ਮਾਛੀਵਾੜਾ, 20 ਨਵੰਬਰ: ਬੀਤੀ ਰਾਤ ਇਸ ਇਲਾਕੇ ਵਿਚ ਇੱਕ ਵੱਡੀ ਵਾਰਦਾਤ ਵਿਚ ਇੱਕ ਮਾਸੀ ਦੇ ਪੁੱਤ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਆਪਣੀ ਮਾਸੀ ਦੇ ਪੁੱਤ ਦਾ ਕਤਲ ਕਰ ਦਿੱਤਾ। ਹਾਲਾਂਕਿ ਇਸ ਘਟਨਾ ਵਿਚ ਕਥਿਤ ਕਾਤਲ ਖ਼ੁਦ ਵੀ ਜਖ਼ਮੀ ਹੋ ਗਿਆ। ਦਸਿਆ ਜਾ ਰਿਹਾ ਕਿ ਦੋਨੋਂ ਹੀ ਟਰੱਕ ਚਲਾਉਂਦੇ ਹਨ ਤੇ ਮਾਝਾ ਖੇਤਰ ਦੇ ਰਹਿਣ ਵਾਲੇ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦੀ ਪਹਿਚਾਣ ਰਛਪਾਲ ਸਿੰਘ (50 ਸਾਲ) ਵਾਸੀ ਪਿੰਡ ਗੁਮਾਨਪੁਰਾ ਅੰਮ੍ਰਿਤਸਰ ਦੇ ਤੌਰ ’ਤੇ ਹੋਈ ਹੈ ਜਦੋਂਕਿ ਮੁਲਜਮ ਦੀ ਪਹਿਚਾਣ ਚਮਕੌਰ ਸਿੰਘ (40 ਸਾਲ) ਵਾਸੀ ਸਠਿਆਲਾ ਦੇ ਤੌਰ ‘ਤੇ ਹੋਈ ਹੈ।
ਇਹ ਵੀ ਪੜ੍ਹੋ ਜਥੇਦਾਰਾਂ ਦੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਹੋਈ ਬੰਦ ਕਮਰਾ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ’ਚ ਚਰਚਾ
ਉਨ੍ਹਾਂ ਦਸਿਆ ਕਿ ਰਛਪਾਲ ਸਿੰਘ ਬੱਦੀ ਤੋਂ ਟਰੱਕ ਲੈ ਕੇ ਲੁਧਿਆਣਾ ਵੱਲ ਆ ਰਿਹਾ ਸੀ ਤੇ ਚਮਕੌਰ ਸਿੰਘ ਬੱਦੀ ਵੱਲ ਜਾ ਰਿਹਾ ਸੀ ਕਿ ਅਚਾਨਕ ਪਿੰਡ ਝਾੜ ਸਾਹਿਬ ਕੋਲ ਸਰਹੱਦ ਨਹਿਰ ਕਿਨਾਰੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਨਾਂ ਨੇ ਇੱਕ ਦੂਜੇ ਨੂੰ ਦੇਖ ਕੇ ਟਰੱਕ ਰੋਕ ਲਏ ਤੇ ਕਹਾਸੁਣੀ ਤੋਂ ਸੁਰੂ ਹੋਈ ਲੜਾਈ ਹੱਥੋਪਾਈ ਤੱਕ ਪੁੱਜ ਗਈ ਤੇ ਇੱਕ ਨੇ ਟਰੱਕ ਵਿਚੋਂ ਤਲਵਾਰ ਤੇ ਦੂਜੇ ਨੇ ਦਾਤਰ ਕੱਢ ਲਿਆ। ਇਸ ਦੌਰਾਨ ਰਛਪਾਲ ਸਿੰਘ ਦੇ ਗਲੇ ਉਪਰ ਤਲਵਾਰ ਵੱਜਣ ਕਾਰਨ ਉਸਦੀ ਮੌਤ ਹੋ ਗਈ ਜਦਕਿ ਇਸ ਲੜਾਈ ਵਿਚ ਚਮਕੌਰ ਸਿੰਘ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨਾਂ ਦੇ ਪ੍ਰਵਾਰਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਜਿਸ ਕਾਰਨ ਇਹ ਘਟਨਾ ਵਾਪਰੀ ਹੈ।