ਭਿਆਨਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਗੰਨਮੈਨ ਦੀ ਮੌਤ

0
17
ਆਹਮੋਸਾਹਮਣੇ ਹੋਈ ਟੱਕਰ ਤੋਂ ਬਾਅਦ ਗੱਡੀ ਨੂੰ ਲੱਗੀ ਅੱਗ
ਲੁਧਿਆਣਾ, 6 ਅਪ੍ਰੈਲ: ਬੀਤੀ ਅੱਧੀ ਰਾਤ ਲੁਧਿਆਣਾ ਚੰਡੀਗੜ੍ਹ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਉਸਦੇ ਗੰਨਮੈਨ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਸਕਾਰਪੀਓ ਅਤੇ ਫਾਰਚੂਨਰ ਗੱਡੀ ਦੀ ਆਹਮੋ ਸਾਹਮਣੇ ਹੋਈ ਟੱਕਰ ਤੋਂ ਬਾਅਦ ਡੀਐਸਪੀ ਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਹਾਦਸੇ ਵਿੱਚ ਡੀਐਸਪੀ ਦੀ ਗੱਡੀ ਨੂੰ ਚਲਾ ਰਹੇ ਡਰਾਈਵਰ ਗੁਰਪ੍ਰੀਤ ਸਿੰਘ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਥਾਣਾ ਸਮਰਾਲਾ ਦੀ ਪੁਲਿਸ ਨੇ ਮੁਢਲੀ ਪੜਤਾਲ ਤੋਂ ਬਾਅਦ ਸਕਾਰਪੀਓ ਗੱਡੀ ਦੇ ਡਰਾਈਵਰ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡੀਐਸਪੀ ਦੀ ਪਹਿਚਾਣ ਸੰਦੀਪ ਸਿੰਘ ਅਤੇ ਗਨਮੈਨ ਦੀ ਪਹਿਚਾਣ ਪਰਮਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਡੀਐਸਪੀ ਸੰਦੀਪ ਸਿੰਘ ਲੁਧਿਆਣਾ ਈਸਟ ਵਿਖੇ ਬਤੌਰ ਏਸੀਪੀ ਤੈਨਾਤ ਸੀ ਅਤੇ ਮੁਹਾਲੀ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੀਐਸਪੀ ਸੰਦੀਪ ਸਿੰਘ ਆਪਣੇ ਗੰਨਮੈਨਾਂ ਤੇ ਡਰਾਈਵਰ ਦੇ ਨਾਲ ਫਾਰਚੂਨਰ ਗੱਡੀ ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਲੁਧਿਆਣਾ ਵੱਲ ਆ ਰਿਹਾ ਸੀ।
ਇਸ ਦੌਰਾਨ ਸਮਰਾਲੇ ਦੇ ਨਜ਼ਦੀਕ ਪਿੰਡ ਦਿਆਲਪੁਰਾ ਦੇ ਫਲਾਈਓਵਰ ਉਪਰ ਦੋਨਾਂ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਸਕਾਰਪੀਓ ਗੱਡੀ ਲੁਧਿਆਣੇ ਤੋਂ ਦੂਜੀ ਸਾਈਡ ਜਾ ਰਹੀ ਸੀ। ਸੂਚਨਾ ਮੁਤਾਬਕ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਡੀਐਸਪੀ ਸੰਦੀਪ ਸਿੰਘ ਦੀ ਫਾਰਚੂਨਰ ਗੱਡੀ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਹੀ ਇਹ ਅੱਗ ਭਾਂਬੜ ਦਾ ਰੂਪ ਧਾਰਨ ਕਰ ਗਈ। ਹਾਲਾਂਕਿ ਇਥੋਂ ਗੁਜਰਨ ਵਾਲੇ ਲੋਕਾਂ ਨੇ ਡੀਐਸਪੀ ਅਤੇ ਉਸਦੇ ਗੰਨਮੈਨ ਸਾਹਿਤ ਡਰਾਈਵਰ ਨੂੰ ਗੱਡੀ ਵਿੱਚੋਂ ਕੱਢ ਲਿਆ ਪਰੰਤੂ ਡੀਐਸਪੀ ਅਤੇ ਉਸਦੇ ਗਨਮੈਨ ਦੀ ਮੌਤ ਹੋ ਗਈ।
ਉਧਰ ਸਮਰਾਲਾ ਦੇ ਐਸਐਚ ਓ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀ ਸਕਾਰਪੀਓ ਗੱਡੀ ਦੇ ਡਰਾਈਵਰ ਵਿਰੁੱਧ ਆਈਪੀਸੀ ਦੀ ਧਾਰਾ 279, 427, 337 ਅਤੇ 304ਏ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ 2016 ਬੈਚ ਦੇ ਸਿੱਧੇ ਡੀਐਸਪੀ ਭਰਤੀ ਸੰਦੀਪ ਸਿੰਘ ਦਾ ਲੰਘੀ ਚਾਰ ਅਪ੍ਰੈਲ ਨੂੰ ਹੀ ਜਨਮ ਦਿਨ ਸੀ।

LEAVE A REPLY

Please enter your comment!
Please enter your name here