੇਠ ਹੋਏ ਹਨ ਪਰਚੇ
ਬਠਿੰਡਾ, 10 ਦਸੰਬਰ: ਪਿਛਲੇ ਸਾਲ ਪਿੰਡ ਭੁੱਚੋ ਦੇ ਇੱਕ ਘਰ ਵਿੱਚ ਅੱਧੀ ਰਾਤ ਨੂੰ ਪੁਲਿਸ ਵਰਦੀ ਤੇ ਸਰਕਾਰੀ ਹਥਿਆਰਾਂ ਨਾਲ ਲੁੱਟ ਦੀ ਨੀਅਤ ਨੂੰ ਲੈ ਕੇ ਦਾਖ਼ਲ ਹੋਏ ਲੁਟੇਰੇ ਅਸਲੀ ਪੁਲਿਸ ਵਾਲੇ ਨਿਕਲੇ ਹਨ। ਕਰੀਬ 13 ਮਹੀਨਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਬਠਿੰਡਾ ਪੁਲਿਸ ਇੰਨ੍ਹਾਂ ਵਰਦੀ ਵਾਲੇ ਚੋਰਾਂ ਨੂੰ ਫ਼ੜਣ ਵਿਚ ਸਫ਼ਲ ਹੋਈ ਹੈ ਪ੍ਰੰਤੂ ਇਸ ਘਟਨਾ ਵਿਚ ਇੰਨ੍ਹਾਂ ਦਾ ਸਾਥ ਦੇਣ ਵਾਲੇ ਚਾਰ ਹੋਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪੁਲਿਸ ਨੇ ਵਿਭਾਗ ਵਿਚੋਂ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਇੰਨ੍ਹਾਂ ਚੋਰਾਂ ਤੇ ਲੁਟੇਰਿਆਂ ਕੋਲੋਂ 2 ਸਰਕਾਰੀ ਅਸਲਾਟ ਰਫ਼ਲਾਂ ਤੋਂ ਇਲਾਵਾ ਇੱਕ 315 ਬੋਰ ਦੀ ਮਾਡੀਫ਼ਾਈ ਕੀਤੀ ਰਾਈਫ਼ਲ ਵੀ ਬਰਾਮਦ ਕਰ ਲਈ ਹੈ।
ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਹਿਲਾਂ ਹੀ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਦੇ ਮਾਲਖਾਨੇ ’ਚ ਜਮ੍ਹਾਂ ਦਰਜ਼ਨਾਂ ਹਥਿਆਰਾਂ ਨੂੰ ਗੈਰ-ਸਮਾਜੀ ਅਨਸਰਾਂ ਕੋਲ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਨ੍ਹਾਂ ਸਾਬਕਾ ਪੁਲਿਸ ਮੁਲਾਜਮਾਂ ਵਲੋਂ ਇਸ ਘਟਨਾ ਵਿਚ ਵਰਤੇ ਗਏ ਤਿੰਨੇਂ ਹਥਿਆਰ ਵੀ ਮਾਲਖਾਨੇ ਵਿਚੋਂ ਹੀ ਚੋਰੀ ਕੀਤੇ ਸਨ। ਐਤਵਾਰ ਨੂੰ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਇਹ ਘਟਨਾ ਕਰੀਬ 13 ਮਹੀਨੇ ਪਹਿਲਾਂ 11 ਨਵੰਬਰ 2022 ਨੂੰ ਪਿੰਡ ਭੁੱਚੋਂ ਵਿਖੇ ਵਾਪਰੀ ਸੀ, ਜਿੱਥੇ ਸਵਿਫਟ ਕਾਰ ’ਤੇ ਸਵਾਰ ਹੋ ਕੇ ਆਏ 5/6 ਨਾਮਾਲੂਮ ਲੁਟੇਰੇ ਲੁੱਟ ਦੀ ਨੀਅਤ ਨਾਲ ਇੱਕ ਘਰ ਵਿਚ ਦਾਖ਼ਲ ਹੋ ਗਏ ਸਨ।
ਹਰਿਆਣਾ ਦੇ ਸਿੱਖਿਆ ਮੰਤਰੀ ਨੂੰ ਪਿਆ ਦਿਲ ਦਾ ਦੌਰਾ
ਹਾਲਾਂਕਿ ਰੌਲਾ ਪੈਣ ’ਤੇ ਇਹ ਲੁਟੇਰੇ ਭੱਜਣ ਵਿਚ ਸਫ਼ਲ ਹੋ ਗਏ ਸਨ ਪ੍ਰੰਤੂ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਤਸਵੀਰਾਂ ਵਿਚ ਸਪੱਸ਼ਟ ਦਿਖ਼ਾਈ ਦਿੱਤਾ ਸੀਕਿ ਘਰ ਆਉਣ ਵਾਲੇ ਇੰਨ੍ਹਾਂ ਲੁਟੇਰਿਆਂ ਵਿਚੋਂ ਦੋ ਆਦਮੀ ਪੁਲਿਸ ਵਰਦੀ ਵਿਚ ਸਨ ਤੇ ਇੰਨ੍ਹਾਂ ਦੇ ਹੱਥਾਂ ਵਿਚ ਅਸਲਾਟਾਂ ਫ਼ੜੀਆਂ ਹੋਈਆਂ ਸਨ। ਇਸ ਸਬੰਧ ਵਿਚ ਥਾਣਾ ਕੈਂਟ ਦੀ ਪੁਲਿਸ ਵਲੋਂ ਨਾ ਮਾਲੂਮ ਵਿਅਕਤੀਆਂ ਵਿਰੁਧ ਮੁ: ਨੰ : 156 ਮਿਤੀ 19.11.2022 ਅ/ਧ 457, 380, 511 ਆਈ.ਪੀ.ਸੀ ਦਰਜ ਕਰ ਲਿਆ ਸੀ। ਕਾਫ਼ੀ ਲੰਮੇ ਸਮੇਂ ਤੋਂ ਪੁਲਿਸ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਭੱਜਦੋੜ ਕਰ ਰਹੀ ਸੀ।
ਘਰ ਵਿਚ ਚੋਰੀ ਕਰਨ ਆਏ ਚੋਰ ਦੀਆਂ ਟੁੱਟੀਆ ਲੱਤਾਂ
ਇਸ ਦੌਰਾਨ ਐਸ.ਪੀ ਅਜੈ ਗਾਂਧੀ ਦੀ ਨਿਗਰਾਨੀ ਹੇਠ ਸੀ.ਆਈ.ਏ-1 ਬਠਿੰਡਾ ਵੱਲੋਂ ਗਠਿਤ ਵੱਖ-ਵੱਖ ਟੀਮਾਂ ਨੇ ਪਿਛਲੇ ਦਿਨੀਂ ਇੱਕ ਹਥਿਆਰ ਸਹਿਤ ਸੰਦੀਪ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਸਾਹਿਬ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸੀਆਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਅਪਣੇ ਚਾਰ ਹੋਰ ਸਾਥੀਆਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸਿਸ ਕੀਤੀ ਸੀ। ਪੁਲਿਸ ਨੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ 2 ਅਸਾਲਟ ਰਾਇਫਲ ਅਤੇ ਇੱਕ ਰਾਇਫਲ 315 ਬੋਰ ਮੋਡੀਫਾਈ ਬਰਾਮਦ ਕੀਤੀ ਹੈ। ਐਸ.ਪੀ ਸ਼੍ਰੀ ਗਾਂਧੀ ਨੇ ਦਸਿਆ ਕਿ ਪੁੱਛਗਿੱਛ ਦੌਰਾਨ ਮੁਜਰਮਾਂ ਨੇ ਮੰਨਿਆ ਹੈ ਇਹ ਅਸਲਾ ਉਹਨਾਂ ਵਲੋਂ ਥਾਣਾ ਦਿਆਲਪੁਰਾ ਦੇ ਮਾਲਖਾਨਾ ਵਿੱਚੋ ਚੋਰੀ ਕੀਤਾ ਗਿਆ ਸੀ।
Share the post "ਸਰਕਾਰੀ ਅਸਾਲਟਾਂ ਨਾਲ ਵਰਦੀ ’ਚ ਚੋਰੀ ਦੀ ਕੋਸ਼ਿਸ ਕਰਨ ਵਾਲੇ ਬਰਖਾਸਤ ਪੁਲਸੀਏ ਨਿਕਲੇ"