ਭਗਵੰਤ ਮਾਨ ਤੇ ਮੀਤ ਹੇਅਰ ਨੇ ਕਰਵਾਈ ਪਾਰਟੀ ਵਿੱਚ ਸ਼ਮੂਲੀਅਤ
ਚੰਡੀਗੜ੍ਹ, 1 ਮਈ: ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਨਾਲ ਨਰਾਜ਼ ਦਿਖਾਈ ਦੇ ਰਹੇ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਸਾਥੀਆਂ ਸਹਿਤ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸ੍ਰੀ ਗੋਲਡੀ ਨੂੰ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਾਰਟੀ ਵਿੱਚ ਜੀ ਆਇਆ ਕਿਹਾ।
ਇਸ ਮੌਕੇ ਭਗਵੰਤ ਸਿੰਘ ਮਾਨ ਨੇ ਗੋਲਡੀ ਦਾ ਸਵਾਗਤ ਕਰਦੇ ਹਾਂ ਕਿਹਾ ਕਿ ਆਪ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਤੇ ਅਜਿਹੇ ਚੰਗੇ ਨੌਜਵਾਨਾਂ ਦਾ ਪਾਰਟੀ ਹਮੇਸ਼ਾ ਸਵਾਗਤ ਕਰਦੀ ਹੈ। ਇਸ ਮੌਕੇ ਦਲਬੀਰ ਗੋਲਡੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਉਸਦੇ ਨਾਲ ਧੱਕਾ ਕੀਤਾ ਹੈ ਜਿਸ ਦੇ ਚਲਦੇ ਉਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਕਾਂਗਰਸ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ਦੀ ਜ਼ਿਲ੍ਾ ਪ੍ਰਧਾਨਗੀ ਛੱਡਦਿਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਜਿਸ ਤੋਂ ਬਾਅਦ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਤੋਂ ਬਾਅਦ ਗੋਲਡੀ ਲਗਾਤਾਰ ਨਰਾਜ਼ ਚੱਲ ਰਹੇ ਸਨ। ਹਾਲਾਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਹੋਰ ਸੀਨੀਅਰ ਆਗੂਆਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਉਹਨਾਂ ਦੀ ਨਰਾਜ਼ਗੀ ਬਰਕਰਾਰ ਰਹੀ। ਚਰਚਾ ਮੁਤਾਬਕ ਮੁਤਾਬਕ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਖਾਲੀ ਹੋਣ ਵਾਲੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦਲਬੀਰ ਸਿੰਘ ਗੋਲਡੀ ਨੂੰ ਆਪ ਵੱਲੋਂ ਉਮੀਦਵਾਰ ਬਣਾ ਕੇ ਜਿਮਨੀ ਚੋਣ ਲੜਾਈ ਜਾ ਸਕਦੀ ਹੈ।