ਦੂਜੇ ਦਿਨ ਵੀ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਫ਼ਰੀ, ਸੰਭੂ ਬਾਰਡਰ ’ਤੇ ਕਿਸਾਨਾਂ ਦਾ ਸੰਘਰਸ਼ ਜਾਰੀ
ਚੰਡੀਗੜ੍ਹ, 18 ਫਰਵਰੀ: ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਕਰਜ਼ ਮੁਆਫ਼ੀ ਦੇ ਮੁੱਦੇ ਸਮੇਤ ਭਖਦੀਆਂ ਕਿਸਾਨੀ ਮੰਗਾਂ ਖਾਤਰ ਚੱਲ ਰਹੇ ਕਿਸਾਨ ਸੰਘਰਸ਼ ਦੇ ਚੱਲਦਿਆਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਕਿਸਾਨ ਆਗੂਆਂ ਨਾਲ ਚੌਥੇ ਗੇੜ੍ਹ ਦੀ ਮੀਟਿੰਗ ਐਤਵਾਰ ਸ਼ਾਮ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਅਰਜਨ ਮੁੰਡਾ, ਪੀਯੂਸ ਗੋਇਲ, ਨਿੱਤਿਆਨੰਦ ਰਾਏ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਇਸਤੋਂ ਪਹਿਲਾਂ ਹੋਈਆਂ ਤਿੰਨ ਮੀਟਿੰਗ ਵਿਚ ਦੋਨਾਂ ਧਿਰਾਂ ਕਿਸੇ ਸਹਿਮਤੀ ’ਤੇ ਨਹੀਂ ਪੁੱਜ ਸਕੀਆਂ ਸਨ। ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਦੀ ਮੀਟਿੰਗ ਵਿਚ ਕੋਈ ਚੰਗੀ ਖ਼ਬਰ ਆ ਸਕਦੀ ਹੈ।
ਬਠਿੰਡਾ ਪੁਲਿਸ ਵੱਲੋਂ ਬੰਦ ਪਏ ਘਰਾਂ ਵਿੱਚ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, ਦੋ ਕਾਬੂ
ਕਿਸਾਨ ਆਗੂਆਂ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਐਮਐਸਪੀ ਉਪਰ ਕਾਨੂੰਨੀ ਗਰੰਟੀ ਲਈ ਆਰਡੀਨੈਂਸ ਜਾਰੀ ਕਰੇ ਤਾਂ ਕਿ ਤਿੰਨ ਸਾਲ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰ ਡਟੇ ਕਿਸਾਨਾਂ ’ਤੇ ਹਰਿਆਣਾ ਪੁਲਿਸ ਦੁਆਰਾ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਅਤੇ ਚਲਾਈਆਂ ਜਾ ਰਹੀਆਂ ਰਬੜ ਦੀਆਂ ਗੋਲੀਆਂ ਦੇ ਵਿਰੋਧ ਵਿਚ ਪੰਜਾਬ ਭਾਜਪਾ ਦੇ ਤਿੰਨ ਵੱਡੇ ਆਗੂਆਂ ਸੁਨੀਲ ਕੁਮਾਰ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਦਾ ਘਿਰਾਓ ਅੱਜ ਦੂਜੇ ਦਿਨ ਵੀ ਜਾਰੀ ਹੈ। ਇਸੇ ਤਰ੍ਹਾਂ ਸੂਬੇ ਦੇ ਟੌਲ ਪਲਾਜਿਆਂ ਨੂੰ ਵੀ ਅੱਜ ਮੁੜ ਫ਼ਰੀ ਕੀਤਾ ਹੋਇਆ ਹੈ।
ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਨੂੰਗੋ ਗ੍ਰਿਫਤਾਰ
ਇਸਤੋਂ ਇਲਾਵਾ ਹਰਿਆਣਾ ਦੇ ਵਿਚ ਵੀ ਬੀਤੇ ਕੱਲ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ ਸੀ। ਪਤਾ ਚੱਲਿਆ ਹੈ ਕਿ ਮੌਜੂਦਾ ਮਾਹੌਲ ਦੌਰਾਨ ਭਖਦੇ ਮਸਲਿਆਂ ਸਬੰਧੀ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਲੁਧਿਆਣਾ ਵਿਚ ਹੋ ਰਹੀ ਹੈ। ਗੌਰਤਲਬ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਦੀ ਅਗਵਾਈ ਹੇਠ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਹਰਿਆਣਾ ਪੁਲਿਸ ਵੱਲੋਂ ਸੰਭੂ ਅਤੇ ਹੋਰਨਾਂ ਬਾਰਡਰਾਂ ਉੱਪਰ ਕਈ ਪਰਤਾਂ ਦੀ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਉਥੇ ਹੀ ਰੋਕ ਲਿਆ ਗਿਆ ਹੈ, ਜਿਸਦੇ ਵਿਰੋਧ ਵਿਚ ਰੋਸ਼ ਜਤਾਉਣ ’ਤੇ ਕਿਸਾਨਾਂ ਉੁਪਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਜਿਸ ਵਿਚ ਕਈ ਕਿਸਾਨ ਜਖਮੀ ਵੀ ਹੋ ਚੁੱਕੇ ਹਨ।
Share the post "ਕੇਂਦਰ ਦੀ ਕਿਸਾਨ ਜਥੇਬੰਦੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਅੱਜ, ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ"