ਗਿੱਦੜਬਾਹਾ, 15 ਸਤੰਬਰ: ਦੇਸ-ਵਿਦੇਸ਼ ’ਚ ਵਸਦੇ ਪੰਜਾਬੀਆਂ ਲਈ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਖਿੱਚ ਦਾ ਕੇਂਦਰ ਬਣੀ ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ ਚੋਣ ਮੁਕਾਬਲਾ ਰੌਚਕ ਬਣਦਾ ਜਾ ਰਿਹਾ। ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਅਕਾਲੀ ਦਲ ਵਿਚੋਂ ਲਿਆ ਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਲੜਾਉਣ ਦਾ ਸਾਫ਼ ਇਸ਼ਾਰਾ ਕਰ ਦਿੱਤਾ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਖ਼ੁਦ ਸੁਖਬੀਰ ਸਿੰਘ ਬਾਦਲ ਦੇ ਚੋਣ ਮੈਦਾਨ ਵਿਚ ਆਉਣ ਦੀਆਂ ਕੰਨਸੋਆਂ ਹਨ ਤੇ ਇਸ ਹਲਕੇ ਦੀ ਕਮਾਂਡ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਐਮ.ਪੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਭਾਲੀ ਹੋਈ ਹੈ। ਦੂਜੇ ਪਾਸੇ ਬਾਦਲ ਪ੍ਰਵਾਰ ਦੇ ਇੱਕ ਹੋਰ ਸਿਆਸੀ ਵਾਰਸ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਅੰਦਰੋ-ਅੰਦਰੀ ਚੌਣ ਲੜਣ ਦੀਆਂ ਤਿਆਰੀਆਂ ਕਰਨ ਵਾਸਤੇ ਫ਼ੁਰਮਾਨ ਜਾਰੀ ਕਰ ਦਿੱਤਾ ਹੈ, ਜਿਸਤੋਂ ਬਾਅਦ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣੇ ਸਮਰਥਕਾਂ ਨਾਲ ਨੁੱਕੜ ਮੀਟਿੰਗਾਂ ਜਾਰੀ ਹਨ।
Big News: ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ CM ਦੀ ਕੁਰਸੀ ਤੋਂ ਅਸਤੀਫ਼ਾ ਦੇਣ ਦਾ ਐਲਾਨ
ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮ.ਪੀ ਚੁਣੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੱਸ਼ਟ ਐਲਾਨ ਕਰ ਦਿੱਤਾ ਹੈ ਕਿ ਜੇਕਰ ਸੁਖਬੀਰ ਤੇ ਮਨਪ੍ਰੀਤ ਮੈਦਾਨ ਵਿਚ ਆਉਂਦੇ ਹਨ ਤਾਂ ਉਹ ਜਰੂਰ ਸਿਆਸੀ ਰੇਡ ਪਾਉਣਗੇ, ਭਾਵ ਇਸ ਹਲਕੇ ਤੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਨਿੱਤਰੇਗੀ। ਪ੍ਰੰਤੂ ਇਸ ਸਭ ਕਾਸੇ ਦੌਰਾਨ ਪਿਛਲੀਆਂ ਲੋਕਸਭਾ ਚੋਣਾਂ ਵਿਚ ਅਜ਼ਾਦ ਉਮੀਦਵਾਰ ਵਜੋਂ ਪੰਜਾਬ ਦੀਆਂ ਦੋ ਮਹੱਤਵਪੂਰਨ ਲੋਕ ਸਭਾ ਸੀਟਾਂ ਖਡੂਰ ਸਾਹਿਬ ਤੇ ਫ਼ਰੀਦਕੋਟ ਤੋਂ ਜਿੱਤ ਪ੍ਰਾਪਤ ਕਰਨ ਵਾਲੀਆਂ ਪੰਥਕ ਧਿਰਾਂ ਨੇ ਹੁਣ ਗਿੱਦੜਬਾਹਾ ਦੀ ਜਿਮਨੀ ਚੌਣ ਵੀ ਜੋਰ-ਸ਼ੋਰ ਨਾਲ ਲੜਣ ਦਾ ਐਲਾਨ ਕਰ ਦਿੱਤਾ ਹੈ। ਇਸ ਹਲਕੇ ਤੋਂ ਸੰਭਾਵੀਂ ਉਮੀਦਵਾਰ ਮਨਦੀਪ ਸਿੰਘ ਸਿੱਧੂ ਵੀ ਵਿਚਰ ਰਹੇ ਹਨ। ਮਨਦੀਪ ਸਿੰਘ ਸਿੱਧੂ ਮਰਹੂਮ ਦੀਪ ਸਿੱਧੂ ਦੇ ਭਰਾ ਹਨ, ਜਿਹੜੇ ਕਿਸਾਨ ਸੰਘਰਸ਼ ਤੋਂ ਬਾਅਦ ਇੱਕ ਭਿਆਨਕ ਹਾਦਸੇ ਵਿਚ ਸਵਰਗ ਸੁਧਾਰ ਗਏ ਸਨ। ਦੀਪ ਸਿੱਧੂ ਦਾ ਜੱਦੀ ਪਿੰਡ ਉਦੈਕਰਨ ਵੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿਚ ਹੀ ਪੈਦਾ ਹੈ।
ਵੱਡੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਗਿੱਦੜਬਾਹਾ ਵਿਧਾਨ ਸਭਾ ਹਲਕਾ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ ਪੰਥਕ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਹੋਈ ਹੈ। ਹੁਣ ਇਸ ਹਲਕੇ ’ਚ ਆਉਣ ਵਾਲੀ ਜਿਮਨੀ ਚੋਣ ਦੇ ਮੱਦੇਨਜ਼ਰ ਨਾ ਸਿਰਫ਼ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ, ਬਲਕਿ ਹਲਕੇ ਨੂੰ ਆਪਣੇ ਐਮ.ਪੀ ਕੋਟੇ ਵਿਚੋਂ ਗ੍ਰਾਂਟਾਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਖਡੂਰ ਸਾਹਿਬ ਤੋਂ ਜੇਲ੍ਹ ਅੰਦਰੋਂ ਬੈਠ ਕੇ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਵੀ ਮੌਜੂਦ ਰਹਿੰਦੇ ਹਨ। ਸਰਬਜੀਤ ਸਿੰਘ ਖ਼ਾਲਸਾ ਨੇ ਸਪੱਸ਼ਟ ਤੌਰ ‘ਤੇ ਆਖਿਆ ਹੈ ਕਿ ‘‘ ਵੱਡੇ ਸਿਆਸੀ ਘਰਾਣਿਆਂ ਦਾ ਗੜ੍ਹ ਹੋਣ ਦੇ ਬਾਵਜੂਦ ਗਿੱਦੜਬਾਹਾ ਹਲਕੇ ’ਚ ਪੰਥਕ ਵੋਟ ਸਭ ਤੋਂ ਵੱਧ ਨਿਕਲੇਗੀ। ’’
Share the post "ਗਿੱਦੜਬਾਹਾ ਉਪ ਚੋਣ: ਪੰਥਕ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦਾ ਭਰਾ ਚੋਣ ਮੈਦਾਨ ’ਚ ਨਿੱਤਰਿਆਂ"