ਆਪ ਉਮੀਦਵਾਰ ਨੂੰ 49,656 ਵੋਟਾਂ ਦੇ ਅੰਤਰ ਨਾਲ ਹਰਾਇਆ
ਬਠਿੰਡਾ, 4 ਜੂਨ: ਪੂਰੇ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਇਸ ਵਾਰ ਭਾਜਪਾ ਨਾਲੋਂ ਅਲੱਗ ਹੋ ਕੇ ਚੋਣ ਲੜੇ ਬੀਬੀ ਬਾਦਲ ਨੇ ਪਿਛਲੀ ਦੋ ਵਾਰ ਮਿਲੀ ਜਿੱਤ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੂੰ 3,76,558 ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ ਆਪ ਦੇ ਗੁਰਮੀਤ ਸਿੰਘ ਖੁੱਡੀਆ ਨੂੰ 3,26,902 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੀਜੇ ਸਥਾਨ ‘ਤੇ ਰਹੇ ਹਨ। ਉਹਨਾਂ ਨੂੰ 2,02,211 ਵੋਟਾਂ ਪ੍ਰਾਪਤ ਹੋਈਆਂ ਹਨ।
ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ
ਇਸੇ ਤਰ੍ਹਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ 1,10,762 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ‘ਤੇ ਚੋਣ ਲੜੇ ਲੱਖਾਂ ਸਿਧਾਣਾ ਨੂੰ 84,684 ਵੋਟਾਂ ਮਿਲੀਆਂ ਹਨ। ਬੀਬੀ ਬਾਦਲ ਨੂੰ ਲੰਬੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਤਲਵੰਡੀ ਸਾਬੋ ਅਤੇ ਬੁਢਲਾਡਾ ਹਲਕੇ ਵਿਚੋਂ ਲੀਡ ਮਿਲੀ ਹੈ। ਇਸੇ ਤਰ੍ਹਾਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਸਰਦੂਲਗੜ੍ਹ, ਮਾਨਸਾ ਅਤੇ ਮੋੜ ਹਲਕੇ ਵਿਚੋਂ ਬੜ੍ਹਤ ਹਾਸਲ ਹੋਈ ਹੈ ਜਦੋਂ ਕਿ ਭਾਜਪਾ ਨੂੰ ਬਠਿੰਡਾ ਸ਼ਹਿਰੀ ਹਲਕੇ ਵਿਚ ਦੋਨਾਂ ਪਾਰਟੀਆਂ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ।