ਕਿਸਾਨ ਆਗੂ ਦੀ ਕੁੱਟ ਮਾਰਦੇ ਵਿਰੁੱਧ ਸੜਕ ‘ਤੇ ਲਗਾਇਆ ਜਾਮ
ਬਠਿੰਡਾ, 29 ਮਈ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਦੇ ਐਸਐਚਓ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਕਿਸਾਨ ਆਗੂਆਂ ਨੇ ਥਾਣਾ ਮੁਖੀ ਉੱਪਰ ਰੰਜਿਸ਼ਨ ਇੱਕ ਕਿਸਾਨ ਆਗੂ ਦੀ ਭਿਆਨਕ ਕੁੱਟ ਮਾਰ ਦੇ ਦੋਸ਼ ਲਾਏ ਹਨ। ਕਿਸਾਨਾਂ ਨੇ ਐਸ ਐਚ ਓ ਵਿਰੁੱਧ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਆਪ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਜੱਦੀ ਪਿੰਡ ਦੀ ਮੁੱਖ ਸੜਕ ‘ਤੇ ਸਾਰਾ ਦਿਨ ਜਾਮ ਲਗਾਈ ਰੱਖਿਆ। ਉਧਰ ਮਾਮਲਾ ਦੇ ਵਧਦਾ ਦੇਖ ਪੁਲਿਸ ਨੇ ਹਸਪਤਾਲ ਵਿੱਚ ਦਾਖਲ ਕਿਸਾਨ ਆਗੂ ਦੇ ਬਿਆਨ ਵੀ ਦਰਜ ਕੀਤੇ ਹਨ ਅਤੇ ਪੁਲਿਸ ਦੇ ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਵੀ ਕਿਸਾਨ ਆਗੂਆਂ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਹੈ, ਜਿਸਤੋਂ ਬਾਅਦ ਇਹ ਧਰਨਾ ਚੁੱਕ ਦਿੱਤਾ ਗਿਆ।
ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ:ਸੰਜੇ ਸਿੰਘ
ਮਾਮਲੇ ਦੀ ਜਾਣਕਾਰੀ ਦਿੰਦਿਆ ਜਥੇਬੰਦੀ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਆਉਣ ਵਾਲੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ। ਇਸੇ ਕੜੀ ਤਹਿਤ ਜਦ ਪਿਛਲੇ ਦਿਨੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਪਿੰਡ ਮਾਈਸਰਖਾਨਾ ਵਿਖੇ ਆਏ ਸਨ ਤਾਂ ਜਥੇਬੰਦੀ ਵੱਲੋਂ ਮੋਰਚੇ ਦੇ ਹੁਕਮਾਂ ਤਹਿਤ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰੰਤੂ ਇਸ ਦੌਰਾਨ ਥਾਣਾ ਕੋਟਫੱਤਾ ਦੇ ਐਸ ਐਚ ਓ ਨੇ ਧੱਕੇਸ਼ਾਹੀ ਕਰਦਿਆਂ ਨਾ ਸਿਰਫ ਕਿਸਾਨਾਂ ਨੂੰ ਬੁਰਾ ਭਲਾ ਕਿਹਾ ਬਲਕਿ ਪਿੰਡ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਦੀ ਬੁਰੀ ਤਰ੍ਹਾਂ ਕੁੱਟ ਮਾਰ ਵੀ ਕੀਤੀ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ‘ਤੇ ਜ਼ੁਲਮ ਢਾਉਣ ਵਾਲੇ ਅਜਿਹੇ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰੇ, ਨਹੀਂ ਜਥੇਬੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।