1.24 ਕਰੋੜ ਨਾਲ ਨਵੀਨੀਕਰਨ ਹੋਏ 18 ਕਮਰੇ, ਫਰਨੀਚਰ ਤੇ ਇੰਟਰੈਕਟਿਵ ਪੈਨਲ ਨੇ ਬਦਲੀ ਸਕੂਲ ਆਫ਼ ਐਮੀਨੈਂਸ ਨੰਗਲ ਦੀ ਨੁਹਾਰ
Nangal News: ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਮੌਕੇ ਨੰਗਲ ਦੇ ਸਕੂਲ ਆਫ਼ ਐਮੀਨੈਂਸ ਵਿੱਚ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਸ ਸਕੂਲ ਦਾ ਨਾਮ ਡਾ.ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਮੀਨੈਂਸ ਹੋਵੇਗਾ।ਸਕੂਲ ਵਿਖੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ. ਬੈਂਸ ਨੇ 1.24 ਕਰੋੜ ਦੀ ਲਾਗਤ ਨਾਲ ਤਿਆਰ 18 ਕਮਰੇ, 51 ਲੱਖ ਨਾਲ ਤਿਆਰ ਫਰਨੀਚਰ ਤੇ 7 ਲੱਖ ਨਾਲ ਤਿਆਰ ਇੰਟਰੈਕਟਿਵ ਪੈਨਲ, ਸਕੂਲ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ 4 ਕਰੋੜ ਨਾਲ ਤਿਆਰ ਹੋਣ ਵਾਲੇ ਹਰ ਮੌਸਮ ਅਨੁਕੂਲ ਸਵੀਮਿੰਗ ਪੂਲ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਕਿਹਾ ਡਰ ਦੀ ਰਾਜਨੀਤੀ ਵਿੱਚ ਨਾ ਉਲਝੋ
ਅੱਜ ਇੱਥੇ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਨੇ ਸਮਾਜ ਵਿੱਚ ਸਮਾਨਤਾ ਦੇ ਅਧਿਕਾਰ ਦੀ ਪ੍ਰੋੜਤਾ ਕੀਤੀ ਤੇ ਅਜਿਹਾ ਸੰਵਿਧਾਨ ਤਿਆਰ ਕੀਤਾ ਜੋ ਸਰਵ ਪ੍ਰਮਾਣਿਤ ਹੋਇਆ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਹਰ ਵਰਗ ਦੀ ਭਲਾਈ ਲਈ ਯਤਨ ਕਰਨ ਵਾਲੇ ਬਾਬਾ ਸਾਹਿਬ ਨੇ ਉਚੇਰੀ ਸਿੱਖਿਆ ਤੇ ਜ਼ੋਰ ਦਿੱਤਾ ਅਤੇ ਉਹ ਕਿਹਾ ਕਰਦੇ ਸਨ ਕਿ “ਵਿੱਦਿਆ ਸ਼ੇਰਨੀ ਦੇ ਦੁੱਧ ਵਾਂਗ ਹੈ, ਜੋ ਇਸ ਨੂੰ ਪੀਵੇਗਾ, ਉਹ ਦਹਾੜੇਗਾ।”
ਇਹ ਵੀ ਪੜ੍ਹੋ ‘ਆਪ’ ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਜੁਟੀ: ਹਰਜੋਤ ਸਿੰਘ ਬੈਂਸ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਬਦਲਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਸਾਫ਼ ਪੀਣ ਵਾਲਾ ਪਾਣੀ, ਕੁੜੀਆਂ ਅਤੇ ਮੁੰਡਿਆਂ ਲਈ ਵੱਖਰੇ ਪਖਾਨੇ, ਚਾਰਦੀਵਾਰੀ, ਹਾਈ ਸਪੀਡ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ, ਸੁਰੱਖਿਆ ਗਾਰਡ, ਕੈਂਪਸ ਮੈਨੇਜਰ ਅਤੇ ਵਿਦਿਆਰਥੀਆਂ ਲਈ ਆਵਾਜਾਈ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਸੀ – ਵਿਦਿਆਰਥੀਆਂ ਨੂੰ ਫਰਸ਼ ’ਤੇ ਬੈਠਣਾ ਪੈਂਦਾ ਸੀ ਅਤੇ ਅੱਜ, ਹਰ ਸਕੂਲ ਵਿੱਚ ਆਧੁਨਿਕ ਫਰਨੀਚਰ ਵਾਲੇ ਸਮਾਰਟ ਕਲਾਸਰੂਮ ਉਪਲਬਧ ਹਨ ਅਤੇ ਰਾਜ ਦੇ ਸਕੂਲ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੁਣ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਉਨ੍ਹਾਂ ਨੇ ਇਸ ਸਕੂਲ ਦੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ, ਜਿਸਨੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਦਿੱਤੇ ਗਏ 2,000 ਰੁਪਏ ਨਾਲ ਟੀ-ਸ਼ਰਟ ਡਿਜ਼ਾਈਨ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਹੁਣ ਉਹ 40 ਫੀਸਦ ਮੁਨਾਫ਼ੇ ਦੇ ਮਾਰਜਿਨ ਨਾਲ ਪ੍ਰਤੀ ਮਹੀਨਾ 50,000 ਰੁਪਏ ਕਮਾ ਰਿਹਾ ਹੈ। ਇਸਦੇ ਨਾਲ ਹੀ ਨੰਗਲ ਸਕੂਲ ਦੀ ਇੱਕ ਹੋਰ ਵਿਦਿਆਰਥਣ, ਅਮਨਦੀਪ ਕੌਰ, ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਸੂਬਾ ਪੱਧਰੀ ਮਾਨਤਾ ਹਾਸਲ ਕੀਤੀ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਨੇ ਸਿੱਖਿਆ ਮੰਤਰੀ ਸ. ਹਰਜੋਤ ਬੈਂਸ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪ੍ਰਿੰਸੀਪਲ ਕਿਰਨ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਵੀ ਪਾਇਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





