ਬਠਿੰਡਾ (ਤਲਵੰਡੀ ਸਾਬੋ,20 ਸਤੰਬਰ 2024) ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਜੂਕੇਸ਼ਨ ਵੱਲੋਂ ਭਵਿੱਖੀ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ, ਸੰਵਾਰਨ ਅਤੇ ਪ੍ਰਦਰਸ਼ਨ ਲਈ ਡਾ. ਕਵਿਤਾ ਬਤਰਾ, ਵਿਭਾਗ ਮੁਖੀ ਦੀ ਅਗਵਾਈ ਹੇਠ “ਟੈਂਲੇਂਟ ਹੰਟ” ਨਾਂ ਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਫੈਕਲਟੀ ਮੈਂਬਰਾਂ ਵੱਲੋਂ ਦੀਪ ਜਲਾ ਕੇ ਸਮਾਰੋਹ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿੱਚ ਸਿੱਧੂ ਨੇ ਕਿਹਾ ਕਿ ਲਲਿਤ ਕਲਾਵਾਂ ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜਵਾਂ ਹਿੱਸਾ ਹਨ। ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ ਰੱਖਦੀਆਂ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਸੰਵਾਰਨ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਭਵਿੱਖ ਵਿੱਚ ਵੱਡੇ ਪੱਧਰ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਨ ਦੀ ਆਸ ਪ੍ਰਗਟਾਈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਸ਼ਣ ਕਲਾ, ਕਾਵਿ ਉਚਾਰਣ, ਐਕਟਿੰਗ, ਲੋਕ ਨਾਚ, ਕਹਾਣੀ ਆਦਿ ਵਿਧਾਵਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਵੈ-ਲਿਖਤ ਗੀਤ, ਕਵਿਤਾਵਾਂ ਅਤੇ ਕਹਾਣੀਆਂ ਨੇ ਦਰਸ਼ਕਾਂ ਨੂੰ ਤਾੜੀਆਂ ਵਜਾਉਣ ਲਈ ਮਜ਼ਬੂਰ ਕੀਤਾ। ਵਿਸ਼ੇਸ਼ ਤੌਰ ਤੇ ਲੋਕ ਨਾਚ ਦੀ ਪੇਸ਼ਕਾਰੀ ਨੇ ਹਾਜ਼ਰ ਪਤਵੰਤਿਆਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਾਂ ਦੀ ਪ੍ਰਦਰਸ਼ਨੀ ਮਹਿਮਾਨਾਂ ਦੀ ਖਿੱਚ ਦਾ ਕੇਂਦਰ ਰਹੀ। ਆਯੋਜਕਾਂ ਵੱਲੋਂ ਸ਼ਾਨਦਾਰ ਪੇਸ਼ਕਾਰੀ ਵਾਲੇ ਭਾਵੀ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮੇਂ ਬੱਧ ਅਤੇ ਅਨੁਸ਼ਾਸਨ ਭਰਪੂਰ ਸਮਾਰੋਹ ਦਾ ਸਮੂਹ ਪ੍ਰਬੰਧਨ ਕਾਬਿਲ-ਏ-ਤਾਰੀਫ਼ ਸੀ।