ਚੰਡੀਗੜ੍ਹ, 24 ਅਕਤੂਬਰ : ਝੋਨੇ ਦੀ ਖਰੀਦ ਅਤੇ ਚੁਕਾਈ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 8 ਦਿਨਾਂ ਤੋਂ 51ਥਾਂਵਾਂ ’ਤੇ ਪੱਕੇ ਮੋਰਚੇ ਜਾਰੀ ਹਨ। ਜਿਸਦੇ ਤਹਿਤ 8 ਦਿਨਾਂ ਤੋਂ 26 ਟੌਲ ਫਰੀ ਕੀਤੇ ਹੋਏ ਹਨ, ਅਤੇ 25 ਥਾਵਾਂ ਤੇ ਆਮ ਆਦਮੀ ਪਾਰਟੀ ਮੰਤਰੀਆਂ/ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫਤਰਾਂ ਅੱਗੇ ਧਰਨੇ ਚੱਲ ਰਹੇ ਹਨ। ਪਰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਤੋਂ ਲਗਾਤਾਰ ਘੇਸਲ ਵੱਟੀ ਹੋਈ ਹੈ। ਜਥੇਬੰਦੀ ਦੇ ਫੈਸਲੇ ਅਨੁਸਾਰ ਕੱਲ੍ਹ 25 ਅਕਤੂਬਰ ਨੂੰ ਪੰਜਾਬ ਦੀਆਂ ਸੰਘਰਸ਼ੀ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਦਾ ਸੱਦੇ ਨਾਲ ਤਾਲਮੇਲ ਕਰਦਿਆਂ ਕਾਰਪੋਰੇਟ ਘਰਾਣਿਆਂ ਦੇ ਮਾਲਾਂ ਦੇ ਘਿਰਾਓ ਕੀਤੇ ਜਾਣਗੇ।
ਇਹ ਵੀ ਪੜ੍ਹੋ: ਸਵੀਪ ਗਤੀਵਿਧੀ ਤਹਿਤ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਕਾਰਪੋਰੇਟ ਘਰਾਣਿਆਂ ਦੀ ਜਥੇਬੰਦੀ ਸੰਸਾਰ ਵਪਾਰ ਸੰਸਥਾ ਵੱਲੋਂ ਖੁੱਲ੍ਹੀ ਮੰਡੀ ਰਾਹੀਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨ ਦੀਆਂ ਨੀਤੀਆਂ ਲਾਗੂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਵੱਡੇ ਮਾਲਾਂ ਰਾਹੀਂ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਫੇਲ੍ਹ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੁੱਖਦਾਈ ਜਾਣਕਾਰੀ ਵੀ ਦਿੱਤੀ ਕਿ ਜਲਾਲਾਬਾਦ ਵਿਖੇ ਐਮ ਐਲ ਏ ਜਗਦੀਪ ਸਿੰਘ ਕੰਬੋਜ ਦੇ ਦਰਾਂ ਅੱਗੇ ਮੋਰਚੇ ਵਿੱਚ 70 ਸਾਲਾਂ ਦੇ ਕਿਸਾਨ ਹਜਾਰਾ ਰਾਮ ਵਾਸੀ ਸਵਾਹ ਵਾਲਾ ਦਿਲ ਫੇਲ੍ਹ ਹੋਣ ਕਾਰਨ ਸ਼ਹੀਦ ਹੋ ਗਏ
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ
ਜਿਨ੍ਹਾਂ ਦੇ ਪ੍ਰਵਾਰ ਦੀ ਸਹਿਮਤੀ ਨਾਲ ਪੋਸਟ ਮਾਰਟਮ ਤੋਂ ਇਨਕਾਰ ਕਰਦਿਆਂ ਜਥੇਬੰਦੀ ਵੱਲੋਂ ਸ਼ਹੀਦ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪੱਕੀ ਸਰਕਾਰੀ ਨੌਕਰੀ ਦੇਣ ਅਤੇ ਸਾਰਾ ਕਰਜਾ ਖ਼ਤਮ ਕਰਨ ਦੀ ਮੰਗ ਮੰਨੇ ਜਾਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਲਗਾਤਾਰ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸੰਬੰਧਤ ਜ਼ਿਲ੍ਹਾ ਅਤੇ ਬਲਾਕ ਪੱਧਰਾਂ ਦੇ ਸੈਂਕੜੇ ਆਗੂ ਸ਼ਾਮਲ ਸਨ।
Share the post "ਝੋਨੇ ਦੀ ਖ਼ਰੀਦ ਲਈ ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਸੂਬੇ ਦੇ 51 ਥਾਵਾਂ ’ਤੇ 8ਵੇਂ ਦਿਨ ਵੀ ਧਰਨਾ ਜਾਰੀ"