IAS ਮਨਵੇਸ਼ ਸਿੰਘ ਸਿੱਧੂ ਵੱਲੋਂ ਫਾਜ਼ਿਲਕਾ ਮੰਡੀਆਂ ਦਾ ਦੌਰਾ

0
10
ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਲਿਫਟਿੰਗ ਹੋਰ ਤੇਜ਼ ਕਰਨ ਦੀ ਕੀਤੀ ਹਦਾਇਤ 
ਫਾਜ਼ਿਲਕਾ,2 ਮਈ : ਮਨਵੇਸ਼ ਸਿੰਘ ਸਿੱਧੂ ਆਈਏਐਸ ਐਡਮਿਨਿਸਟ੍ਰੇਟਿਵ ਸਕੱਤਰ ਲੇਬਰ ਵਿਭਾਗ ਜੋ ਕਿ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਵੀ ਹਨ, ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਨੇ ਫਾਜ਼ਿਲਕਾ ਤੇ ਅਬੋਹਰ ਮੰਡੀਆਂ ਵਿੱਚ ਜਾ ਕੇ ਜਿੱਥੇ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਰੀਦ ਏਜੰਸੀਆਂ ਨਾਲ ਬੈਠਕ ਕਰਕੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ।ਇਸ ਮੌਕੇ ਮਨਵੇਸ਼ ਸਿੰਘ ਸਿੱਧੂ ਨੇ ਆਖਿਆ ਕਿ ਕਣਕ ਖਰੀਦ ਪ੍ਰਕਿਰਿਆ ਤੇਜੀ ਨਾਲ ਜਾਰੀ ਹੈ ਅਤੇ ਹੁਣ ਤੱਕ ਇਸ ਸਾਲ ਦੇ ਟੀਚੇ ਦੇ ਮੁਕਾਬਲੇ 80 ਫੀਸਦੀ ਤੱਕ ਕਣਕ ਦੀ ਮੰਡੀਆਂ ਵਿੱਚ ਆਮਦ ਹੋ ਚੁੱਕੀ ਹੈ। ਉਹਨਾਂ ਨੇ ਖਰੀਦ ਏਜੰਸੀਆਂ ਨੂੰ ਤਾੜਨਾ ਕੀਤੀ ਕਿ ਉਹ ਮੰਡੀਆਂ ਵਿੱਚੋਂ ਲਿਫਟਿੰਗ ਦੇ ਕੰਮ ਨੂੰ ਤੇਜ਼ੀ ਨਾਲ ਕਰਨ ਅਤੇ ਖਾਸ ਕਰਕੇ ਉਹਨਾਂ ਮੰਡੀਆਂ ਵਿੱਚ ਵਿਸ਼ੇਸ਼ ਤੌਰ ਤੇ ਤਵੱਜੋ ਦਿੱਤੀ ਜਾਵੇ ਜਿੱਥੇ ਲਿਫਟਿੰਗ ਘੱਟ ਹੋਈ ਹੈ।
ਇਸ ਮੌਕੇ ਸ਼੍ਰੀ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 6,47,319 ਮਿਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਇਸ ਵਿੱਚੋਂ 6,27,538 ਮਿਟ੍ਰਿਕ ਟਨ ਕਣਕ ਦੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੇ ਬਦਲੇ ਕਿਸਾਨਾਂ ਨੂੰ 1200 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਬੀਤੀ ਸ਼ਾਮ ਤੱਕ ਫਾਜ਼ਿਲਕਾ ਜ਼ਿਲ੍ਹੇ ਚ 1300.06 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਨਾਂ ਆਖਿਆ ਕਿ ਮੰਡੀ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸਾਰੇ ਲੋੜੀਂਦੇ ਪ੍ਰਬੰਧ ਚਾਕ ਚੌਬਧ ਰੱਖੇ ਜਾਣ ।
ਉਹਨਾਂ ਨੇ ਖਰੀਦ ਏਜੰਸੀਆਂ ਨੂੰ ਕਿਹਾ ਕਿ ਮੰਡੀ ਵਿੱਚੋਂ ਤੇਜ਼ੀ ਨਾਲ ਕਣਕ ਦੀ ਲਿਫਟਿੰਗ ਕੀਤੀ ਜਾਵੇ ਤਾਂ ਜੋ ਹੋਰ ਕਣਕ ਲਿਆਉਣ  ਲਈ ਮੰਡੀਆਂ ਚ ਥਾਂ ਦੀ ਕੋਈ ਘਾਟ ਨਾ ਰਹੇ । ਉਨਾ ਆਖਿਆ ਕਿ ਜੇਕਰ ਕਿਸੇ ਠੇਕੇਦਾਰ ਨੇ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਲੇਬਰ ਜਾਂ ਟਰੱਕ ਮੁਹਈਆ ਨਾ ਕਰਵਾਏ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਜ਼ਿਲਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ, ਪਨਸਪ ਦੇ ਜ਼ਿਲ੍ਹਾ ਮੈਨੇਜਰ ਰਮਨ ਗੋਇਲ, ਮਾਰਕਫੈਡ ਦੇ ਜਿਲਾ ਮੈਨੇਜਰ ਵਿਪਨ  ਕੁਮਾਰ, ਜਿਲਾ ਮੰਡੀ ਅਫਸਰ ਜਸਮੀਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here