ਪਹਿਲਾਂ ਪ੍ਰਵਾਰ ਸਮੇਤ ਕੀਤੀ ਮੁਲਾਕਾਤ
ਚੰਡੀਗੜ੍ਹ, 17 ਜੁਲਾਈ: ਲੰਘੀ 10 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਲਈ ਹੋਈ ਉੱਪ ਚੋਣ ਦੇ ਵਿਚ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਅੱਜ ਬੁੱਧਵਾਰ ਨੂੰ ਬਤੌਰ ਐਮਐਲਏ ਸਹੁੰ ਚੁੱਕ ਲਈ ਹੈ। ਵਿਧਾਨ ਸਭਾ ਦੇ ਦਫ਼ਤਰ ’ਚ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਹੁੰ ਚੁੱਕ ਸਮਾਗਮ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਭਗਤ ਨੂੰ ਅਹੁੱਦੇ ਦੀ ਸਹੁੰ ਚੁੱਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਿਸ਼ੇਸ ਤੌਰ ’ਤੇ ਮੌਜੂਦ ਰਹੇ। ਸਹੁੰ ਚੁੱਕਣ ਤੋਂ ਬਾਅਦ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਨੇ ਪੂਰੇ ਭਗਤ ਪ੍ਰਵਾਰ ਸਹਿਤ ਮੁੱਖ ਮੰਤਰੀ ਸ: ਮਾਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਇਸ ਜਿੱਤ ਵਿਚ ਪਾਏ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ।
ਹਰਿਆਣਾ ਪੁਲਿਸ ਵੱਲੋਂ ਹਿਰਾਸਤ ’ਚ ਲਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਥੇਬੰਦੀਆਂ ਲੇ ਮੁੜ ਸ਼ੰਭੂ ਬਾਰਡਰ ਵੱਲ ਚਾਲੇ ਪਾਏ
ਗੌਰਤਲਬ ਹੈ ਕਿ ਮਹਿੰਦਰ ਭਗਤ ਦੀ ਜਿੱਤ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਹੱਥ ਹੈ, ਜਿੰਨ੍ਹਾਂ ਲਗਾਤਾਰ ਦੋ ਹਫ਼ਤਿਆਂ ਲਈ ਆਪਣੇ ਪੂਰੇ ਪ੍ਰਵਾਰ ਸਮੇਤ ਜਲੰਧਰ ਵਿਚ ਡੇਰੇ ਲਗਾਈ ਰੱਖੇ ਤੇ ਹਰ ਗਲੀ ਵਿਚ ਪ੍ਰਚਾਰ ਕੀਤਾ। ਚੋਣ ਨਤੀਜਿਆਂ ਵਿਚ ਮਹਿੰਦਰ ਭਗਤ ਨੇ ਆਪ ਵਿਚੋਂ ਗਏ ਭਾਜਪਾ ਉਮੀਦਵਾਰ ਸੀਤਲ ਅੰਗਰਾਲ 37325 ਵੋਟਾਂ ਦੇ ਅੰਤਰ ਨਾਲ ਹਰਾਇਆ ਤੇ ਕਾਂਗਰਸ ਦੀ ਸੁਰਿੰਦਰ ਕੌਰ ਤੀਜੇ ਥਾਂ ਰਹੇ। ਮੁੱਖ ਮੰਤਰੀ ਵੱਲੋਂ ਚੋਣ ਪ੍ਰਚਾਰ ਦੌਰਾਨ ਮਹਿੰਦਰ ਭਗਤ ਨੂੰ ਚੋਣ ਜਿੱਤਣ ਤੋਂ ਬਾਅਦ ਮੰਤਰੀ ਬਣਾਉਣ ਦਾ ਵੀ ਇਸ਼ਾਰਾ ਕੀਤਾ ਸੀ।ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਨਰਿੰਦਰ ਪਾਲ ਸਿੰਘ ਸਵਨਾ, ਕੁਲਵੰਤ ਸਿੰਘ ਬਾਜੀਗਰ, ਕਰਮਬੀਰ ਸਿੰਘ ਘੁੰਮਣ, ਅਜੀਤ ਪਾਲ ਸਿੰਘ ਕੋਹਲੀ, ਵਿਜੇ ਸਿੰਗਲਾ, ਬਰਿੰਦਰ ਗੋਇਲ, ਗੁਰਪ੍ਰੀਤ ਸਿੰਘ ਗੋਗੀ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।