ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਲਗਾਤਾਰ ਬਰਸਾਤ ਜਾਰੀ
ਸੰਭੂ, 21 ਫ਼ਰਵਰੀ : ਲੰਘੀ 13 ਫ਼ਰਵਰੀ ਤੋਂ ਸ਼ੁਰੂ ਹੋਏ ਦੂਜੇ ਕਿਸਾਨ ਸੰਘਰਸ਼ ਦੇ ਅੱਜ ਅੱਠਵੇਂ ਦਿਨ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਤਨਾਅ ਭਰਿਆ ਮਾਹੌਲ ਬਣਿਆ ਹੋਇਆ ਹੈ। ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਕਤੀ ਨੂੰ ਲੈ ਕੇ ਦਿੱਤੇ ਦਿੱਲੀ ਕੂਚ ਦੇ ਸੱਦੇ ਤਹਿਤ ਕਿਸਾਨ ਆਗੂਆਂ ਵੱਲੋਂ ਸਵੇਰੇ 11 ਵਜੇਂ ਦਿੱਲੀ ਕੂਚ ਦਾ ਐਲਾਨ ਸੀ ਪ੍ਰੰਤੂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਦੀ ਬਰਸਾਤ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਖ਼ਨੌਰੀ ਬਾਰਡਰ ’ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋਂ ਦੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਉਰਫ਼ ਗੱਗੀ (23) ਪੁੱਤਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਹਾਲੇ ਤੱਕ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ ਪ੍ਰੰਤੂ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਨੌਜਵਾਨ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਕਾਰਨ ਹੋਈ ਹੈ।
ਆਮ ਆਦਮੀ ਪਾਰਟੀ ਵੱਲੋਂ 11 ਵਿਧਾਨ ਸਭਾ ਹਲਕਿਆਂ ਦੇ ਨਵੇਂ ਇੰਚਾਰਜਾਂ ਦਾ ਐਲਾਨ
ਮ੍ਰਿਤਕ ਨੌਜਵਾਨ ਦੀ ਲਾਸ਼ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਰੱਖੀ ਗਈ ਹੈ। ਉਹ ਤਿੰਨ ਭੈਣਾਂ ਦਾ ਇਕਲੌਤਾ ਦਾ ਭਰਾ ਸੀ ਤੇ ਪਿਛਲੇ ਦਿਨਾਂ ਤੋਂ ਹੀ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਇਆ ਸੀ। ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਮਾਹੌਲ ਹੋਰ ਭਖ ਗਿਆ ਹੈ ਤੇ ਲੋਕਾਂ ਵਿਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਿਸਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਸੰਭੂ ਤੇ ਖਨੌਰੀ ਬਾਰਡਰ ਵੱਲ ਪੁੱਜਣੇ ਸ਼ੁਰੂ ਹੋ ਗਏ ਹਨ। ਤਾਜ਼ਾ ਬਣੇ ਮਾਹੌਲ ਦੇ ਚੱਲਦੇ ਕਿਸਾਨ ਆਗੂਆਂ ਦੀ ਕੇਂਦਰ ਦੇ ਮੰਤਰੀਆਂ ਨਾਲ ਅੱਜ ਸੰਭਾਵਿਤ ਤੌਰ ‘ਤੇ ਹੋਣ ਵਾਲੀ ਪੰਜਵੇਂ ਗੇੜ ਦੀ ਮੀਟਿੰਗ ਉਪਰ ਵੀ ਸਵਾਲੀਆਂ ਨਿਸ਼ਾਨ ਲੱਗ ਗਏ ਹਨ, ਕਿਉਂਕਿ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਮਾਹੌਲ ਵਿਚ ਗੱਲਬਾਤ ਦਾ ਕੋਈ ਫ਼ਾਈਦਾ ਨਹੀਂ। ਉਨ੍ਹਾਂ ਦਿੱਲੀ ਵੱਲ ਕੂਚ ਕਰਨ ਦੇ ਅਪਣੇ ਇਰਾਦੇ ਉਪਰ ਮੁੜ ਦ੍ਰਿੜਤਾ ਜਤਾਈ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਮਾਹੌਲ ਹੋਰ ਖ਼ਰਾਬ ਹੋ ਸਕਦਾ ਹੈ, ਕਿਉਂਕਿ ਹਰਿਆਣਾ ਪੁਲਿਸ ਦੇ ਹਮਲਾਵਾਰ ਰਵੱਈਏ ਤੋਂ ਨਰਾਜ਼ ਕਿਸਾਨ ਵੀ ਗੁੱਸੇ ਵਿਚ ਆ ਗਏ ਹਨ ਤੇ ਖ਼ਾਸਕਰ ਨੌਜਵਾਨ ਕਿਸਾਨਾਂ ਵੱਲੋਂ ਮੋੜਵਾ ਜਵਾਬ ਦੇਣ ਦੀ ਵੀ ਕੋਸ਼ਿਸ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤ: ਮੁੱਖ ਮੰਤਰੀ
ਜਿਸ ਕਾਰਨ ਦੋਨਾਂ ਧਿਰਾਂ ਵਿਚਕਾਰ ਲੜਾਈ ਖੇਤਾਂ ਵਿਚ ਹੱਥੋ-ਹੱਥੀ ਤੱਕ ਪਹੁੰਚਦੀ ਦਿਖ਼ਾਈ ਦੇ ਰਹੀ ਹੈ। ਮਾਹੌਲ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਸਰਗਰਮ ਦਿਖ਼ਾਈ ਦੇ ਰਹੇ ਹਨ ਤੇ ਇਸ ਕੋਸਿਸ ਵਿਚ ਜੁਟੇ ਹੋਏ ਹਨ ਕਿ ਮਾਹੌਲ ਹੱਥੋਂ ਨਾ ਨਿਕਲ ਜਾਵੇ। ਗੌਰਤਲਬ ਹੈ ਕਿ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਸਖ਼ਤ ਪੱਤਰ ਭੇਜੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਚਾਰ ਵਾਰ ਕਿਸਾਨਾਂ ਤੇ ਕੇਂਦਰ ਵਿਚਕਾਰ ਮੀਟਿੰਗ ਤੋਂ ਬਾਅਦ ਕੋਈ ਹੱਲ ਨਾ ਨਿਕਲਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ 21 ਫ਼ਰਵਰੀ ਨੂੰ ਸਵੇਰੇ 11 ਵਜੇਂ ਦਿੱਲੀ ਜਾਣ ਦਾ ਐਲਾਨ ਕੀਤਾ ਸੀ। ਜਿਸਦੇ ਚੱਲਦੇ ਸਵੇਰ ਤੋਂ ਰੁਕ ਰੁਕ ਕੇ ਕਿਸਾਨ ਹਰਿਆਣਾ ਵੱਲ ਵਧਦੇ ਦਿਖ਼ਾਈ ਦੇ ਰਹੇ ਹਨ, ਜਿੰਨ੍ਹਾਂ ਨੂੰ ਰੋਕਣ ਲਈ ਹਰਿਆਣਾਂ ਪੁਲਿਸ ਵੱਲੋਂ ਵੀ ਪੈਰਾ ਮਿਲਟਰੀ ਫ਼ੌਰਸ ਦੀ ਮੱਦਦ ਨਾਲ ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾ ਰਿਹਾ। ਹਾਲਾਂਕਿ ਕੇਂਦਰੀ ਖੇਤੀ ਮੰਤਰੀ ਅਰਜਨ ਮੁੰਡਾ ਨੇ ਸਵੇਰੇ 11 ਵਜੇਂ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਸੀ।
Share the post "ਕਿਸਾਨ ਸੰਘਰਸ਼: ਬਠਿੰਡਾ ਦੇ ਨੌਜਵਾਨ ਕਿਸਾਨ ਦੀ ਹੋਈ ਮੌਤ, ਸ਼ੰਭੂ ਤੇ ਖਨੌਰੀ ਬਾਰਡਰ ਉਪਰ ਤਨਾਅ ਭਰਿਆ ਮਾਹੌਲ ਬਣਿਆ"