ਪੰਜਾਬ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡੱਲਾ ਦੇ ਚਾਰ ਗੁਰਗੇ ਗ੍ਰਿਫਤਾਰ; ਤਿੰਨ ਪਿਸਤੌਲ ਬਰਾਮਦ

0
181

👉ਗ੍ਰਿਫਤਾਰ ਮੁਲਜ਼ਮ ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਪੰਜਾਬ ਵਿੱਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਰਚ ਰਹੇ ਸਨ ਸਾਜ਼ਿਸ਼ : ਡੀਜੀਪੀ ਗੌਰਵ ਯਾਦਵ
👉ਗ੍ਰਿਫਤਾਰ ਵਿਅਕਤੀ, ਹਾਲ ਹੀ ਵਿੱਚ ਮੋਹਾਲੀ ਵਿਖੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸਨ: ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ

ਚੰਡੀਗੜ੍ਹ, 16 ਦਸੰਬਰ: ਸੰਗਠਿਤ ਅਪਰਾਧ ਦੇ ਖ਼ਾਤਮੇ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸਏਐਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕੈਨੇਡਾ ਅਧਾਰਤ ਅੱਤਵਾਦੀ ਅਰਸ਼ ਡੱਲਾ ਅਤੇ ਇੱਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ .32 ਬੋਰ ਦੇ ਤਿੰਨ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ। ਫੜੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਨਵਜੋਤ ਸਿੰਘ ਉਰਫ਼ ਨੀਸ਼ੂ ਵਾਸੀ ਅਮਲੋਹ, ਫ਼ਤਹਿਗੜ੍ਹ ਸਾਹਿਬ, ਜੋ ਇਸ ਸਮੇਂ ਖਰੜ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ; ਪਟਿਆਲਾ ਦੇ ਭਾਦਸੋਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਫਰੀਦਕੋਟ ਵਾਸੀ ਵਿਪਨਪ੍ਰੀਤ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਸਵਿਫ਼ਟ ਕਾਰ, ਜਿਸ ‘ਤੇ ਉਹ ਜਾ ਰਹੇ ਸਨ, ਵੀ ਜ਼ਬਤ ਕਰ ਲਈ ਹੈ।

ਇਹ ਵੀ ਪੜ੍ਹੋ ਪੰਜਾਬ ਵਿੱਚ ਖੋਲ੍ਹਿਆ ਜਾਵੇਗਾ ਪਹਿਲਾ ਬੁਟੀਕ ਹੋਟਲ, ਮੁੱਖ ਮੰਤਰੀ ਵੱਲੋਂ ਲੋਹੜੀ ਤੋਂ ਬਾਅਦ ਪਟਿਆਲਾ ਦੇ ਕਿੱਲਾ ਮੁਬਾਰਕ ਵਿਖੇ ਬਣਿਆ ਹੋਟਲ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਆਪਣੇ ਵਿਦੇਸ਼ੀ ਹੈਂਡਲਰ ਦਲਜੀਤ ਸਿੰਘ ਉਰਫ਼ ਨਿੰਦਾ ਦੇ ਨਿਰਦੇਸ਼ਾਂ ‘ਤੇ ਬੀਤੀ 1 ਅਤੇ 2 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੁਹਾਲੀ ਦੇ ਫੇਜ਼ 11 ਸਥਿਤ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਦੇ ਮਾਲਕ ਨੂੰ ਡਰਾ ਧਮਕਾ ਕੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਦਾ ਜ਼ੁਰਮ ਕਬੂਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦਲਜੀਤ ਸਿੰਘ ਉਰਫ਼ ਨਿੰਦਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ, ਜੋ ਫ਼ਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਭੱਜ ਗਿਆ ਸੀ ਅਤੇ ਉਥੇ ਅਮਰੀਕਾ-ਅਧਾਰਤ ਕੱਟੜਪੰਥੀ ਗੈਂਗਸਟਰ ਨਾਲ ਜੁੜ ਗਿਆ ਸੀ।ਡੀਜੀਪੀ ਨੇ ਕਿਹਾ ਕਿ ਇਹ ਮਾਡਿਊਲ ਕੱਟੜਪੰਥੀ ਅਰਸ਼ ਡੱਲਾ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਪੁਰਾਣਾ ਅਤੇ ਵੱਡਾ ਅਪਰਾਧਕ ਰਿਕਾਰਡ ਹੈ, ਜਿਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ, ਜਦਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ Gangster Lawrence Bishnoi Interview Case: DSP Gursher Sandhu ਨੌਕਰੀ ਤੋਂ ਬਰਖ਼ਾਸਤ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਮੋਹਾਲੀ ਵਿਖੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਸ ਕੇਸ ਨੂੰ ਸੁਲਝਾਉਣ ਲਈ ਏਆਈਜੀ ਗੁਰਮੀਤ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਨਾਲ ਤਾਲਮੇਲ ਜ਼ਰੀਏ ਏਜੀਟੀਐਫ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਟੀਮਾਂ ਨੇ ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ, ਤਕਨੀਕੀ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ, ਜਿਸ ਨਾਲ ਅਪਰਾਧ ਵਿੱਚ ਸ਼ਾਮਲ ਦੋ ਸ਼ੂਟਰਾਂ ਸਮੇਤ ਮੁਲਜ਼ਮਾਂ ਦੀ ਪਛਾਣ ਹੋਈ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਜੀ.ਟੀ.ਐਫ. ਦੀਆਂ ਵਿਸ਼ੇਸ਼ ਟੀਮਾਂ ਨੇ ਮੁਲਜ਼ਮਾਂ ਨੂੰ ਉਸ ਵੇਲੇ ਸਫ਼ਲਤਾਪੂਰਵਕ ਟਰੇਸ ਕਰ ਲਿਆ ਜਦੋਂ ਉਹ ਆਪਣੀ ਸਵਿਫ਼ਟ ਕਾਰ ਵਿੱਚ ਜਾ ਰਹੇ ਸਨ, ਜਿਸ ਉਪਰੰਤ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਫੋਕਲ ਪੁਆਇੰਟ, ਮੋਹਾਲੀ ਨੇੜਿਓਂ ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਏ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼

ਏਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ ਤੇ ਨਵਜੋਤ ਉਰਫ਼ ਨੀਸ਼ੂ ਨੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ’ਤੇ ਗੋਲੀਆਂ ਚਲਾਈਆਂ ਅਤੇ ਮੁਲਜ਼ਮ ਲਖਵਿੰਦਰ ਨੇ ਉਨ੍ਹਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਜਦਿ ਕਿ ਮੁਲਜ਼ਮ ਵਿਪਨਪ੍ਰੀਤ ਵੱਲੋ ਅਰਸ਼ ਡੱਲਾ ਦੇ ਕਹਿਣ ’ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ।ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮ ਗਗਨਦੀਪ ਥਾਣਾ ਅਮਲੋਹ ਵਿਖੇ ਦਰਜ ਡਕੈਤੀ ਦੇ ਕੇਸ ਵਿੱਚ ਵੀ ਪੁਲਿਸ ਨੂੰ ਲੋੜੀਂਦਾ ਸੀ, ਜਦੋਂਕਿ ਮੁਲਜ਼ਮ ਵਿਪਨਪ੍ਰੀਤ ਇਸ ਤੋਂ ਪਹਿਲਾਂ ਮਾਰਚ 2024 ਵਿੱਚ ਜਲੰਧਰ ‘ਚ ਇੱਕ ਗਾਇਕ ਉੱਤੇ ਗੋਲੀਆਂ ਚਲਾਉਣ ਅਤੇ ਜਨਵਰੀ 2024 ਵਿੱਚ ਫਰੀਦਕੋਟ ਵਿਖੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ।ਇਸ ਸਬੰਧੀ ਪੁਲਿਸ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 111 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਐਫਆਈਆਰ ਨੰਬਰ 40 ਮਿਤੀ 15/12/2024 ਦਰਜ ਕੀਤੀ ਗਈ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here