ਨਵੀਂ ਦਿੱਲੀ, 9 ਅਪ੍ਰੈਲ: ਲੰਘੀ 21 ਮਾਰਚ ਦੀ ਦੇਰ ਸਾਮ ਨੂੰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਅੱਜ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਸ਼੍ਰੀ ਕੇਜਰੀਵਾਲ ਦੀ ਪਿਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਕਾਨੂੰਨ ਇੱਕ ਆਮ ਆਦਮੀ ਤੇ ਮੁੱਖ ਮੰਤਰੀ ਲਈ ਬਰਾਬਰ ਹੈ। ਉਧਰ ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਪ੍ਰਤੀਕ੍ਰਿਆ ਦਿੰਦਿਆਂ ਮੰਤਰੀ ਸੌਰਭ ਭਾਰਦਵਾਜ਼ ਨੇ ਐਲਾਨ ਕੀਤਾ ਹੈ ਕਿ ‘ਹਾਈਕੋਰਟ ਦੇ ਇਸ ਫੈਸਲੇ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।’
ਚੌਧਰੀ ਬੀਰੇਂਦਰ ਸਿੰਘ ਦੀ ਘਰ ਵਾਪਸੀ, ਮੁੜ ਕਾਂਗਰਸ ‘ਚ ਹੋਏ ਸ਼ਾਮਲ
ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਤੋਂ ਸਿਆਸਤ ਵੀ ਤੇਜ਼ ਹੋ ਗਈ ਹੈ, ਭਾਜਪਾ ਨੇ ਇਸ ਮਾਮਲੇ ’ਤੇ ਆਪ ਨੂੰ ਘੇਰਣ ਦੀ ਕੋਸ਼ਿਸ ਕੀਤੀ ਹੈ। ਗੌਰਤਲਬ ਹੈ ਕਿ ਅਪਣੀ ਗ੍ਰਿਫਤਾਰੀ ਤੋਂ ਦੂਜੇ ਦਿਨ ਬਾਅਦ ਕੇਜ਼ਰੀਵਾਲ ਦੀ ਟੀਮ ਨੇ ਹਾਈਕੋਰਟ ਵਿਚ ਪਿਟੀਸ਼ਨ ਦਾਈਰ ਕਰਕੇ ਈਡੀ ਵੱਲੋਂ ਗ੍ਰਿਫਤਾਰ ਕਰਨ ਅਤੇ ਅਦਾਲਤ ਵੱਲੋਂ ਰਿਮਾਂਡ ’ਤੇ ਭੇਜਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਪਹਿਲਾਂ ਇਸ ਕੇਸ ਦੀ ਸੁਣਵਾਈ 3 ਅਪ੍ਰੈਲ ਨੂੰ ਰੱਖੀ ਸੀ ਤੇ ਉਸਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ। ਜਿਕਰਯੋਗ ਹੈ ਕਿ ਦੋ ਵਾਰ ਅਦਾਲਤ ਵੱਲੋਂ ਈਡੀ ਕੋਲ ਪੁਲਿਸ ਰਿਮਾਂਡ ’ਤੇ ਭੇਜਣ ਤੋਂ ਬਾਅਦ ਅਦਾਲਤ ਨੇ ਹੁਣ ਦੂਜੀ ਵਾਰ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਭੇਜਿਆ ਹੋਇਆ ਹੈ।