ਅਬੋਹਰ, 15 ਨਵੰਬਰ: ਸ਼ੁੱਕਰਵਾਰ ਸਵੇਰੇ ਸਥਾਨਕ ਸ਼ਹਿਰ ਨਜਦੀਕ ਧੁੰਦ ਕਾਰਨ ਦੋ ਬੱਸਾਂ ਦੀ ਜਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਦੋਨਾਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸਤੋਂ ਇਲਾਵਾ ਇੱਕ ਬੱਸ ਦਾ ਕੰਡਕਟਰ ਇਸ ਹਾਦਸੇ ਵਿਚ ਗੰਭੀਰ ਜਖ਼ਮੀ ਹੋ ਗਿਆ। ਇਹ ਘਟਨਾ ਅੱਜ ਕਰੀਬ ਪੌਣੇ ਚਾਰ ਵਜੇਂ ਤੜਕਸਾਰ ਵਾਪਰੀ ਦੱਸੀ ਜਾ ਰਹੀ ਹੈ।
ਪ੍ਰਾਈਵੇਟ ਬੱਸ ਦੀ ਚਪੇਟ ’ਚ ਆਉਣ ਕਾਰਨ ਦੋ ਭਰਾਵਾਂ ਦੀ ਹੋਈ ਮੌ+ਤ
ਸੂਚਨਾ ਮੁਤਾਬਕ ਇਹ ਹਾਦਸਾ ਰਾਤ ਨੂੰ ਜਲੰਧਰ ਤੋਂ ਚੱਲ ਕੇ ਗੰਗਾਨਗਰ ਜਾਣ ਵਾਲੀ ਪਨਬਸ ਦੀ ਬੱਸ ਅਤੇ ਆਰਬਿਟ ਕੰਪਨੀ ਦੀ ਅਬੋਹਰ ਤੋਂ ਚੱਲ ਚੰਡੀਗੜ੍ਹ ਜਾਣ ਵਾਲੀ ਬੱਸ ਵਿਚਕਾਰ ਹੋਇਆ। ਪਨਬਸ ਦੇ ਕੰਡਕਟਰ ਜਸਪਾਲ ਸਿੰਘ ਨੇ ਦਸਿਆ ਕਿ ਜਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਦੀ ਬੱਸ ਨੇ ਗੋਬਿੰਦਗੜ੍ਹ ਪੁਲ ਕੋਲੋਂ ਭੁਲੇਖੇ ਨਾਲ ਮੁੜ ਮਲੋਟ ਰੋਡ ਵੱਲ ਨੂੰ ਟਰਨ ਲੈ ਲਿਆ ਸੀ ਤੇ ਉਨ੍ਹਾਂ ਨੂੰ ਕਰੀਬ ਡੇਢ-ਦੋ ਕਿਲੋਮੀਟਰ ਦੂਰ ਆਉਣ ਤੋਂ ਬਾਅਦ ਇਸਦਾ ਪਤਾ ਲੱਗਿਆ।
ਇਸ ਦੌਰਾਨ ਉਨ੍ਹਾਂ ਵਾਪਸ ਮੁੜਣ ਲਈ ਬੱਸ ਨੂੰ ਇੱਕ ਪਾਸੇ ਕਰ ਲਿਆ ਪ੍ਰੰਤੂ ਇਸ ਦੌਰਾਨ ਆਰਬਿਟ ਕੰਪਨੀ ਦੀ ਪਿੱਛਿਓ ਆ ਰਹੀ ਬੱਸ ਵਿੱਚ ਵੱਜ ਗਈ। ਹਾਦਸੇ ਸਮੇਂ ਪਨਬਸ ਵਿਚ 7-8 ਅਤੇ ਆਰਬਿਟ ਬੱਸ ਵਿਚ 15-20 ਸਵਾਰੀਆਂ ਸਵਾਰ ਸਨ। ਪ੍ਰੰਤੂ ਕੁਦਰਤ ਦੀ ਮਿਹਰ ਰਹੀ ਕਿ ਇੰਨ੍ਹਾਂ ਭਿਆਨਕ ਹਾਦਸਾ ਹੋਣ ਦੇ ਬਾਵਜੂਦ ਸਵਾਰੀਆਂ ਦੀ ਬੱਚਤ ਹੋ ਗਈ ਤੇ ਆਰਬਿਟ ਬੱਸ ਕੰਪਨੀ ਦਾ ਕੰਡਕਟਰ ਬਘੇਲ ਸਿੰਘ ਜੋਕਿ ਡਰਾਈਵਰ ਦੇ ਨਾਲ ਮੂਹਰਲੀ ਸੀਟ ‘ਤੇ ਬੈਠਾ ਹੋਇਆ ਸੀ, ਜਖ਼ਮੀ ਹੋ ਗਿਆ। ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Share the post "ਸੰਘਣੀ ਧੁੰਦ ਕਾਰਨ ਪੰਜਾਬ ’ਚ ਤੜਕਸਾਰ ਵਾਪਰਿਆਂ ਵੱਡਾ ਹਾਦਸਾ, ਦੋ ਬੱਸਾਂ ਦੀ ਹੋਈ ਟੱਕਰ"