ਬਿਨ੍ਹਾਂ ਕਸੂਰ ਤੋਂ ਪਾਰਟੀ ਵਿਚੋਂ ਕੱਢਿਆ, ਵੱਡੇ ਬਾਦਲ ਸਾਹਿਬ ਦੀ ਤਰ੍ਹਾਂ ਸੁਖਬੀਰ ਆਗੂਆਂ ਨਾਲ ਲੈ ਕੇ ਚੱਲਣ ਤੋਂ ਅਸਮਰੱਥ
ਬਠਿੰਡਾ, 25 ਅਕਤੂਬਰ: ਲੰਮਾ ਸਮਾਂ ਤੱਕ ਬਾਦਲ ਪ੍ਰਵਾਰ ਦੇ ਕਰੀਬੀ ਰਹੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਸਨੇ ਆਪਣੀ ਨੂੰਹ ਲਈ ਅਕਾਲੀ ਦਲ ਦੀ ਇੱਕ ਵੋਟ ਵੀ ਨਹੀਂ ਤੋੜੀ ਪ੍ਰੰਤੂ ਆਪ ਤੇ ਕਾਂਗਰਸ ਦੇ ਸਮਰਥਕਾਂ ਤੋਂ ਉਸਦੇ ਲਈ ਵੋਟ ਜਰੂਰ ਮੰਗੀ ਹੈ। ’’ ਪੰਜਾਬੀ ਖ਼ਬਰਸਾਰ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ:ਮਲੂਕਾ ਨੇ ਕਿਹਾ ਕਿ ਉਸਦੇ ਉਪਰ ਦੋਸ਼ ਲਗਾਏ ਗਏ ਕਿ ਹਰਸਿਮਰਤ ਕੌਰ ਬਾਦਲ ਦੀ ਮੁਖਾਫ਼ਲਤ ਕੀਤੀ ਗਈ ਪ੍ਰੰਤੂ ਹੁਣ ਤੱਕ ਇੰਨ੍ਹਾਂ ਦੋਸ਼ਾਂ ਬਾਰੇ ਇੱਕ ਵੀ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ। ਉਨ੍ਹਾਂ ਇਸ ਗੱਲ ’ਤੇ ਵੀ ਰੰਜ਼ ਪ੍ਰਗਟ ਕੀਤਾ ਕਿ ‘‘ ਦਹਾਕਿਆਂ ਤੱਕ ਬਾਦਲ ਪ੍ਰਵਾਰ ਅਤੇ ਅਕਾਲੀ ਦਲ ਨੂੰ ਦੇਣ ਦੇ ਬਾਵਜੂਦ ਉਸਨੂੰ ਪਾਰਟੀ ਵਿਚੋਂ ਕੱਢਣ ਤੋਂ ਪਹਿਲਾਂ ਕੋਈ ਕਸੂਰ ਨਹੀਂ ਦਸਿਆ ਤੇ ਨਾਂ ਹੀ ਇਸਦੇ ਲਈ ਕੋਈ ਨੋਟਿਸ ਕੱਢ ਕੇ ਮੌਕਾ ਦਿੱਤਾ ਗਿਆ। ’’
ਇਹ ਵੀ ਪੜ੍ਹੋ:ਜਲੰਧਰ ਤੋਂ ਬਾਅਦ ਜਿਮਨੀ ਚੋਣਾਂ ’ਚ ਅਕਾਲੀ ਦਲ ਵੱਲੋਂ ‘ਪੈਰ’ ਪਿਛਾਂਹ ਖਿੱਚਣ ‘ਤੇ ਮੁੜ ਉੱਠੇ ਸਵਾਲ! ਹੁਣ ਕਿਸਦੀ ਕਰਨਗੇ ਮੱਦਦ?
ਖ਼ੁਦ ਦੇ ਭਾਜਪਾ ਵਿਚ ਨਾ ਜਾਣ ਬਾਰੇ ਪੁੱਛਣ ’ਤੇ ਸ: ਮਲੂਕਾ ਨੇ ਕਿਹਾ, ‘‘ ਉਸਨੇ ਤਾਂ ਆਪਣੇ ਬੇਟੇ ਤੇ ਨੂੰਹ ਨੂੰ ਵੀਭਾਜਪਾ ਵਿਚ ਜਾਣ ਤੋਂ ਰੋਕਿਆ ਸੀ। ਪ੍ਰੰਤੂ ਉਹ ਸਾਲ 2022 ਵਿਚ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਵਿਚ ਕੀਤੀ ਨਾ ਇਨਸਾਫ਼ੀ ਕਾਰਨ ਔਖੇ ਸਨ, ਜਿਸ ਕਾਰਨ ਉਨ੍ਹਾਂ ਨੇ ਅਕਾਲੀ ਦਲ ਛੱਡਣ ਦਾ ਮਨ ਬਣਾ ਲਿਆ ਸੀ। ’’ ਸਾਬਕਾ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਜਦ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਮਲੂਕਾ ਭਾਜਪਾ ਵਿਚ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੂੰਦੜ ਨੂੰ ਦਸ ਦਿਨ ਪਹਿਲਾਂ ਹੀ ਇਸਦੀ ਜਾਣਕਾਰੀ ਦੇ ਦਿੱਤੀ ਸੀ ਤੇ ਨਾਲ ਇਹ ਵੀ ਦਸਿਆ ਸੀ ਕਿ ਉਹਨਾਂ ਦੀ ਨਰਾਜ਼ਗੀ ਪ੍ਰਵਾਰਕ ਨਹੀਂ, ਬਲਕਿ ਪਾਰਟੀ ਦੇ ਨਾਲ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਨਰਾਜਗੀ ਨੂੰ ਦੁੂਰ ਕਰਨ ਦੇ ਯਤਨ ਕੀਤੇ ਜਾਣ।
ਇਹ ਵੀ ਪੜ੍ਹੋ:ਪੰਜਾਬ ਦੇ ਸ਼ੈਲਰਾਂ ‘ਚੋਂ ਚਾਵਲ ਨਾ ਚੁੱਕਣਾ, ਕੇਂਦਰ ਦੀ ਭਾਜਪਾ ਸਰਕਾਰ ਦੀ ਸਾਜਿਸ਼: ਸੰਧਵਾਂ
ਸਿਕੰਦਰ ਸਿੰਘ ਮਲੂਕਾ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਜ਼ਸੈਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ, ‘‘ ਉਹ ਪਾਰਟੀ ਆਗੂਆਂ ਨੂੰ ਵਿਸਵਾਸ ਵਿਚ ਲੈ ਕੇ ਚੱਲਣ ਤੋਂ ਅਸਮਰੱਥ ਰਹੇ ਹਨ ਤੇ ਸਿਰਫ਼ ਤਿੰਨ-ਚਾਰ ਜਣਿਆਂ ਦੀ ਜੁੰਡਲੀ ਵਿਚ ਹੀ ਘਿਰੇ ਹੋਏ ਹਨ, ਜਿਹੜੀ ਉਨ੍ਹਾਂ ਨੂੰ ਗਲਤ ਦਿਸ਼ਾ ਵੱਲ ਲਿਜਾ ਰਹੀ ਹੈ। ’’ ਉਨ੍ਹਾਂ ਗੱਲਬਾਤ ਦੌਰਾਨ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਨਾ ਲੜਣ ਦੇ ਫੈਸਲੇ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਸਦੇ ਨਾਲ ਪਾਰਟੀ ਕਾਡਰ ਵਿਚ ਨਿਰਾਸ਼ਤਾ ਫੈਲੇਗੀ ਅਤੇ ਇਸਦਾ ਅਸਰ ਅਗਲੀਆਂ ਚੋਣਾਂ ‘ਤੇ ਵੀ ਪਏਗਾ। ਭਾਜਪਾ ਨਾਲ ਸਬੰਧਾਂ ਦੇ ਮੁੱਦੇ ‘ਤੇ ਸ: ਮਲੂਕਾ ਨੇ ਕਿਹਾ ਕਿ ‘‘ ਦਹਾਕਿਆਂ ਤੱਕ ਭਾਜਪਾ ਨਾਲ ਮਿਲਕੇ ਸੱਤਾ ਭੋਗਣ ਤੋਂ ਬਾਅਦ ਹੁਣ ਹਰ ਗੱਲ ਲਈ ਉਸਨੂੰ ਜਿੰਮੇਵਾਰ ਠਹਿਰਾਉਣਾ ਗਲਤ ਹੈ।’’ ਊਨ੍ਹਾਂ ਮੰਨਿਆ ਕਿ ਦੇਰ-ਸਵੇਰ ਦੋਨਾਂ ਪਾਰਟੀਆਂ ਦੇ ਮੁੜ ਇਕੱਠਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
sikander singh maluka
Share the post "ਮਲੂਕਾ ਦਾ ਖ਼ੁਲਾਸਾ:‘‘ਮੈਂ ਨੂੰਹ ਲਈ ਅਕਾਲੀਆਂ ਦੀਆਂ ਨਹੀਂ, ਬਲਕਿ ਕਾਂਗਰਸ ਤੇ ਆਪ ਦੀਆਂ ਤੋੜੀਆਂ ਸਨ ਵੋਟਾਂ ’’"