ਲਗਾਇਆ ਦੋਸ਼, ਸਾਬਕਾ ਵਿੱਤ ਮੰਤਰੀ ਦੀ ਹਰ ਵਾਰ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਦੀ ਰਹੀ ਹੈ ਫਿਤਰਤ
ਬਠਿੰਡਾ, 16 ਮਈ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਗਤੀਵਿਧੀਆਂ ’ਤੇ ਸਵਾਲ ਚੁੱਕਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਉਹਨਾਂ ਨੂੰ ਪੁੱਛਿਆ ਹੈ ਕਿ ‘‘ਉਹ ਸਪੱਸ਼ਟ ਕਰਨ ਕਿ ਮੌਜੂਦਾ ਸਮੇਂ ਉਹ ਭਾਜਪਾ ਦੇ ਨਾਲ ਹਨ ਜਾਂ ਫਿਰ ਆਪਣੀ ਪ੍ਰਵਾਰਕ ਪਾਰਟੀ ਅਕਾਲੀ ਦਲ ਦੀ ਮਦਦ ਕਰ ਰਹੇ ਹਨ। ’’ ਅੱਜ ਇੱਥੇ ਜਾਰੀ ਇੱਕ ਬਿਆਨ ਦੇ ਵਿੱਚ ਕਾਂਗਰਸੀ ਉਮੀਦਵਾਰ ਨੇ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸਾਬਕਾ ਵਿੱਤ ਮੰਤਰੀ ਦੀਆਂ ਸਿਆਸੀ ਗਤੀਵਿਧੀਆਂ ਬਾਰੇ ਪ੍ਰਕਾਸ਼ਤ ਹੋ ਰਹੀਆਂ ਰਿਪੋਰਟਾਂ ’ਤੇ ਟਿੱਪਣੀ ਕਰਦਿਆਂ ਇਸ ਮਾਮਲੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ‘‘ ਸ: ਬਾਦਲ ਦੀ ਹਮੇਸ਼ਾ ਆਪਣੀ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੀ ਫ਼ਿਤਰਤ ਰਹੀ ਹੈ।’’ ਸ: ਸਿੱਧੂ ਨੇ ਕਿਹਾ ਕਿ ਇਸੇ ਫਿਤਰਤ ਦੇ ਚੱਲਦੇ ਹੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਪ੍ਰੀਤ ਸਿੰਘ ਬਾਦਲ ਦੀ ਭਰਜਾਈ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਸਨ, ਤਦ ਵੀ ਤਤਕਾਲੀ ਵਿੱਤ ਮੰਤਰੀ ਉੱਪਰ ਕਾਂਗਰਸੀ ਉਮੀਦਵਾਰ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੀ ਇਮਦਾਦ ਦੇ ਦੋਸ਼ ਲੱਗੇ ਸਨ ਜਿਸ ਦੇ ਚਲਦੇ ਕਾਂਗਰਸ ਨੂੰ ਬਠਿੰਡਾ ਦੇ ਵਿੱਚ ਸਿਆਸੀ ਤੌਰ ’ਤੇ ਨੁਕਸਾਨ ਸਹਿਣਾ ਪਿਆ ਸੀ।
‘ਆਪ’ ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ: ਵੜਿੰਗ
ਕਾਂਗਰਸੀ ਉਮੀਦਵਾਰ ਨੇ ਸਾਬਕਾ ਵਿੱਤ ਮੰਤਰੀ ’ਤੇ ਕਟਾਖਸ਼ ਕਸਦਿਆਂ ਕਿਹਾ ਕਿ ‘‘ਸਿਆਸੀ ਤੌਰ ’ਤੇ ਬਿਲਕੁਲ ਖਤਮ ਹੋ ਚੁੱਕੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਨਾ ਸਿਰਫ ਪਾਰਟੀ ਵਿੱਚ ਜਗਾ ਦਿੱਤੀ, ਬਲਕਿ ਉਹਨਾਂ ਨੂੰ ਵਿਧਾਨ ਸਭਾ ਚੋਣ ਲੜਾ ਕੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਸਖਤ ਵਿਰੋਧ ਦੇ ਬਾਵਜੂਦ ਪੰਜਾਬ ਦਾ ਖਜ਼ਾਨਾ ਮੰਤਰੀ ਵੀ ਬਣਾਇਆ ਪ੍ਰੰਤੂ ਉਹਨਾਂ ਆਪਣਾ ਵਿਸ਼ਵਾਸ਼ ਘਾਤੀ ’ਮਨ’ ਨਹੀਂ ਬਦਲਿਆ ਤੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ।’’ਜੀਤ ਮਹਿੰਦਰ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਹਰਸਿਮਰਤ ਬਾਦਲ ਦੀ ਕੀਤੀ ਮਦਦ ਦੇ ਬਦਲੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਬਜਾਏ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਜਿਤਾਉਣ ਦੀ ਕੋਸ਼ਿਸ਼ ਕੀਤੀ। ਜਿਸਦੇ ਚੱਲਦੇ ਜਨਤਕ ਤੌਰ ’ਤੇ ਇਹ ਦੋਸ਼ ਲਗਾਉਂਦਿਆਂ ਤਤਕਾਲੀ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਸਨ। ਸ: ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਸਾਲ 2022 ਦੇ ਵਿੱਚ ਬਾਦਲ ਪਰਿਵਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਠਿੰਡਾ ਦੇ ਲੋਕਾਂ ਨੇ ਮਨਪ੍ਰੀਤ ਬਾਦਲ ਦੀ ਜਮਾਨਤ ਜਬਤ ਕਰਵਾ ਦਿੱਤੀ ਸੀ, ਇਸੇ ਤਰ੍ਹਾਂ ਹੁਣ ਵੀ ਬਠਿੰਡੇ ਦੇ ਲੋਕ ਬਾਦਲ ਪਰਿਵਾਰ ਦੀ ਆਪਸੀ ਮਿਲੀਭੁਗਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ 2024 ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਦੇ ਕੇ ਜਿੱਤ ਦਿਵਾਉਣਗੇ।
Share the post "ਮਨਪ੍ਰੀਤ ਬਾਦਲ ਸਪਸ਼ਟ ਕਰੇ ਕਿ ਉਹ ਭਾਜਪਾ ਦੇ ਵਿੱਚ ਜਾਂ ਅਕਾਲੀ ਦਲ ਦੇ ਨਾਲ: ਜੀਤ ਮਹਿੰਦਰ ਸਿੱਧੂ"