ਨਵੀਂ ਦਿੱਲੀ, 5 ਫਰਵਰੀ: ਕਿਸੇ ਸਮੇਂ ਘਿਓ-ਖਿੱਚੜੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮੁੜ ਆਗਾਮੀ ਲੋਕ ਸਭਾ ਚੋਣਾਂ ਵਿਚ ਇਕੱਠੇ ਹੋਣ ਦੀਆਂ ਸੰਭਾਵਨਾਂ ਮੱਧਮ ਦਿਖ਼ਾਈ ਦੇ ਰਹੀਆਂ ਹਨ। ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵਲੋਂ ਹੁਣ ਖੁੱਲ ਕੇ ਮੋਦੀ ਸਰਕਾਰ ’ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਮੋਦੀ ਵਜ਼ਾਰਤ ਵਿਚ ਕਰੀਬ ਅੱਠ ਸਾਲ ਕੈਬਨਿਟ ਮੰਤਰੀ ਰਹੀ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੜ ਕੇਂਦਰ ’ਤੇ ਦੋਸ਼ ਲਗਾਇਆ ਕਿ ‘‘ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਰੋਜ਼ਗਾਰ ਵਿਚ ਵਾਧਾ ਕਰਨ, ਮਹਿੰਗਾਈ ’ਤੇ ਨਕੇਲ ਪਾਉਣ ਅਤੇ ਗਰੀਬਾਂ ਤੇ ਦਬੇ ਕੁਚਲਿਆਂ ਦੀ ਦਸ਼ਾ ਸੁਧਾਰਨ ਵਿਚ ਇਹ ਸਰਕਾਰ ਨਾਕਾਮ ਰਹੀ ਹੈ।’’
ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲਾ ’ਚ ਸਖ਼ਤ ਟਿੱਪਣੀ, ਕਿਹਾ ਇਹ ਲੋਕਤੰਤਰ ਦੇ ਕਤਲ ਬਰਾਬਰ ਹੈ!
ਸੰਸਦ ਵਿਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਭਾਵੇਂ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਹੈ ਕਿ ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਦੀ ਦਸ਼ਾ ਸੁਧਾਰਨ ’ਤੇ ਕੇਂਦਰ ਸਰਕਾਰ ਦਾ ਧਿਆਨ ਕੇਂਦਰਤ ਹੈ ਪਰ ਅੰਕੜੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ। ਉਹਨਾਂ ਕਿਹਾ ਕਿ ਕੌਮੀ ਅੰਕੜਾ ਦਫਤਰ (ਐਨ ਐਸ ਓ) ਦੇ ਮੁਤਾਬਕ ਖੇਤੀਬਾੜੀ ਆਮਦਨ 2015 ਵਿਚ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ ਜੋ 2019 ਵਿਚ ਵੱਧ ਕੇ 10 ਹਜ਼ਾਰ ਰੁਪਏ ਹੀ ਹੋਈ। ਉਹਨਾਂ ਕਿਹਾ ਕਿ ਇਹਨਾਂ ਅੰਕੜਿਆਂ ਦੇ ਮੁਤਾਬਕ ਇਸ ਦੌਰਾਨ ਕਿਸਾਨਾਂ ’ਤੇ ਕਰਜ਼ੇ ਵਿਚ 58 ਫੀਸਦੀ ਵਾਧਾ ਦਰਜ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਪਸ਼ਟ ਭਰੋਸਾ ਦੁਆਇਆ ਸੀ ਕਿ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਨੂੰ ਕਿਸਾਨਾਂ ਲਈ ਕਾਨੂੰਨੀ ਅਧਿਕਾਰ ਵਿਚ ਬਦਲਣ ਵਾਸਤੇ ਸਬ ਕਮੇਟੀ ਬਣਾਈ ਜਾਵੇਗੀ ਪਰ ਹਾਲੇ ਤੱਕ ਅਜਿਹਾ ਨਹੀਂ ਹੋਇਆ।
ਬੱਸਾਂ ‘ਚ ਸਫ਼ਰ ਕਰਨ ਵਾਲਿਆ ਨੂੰ ਵੱਡੀ ਰਾਹਤ
ਉਹਨਾਂ ਕਿਹਾ ਕਿ ਖੇਤੀਬਾੜੀ ਲਾਗਤ ਵਿਚ 80 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਐਮ ਐਸ ਪੀ ਵਿਚ ਸਿਰਫ 30 ਫੀਸਦੀ ਵਾਧਾ ਹੋਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰਾਂ ਦੀ ਗਿਣਤੀ ਪੰਜਾਬ ਵਿਚ 26 ਫੀਸਦੀ ਘਟਾ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਦੇ ਕਿਸਾਨ ਦੇਸ਼ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ। ਰੋਜ਼ਗਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਬੇਰੋਜ਼ਗਾਰੀ ਦਰ 23 ਫੀਸਦੀ ਹੈ। ਉਹਨਾਂ ਕਿਹਾ ਕਿ 43000 ਪ੍ਰੋਫੈਸ਼ਨਲਜ਼ ਨੇ ਖੁਦਕੁਸ਼ੀ ਕੀਤੀ ਹੈ ਜਦੋਂ ਕਿ ਵਿਦੇਸ਼ਾਂ ਵਿਚ ਜਾਣ ਵਾਲੇ ਵਿਦਿਆਰਥੀਆਂ ਦੀ ਦਰ ਵਿਚ 68 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਾ ਪਹੁੰਚਾਇਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਸਰਹੱਦ ਪਾਰੋਂ ਨਸ਼ੇ ਦੀ ਆਮਦ ਰੋਕਣ ਵਾਸਤੇ ਕੋਈ ਠੋਸ ਨੀਤੀ ਨਹੀਂ ਉਲੀਕੀ।
Share the post "ਹਰਸਿਮਰਤ ਦਾ ਕੇਂਦਰ ’ਤੇ ਵੱਡਾ ਹਮਲਾ: ਕਿਹਾ ਮੋਦੀ ਸਰਕਾਰ ਹਰ ਵਾਅਦਾ ਪੂਰਾ ਕਰਨ ’ਚ ਰਹੀ ਅਸਫ਼ਲ"