ਬਠਿੰਡਾ, 19 ਮਈ: ਪਿਛਲੇ ਲੰਬੇ ਸਮੇਂ ਤੋਂ ‘ਦਿਲ’ ਦੀ ਬਿਮਾਰੀ ਤੋਂ ਪੀੜਤ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੁਣ ਸੋਸ਼ਲ ਮੀਡੀਆ ‘ਤੇ ਐਕਟਿਵ ਹੋਏ ਹਨ। ਉਹਨਾਂ ਆਪਣੇ ਸਮਰਥਕਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਪੁਰਾਣੇ ਲਹਿਜੇ, ਜਿਸ ਦੇ ਵਿੱਚ ਉਹ ਕਦੇ ਰਾਹੁਲ ਗਾਂਧੀ ਤਰੀਫ਼ ਕਰਦੇ ਰਹੇ ਸਨ, ਹੁਣ ਉਸ ਤੋਂ ਵੀ ਦੁੱਗਣੀ ਪ੍ਰਸੰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੀਤੀ ਹੈ। ਕਰੀਬ ਸਵਾ ਚਾਰ ਮਿੰਟ ਦੀ ਇਸ ਵੀਡੀਓ ਵਿੱਚ ਉਨ੍ਹਾਂ ਕੁਝ ਸਿਆਸੀ ਲੀਡਰਾਂ ਦੇ ਨਾਲ ਨਾਲ ਪੱਤਰਕਾਰਾਂ ‘ਤੇ ਵੀ ਤੰਜ ਕਸੇ ਹਨ, ਜਿਨਾਂ ਵੱਲੋਂ ਚੋਣਾਂ ਦੇ ਇਸ ਮੌਸਮ ਵਿੱਚ ਸਾਬਕਾ ਵਿੱਤ ਮੰਤਰੀ ਦੁਆਰਾ ਧਾਰੀ ਰਹੱਸਮਈ ਚੁੱਪੀ ‘ਤੇ ਸਵਾਲ ਚੁੱਕੇ ਸਨ।
ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ
ਗੌਰਤਲਬ ਹੈ ਕਿ ਵੋਟਾਂ ਦੇ ਚੱਲ ਰਹੇ ਇਸ ਮਹਾਂ ਯੁੱਧ ਦੇ ਵਿੱਚ ਉਨ੍ਹਾਂ ਵੱਲੋਂ ਧਾਰੀ ਚੁੱਪ ‘ਤੇ ਵੱਖੋ ਵੱਖ ਪ੍ਰਤੀਕਰਮ ਆ ਰਹੇ ਸਨ। ਇਸ ਤੋਂ ਇਲਾਵਾ ਮਨਪ੍ਰੀਤ ਦੀ ਇਸ ਚੁੱਪੀ ‘ਤੇ ਖੁਦ ਉਨ੍ਹਾਂ ਦੀ ਪਾਰਟੀ ਦੇ ਹੀ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਵੀ ਇੱਕ ਪੱਤਰ ਲਿਖਿਆ ਗਿਆ ਸੀ ਜੋ ਕਿ ਲਗਭਗ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਸੀ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਹਿਮਾਇਤੀਆਂ ਦੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਵੱਧ ਰਹੀਆਂ ਨਜ਼ਦੀਕੀਆਂ ਦੇ ਚੱਲਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਵੀ ਇੱਕ ਸਖਤ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਸਪਸ਼ਟ ਤੌਰ ‘ਤੇ ਸਾਬਕਾ ਵਿੱਤ ਮੰਤਰੀ ਨੂੰ ਪੁੱਛਿਆ ਸੀ ਕਿ ਉਹ ਭਾਜਪਾ ਦੇ ਵਿੱਚ ਹਨ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ?
ਬਠਿੰਡਾ ‘ਚ ਆਪ ਨੂੰ ਮਿਲਿਆ ਹੁਲਾਰਾ, ਸਾਬਕਾ ਯੂਥ ਕਾਂਗਰਸ ਪ੍ਰਧਾਨ ਨੇ ਚੁੱਕਿਆ ਝਾੜੂ
ਹਾਲਾਂਕਿ ਮਨਪ੍ਰੀਤ ਬਾਦਲ ਨੇ ਨਾ ਹੀ ਸਰੂਪ ਸਿੰਗਲਾ ਅਤੇ ਨਾ ਹੀ ਜੀਤ ਮਹਿੰਦਰ ਦੇ ਬਿਆਨ ਉਪਰ ਕੋਈ ਪ੍ਰਤੀਕਰਮ ਦਿੱਤਾ ਹੈ। ਪ੍ਰੰਤੂ ਅੱਜ ਸ਼ਾਮ ਜਾਰੀ ਇੱਕ ਵੀਡੀਓ ਦੇ ਵਿੱਚ ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੀ ਜੋੜੀ ਵੀ ਰੱਜ ਕੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜੇਕਰ ਮੇਰੇ ਵਤਨ ਨੂੰ ਕੋਈ ਇੱਜਤ ਦਿਵਾ ਸਕਦਾ ਹੈ ਤਾਂ ਉਹ ਹੈ ਭਾਜਪਾ ਤੇ ਮੋਦੀ-ਅਮਿਤ ਸਾਹ ਦੀ ਜੋੜੀ, ਜਿਨ੍ਹਾਂ ਦੇ 10 ਸਾਲਾਂ ਦੇ ਕਾਰਜ ਕਾਲ ਦੌਰਾਨ ਭਾਰਤ ਦੇਸ਼ ਨੇ ਬਹੁਤ ਤਰੱਕੀ ਕੀਤੀ। ਉਹਨਾਂ ਸ਼ਾਇਰੋ-ਸ਼ਾਇਰੀ ਅੰਦਾਜ਼ ਵਿੱਚ ਕਿਹਾ ਕਿ ਇਹ ਕਮਲ ਦਾ ਫੁੱਲ ਤਾਂ ਹੁਣ ਖਿੜ ਕੇ ਰਹੇਗਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਪੰਜਾਬ ਨੂੰ ਕੋਈ ਸਿਆਸੀ ਜਮਾਤ ਮੌਜੂਦਾ ਹਾਲਾਤਾਂ ਵਿੱਚੋਂ ਕੱਢ ਸਕਦੀ ਹੈ ਤਾਂ ਉਹ ਸਿਰਫ ਭਾਜਪਾ ਹੀ ਹੈ । ਮਨਪ੍ਰੀਤ ਨੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੀ ਬਿਮਾਰੀ ਠੀਕ ਹੋਣ ਉਡੀਕ ਨਾ ਕਰਨ ਤੇ ਉਹ ਭਾਜਪਾ ਲਈ ਡੱਟ ਜਾਣ।
ਜਾਖੜ ਦਾ ਦਾਅਵਾ: ਕੇਂਦਰ ਦੇ ਫੰਡਾਂ ਨਾਲ ਪੰਜਾਬ ‘ਚ ਹੋਏ ਵਿਕਾਸ ਕੰਮ
ਦੱਸਣਾ ਬਣਦਾ ਹੈ ਕਿ ਇਸ ਚੁੱਪੀ ਦੇ ਕਾਰਨ ਮਨਪ੍ਰੀਤ ਸਿੰਘ ਬਾਦਲ ਦੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਦੀਆਂ ਚਰਚਾਵਾਂ ਦਾ ਦੌਰ ਵੀ ਗਰਮ ਰਿਹਾ ਤੇ ਇਸ ਦੌਰਾਨ ਕੁੱਝ ਨਜ਼ਦੀਕੀਆਂ ਦੇ ਤੱਕੜੀ ਵਿੱਚ ਤੁਲ ਜਾਣ ਕਾਰਨ ਇੰਨ੍ਹਾਂ ਅਫਵਾਹਾਂ ਨੂੰ ਹੋਰ ਬਲ ਮਿਲਿਆ ਸੀ। ਖੈਰ ਹੁਣ ਮਨਪ੍ਰੀਤ ਦੇ ਹੁਕਮਾਂ ਤੋਂ ਬਾਅਦ ਇਹਨਾਂ ਨੂੰ ਚਾਹੁਣ ਵਾਲੇ ਕਿੰਨੇ ਕੁ ਆਗੂ ਖੁੱਲ ਕੇ ਕਮਲ ਦਾ ਫੁੱਲ ਖਿੜਾਉਂਦੇ ਹਨ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂ ਪਰੰਤੂ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਧਰ ਉਧਰ ਜਾਣ ਦੀਆਂ ਅਫਵਾਹਾਂ ‘ਤੇ ਇੱਕ ਵਾਰ ਰੋਕ ਜਰੂਰ ਲੱਗ ਗਈ ਹੈ।
Share the post "ਸੋਸ਼ਲ ਮੀਡੀਆ ‘ਤੇ ਪ੍ਰਗਟ ਹੋਏ ਮਨਪ੍ਰੀਤ ਬਾਦਲ, ਸਮਰਥਕਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਣ ਦੀ ਕੀਤੀ ਅਪੀਲ"